ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1151

ਭੈਰਉ ਮਹਲਾ ੫ ॥ ਭਗਤਾ ਮਨਿ ਆਨੰਦੁ ਗੋਬਿੰਦ ॥ ਅਸਥਿਤਿ ਭਏ ਬਿਨਸੀ ਸਭ ਚਿੰਦ ॥ ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ ਪਾਰਬ੍ਰਹਮੁ ਵਸਿਆ ਮਨਿ ਆਇ ॥੧॥ ਰਾਮ ਰਾਮ ਸੰਤ ਸਦਾ ਸਹਾਇ ॥ ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ ਅਪਨੇ ਦਾਸ ਕਉ ਦੇ ਰਾਖੈ ਹਾਥ ॥ ਨਿਮਖ ਨ ਛੋਡੈ ਸਦ ਹੀ ਸਾਥ ॥੨॥ ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥ ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ਏਕ ਬਿਨਾ ਦੂਜਾ ਨਹੀ ਹੋਰੁ ॥ ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ {ਪੰਨਾ 1151}

ਪਦ ਅਰਥ: ਮਨਿ = ਮਨ ਵਿਚ। ਅਸਥਿਤਿ = (ਭੈ ਭਰਮ ਆਦਿਕਾਂ ਵਲੋਂ) ਅਡੋਲਤਾ। ਚਿੰਦ = (ਭੈ ਭਰਮਾਂ ਦਾ) ਚਿੰਤਨ, ਚਿੱਤ-ਚੇਤਾ। ਭੈ = {ਬਹੁ-ਵਚਨ} ਸਾਰੇ ਡਰ। ਆਇ = ਆ ਕੇ।1।

ਸਹਾਇ = ਸਹਾਈ, ਮਦਦਗਾਰ। ਨਾਲੇ = ਨਾਲ ਹੀ। ਰਵਿ ਰਹਿਆ = ਵਿਆਪਕ ਹੈ। ਪੂਰਨ = ਵਿਆਪਕ। ਸਭ ਠਾਇ = ਸਭ ਥਾਈਂ।1। ਰਹਾਉ।

ਜੁਗਤਿ = ਜੀਵਨ ਦੀ ਮਰਯਾਦਾ, ਜੀਊਣ ਦੀ ਜਾਚ। ਜੀਅ = ਜਿੰਦ। ਦੇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਸਦ = ਸਦਾ।2।

ਸਾ = ਵਰਗਾ। ਪ੍ਰੀਤਮੁ = ਪਿਆਰ ਕਰਨ ਵਾਲਾ। ਸਾਰਿ = ਸਾਰ ਲੈ ਕੇ, ਗਹੁ ਨਾਲ। ਸਮ੍ਹ੍ਹਾਲੇ = ਸੰਭਾਲ ਕਰਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੁਤ = ਪੁੱਤਰ। ਬੰਧੁ = ਸਨਬੰਧੀ। ਭਗਤ = ਪਰਮਾਤਮਾ ਦੇ ਸੇਵਕ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ।3।

ਧਰ = ਆਸਰਾ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਮਨਿ = ਮਨ ਵਿਚ। ਜੋਰੁ = ਬਲ, ਸਹਾਰਾ। ਕੈ ਮਨਿ = ਦੇ ਮਨ ਵਿਚ। ਪੁਰਖਾਰਥੁ = ਹੌਸਲਾ। ਸਾਰੇ = ਸੁਆਰਦਾ ਹੈ।4।

