ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1150 ਭੈਰਉ ਮਹਲਾ ੫ ॥ ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥ ਸਰਬ ਮਨੋਰਥ ਪੂਰਨ ਕਰਣੇ ॥ ਆਠ ਪਹਰ ਗਾਵਤ ਭਗਵੰਤੁ ॥ ਸਤਿਗੁਰਿ ਦੀਨੋ ਪੂਰਾ ਮੰਤੁ ॥੧॥ ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ ਸੋਈ ਗਿਆਨੀ ਜਿ ਸਿਮਰੈ ਏਕ ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ ਤੂਟੇ ਬੰਧਨ ਪੂਰਨ ਆਸਾ ॥ ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ਸੋ ਜਨੁ ਆਇਆ ਪ੍ਰਭ ਕੀ ਸਰਨਾ ॥ ਆਪਿ ਪਵਿਤੁ ਪਾਵਨ ਸਭਿ ਕੀਨੇ ॥ ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥ {ਪੰਨਾ 1150} ਪਦ ਅਰਥ: ਰਾਤਾ = ਰੰਗਿਆ ਗਿਆ। ਰਾਮ ਰੰਗਿ ਚਰਣੇ = ਰਾਮ ਦੇ ਚਰਨਾਂ ਦੇ ਪਿਆਰ ਵਿਚ। ਮਨੋਰਥ = ਲੋੜਾਂ, ਮੰਗਾਂ। ਗਾਵਤ = ਗਾਂਦਿਆਂ। ਸਤਿਗੁਰਿ = ਗੁਰੂ ਨੇ। ਮੰਤੁ = ਉਪਦੇਸ਼, ਨਾਮ-ਮੰਤ੍ਰ।1। ਨਾਮਿ = ਨਾਮ ਵਿਚ। ਤਿਸ ਕੈ ਸੰਗਿ = ਉਸ ਦੀ ਸੰਗਤਿ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਤਰੈ = (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਰਹਾਉ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਜਿ = ਜਿਹੜਾ ਮਨੁੱਖ। ਬੁਧਿ ਬਿਬੇਕ = (ਚੰਗੇ ਮੰਦੇ ਕਰਮ ਦੀ) ਪਰਖ ਦੀ ਅਕਲ। ਕੁਲਵੰਤਾ = ਚੰਗੀ ਕੁਲ ਵਾਲਾ। ਪਤਿਵੰਤਾ = ਇੱਜ਼ਤ ਵਾਲਾ। ਆਪੁ = ਆਪਣੇ ਆਪ ਨੂੰ, ਆਪਣੇ ਆਚਰਨ ਨੂੰ।2। ਪਰਸਾਦਿ = ਕਿਰਪਾ ਨਾਲ। ਪਰਮ = ਸਭ ਤੋਂ ਉੱਚਾ। ਪਦੁ = ਆਤਮਕ ਦਰਜਾ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ', ਇਥੇ ਪੜ੍ਹਨਾ ਹੈ 'ਗੁਪਾਲ'}। ਰੈਨਿ = ਰਾਤ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਰਿਦ ਮਾਹਿ = ਹਿਰਦੇ ਵਿਚ।3। ਜਾ ਕੇ = ਜਿਸ (ਮਨੁੱਖ) ਦੇ। ਪੂਰਨ ਕਰਮਾ = ਪੂਰੇ ਭਾਗ, ਚੰਗੀ ਕਿਸਮਤ। ਸੋ = ਉਹ {ਇਕ-ਵਚਨ}। ਪਾਵਨ = ਪਵਿੱਤਰ ਜੀਵਨ ਵਾਲੇ। ਸਭਿ = ਸਾਰੇ। ਰਸਾਇਣੁ = {ਰਸ-ਅਯਨ। ਰਸਾਂ ਦਾ ਘਰ} ਸਭ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ (ਨਾਲ) । ਚੀਨ੍ਹ੍ਹੇ = ਪਛਾਣਿਆ, ਮਾਣਿਆ।4। ਅਰਥ: ਹੇ ਭਾਈ! ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਉਸ (ਮਨੁੱਖ) ਦੀ ਸੰਗਤਿ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ, (ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ) , ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ, ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ।1। ਹੇ ਭਾਈ! ਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ। ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ। ਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ। ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ।2। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੂੰ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ। ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ, ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ।3। ਹੇ ਨਾਨਕ! ਆਖ– (ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ। ਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤਿ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ। ਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ।4। 35। 48। ਭੈਰਉ ਮਹਲਾ ੫ ॥ ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ ਨਾਮੁ ਸੁਣਤ ਜਮੁ ਦੂਰਹੁ ਭਾਗੈ ॥ ਨਾਮੁ ਲੈਤ ਸਭ ਦੂਖਹ ਨਾਸੁ ॥ ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ ਹਰਿ ਸਿਮਰਤ ਦੈਤ ਦੇਉ ਨ ਪੋਹੈ ॥ ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ ਹਰਿ ਸਿਮਰਨ ਕੀ ਸਗਲੀ ਬੇਲਾ ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ ਜਾਤਿ ਅਜਾਤਿ ਜਪੈ ਜਨੁ ਕੋਇ ॥ ਜੋ ਜਾਪੈ ਤਿਸ ਕੀ ਗਤਿ ਹੋਇ ॥੩॥ ਹਰਿ ਕਾ ਨਾਮੁ ਜਪੀਐ ਸਾਧਸੰਗਿ ॥ ਹਰਿ ਕੇ ਨਾਮ ਕਾ ਪੂਰਨ ਰੰਗੁ ॥ ਨਾਨਕ ਕਉ ਪ੍ਰਭ ਕਿਰਪਾ ਧਾਰਿ ॥ ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ {ਪੰਨਾ 1150} ਪਦ ਅਰਥ: ਲੈਤ = ਲੈਂਦਿਆਂ, ਸਿਮਰਦਿਆਂ। ਬਿਘਨੁ = ਰੁਕਾਵਟ। ਦੂਖਹ = ਦੁੱਖਾਂ ਦਾ।1। ਨਿਰਬਿਘਨ = ਵਿਘਨਾਂ ਤੋਂ ਬਚਾਣ ਵਾਲੀ। ਰਸਕਿ = ਆਨੰਦ ਨਾਲ, ਸੁਆਦ ਨਾਲ।1। ਰਹਾਉ। ਚਾਖੁ = {c˜us`} ਭੈੜੀ ਨਜ਼ਰ। ਜੋਹੈ– ਤੱਕ ਸਕਦੀ। ਦੈਤ ਦੇਉ = ਦੈਂਤ ਦੇਉ, (ਕਾਮਾਦਿਕ ਕੋਈ) ਵੱਡੇ ਤੋਂ ਵੱਡਾ ਦੇਉ। ਨ ਪੋਹੈ– ਆਪਣਾ ਜ਼ੋਰ ਨਹੀਂ ਪਾ ਸਕਦਾ। ਨ ਬਧੈ = ਨਹੀਂ ਮਾਰ ਸਕਦਾ, ਆਤਮਕ ਤੌਰ ਤੇ ਮਾਰ ਨਹੀਂ ਸਕਦਾ। ਰੁਧੈ = ਰੁੱਝਦਾ, ਫਸਦਾ। ਗਰਭ ਜੋਨਿ = ਜੂਨਾਂ ਦੇ ਗੇੜ ਵਿਚ।2। ਸਗਲੀ ਬੇਲਾ = ਹਰੇਕ ਸਮਾ। ਬੇਲਾ = ਵੇਲਾ। ਇਕੇਲਾ = ਕੋਈ ਵਿਰਲਾ। ਅਜਾਤਿ = ਨੀਵੀਂ ਜਾਤਿ ਦਾ ਮਨੁੱਖ। ਜਨੁ ਕੋਇ = ਜਿਹੜਾ ਭੀ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ।3। ਜਪੀਐ = ਜਪਿਆ ਜਾ ਸਕਦਾ ਹੈ। ਸਾਧ ਸੰਗਿ = ਸਾਧ ਸੰਗਤਿ ਵਿਚ। ਪੂਰਨ = ਪੂਰਾ, ਮੁਕੰਮਲ। ਧਾਰਿ = ਕਰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ।4। ਅਰਥ: ਹੇ ਭਾਈ! ਬੜੇ ਪ੍ਰੇਮ ਨਾਲ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ, ਸਦਾ ਹਰੀ ਦਾ ਨਾਮ ਜਪਦਾ ਰਿਹਾ ਕਰ। ਇਹ ਭਗਤੀ ਜ਼ਿੰਦਗੀ ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੁਕਾਵਟ ਨਹੀਂ ਪੈਣ ਦੇਂਦੀ।1। ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਜ਼ਿੰਦਗੀ ਦੇ ਸਫ਼ਰ ਵਿਚ ਕਾਮਾਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ। ਪਰਮਾਤਮਾ ਦਾ ਨਾਮ ਸੁਣਦਿਆਂ (ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਨਾਮ ਜਪਣ ਵਾਲੇ ਮਨੁੱਖ ਪਾਸੋਂ) ਜਮਰਾਜ ਦੂਰੋਂ ਹੀ ਪਰੇ ਹਟ ਜਾਂਦਾ ਹੈ। ਨਾਮ ਜਪਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਅਤੇ ਪਰਮਾਤਮਾ ਦੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ।1। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ, ਕੋਈ ਦੈਂਤ ਕੋਈ ਦੇਉ ਆਪਣਾ ਜ਼ੋਰ ਨਹੀਂ ਪਾ ਸਕਦਾ, ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਣ ਆਤਮਕ ਜੀਵਨ ਨੂੰ ਕੁਚਲ ਨਹੀਂ ਸਕਦਾ, ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੂਨਾਂ ਦੇ ਗੇੜ ਵਿਚ ਨਹੀਂ ਫਸਦਾ।2। ਹੇ ਭਾਈ! (ਜਿਹੜਾ ਭੀ ਸਮਾ ਸਿਮਰਨ ਵਿਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ) ਹਰੇਕ ਸਮਾ ਸਿਮਰਨ ਵਾਸਤੇ ਢੁਕਵਾਂ ਹੈ, ਪਰ ਅਨੇਕਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ। ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ ਹੋਵੇ, ਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ।3। ਹੇ ਭਾਈ! ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ (ਰਹਿ ਕੇ) ਜਪਿਆ ਜਾ ਸਕਦਾ ਹੈ, (ਸਾਧ ਸੰਗਤਿ ਦੀ ਸਹਾਇਤਾ ਨਾਲ ਹੀ) ਪਰਮਾਤਮਾ ਦੇ ਨਾਮ ਦਾ ਪੂਰਾ ਰੰਗ (ਮਨੁੱਖ ਦੀ ਜ਼ਿੰਦਗੀ ਉਤੇ ਚੜ੍ਹਦਾ ਹੈ) । ਹੇ ਪ੍ਰਭੂ! (ਆਪਣੇ ਦਾਸ) ਨਾਨਕ ਉਤੇ ਮਿਹਰ ਕਰ, ਹੇ ਹਰੀ! (ਮੈਨੂੰ ਆਪਣੇ ਨਾਮ ਦੀ ਦਾਤਿ) ਦੇਹ (ਤਾ ਕਿ) ਮੈਂ (ਆਪਣੇ) ਹਰੇਕ ਸਾਹ ਦੇ ਨਾਲ (ਤੇਰਾ ਨਾਮ) ਚੇਤੇ ਕਰਦਾ ਰਹਾਂ।4। 36। 49। ਭੈਰਉ ਮਹਲਾ ੫ ॥ ਆਪੇ ਸਾਸਤੁ ਆਪੇ ਬੇਦੁ ॥ ਆਪੇ ਘਟਿ ਘਟਿ ਜਾਣੈ ਭੇਦੁ ॥ ਜੋਤਿ ਸਰੂਪ ਜਾ ਕੀ ਸਭ ਵਥੁ ॥ ਕਰਣ ਕਾਰਣ ਪੂਰਨ ਸਮਰਥੁ ॥੧॥ ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੂਤਿ ਪਰੋਇਆ ਸੰਸਾਰੁ ॥ ਆਪੇ ਸਿਵ ਸਕਤੀ ਸੰਜੋਗੀ ॥ ਆਪਿ ਨਿਰਬਾਣੀ ਆਪੇ ਭੋਗੀ ॥੨॥ ਜਤ ਕਤ ਪੇਖਉ ਤਤ ਤਤ ਸੋਇ ॥ ਤਿਸੁ ਬਿਨੁ ਦੂਜਾ ਨਾਹੀ ਕੋਇ ॥ ਸਾਗਰੁ ਤਰੀਐ ਨਾਮ ਕੈ ਰੰਗਿ ॥ ਗੁਣ ਗਾਵੈ ਨਾਨਕੁ ਸਾਧਸੰਗਿ ॥੩॥ ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ ਊਣਾ ਨਾਹੀ ਕਿਛੁ ਜਨ ਤਾ ਕੈ ॥ ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ {ਪੰਨਾ 1150} ਪਦ ਅਰਥ: ਆਪੇ = (ਪ੍ਰਭੂ) ਆਪ ਹੀ, ਪ੍ਰਭੂ ਦਾ ਆਪਣਾ ਨਾਮ ਹੀ। ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਜਾਣੈ = ਜਾਣਦਾ ਹੈ {ਇਕ-ਵਚਨ}। ਜੋਤਿ ਸਰੂਪ = ਨਿਰੀ ਜੋਤਿ ਹੀ ਜੋਤਿ, ਨਿਰਾ ਚਾਨਣ ਹੀ ਚਾਨਣ। ਜਾ ਕੀ = ਜਿਸ (ਪਰਮਾਤਮਾ) ਦੀ। ਸਭ ਵਥੁ = ਸਾਰੀ ਵਸਤ, ਸਾਰੀ ਸ੍ਰਿਸ਼ਟੀ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਪੂਰਨ = ਸਰਬ-ਵਿਆਪਕ। ਸਮਰਥੁ = ਸਭ ਤਾਕਤਾਂ ਦਾ ਮਾਲਕ।1। ਓਟ = ਆਸਰਾ, ਸਹਾਰਾ। ਗਹਹੁ = ਫੜੋ, ਲਵੋ। ਮਨ = ਹੇ ਮਨ! ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੁਸਮਨ = ਵੈਰੀ {ਬਹੁ-ਵਚਨ}। ਆਵੈ = ਆਉਂਦਾ {ਇਕ-ਵਚਨ}। ਨੇਰੇ = ਨੇੜੇ।1। ਰਹਾਉ। ਆਪੇ = ਪ੍ਰਭੂ ਆਪ ਹੀ। ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ, ਬਨਸਪਤੀ। ਸਾਰੁ = ਤੱਤ, ਮੂਲ। ਜਾ ਕੈ ਸੂਤਿ = ਜਿਸ ਦੇ ਸੂਤ ਵਿਚ, ਜਿਸ ਦੀ ਮਰਯਾਦਾ ਵਿਚ, ਜਿਸ ਦੇ ਹੁਕਮ ਵਿਚ। ਸਿਵ = ਸ਼ਿਵ, ਆਤਮਾ। ਸਕਤੀ = ਸ਼ਕਤੀ, ਮਾਇਆ, ਪ੍ਰਕ੍ਰਿਤੀ। ਸੰਜੋਗੀ = ਮਿਲਾਣ ਵਾਲਾ। ਨਿਰਬਾਣੀ = {invLwx} ਵਾਸਨਾ-ਰਹਿਤ, ਨਿਰਲੇਪ। ਭੋਗੀ = ਭੋਗਣ ਵਾਲਾ, ਭੋਗਾਂ ਵਿਚ ਪ੍ਰਵਿਰਤ।2। ਜਤ ਕਤ = {X> ku>} ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉਥੇ ਉਥੇ। ਸੋਇ = ਉਹ (ਪਰਮਾਤਮਾ) ਹੀ। ਸਾਗਰੁ = (ਸੰਸਾਰ-) ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਨਾਲ। ਗਾਵੈ = ਗਾਂਦਾ ਹੈ। ਸਾਧ ਸੰਗਿ = ਸਾਧ ਸੰਗਤਿ ਵਿਚ (ਰਹਿ ਕੇ) ।3। ਮੁਕਤਿ = (ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਖ਼ਲਾਸੀ। ਭੁਗਤਿ = ਭੋਜਨ ਆਦਿਕ। ਜੁਗਤਿ = ਜੀਊਣ ਦੀ ਜਾਚ। ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ। ਕਿਛੁ ਊਣਾ = ਕੋਈ ਕਮੀ। ਜਨ = ਹੇ ਜਨ! ਤਾ ਕੈ = ਉਸ (ਪ੍ਰਭੂ) ਦੇ ਘਰ ਵਿਚ। ਕਰਿ = ਕਰ ਕੇ। ਜਿਸੁ = ਜਿਸ ਜਿਸ ਉੱਤੇ। ਸੇਈ ਜਨ = ਉਹ ਬੰਦੇ {ਬਹੁ-ਵਚਨ}। ਧੰਨ = ਭਾਗਾਂ ਵਾਲੇ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਆਸਰਾ ਲਈ ਰੱਖ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ, (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ ਦੇ) ਨੇੜੇ ਨਹੀਂ ਆਉਂਦਾ।1। ਰਹਾਉ। ਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤ੍ਰ ਹੈ) । ਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ (ਵੱਸ ਰਿਹਾ ਹੈ) , ਉਹ ਆਪ ਹੀ (ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ। ਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ (ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ। ਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ।1। ਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ ਦਾ ਮੂਲ ਹੈ। (ਉਹ ਐਸਾ ਹੈ) ਜਿਸ ਦੇ ਹੁਕਮ ਵਿਚ ਸਾਰਾ ਜਗਤ ਪ੍ਰੋਤਾ ਹੋਇਆ ਹੈ। ਹੇ ਮਨ! ਉਹ ਆਪ ਹੀ ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ, ਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ।2। ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਹੈ। ਹੇ ਭਾਈ! (ਉਸ ਪਰਮਾਤਮ ਦੇ) ਨਾਮ ਵਿਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਨਾਨਕ (ਭੀ) ਸਾਧ ਸੰਗਤਿ ਵਿਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ।3। ਹੇ ਭਾਈ! (ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ) ਜੀਵਨ-ਤੋਰੇ ਤੋਰਨਾ = ਇਹ ਸਭ ਕੁਝ ਜਿਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਘਰ ਵਿਚ (ਕਿਸੇ ਚੀਜ਼ ਦੀ) ਕੋਈ ਕਮੀ ਨਹੀਂ ਹੈ। ਹੇ ਦਾਸ ਨਾਨਕ! ਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ।4। 37। 50। |
Sri Guru Granth Darpan, by Professor Sahib Singh |