ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1149

ਭੈਰਉ ਮਹਲਾ ੫ ॥ ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਮੂਲ ਬਿਨਾ ਸਾਖਾ ਕਤ ਆਹੈ ॥੧॥ ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥ ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ ਕੋਟਿ ਕਰਮ ਬੰਧਨ ਕਾ ਮੂਲੁ ॥ ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥ ਬਿਨੁ ਖਾਏ ਬੂਝੈ ਨਹੀ ਭੂਖ ॥ ਰੋਗੁ ਜਾਇ ਤਾਂ ਉਤਰਹਿ ਦੂਖ ॥ ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥ ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥ ਧਨੁ ਧਨੁ ਸਾਧ ਧੰਨੁ ਹਰਿ ਨਾਉ ॥ ਆਠ ਪਹਰ ਕੀਰਤਨੁ ਗੁਣ ਗਾਉ ॥ ਧਨੁ ਹਰਿ ਭਗਤਿ ਧਨੁ ਕਰਣੈਹਾਰ ॥ ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥ {ਪੰਨਾ 1149}

5ਦ ਅਰਥ: ਲਾਜ ਮਰੈ = ਸ਼ਰਮ ਨਾਲ ਮਰ ਜਾਂਦਾ ਹੈ, ਸ਼ਰਮ ਨਾਲ ਹੌਲੇ ਜੀਵਨ ਵਾਲਾ ਹੋ ਜਾਂਦਾ ਹੈ। ਕਿਉ ਸੋਵੈ = ਕਿਵੇਂ ਸੌਂ ਸਕਦਾ ਹੈ? ਨਹੀਂ ਸੌਂ ਸਕਦਾ। ਛਾਡਿ = ਛੱਡ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੂਲ = (ਰੁੱਖ ਦਾ) ਮੁੱਢ। ਸਾਖਾ = ਟਹਣੀ। ਕਤ = ਕਿੱਥੇ? ਆਹੈ– ਹੈ, ਹੋ ਸਕਦੀ ਹੈ।1।

ਮਨ = ਹੇ ਮਨ! ਧਿਆਇ = ਸਿਮਰਿਆ ਕਰ। ਉਤਾਰੈ = ਦੂਰ ਕਰ ਦੇਂਦਾ ਹੈ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਸੰਗਿ = ਨਾਲ। ਮਿਲਾਇ = ਜੋੜ ਦੇਂਦਾ ਹੈ।1। ਰਹਾਉ।

ਤੀਰਥਿ = ਤੀਰਥ ਉੱਤੇ। ਨਾਇ = ਨ੍ਹਾਇ, ਨ੍ਹਾ ਕੇ। ਸੁਚਿ = ਪਵਿੱਤ੍ਰਤਾ। ਸੈਲੁ = ਪੱਥਰ, ਪੱਥਰ-ਦਿਲ ਮਨੁੱਖ। ਵਿਆਪੈ = ਜ਼ੋਰ ਪਾਈ ਰੱਖਦੀ ਹੈ। ਕੋਟਿ ਕਰਮ = ਕ੍ਰੋੜਾਂ (ਮਿਥੇ ਹੋਏ ਧਾਰਮਿਕ) ਕੰਮ। ਮੂਲੁ = ਕਾਰਨ, ਵਸੀਲਾ। ਪੂਲੁ = (ਕਰਮਾਂ ਦਾ) ਪੂਲਾ, ਪੰਡ।2।

ਬੂਝੈ ਨਹੀ = ਨਹੀਂ ਬੁੱਝਦੀ। ਜਾਇ = ਜੇ ਦੂਰ ਹੋ ਜਾਏ। ਉਤਰਹਿ = ਲਹਿ ਜਾਂਦੇ ਹਨ {ਬਹੁ-ਵਚਨ}। ਮੋਹਿ = ਮੋਹ ਵਿਚ। ਬਿਆਪਿਆ = ਫਸਿਆ ਹੋਇਆ। ਜਿਨਿ ਪ੍ਰਭਿ = ਜਿਸ ਪ੍ਰਭੂ ਨੇ।3।