ਅਰਥ: ਹੇ ਭਾਈ! (ਜਿਹੜਾ) ਪਰਮਾਤਮਾ ਸਭਨੀਂ ਥਾਈਂ ਪੂਰਨ ਤੌਰ ਤੇ ਮੌਜੂਦ ਹੈ, (ਉਹ) ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ, ਘਰ ਵਿਚ ਘਰੋਂ ਬਾਹਰ ਹਰ ਥਾਂ (ਸੰਤ ਜਨਾਂ ਦੇ ਨਾਲ) ਹੁੰਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਭਗਤਾਂ ਦੇ ਮਨ ਵਿਚ ਸਦਾ ਆਤਮਕ ਹੁਲਾਰਾ ਟਿਕਿਆ ਰਹਿੰਦਾ ਹੈ (ਦੁਨੀਆ ਦੇ ਡਰਾਂ, ਦੁਨੀਆ ਦੀਆਂ ਭਟਕਣਾਂ ਵਲੋਂ ਉਹਨਾਂ ਦੇ ਅੰਦਰ ਸਦਾ) ਅਡੋਲਤਾ ਰਹਿੰਦੀ ਹੈ (ਦੁਨੀਆ ਦੇ ਡਰਾਂ ਦਾ ਉਹਨਾਂ ਨੂੰ) ਚਿਤ-ਚੇਤਾ ਭੀ ਨਹੀਂ ਰਹਿੰਦਾ। ਹੇ ਭਾਈ! (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਇਕ ਖਿਨ ਵਿਚ ਉਸ ਦੇ ਸਾਰੇ ਡਰ ਸਹਿਮ ਦੂਰ ਹੋ ਜਾਂਦੇ ਹਨ।1।

ਹੇ ਭਾਈ! ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ, ਸਦਾ ਉਸ ਦੇ ਨਾਲ ਰਹਿੰਦਾ ਹੈ, ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਂਦਾ ਹੈ। ਹੇ ਭਾਈ! ਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ, ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ, ਉਸ ਨੂੰ ਸਾਰੇ ਸੁਖ ਦੇਂਦਾ ਹੈ। (ਸੇਵਕ ਵਾਸਤੇ ਭੀ) ਪਰਮਾਤਮਾ ਦਾ ਨਾਮ ਹੀ ਧਨ ਹੈ, ਨਾਮ ਹੀ ਮਾਲ ਹੈ, ਨਾਮ ਹੀ ਜਵਾਨੀ ਹੈ ਅਤੇ ਨਾਮ ਜਪਣਾ ਹੀ ਜੀਊਣ ਦੀ ਸੁਚੱਜੀ ਜਾਚ ਹੈ।2।

ਹੇ ਭਾਈ! ਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ। ਉਹ ਸਦਾ-ਥਿਰ ਪ੍ਰਭੂ ਬੜੇ ਗਹੁ ਨਾਲ (ਆਪਣੇ ਭਗਤਾਂ ਦੀ) ਸੰਭਾਲ ਕਰਦਾ ਹੈ। ਹੇ ਭਾਈ! ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ, ਉਹਨਾਂ ਵਾਸਤੇ ਪਰਮਾਤਮਾ ਹੀ ਮਾਂ ਹੈ, ਪਰਮਾਤਮਾ ਹੀ ਪਿਉ ਹੈ, ਪਰਮਾਤਮਾ ਹੀ ਪੁੱਤਰ ਹੈ ਪਰਮਾਤਮਾ ਹੀ ਸਨਬੰਧੀ ਹੈ।3।

ਹੇ ਭਾਈ! ਭਗਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ਪਰਮਾਤਮਾ ਦਾ ਹੀ ਤਾਣ ਹੈ। ਨਾਨਕ ਦੇ ਮਨ ਵਿਚ (ਭੀ) ਇਹੀ ਹੌਸਲਾ ਹੈ ਕਿ ਪਰਮਾਤਮਾ ਸਾਡਾ ਹਰੇਕ ਕੰਮ ਸੁਆਰਦਾ ਹੈ।4। 38। 51।

ਭੈਰਉ ਮਹਲਾ ੫ ॥ ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ {ਪੰਨਾ 1151}

ਪਦ ਅਰਥ: ਭੈ ਕਉ = ਡਰ ਨੂੰ {ਸੰਬੰਧਕ ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਜਾਂਦਾ ਹੈ}। ਪੜਿਆ = ਪੈ ਗਿਆ। ਸਿਮਰਤ = ਸਿਮਰਦਿਆਂ। ਸਗਲ ਬਿਆਧਿ = ਹਰੇਕ ਕਿਸਮ ਦੀ ਬੀਮਾਰੀ। ਤ੍ਰਿਹੁ ਗੁਣ ਕੀ = ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ। ਕਾਮ = ਕੰਮ।1। ਰਹਾਉ।

