ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1148 ਭੈਰਉ ਮਹਲਾ ੫ ॥ ਗੁਰ ਮਿਲਿ ਤਿਆਗਿਓ ਦੂਜਾ ਭਾਉ ॥ ਗੁਰਮੁਖਿ ਜਪਿਓ ਹਰਿ ਕਾ ਨਾਉ ॥ ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥ ਜਨਮ ਜਨਮ ਕਾ ਸੋਇਆ ਜਾਗਾ ॥੧॥ ਕਰਿ ਕਿਰਪਾ ਅਪਨੀ ਸੇਵਾ ਲਾਏ ॥ ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥ ਰੋਗ ਦੋਖ ਗੁਰ ਸਬਦਿ ਨਿਵਾਰੇ ॥ ਨਾਮ ਅਉਖਧੁ ਮਨ ਭੀਤਰਿ ਸਾਰੇ ॥ ਗੁਰ ਭੇਟਤ ਮਨਿ ਭਇਆ ਅਨੰਦ ॥ ਸਰਬ ਨਿਧਾਨ ਨਾਮ ਭਗਵੰਤ ॥੨॥ ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥ ਸਾਧਸੰਗਤਿ ਊਂਧ ਕਮਲ ਬਿਗਾਸ ॥ ਗੁਣ ਗਾਵਤ ਨਿਹਚਲੁ ਬਿਸ੍ਰਾਮ ॥ ਪੂਰਨ ਹੋਏ ਸਗਲੇ ਕਾਮ ॥੩॥ ਦੁਲਭ ਦੇਹ ਆਈ ਪਰਵਾਨੁ ॥ ਸਫਲ ਹੋਈ ਜਪਿ ਹਰਿ ਹਰਿ ਨਾਮੁ ॥ ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥ ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥ {ਪੰਨਾ 1148} ਪਦ ਅਰਥ: ਗੁਰ ਮਿਲਿ = ਗੁਰੂ ਨੂੰ ਮਿਲ ਕੇ। ਭਾਉ = ਪਿਆਰ। ਦੂਜਾ ਭਾਉ = (ਪਰਮਾਤਮਾ ਤੋਂ ਬਿਨਾ) ਹੋਰ ਦਾ ਪਿਆਰ, ਮਾਇਆ ਦਾ ਮੋਹ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਾਮਿ = ਨਾਮ ਵਿਚ। ਰੰਗੁ = ਪ੍ਰੇਮ। ਜਨਮ ਜਨਮ ਕਾ = ਅਨੇਕਾਂ ਜਨਮਾਂ ਦਾ।1। ਕਰਿ = ਕਰ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।1। ਰਹਾਉ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲਏ। ਅਉਖਧੁ = ਦਵਾਈ। ਭੀਤਰਿ = ਵਿਚ। ਸਾਰੇ = ਸੰਭਾਲਦਾ ਹੈ, ਸਾਂਭ ਕੇ ਰੱਖਦਾ ਹੈ। ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਦੋਖ = ਐਬ, ਵਿਕਾਰ।2। ਜਮ ਤ੍ਰਾਸ = ਜਮਰਾਜ ਦਾ ਸਹਿਮ। ਤ੍ਰਾਸ = ਡਰ, ਸਹਿਮ। ਊਂਧ = ਉਲਟਿਆ ਹੋਇਆ, ਮਾਇਆ ਵਾਲੇ ਪਾਸੇ ਪਰਤਿਆ ਹੋਇਆ। ਬਿਗਾਸ = ਖੇੜਾ, ਖਿੜਾਉ। ਗਾਵਤ = ਗਾਂਦਿਆਂ। ਨਿਹਚਲੁ = (ਮਾਇਆ ਦੇ ਹੱਲਿਆਂ ਵਲੋਂ) ਅਡੋਲ। ਬਿਸ੍ਰਾਮ = ਟਿਕਾਣਾ। ਕਾਮ = ਕੰਮ।3। ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਕਾਂਇਆਂ, ਮਨੁੱਖਾ ਸਰੀਰ। ਆਈ ਪਰਵਾਨੁ = ਕਬੂਲ ਹੋ ਗਈ। ਜਪਿ = ਜਪ ਕੇ। ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ। ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਜਪਉ = ਜਪਉਂ, ਮੈਂ ਜਪਦਾ ਹਾਂ।4। ਅਰਥ: ਹੇ ਭਾਈ! ਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਹ ਮਨੁੱਖ ਦੀ ਸੰਗਤਿ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਛੱਡ ਦਿੱਤਾ, ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, (ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ, ਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ।1। ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ, ਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ, ਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ। ਹੇ ਭਾਈ! ਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ।2। ਹੇ ਭਾਈ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ, ਸਾਧ ਸੰਗਤਿ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ। ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।3। ਹੇ ਭਾਈ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ, ਕਾਮਯਾਬ ਹੋ ਜਾਂਦਾ ਹੈ। ਹੇ ਨਾਨਕ! ਆਖ– (ਹੇ ਭਾਈ!) ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ, ਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ।4। 29। 42। ਭੈਰਉ ਮਹਲਾ ੫ ॥ ਸਭ ਤੇ ਊਚਾ ਜਾ ਕਾ ਨਾਉ ॥ ਸਦਾ ਸਦਾ ਤਾ ਕੇ ਗੁਣ ਗਾਉ ॥ ਜਿਸੁ ਸਿਮਰਤ ਸਗਲਾ ਦੁਖੁ ਜਾਇ ॥ ਸਰਬ ਸੂਖ ਵਸਹਿ ਮਨਿ ਆਇ ॥੧॥ ਸਿਮਰਿ ਮਨਾ ਤੂ ਸਾਚਾ ਸੋਇ ॥ ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥ ਪੁਰਖ ਨਿਰੰਜਨ ਸਿਰਜਨਹਾਰ ॥ ਜੀਅ ਜੰਤ ਦੇਵੈ ਆਹਾਰ ॥ ਕੋਟਿ ਖਤੇ ਖਿਨ ਬਖਸਨਹਾਰ ॥ ਭਗਤਿ ਭਾਇ ਸਦਾ ਨਿਸਤਾਰ ॥੨॥ ਸਾਚਾ ਧਨੁ ਸਾਚੀ ਵਡਿਆਈ ॥ ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥ ਕਰਿ ਕਿਰਪਾ ਜਿਸੁ ਰਾਖਨਹਾਰਾ ॥ ਤਾ ਕਾ ਸਗਲ ਮਿਟੈ ਅੰਧਿਆਰਾ ॥੩॥ ਪਾਰਬ੍ਰਹਮ ਸਿਉ ਲਾਗੋ ਧਿਆਨ ॥ ਪੂਰਨ ਪੂਰਿ ਰਹਿਓ ਨਿਰਬਾਨ ॥ ਭ੍ਰਮ ਭਉ ਮੇਟਿ ਮਿਲੇ ਗੋਪਾਲ ॥ ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥ {ਪੰਨਾ 1148} ਪਦ ਅਰਥ: ਤੇ = ਤੋਂ। ਜਾ ਕਾ = ਜਿਸ (ਪਰਮਾਤਮਾ) ਦਾ। ਨਾਉ = ਨਾਮਣਾ, ਵਡਿਆਈ। ਤਾ ਕੇ = ਉਸ (ਪ੍ਰਭੂ) ਦੇ। ਗਾਉ = ਗਾਇਆ ਕਰ। ਸਿਮਰਤ = ਸਿਮਰਦਿਆਂ। ਸਗਲਾ = ਸਾਰਾ। ਸਰਬ ਸੂਖ = ਸਾਰੇ ਸੁਖ {ਬਹੁ-ਵਚਨ}। ਵਸਹਿ = ਆ ਵੱਸਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਆਇ = ਆ ਕੇ।1। ਮਨਾ = ਹੇ ਮਨ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪ੍ਰਭੂ) ਹੀ। ਹਲਤਿ = {A>} ਇਸ ਲੋਕ ਵਿਚ। ਪਲਤਿ = {pr>} ਪਰਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ।1। ਰਹਾਉ। ਪੁਰਖ = ਸਰਬ-ਵਿਆਪਕ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ। ਆਹਾਰ = ਖ਼ੁਰਾਕ। ਕੋਟਿ = ਕ੍ਰੋੜਾਂ। ਖਤੇ = ਪਾਪ {ਬਹੁ-ਵਚਨ}। ਭਾਇ = ਪਿਆਰ ਵਿਚ। {ਭਾਉ = ਪਿਆਰ}। ਨਿਸਤਾਰ = ਪਾਰ ਲੰਘਾਣ ਵਾਲਾ।2। ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ। ਤੇ = ਤੋਂ। ਨਿਹਚਲ = (ਵਿਕਾਰਾਂ ਵਲ) ਨਾਹ ਡੋਲਣ ਵਾਲੀ। ਪਾਈ = ਪ੍ਰਾਪਤ ਕਰ ਲਈ। ਕਰਿ = ਕਰ ਕੇ। ਤਾ ਕਾ = ਉਸ (ਮਨੁੱਖ) ਦਾ। ਅੰਧਿਆਰਾ = (ਮਾਇਆ ਦੇ ਮੋਹ ਵਾਲਾ) ਹਨੇਰਾ।3। ਸਿਉ = ਨਾਲ। ਨਿਰਬਾਨ = ਵਾਸਨਾ-ਰਹਿਤ। ਭ੍ਰਮ = ਭਟਕਣਾ। ਮੇਟਿ = ਮਿਟਾ ਕੇ, ਦੂਰ ਕਰ ਕੇ। ਨਾਨਕ ਕਉ = ਹੇ ਨਾਨਕ! ਜਿਸ ਨੂੰ। ਦਇਆਲ = ਦਇਆਵਾਨ।4। ਅਰਥ: ਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ।1। ਰਹਾਉ। ਹੇ ਭਾਈ! ਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ, ਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ, ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ।1। ਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ, ਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ, ਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ, ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ।2। ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮਤਿ ਪ੍ਰਾਪਤ ਕਰ ਲਈ, ਉਸ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ। ਹੇ ਭਾਈ! ਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤਿ ਦੇਂਦਾ ਹੈ) ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ।3। ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ।4। 30। 43। ਭੈਰਉ ਮਹਲਾ ੫ ॥ ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥ ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥ ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥ ਪੂਰੇ ਗੁਰ ਕੀ ਪਾਏ ਸੇਵ ॥੧॥ ਸਰਬ ਸੁਖਾ ਪ੍ਰਭ ਤੇਰੋ ਨਾਉ ॥ ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥ ਜੋ ਇਛੈ ਸੋਈ ਫਲੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਆਵਣ ਜਾਣ ਰਹੇ ਹਰਿ ਧਿਆਇ ॥ ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਤੂਟੇ ਮਾਇਆ ਮੋਹ ਪਿਆਰ ॥ ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥ ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਕਰਿ ਕਿਰਪਾ ਅਪਨੀ ਸੇਵਾ ਲਾਇ ॥ ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥ {ਪੰਨਾ 1148} ਪਦ ਅਰਥ: ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੁਖ ਨਿਵਾਸੁ = ਸੁਖਾਂ ਵਿਚ ਨਿਵਾਸ। ਸਹਜਿ = ਆਤਮਕ ਅਡੋਲਤਾ ਵਿਚ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ ਮਨੁੱਖ ਨੂੰ ਹੀ। ਦੇਇ = ਦੇਂਦਾ ਹੈ। ਪਾਏ = ਪਾਂਦਾ ਹੈ, ਜੋੜਦਾ ਹੈ।1। ਪ੍ਰਭ = ਹੇ ਪ੍ਰਭੂ! ਮਨ = ਹੇ ਮਨ! ਗਾਉ = ਗਾਇਆ ਕਰ।1। ਰਹਾਉ। ਇਛੈ = ਇੱਛਾ ਕਰਦਾ ਹੈ, ਲੋੜਦਾ ਹੈ, ਮੰਗਦਾ ਹੈ। ਮੰਨਿ = ਮਨਿ, ਮਨ ਵਿਚ। ਰਹੇ = ਮੁਕ ਜਾਂਦੇ ਹਨ। ਧਿਆਇ = ਸਿਮਰ ਕੇ। ਭਾਇ = ਪਿਆਰ ਨਾਲ {ਭਾਉ = ਪਿਆਰ}। ਲਿਵ = ਲਗਨ। ਲਾਇ = ਲਾ ਕੇ।2। ਬਿਨਸੇ = ਨਾਸ ਹੋ ਗਏ। ਟੇਕ = ਆਸਰੇ। ਰਹੈ– ਰਹਿੰਦਾ ਹੈ। ਜਿਸੁ = ਜਿਸ ਮਨੁੱਖ ਨੂੰ।3। ਸੁਆਮੀ = ਹੇ ਸੁਆਮੀ! ਘਟ = ਸਰੀਰ, ਹਿਰਦਾ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਕਰਿ = ਕਰ ਕੇ। ਲਾਇ = ਲਾਈ ਰੱਖ। ਨਾਨਕ = ਹੇ ਨਾਨਕ!।4। ਅਰਥ: ਹੇ ਪ੍ਰਭੂ! ਤੇਰਾ ਨਾਮ ਸਾਰੇ ਸੁਖਾਂ ਦਾ ਮੂਲ ਹੈ। ਹੇ ਮੇਰੇ ਮਨ! ਅੱਠੇ ਪਹਰ (ਹਰ ਵੇਲੇ) ਪ੍ਰਭੂ ਦੇ ਗੁਣ ਗਾਇਆ ਕਰ।1। ਰਹਾਉ। ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ (ਜਿਸ ਦਾ ਸਿਮਰਨ ਕਰਦਿਆਂ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਟਿਕਾਉ ਹੋ ਜਾਂਦਾ ਹੈ, ਉਹ ਪਰਮਾਤਮਾ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ ਉਸੇ ਨੂੰ ਮਿਲਦੀ ਹੈ, (ਪਰਮਾਤਮਾ ਉਸ ਮਨੁੱਖ ਨੂੰ) ਪੂਰੇ ਗੁਰੂ ਦੀ ਸੇਵਾ ਵਿਚ ਜੋੜ ਦੇਂਦਾ ਹੈ।1। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ ਜੋ ਕੁਝ (ਪਰਮਾਤਮਾ ਪਾਸੋਂ) ਮੰਗਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ। ਭਗਤੀ-ਭਾਵ ਨਾਲ ਪ੍ਰਭੂ ਵਿਚ ਸੁਰਤਿ ਜੋੜ ਕੇ ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।2। ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ (ਆਪਣੇ ਨਾਮ ਦੀ) ਦਾਤਿ ਦੇਂਦਾ ਹੈ, ਉਹ ਮਨੁੱਖ ਦਿਨ ਰਾਤ ਪਰਮਾਤਮਾ ਦੇ ਹੀ ਆਸਰੇ ਰਹਿੰਦਾ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੀਆਂ ਤਣਾਵਾਂ ਟੁੱਟ ਜਾਂਦੀਆਂ ਹਨ, (ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਇਹ ਸਾਰੇ ਵਿਕਾਰ) ਨਾਸ ਹੋ ਜਾਂਦੇ ਹਨ।3। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖਿਆ ਕਰ-) ਹੇ ਸਭ ਕੁਝ ਕਰਨ ਜੋਗ ਸੁਆਮੀ! ਹੇ ਜੀਵਾਂ ਪਾਸੋਂ ਸਭ ਕੁਝ ਕਰਾਵਣ ਦੇ ਸਮਰਥ ਸੁਆਮੀ! ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ! ਮਿਹਰ ਕਰ ਕੇ (ਮੈਨੂੰ) ਆਪਣੀ ਸੇਵਾ-ਭਗਤੀ ਵਿਚ ਜੋੜੀ ਰੱਖ, (ਮੈਂ ਤੇਰਾ) ਦਾਸ ਤੇਰੀ ਸਰਨ ਆਇਆ ਹਾਂ।4। 31। 44। |
Sri Guru Granth Darpan, by Professor Sahib Singh |