ਧਨੁ ਧਨੁ = ਭਾਗਾਂ ਵਾਲੇ। ਗੁਣ ਗਾਉ = ਗੁਣਾਂ ਦਾ ਗਾਇਨ (ਕਰਦੇ ਹਨ) । ਧਨੁ = ਸਰਮਾਇਆ।4।

ਅਰਥ: ਹੇ ਮੇਰੇ ਮਨ! ਗੁਰੂ ਨੂੰ ਗੋਵਿੰਦ ਨੂੰ (ਸਦਾ) ਸਿਮਰਿਆ ਕਰ। (ਏਹ ਸਿਮਰਨ) ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਕੇ (ਮਨੁੱਖ ਨੂੰ) ਪਰਮਾਤਮਾ ਦੇ ਨਾਲ ਜੋੜ ਦੇਂਦਾ ਹੈ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ। (ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ (ਹਾਸਲ ਕਰਨੀ) ਚਾਹੁੰਦਾ ਹੈ (ਉਸ ਦੀ ਇਹ ਤਾਂਘ ਵਿਅਰਥ ਹੈ, ਜਿਵੇਂ ਰੁੱਖ ਦੇ) ਮੁੱਢ ਤੋਂ ਬਿਨਾ (ਉਸ ਉਤੇ) ਕੋਈ ਟਹਣੀ ਨਹੀਂ ਉੱਗ ਸਕਦੀ।1।

ਹੇ ਭਾਈ! ਪੱਥਰ (ਪੱਥਰ-ਦਿਲ ਮਨੁੱਖ) ਤੀਰਥ ਉੱਤੇ ਇਸ਼ਨਾਨ ਕਰ ਕੇ (ਆਤਮਕ) ਪਵਿੱਤ੍ਰਤਾ ਹਾਸਲ ਨਹੀਂ ਕਰ ਸਕਦਾ, (ਉਸ ਦੇ) ਮਨ ਨੂੰ (ਇਹੀ) ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ (ਕਿ ਮੈਂ ਤੀਰਥ-ਜਾਤ੍ਰਾ ਕਰ ਆਇਆ ਹਾਂ) । ਹੇ ਭਾਈ! (ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਕ੍ਰੋੜਾਂ ਧਾਰਮਿਕ ਕਰਮ (ਹਉਮੈ ਦੀਆਂ) ਫਾਹੀਆਂ ਦਾ (ਹੀ) ਕਾਰਨ ਬਣਦੇ ਹਨ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਮਿਥੇ ਹੋਏ ਧਾਰਮਿਕ ਕਰਮ ਮਨੁੱਖ ਦੇ ਸਿਰ ਉੱਤੇ) ਵਿਅਰਥ ਪੰਡ ਹੀ ਹਨ।2।

ਹੇ ਭਾਈ! (ਭੋਜਨ) ਖਾਣ ਤੋਂ ਬਿਨਾ (ਪੇਟ ਦੀ) ਭੁੱਖ (ਦੀ ਅੱਗ) ਨਹੀਂ ਬੁੱਝਦੀ (ਰੋਗ ਤੋਂ ਪੈਦਾ ਹੋਏ) ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ, ਜੇ (ਅੰਦਰੋਂ) ਰੋਗ ਦੂਰ ਹੋ ਜਾਏ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਜਿਹੜਾ ਮਨੁੱਖ ਉਸ ਦਾ ਨਾਮ ਨਹੀਂ ਜਪਦਾ, ਉਹ ਸਦਾ ਕਾਮ ਕ੍ਰੋਧ ਲੋਭ ਮੋਹ ਵਿਚ ਫਸਿਆ ਰਹਿੰਦਾ ਹੈ।3।

ਹੇ ਭਾਈ! ਉਹ ਗੁਰਮੁਖ ਮਨੁੱਖ ਭਾਗਾਂ ਵਾਲੇ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਜਿਹੜੇ ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ। ਹੇ ਨਾਨਕ! ਜਿਹੜੇ ਮਨੁੱਖ ਬੇਅੰਤ ਤੇ ਸਰਬ-ਵਿਆਪਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪਾਸ ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣਹਾਰ ਦੇ ਨਾਮ ਦਾ ਧਨ (ਸਦਾ ਮੌਜੂਦ) ਹੈ।4। 32। 45।