ਗਾਵਹਿ = ਗਾਂਦੇ ਹਨ {ਬਹੁ-ਵਚਨ}। ਪੂਰਨ ਧਾਮ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ। ਧਾਮ = ਘਰ, ਟਿਕਾਣਾ। ਬਾਂਛੈ = ਲੋੜਦਾ ਹੈ, ਚਾਹੁੰਦਾ ਹੈ {ਇਕ-ਵਚਨ}। ਪੁਨੀਤ = ਪਵਿੱਤਰ। ਜਾਮ = ਜਮਰਾਜ।1।

ਮਦ = ਮਸਤੀ, ਮੋਹ। ਸਾਧ ਸੰਗਿ = ਸਾਧ ਸੰਗਤਿ ਵਿਚ। ਭੇਟਹਿ = ਮਿਲਦੇ ਹਨ {ਬਹੁ-ਵਚਨ}। ਤਿਨ ਕੈ = ਉਹਨਾਂ ਤੋਂ। ਸਦ = ਸਦਾ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ) । ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ। ਹੇ ਭਾਈ! ਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ।1।

ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ। ਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ। ਹੇ ਨਾਨਕ! (ਆਖ-) ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ।2। 39। 52।

ਭੈਰਉ ਮਹਲਾ ੫ ॥ ਪੰਚ ਮਜਮੀ ਜੋ ਪੰਚਨ ਰਾਖੈ ॥ ਮਿਥਿਆ ਰਸਨਾ ਨਿਤ ਉਠਿ ਭਾਖੈ ॥ ਚਕ੍ਰ ਬਣਾਇ ਕਰੈ ਪਾਖੰਡ ॥ ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ ਹਰਿ ਕੇ ਨਾਮ ਬਿਨਾ ਸਭ ਝੂਠੁ ॥ ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ ਮਾਇਆ ਕਾਰਣਿ ਕਰੈ ਉਪਾਉ ॥ ਕਬਹਿ ਨ ਘਾਲੈ ਸੀਧਾ ਪਾਉ ॥ ਜਿਨਿ ਕੀਆ ਤਿਸੁ ਚੀਤਿ ਨ ਆਣੈ ॥ ਕੂੜੀ ਕੂੜੀ ਮੁਖਹੁ ਵਖਾਣੈ ॥੩॥ ਜਿਸ ਨੋ ਕਰਮੁ ਕਰੇ ਕਰਤਾਰੁ ॥ ਸਾਧਸੰਗਿ ਹੋਇ ਤਿਸੁ ਬਿਉਹਾਰੁ ॥ ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ {ਪੰਨਾ 1151}

ਪਦ ਅਰਥ: ਪੰਚ ਮਜਮੀ = ਪੰਜ ਪੀਰਾਂ ਦਾ ਉਪਾਸਕ, ਕਾਮਾਦਿਕ ਪੰਜ ਪੀਰਾਂ ਦਾ ਉਪਾਸਕ। ਪੰਚਨ = ਕਾਮਾਦਿਕ ਪੰਜਾਂ ਨੂੰ। ਮਿਥਿਆ = ਝੂਠ। ਰਸਨਾ = ਜੀਭ (ਨਾਲ) । ਉਠਿ = ਉੱਠ ਕੇ। ਨਿਤ ਉਠਿ = ਸਦਾ ਹੀ, ਹਰ ਰੋਜ਼। ਭਾਖੈ = ਬੋਲਦਾ ਹੈ। ਚਕ੍ਰ = ਗਣੇਸ਼ ਆਦਿਕ ਦੇ ਨਿਸ਼ਾਨ। ਪਾਖੰਡ = ਧਰਮੀ ਹੋਣ ਦਾ ਵਿਖਾਵਾ। ਝੁਰਿ ਝੁਰਿ = ਮਾਇਆ ਦੀ ਖ਼ਾਤਰ ਤਰਲੇ ਲੈ ਲੈ ਕੇ। ਪਚੈ = ਅੰਦਰੇ ਅੰਦਰ ਸੜਦਾ ਹੈ। ਤ੍ਰਿਆ ਰੰਡ = ਵਿਧਵਾ ਇਸਤ੍ਰੀ, ਰੰਡੀ ਜ਼ਨਾਨੀ।1।

