ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1152 ਭੈਰਉ ਮਹਲਾ ੫ ॥ ਦੁਇ ਕਰ ਜੋਰਿ ਕਰਉ ਅਰਦਾਸਿ ॥ ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ ਸੋਈ ਮੇਰਾ ਸੁਆਮੀ ਕਰਨੈਹਾਰੁ ॥ ਕੋਟਿ ਬਾਰ ਜਾਈ ਬਲਿਹਾਰ ॥੧॥ ਸਾਧੂ ਧੂਰਿ ਪੁਨੀਤ ਕਰੀ ॥ ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ ਜਾ ਕੀ ਸੇਵਾ ਪਾਈਐ ਮਾਨੁ ॥ ਸਗਲ ਮਨੋਰਥ ਪੂਰਨਹਾਰ ॥ ਜੀਅ ਪ੍ਰਾਨ ਭਗਤਨ ਆਧਾਰ ॥੨॥ ਘਟ ਘਟ ਅੰਤਰਿ ਸਗਲ ਪ੍ਰਗਾਸ ॥ ਜਪਿ ਜਪਿ ਜੀਵਹਿ ਭਗਤ ਗੁਣਤਾਸ ॥ ਜਾ ਕੀ ਸੇਵ ਨ ਬਿਰਥੀ ਜਾਇ ॥ ਮਨ ਤਨ ਅੰਤਰਿ ਏਕੁ ਧਿਆਇ ॥੩॥ ਗੁਰ ਉਪਦੇਸਿ ਦਇਆ ਸੰਤੋਖੁ ॥ ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ ਕਰਿ ਕਿਰਪਾ ਲੀਜੈ ਲੜਿ ਲਾਇ ॥ ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥ {ਪੰਨਾ 1152} ਪਦ ਅਰਥ: ਦੁਇ ਕਰ = ਦੋਵੇਂ ਹੱਥ। {ਬਹੁ-ਵਚਨ}। ਜੋਰਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਰਾਸਿ = ਪੂੰਜੀ, ਸਰਮਾਇਆ। ਕਰਨੈਹਾਰੁ = ਸਭ ਕੁਝ ਕਰਨ ਜੋਗਾ। ਕੋਟਿ ਬਾਰ = ਕ੍ਰੋੜਾਂ ਵਾਰੀ। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ।1। ਸਾਧੂ ਧੂਰਿ = ਗੁਰੂ ਦੀ ਚਰਨ-ਧੂੜ। ਪੁਨੀਤ = ਪਵਿੱਤਰ (ਜੀਵਨ ਵਾਲਾ) । ਕਰੀ = ਬਣਾ ਦੇਂਦੀ ਹੈ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਹਰੀ = ਦੂਰ ਹੋ ਜਾਂਦੀ ਹੈ।1। ਰਹਾਉ। ਸਗਲ ਨਿਧਾਨ = ਸਾਰੇ ਖ਼ਜ਼ਾਨੇ। ਸੇਵਾ = ਭਗਤੀ। ਮਾਨੁ = ਇੱਜ਼ਤ। ਸਗਲ ਮਨੋਰਥ = ਸਾਰੀਆ ਲੋੜਾਂ। ਪੂਰਨਹਾਰ = ਪੂਰੀਆਂ ਕਰ ਸਕਣ ਵਾਲਾ। ਜੀਅ ਆਧਾਰ = ਜਿੰਦ ਦਾ ਆਸਰਾ।2। ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ ਸਗਲ = ਸਭਨਾਂ ਦੇ ਅੰਦਰ। ਪ੍ਰਗਾਸ = ਚਾਨਣੁ। ਜਪਿ = ਜਪ ਕੇ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਬਿਰਥੀ = ਖ਼ਾਲੀ, ਵਿਅਰਥ। ਧਿਆਇ = ਸਿਮਰਿਆ ਕਰ।3। ਉਪਦੇਸਿ = ਉਪਦੇਸ਼ ਦੀ ਰਾਹੀਂ, ਉਪਦੇਸ਼ ਤੇ ਤੁਰਿਆਂ। ਨਿਧਾਨੁ = ਖ਼ਜ਼ਾਨਾ। ਨਿਰਮਲੁ = (ਜੀਵਨ ਨੂੰ) ਪਵਿੱਤਰ ਕਰਨ ਵਾਲਾ। ਥੋਕੁ = ਪਦਾਰਥ। ਕਰਿ = ਕਰ ਕੇ। ਲੜਿ = ਪੱਲੇ ਨਾਲ। ਲਾਇ ਲੀਜੈ = ਲਾ ਲੈ। ਧਿਆਇ = ਸਿਮਰਦਾ ਰਹੇ।4। ਅਰਥ: ਹੇ ਭਾਈ! ਗੁਰੂ ਦੀ ਚਰਨ-ਧੂੜ (ਮਨੁੱਖ ਦੇ ਜੀਵਨ ਨੂੰ) ਪਵਿੱਤਰ ਕਰ ਦੇਂਦੀ ਹੈ, (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਅਨੇਕਾਂ ਜਨਮਾਂ (ਕੇ ਕੀਤੇ ਕੁਕਰਮਾਂ) ਦੀ ਮੈਲ ਲਹਿ ਜਾਂਦੀ ਹੈ।1। ਰਹਾਉ। ਹੇ ਭਾਈ! (ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਦੋਵੇਂ ਹੱਥ ਜੋੜ ਕੇ (ਪ੍ਰਭੂ ਦੇ ਦਰ ਤੇ) ਅਰਜ਼ੋਈ ਕਰਦਾ ਰਹਿੰਦਾ ਹਾਂ। ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਇਹ ਧਨ = ਸਭ ਕੁਝ ਉਸ ਪਰਮਾਤਮਾ ਦੀ ਬਖ਼ਸ਼ੀ ਪੂੰਜੀ ਹੈ। ਮੇਰਾ ਉਹ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ। ਮੈਂ ਕ੍ਰੋੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ।1। ਹੇ ਭਾਈ! (ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ) ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ, ਜਿਸ ਦੀ ਸੇਵਾ-ਭਗਤੀ ਕੀਤਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਉਹ ਪਰਮਾਤਮਾ (ਜੀਵਾਂ ਦੀਆਂ) ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ, ਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾਂ ਦਾ ਸਹਾਰਾ ਹੈ।2। ਹੇ ਭਾਈ! (ਗੁਰੂ ਦੀ ਸਰਨ ਪਿਆਂ ਹੀ ਇਹ ਸੂਝ ਪੈਂਦੀ ਹੈ ਕਿ) ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਸਭ ਜੀਵਾਂ ਦੇ ਅੰਦਰ (ਆਪਣੀ ਜੋਤਿ ਦਾ) ਚਾਨਣ ਕਰਦਾ ਹੈ। ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ। ਹੇ ਭਾਈ! ਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ, ਤੂੰ ਆਪਣੇ ਮਨ ਵਿਚ ਆਪਣੇ ਤਨ ਵਿਚ ਉਸ ਇੱਕ ਦਾ ਨਾਮ ਸਿਮਰਿਆ ਕਰ।3। ਹੇ ਭਾਈ! ਗੁਰੂ ਦੀ ਸਿੱਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ, ਨਾਮ-ਖ਼ਜ਼ਾਨਾ ਪਰਗਟ ਹੋ ਜਾਂਦਾ ਹੈ, ਇਹ (ਨਾਮ-ਖ਼ਜ਼ਾਨਾ ਅਜਿਹਾ) ਪਦਾਰਥ ਹੈ ਕਿ ਇਹ ਜੀਵਨ ਨੂੰ ਪਵਿੱਤਰ ਕਰ ਦੇਂਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਿਆ ਕਰ ਤੇ ਆਖ– ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ ਆਪਣੇ) ਪੱਲੇ ਲਾਈ ਰੱਖ। (ਮੈਂ) ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾਂ।4। 42। 55। ਭੈਰਉ ਮਹਲਾ ੫ ॥ ਸਤਿਗੁਰ ਅਪੁਨੇ ਸੁਨੀ ਅਰਦਾਸਿ ॥ ਕਾਰਜੁ ਆਇਆ ਸਗਲਾ ਰਾਸਿ ॥ ਮਨ ਤਨ ਅੰਤਰਿ ਪ੍ਰਭੂ ਧਿਆਇਆ ॥ ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ ਜਾ ਕਾ ਕੀਆ ਸਭੁ ਕਿਛੁ ਹੋਇ ॥ ਤਿਸ ਕਾ ਅਮਰੁ ਨ ਮੇਟੈ ਕੋਇ ॥ ਪਾਰਬ੍ਰਹਮੁ ਪਰਮੇਸਰੁ ਅਨੂਪੁ ॥ ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ ਜਾ ਕੈ ਅੰਤਰਿ ਬਸੈ ਹਰਿ ਨਾਮੁ ॥ ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥ ਪਦ ਅਰਥ: ਸਤਿਗੁਰ ਅਪੁਨੇ = ਪਿਆਰੇ ਗੁਰੂ ਨੇ। ਅਰਦਾਸਿ = ਬੇਨਤੀ। ਕਾਰਜੁ = ਕੰਮ। ਆਇਆ ਰਾਸਿ = ਸਿਰੇ ਚੜ੍ਹ ਗਿਆ। ਅੰਤਰਿ = ਅੰਦਰ। ਗੁਰ ਪੂਰੈ = ਪੂਰੇ ਗੁਰੂ ਨੇ। ਸਗਲ = ਸਾਰਾ। ਚੁਕਾਇਆ = ਮੁਕਾ ਦਿੱਤਾ।