ਭੈਰਉ ਮਹਲਾ ੫ ॥ ਗੁਰ ਸੁਪ੍ਰਸੰਨ ਹੋਏ ਭਉ ਗਏ ॥ ਨਾਮ ਨਿਰੰਜਨ ਮਨ ਮਹਿ ਲਏ ॥ ਦੀਨ ਦਇਆਲ ਸਦਾ ਕਿਰਪਾਲ ॥ ਬਿਨਸਿ ਗਏ ਸਗਲੇ ਜੰਜਾਲ ॥੧॥ ਸੂਖ ਸਹਜ ਆਨੰਦ ਘਨੇ ॥ ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥ ਚਰਨ ਕਮਲ ਸਿਉ ਲਾਗੋ ਹੇਤੁ ॥ ਖਿਨ ਮਹਿ ਬਿਨਸਿਓ ਮਹਾ ਪਰੇਤੁ ॥ ਆਠ ਪਹਰ ਹਰਿ ਹਰਿ ਜਪੁ ਜਾਪਿ ॥ ਰਾਖਨਹਾਰ ਗੋਵਿਦ ਗੁਰ ਆਪਿ ॥੨॥ ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥ ਭਗਤ ਜਨਾ ਕੇ ਸਾਸ ਨਿਹਾਰੈ ॥ ਮਾਨਸ ਕੀ ਕਹੁ ਕੇਤਕ ਬਾਤ ॥ ਜਮ ਤੇ ਰਾਖੈ ਦੇ ਕਰਿ ਹਾਥ ॥੩॥ ਨਿਰਮਲ ਸੋਭਾ ਨਿਰਮਲ ਰੀਤਿ ॥ ਪਾਰਬ੍ਰਹਮੁ ਆਇਆ ਮਨਿ ਚੀਤਿ ॥ ਕਰਿ ਕਿਰਪਾ ਗੁਰਿ ਦੀਨੋ ਦਾਨੁ ॥ ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥ {ਪੰਨਾ 1149}

ਪਦ ਅਰਥ: ਸੁਪ੍ਰਸੰਨ = ਚੰਗੀ ਤਰ੍ਹਾਂ ਖ਼ੁਸ਼। ਭਉ ਗਏ = ਭਉ ਗਇਆ, ਹਰੇਕ ਡਰ ਦੂਰ ਹੋ ਗਿਆ। ਨਿਰੰਜਨ = {ਨਿਰ-ਅੰਜਨ} ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ। ਲਏ = ਲੈਂਦਾ ਹੈ। ਸਗਲੇ = ਸਾਰੇ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ।1।

ਸਹਜ = ਆਤਮਕ ਅਡੋਲਤਾ। ਘਨੇ = ਬਹੁਤ। ਸੰਗਿ = ਸੰਗਤਿ ਵਿਚ। ਭੈ = {'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ = ਜੀਭ ਨਾਲ। ਭਨੇ = ਉਚਾਰਦਾ ਹੈ।1। ਰਹਾਉ।

ਹੇਤੁ = ਹਿਤ, ਪਿਆਰ। ਪਰੇਤੁ = ਅਸੁੱਧ ਸੁਭਾਉ, ਖੋਟਾ ਸੁਭਾਉ। ਜਾਪਿ = ਜਪਿਆ ਕਰ।2।

ਕਉ = ਨੂੰ। ਪ੍ਰਤਿਪਾਰੈ = ਪਾਲਦਾ ਹੈ। ਸਾਸ = ਸਾਹ {ਬਹੁ-ਵਚਨ}। ਨਿਹਾਰੈ = ਵੇਖਦਾ ਹੈ, ਤੱਕਦਾ ਹੈ। ਮਾਨਸ = ਮਨੁੱਖ। ਕਹੁ = ਦੱਸ। ਕੇਤਕ ਬਾਤ = ਕੀਹ ਪਾਂਇਆਂ? ਜਮ ਤੇ = ਜਮਾਂ ਤੋਂ। ਦੇ ਕਰਿ = ਦੇ ਕੇ।3।

ਨਿਰਮਲ = ਬੇ-ਦਾਗ਼। ਰੀਤਿ = ਜੀਵਨ-ਜੁਗਤਿ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ। ਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ।4।

ਅਰਥ: ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ, ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ (ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ, (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ।1।

ਹੇ ਭਾਈ! ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ। ਹੇ ਭਾਈ! ਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ, ਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ।2।

ਹੇ ਭਾਈ! ਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ, ਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ) । ਹੇ ਭਾਈ! ਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ? ਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ।3।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ। ਹੇ ਨਾਨਕ! (ਆਖ– ਹੇ ਭਾਈ!) ਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤਿ ਬਖ਼ਸ਼ੀ, ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ।4। 33। 46।