ਸਭ = ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) । ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸਾਚੀ ਦਰਗਹਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ। ਸਾਕਤ ਮੁਠੂ = ਸਾਕਤਾਂ ਦਾ ਪਾਜ, ਸਾਕਤਾਂ ਦਾ ਠੱਗੀ ਦਾ ਪਾਜ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦੀ ਠੱਗੀ-ਠੋਰੀ।1। ਰਹਾਉ।

ਸੋਈ = ਉਹੀ ਮਨੁੱਖ। ਕੁਚੀਲੁ = ਗੰਦੀ ਰਹਿਣੀ ਵਾਲਾ। ਜਾਨੈ = ਪਛਾਣਦਾ। ਲੀਪਿਐ ਥਾਇ = ਜੇ ਚੌਂਕਾ ਪੋਚਿਆ ਜਾਏ। ਸੁਚਿ = ਪਵਿੱਤ੍ਰਤਾ। ਮਾਨੈ = ਮੰਨਦਾ। ਅੰਤਰੁ = ਅੰਦਰਲਾ, ਹਿਰਦਾ। ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ। ਪਤਿ = ਇੱਜ਼ਤ।2।

ਕਾਰਣਿ = ਕਮਾਣ ਵਾਸਤੇ। ਉਪਾਉ = ਹੀਲਾ, ਉੱਦਮ। ਘਾਲੈ = ਘੱਲਦਾ, ਧਰਦਾ। ਸੀਧਾ ਪਾਉ = ਸਿੱਧਾ ਪੈਰ। ਜਿਨਿ = ਜਿਸ (ਪਰਮਾਤਮਾ) ਨੇ। ਚੀਤਿ = ਚਿੱਤ ਵਿਚ। ਆਣੈ = ਲਿਆਉਂਦਾ। ਕੂੜੀ ਕੂੜੀ = ਝੂਠ-ਮੂਠ। ਮੁਖਹੁ = ਮੂੰਹੋਂ।3।

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਕਰਮੁ = ਬਖ਼ਸ਼ਸ਼। ਬਿਉਹਾਰੁ = ਵਰਤਣ-ਵਿਹਾਰ, ਮੇਲ-ਜੋਲ, ਬਹਿਣ-ਖਲੋਣ। ਸਿਉ = ਨਾਲ। ਰੰਗੁ = ਪਿਆਰ। ਭੰਗੁ = ਤੋਟ।4।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ। ਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ।1। ਰਹਾਉ।

ਹੇ ਭਾਈ! (ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ, ਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) । ਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ, ਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈ।1।

ਹੇ ਭਾਈ! ਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ। ਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ। ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ।2।

ਹੇ ਭਾਈ! (ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ, ਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ। ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ (ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ।3।

ਹੇ ਭਾਈ! ਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ, ਸਾਧ ਸੰਗਤਿ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ।4। 40। 53।

ਭੈਰਉ ਮਹਲਾ ੫ ॥ ਨਿੰਦਕ ਕਉ ਫਿਟਕੇ ਸੰਸਾਰੁ ॥ ਨਿੰਦਕ ਕਾ ਝੂਠਾ ਬਿਉਹਾਰੁ ॥ ਨਿੰਦਕ ਕਾ ਮੈਲਾ ਆਚਾਰੁ ॥ ਦਾਸ ਅਪੁਨੇ ਕਉ ਰਾਖਨਹਾਰੁ ॥੧॥ ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ ਨਿੰਦਕ ਕਾ ਕਹਿਆ ਕੋਇ ਨ ਮਾਨੈ ॥ ਨਿੰਦਕ ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ ਨਿੰਦਕ ਕਉ ਦਈ ਛੋਡੈ ਨਾਹਿ ॥੨॥ ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ ਨਿੰਦਕ ਕਉ ਲਾਗੈ ਦੁਖ ਸਾਂਗੈ ॥ ਬਗੁਲੇ ਜਿਉ ਰਹਿਆ ਪੰਖ ਪਸਾਰਿ ॥ ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ ਅੰਤਰਜਾਮੀ ਕਰਤਾ ਸੋਇ ॥ ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ {ਪੰਨਾ 1151-1152}