1। ਸਭ ਤੇ = ਸਭਨਾਂ ਨਾਲੋਂ। ਤੇ = ਤੋਂ। ਵਡ ਸਮਰਥ = ਵੱਡੀ ਤਾਕਤ ਵਾਲਾ। ਸਭਿ = ਸਾਰੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸੇਵ = ਸਰਨ। ਰਹਾਉ। ਜਾ ਕਾ = ਜਿਸ (ਪਰਮਾਤਮਾ) ਦਾ। ਸਭੁ ਕਿਛੁ = ਹਰੇਕ ਕੰਮ। ਅਮਰੁ = ਹੁਕਮ। ਨ ਮੇਟੈ = ਮੋੜ ਨਹੀਂ ਸਕਦਾ। ਅਨੂਪੁ = {ਅਨ-ਊਪ} ਜਿਸ ਦੀ ਉਪਮਾ ਨਾਹ ਹੋ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ। ਸਫਲ ਮੂਰਤਿ = ਜਿਸ ਦੀ ਹਸਤੀ ਸਾਰੇ ਫਲ ਦੇਣ ਵਾਲੀ ਹੈ। ਤਿਸ ਕਾ = {ਤਿਸੁ ਕਾ} ਉਸ ਪਰਮਾਤਮਾ ਦਾ।2। ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ। ਜੋ ਜੋ = ਜੋ ਕੁਝ ਭੀ। ਪੇਖੈ = ਵੇਖਦਾ ਹੈ। ਸੁ = ਉਹ (ਵੇਖਿਆ ਹੋਇਆ ਪਦਾਰਥ) । ਬ੍ਰਹਮ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਬੀਸ ਬਿਸੁਏ = ਵੀਹ ਵਿਸਵੇ, ਪੂਰੇ ਤੌਰ ਤੇ। ਤਿਸੁ ਜਨ ਕੈ = ਉਸ ਮਨੁੱਖ ਦੇ ਹਿਰਦੇ ਵਿਚ।3। ਸਦ = ਸਦਾ। ਕਰੀ = ਕਰੀਂ, ਮੈਂ ਕਰਦਾ ਹਾਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ। ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਰਹਾਂ। ਨਾਨਕ = ਹੇ ਨਾਨਕ! ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਨਹੀਂ।4। ਅਰਥ: ਹੇ ਭਾਈ! ਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ। ਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ। ਰਹਾਉ। ਹੇ ਭਾਈ! ਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ, ਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ। ਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ। ਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ।1। ਹੇ ਭਾਈ! (ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ, ਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ। ਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ। ਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਹੇ ਭਾਈ! ਗੁਰੂ ਉਸ ਪਰਮਾਤਮਾ ਦਾ ਰੂਪ ਹੈ।2। ਹੇ ਭਾਈ! (ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ। ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ, ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।3। ਹੇ ਨਾਨਕ! (ਆਖ– ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ ਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ। ਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ) । ਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ।4। 43। 56। |
Sri Guru Granth Darpan, by Professor Sahib Singh |