ਭੈਰਉ ਮਹਲਾ ੫ ॥ ਕਰਣ ਕਾਰਣ ਸਮਰਥੁ ਗੁਰੁ ਮੇਰਾ ॥ ਜੀਅ ਪ੍ਰਾਣ ਸੁਖਦਾਤਾ ਨੇਰਾ ॥ ਭੈ ਭੰਜਨ ਅਬਿਨਾਸੀ ਰਾਇ ॥ ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥ ਜਤ ਕਤ ਪੇਖਉ ਤੇਰੀ ਸਰਣਾ ॥ ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥ ਪੂਰਨ ਕਾਮ ਮਿਲੇ ਗੁਰਦੇਵ ॥ ਸਭਿ ਫਲਦਾਤਾ ਨਿਰਮਲ ਸੇਵ ॥ ਕਰੁ ਗਹਿ ਲੀਨੇ ਅਪੁਨੇ ਦਾਸ ॥ ਰਾਮ ਨਾਮੁ ਰਿਦ ਦੀਓ ਨਿਵਾਸ ॥੨॥ ਸਦਾ ਅਨੰਦੁ ਨਾਹੀ ਕਿਛੁ ਸੋਗੁ ॥ ਦੂਖੁ ਦਰਦੁ ਨਹ ਬਿਆਪੈ ਰੋਗੁ ॥ ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥ ਪਾਰਬ੍ਰਹਮ ਗੁਰ ਅਗਮ ਅਪਾਰ ॥੩॥ ਨਿਰਮਲ ਸੋਭਾ ਅਚਰਜ ਬਾਣੀ ॥ ਪਾਰਬ੍ਰਹਮ ਪੂਰਨ ਮਨਿ ਭਾਣੀ ॥ ਜਲਿ ਥਲਿ ਮਹੀਅਲਿ ਰਵਿਆ ਸੋਇ ॥ ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥ {ਪੰਨਾ 1149}

ਪਦ ਅਰਥ: ਕਰਣ = ਜਗਤ, ਸ੍ਰਿਸ਼ਟੀ। ਕਾਰਣ = ਮੂਲ। ਸਮਰਥੁ = ਸਭ ਕੁਝ ਕਰ ਸਕਣ ਵਾਲਾ। ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਣ ਦਾਤਾ = ਪ੍ਰਾਣ ਦੇਣ ਵਾਲਾ। ਸੁਖਦਾਤਾ = ਸਾਰੇ ਸੁਖ ਦੇਣ ਵਾਲਾ। ਨੇਰਾ = (ਸਭ ਦੇ) ਨੇੜੇ। ਭੈ ਭੰਜਨ = ਸਾਰੇ ਡਰਾਂ ਦਾ ਨਾਸ ਕਰਨ ਵਾਲਾ। ਰਾਇ = ਪਾਤਿਸ਼ਾਹ। ਦਰਸਨਿ ਦੇਖਿਐ = ਜੇ ਦਰਸਨ ਕਰ ਲਈਏ। ਜਾਇ = ਦੂਰ ਹੋ ਜਾਂਦਾ ਹੈ।1।

ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ।1। ਰਹਾਉ।

ਕਾਮ = ਕਾਮਨਾ, ਇੱਛਾ। ਸਭਿ = ਸਾਰੇ {ਬਹੁ-ਵਚਨ}। ਨਿਰਮਲ = ਜੀਵਨ ਨੂੰ ਪਵਿੱਤਰ ਕਰਨ ਵਾਲੀ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਰਿਦ = ਹਿਰਦੇ ਵਿਚ।2।

ਸੋਗੁ = ਗ਼ਮ। ਬਿਆਪੈ = ਆਪਣਾ ਜ਼ੋਰ ਪਾ ਸਕਦਾ। ਕਰਣੈਹਾਰੁ = ਪੈਦਾ ਕਰਨ ਦੀ ਸਮਰਥਾ ਵਾਲਾ।3।

ਨਿਰਮਲ = ਬੇ-ਦਾਗ਼। ਅਚਰਜ ਬਾਣੀ = ਵਿਸਮਾਦ ਅਵਸਥਾ ਪੈਦਾ ਕਰਨ ਵਾਲੀ ਬਾਣੀ। ਪੂਰਨ = ਸਰਬ-ਵਿਆਪਕ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਭਾਣੀ = ਪਿਆਰੀ ਲੱਗ ਪੈਂਦੀ ਹੈ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਰਵਿਆ = ਵਿਆਪਕ। ਤੇ = ਤੋਂ।4।

ਅਰਥ: ਹੇ ਪ੍ਰਭੂ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ, ਹੁਣ) ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ।1। ਰਹਾਉ।

ਹੇ ਭਾਈ! ਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, (ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ) । ਹੇ ਭਾਈ! ਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ, ਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ।1।

ਹੇ ਭਾਈ! ਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ। ਹੇ ਭਾਈ! ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ, ਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ।2।

ਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! (ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ। ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ) । ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।3।

ਹੇ ਭਾਈ! ਸਰਬ-ਵਿਆਪਕ ਪਰਮਾਤਮਾ ਦੀ ਵਿਸਮਾਦ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ, ਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ) । ਹੇ ਨਾਨਕ! ਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ।4। 34। 47।

TOP OF PAGE

Sri Guru Granth Darpan, by Professor Sahib Singh