ਪਦ ਅਰਥ: ਨਿੰਦਕ = ਦੂਜਿਆਂ ਉੱਤੇ ਚਿੱਕੜ ਸੁੱਟਣ ਵਾਲਾ, ਦੂਜਿਆਂ ਉੱਤੇ ਤੁਹਮਤਾਂ ਲਾਣ ਵਾਲਾ। ਕਉ = ਨੂੰ। ਫਿਟਕੇ = ਫਿਟਕਾਰਾਂ ਪਾਂਦਾ ਹੈ। ਬਿਉਹਾਰ = (ਤੁਹਮਤਾਂ ਲਾਣ ਵਾਲਾ) ਕਸਬ। ਮੈਲਾ = ਗੰਦਾ, ਵਿਕਾਰਾਂ-ਭਰਿਆ। ਆਚਾਰੁ = ਆਚਰਨ। ਰਾਖਨਹਾਰੁ = (ਵਿਕਾਰਾਂ ਤੋਂ) ਬਚਾ ਸਕਣ ਵਾਲਾ।1।

ਮੁਆ = ਆਤਮਕ ਮੌਤੇ ਮਰ ਜਾਂਦਾ ਹੈ। ਕੈ ਨਾਲਿ = ਦੀ ਸੁਹਬਤ ਵਿਚ। ਪਰਮੇਸਰਿ = ਪਰਮੇਸਰ ਨੇ। ਰਾਖੇ = (ਸਦਾ) ਰੱਖਿਆ ਕੀਤੀ। ਕੈ ਸਿਰਿ = ਦੇ ਸਿਰ ਉੱਤੇ। ਕੜਕਿਓ = ਕੂਕਦਾ ਰਹਿੰਦਾ ਹੈ। ਕਾਲੁ = ਆਤਮਕ ਮੌਤ।1। ਰਹਾਉ।

ਨ ਮਾਨੈ = ਇਤਬਾਰ ਨਹੀਂ ਕਰਦਾ। ਬੋਲਿ = ਬੋਲ ਕੇ। ਪਛਤਾਨੇ = ਅਫ਼ਸੋਸ ਕਰਦੇ ਹਨ। ਹਾਥ ਪਛੋਰਹਿ = (ਆਪਣੇ) ਹੱਥ (ਮੱਥੇ ਤੇ) ਮਾਰਦੇ ਹਨ। ਧਰਨਿ = ਧਰਤੀ। ਦਈ = ਪਰਮਾਤਮਾ।2।

ਨ ਮਾਗੈ = ਨਹੀਂ ਮੰਗਦਾ, ਨਹੀਂ ਚਾਹੁੰਦਾ। ਦੁਖੁ ਸਾਂਗੈ = ਬਰਛੀ (ਵੱਜਣ) ਦਾ ਦੁੱਖ। ਪੰਖ = ਖੰਡ। ਪਸਾਰਿ ਰਹਿਆ = ਖਿਲਾਰੀ ਰੱਖਦਾ ਹੈ। ਤੇ = ਤੋਂ। ਤਾਂ = ਤਦੋਂ। ਬੀਚਾਰਿ = ਵਿਚਾਰਿ, ਵਿਚਾਰ ਕੇ।3।

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਨਿਹਚਲੁ = ਅਟੱਲ, ਜ਼ਰੂਰ ਵਾਪਰਨ ਵਾਲਾ। ਸਾਚਾ = ਅਡੋਲ ਜੀਵਨ ਵਾਲਾ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ। ਤਤੁ = ਅਸਲੀਅਤ। ਨਾਨਕ = ਹੇ ਨਾਨਕ!।4।

ਅਰਥ: ਹੇ ਭਾਈ! (ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ।1। ਰਹਾਉ।

ਹੇ ਭਾਈ! ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ (ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ। ਹੇ ਭਾਈ! (ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ। ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ।1।

ਹੇ ਭਾਈ! ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ, (ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ) । (ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ।2।

ਹੇ ਭਾਈ! ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ। ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ) । ਹੇ ਭਾਈ! ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ, ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ।3।

ਹੇ ਭਾਈ! ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ। ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ) । ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ਕਿ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ।4। 41। 54।

TOP OF PAGE

Sri Guru Granth Darpan, by Professor Sahib Singh