ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1154

ਭੈਰਉ ਮਹਲਾ ੩ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ ॥ ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥ ਕਾਰਣੁ ਕਰਤਾ ਕਰਦਾ ਆਇਆ ॥੧॥ ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥ ਪਿਤਾ ਪ੍ਰਹਲਾਦੁ ਪੜਣ ਪਠਾਇਆ ॥ ਲੈ ਪਾਟੀ ਪਾਧੇ ਕੈ ਆਇਆ ॥ ਨਾਮ ਬਿਨਾ ਨਹ ਪੜਉ ਅਚਾਰ ॥ ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥ ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥ ਪਰਵਿਰਤਿ ਨ ਪੜਹੁ ਰਹੀ ਸਮਝਾਇ ॥ ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥ ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥ ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥ ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥ ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥ ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥ ਸੰਡੈ ਮਰਕੈ ਕੀਈ ਪੂਕਾਰ ॥ ਸਭੇ ਦੈਤ ਰਹੇ ਝਖ ਮਾਰਿ ॥ ਭਗਤ ਜਨਾ ਕੀ ਪਤਿ ਰਾਖੈ ਸੋਈ ॥ ਕੀਤੇ ਕੈ ਕਹਿਐ ਕਿਆ ਹੋਈ ॥੫॥ {ਪੰਨਾ 1154}

ਪਦ ਅਰਥ: ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਚਲਤੁ = ਜਗਤ-ਤਮਾਸ਼ਾ। ਅਨਹਦ = ਇਕ-ਰਸ ਕਾਇਮ ਰਹਿਣ ਵਾਲਾ। ਬਾਣੀ = ਤਰੰਗ, ਵਲਵਲਾ। ਅਨਹਦ ਬਾਣੀ = {ਲਫ਼ਜ਼ 'ਸ਼ਬਦੁ' ਦਾ ਵਿਸ਼ੇਸ਼ਣ} ਇਕ-ਰਸ ਵਲਵਲੇ ਵਾਲਾ। ਸਬਦੁ = ਗੁਰ-ਸ਼ਬਦ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹੇ, ਸਹੀ ਜੀਵਨ-ਰਾਹ ਤੋਂ ਖੁੰਝੇ ਰਹੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਕਾਰਣੁ = (ਇਹ) ਸਬਬ।1।

ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਧਿਆਨੁ = ਮੇਰਾ ਧਿਆਨ, ਮੇਰੀ ਸੁਰਤਿ, ਮੇਰੀ ਸੁਰਤਿ ਦਾ ਨਿਸ਼ਾਨਾ। ਹਉ = ਮੈਂ, ਹਉਂ। ਨ ਛੋਡਉ = ਨ ਛੋਡਉਂ, ਮੈਂ ਨਹੀਂ ਛੱਡਦਾ।1। ਰਹਾਉ।

ਪਠਾਇਆ = ਘੱਲਿਆ। ਲੈ = ਲੈ ਕੇ। ਪਾਟੀ = ਪੱਟੀ। ਕੈ = ਦੇ ਪਾਸ। ਨਹ ਪੜਉ = ਨਹ ਪੜਉਂ, ਮੈਂ ਨਹੀਂ ਪੜ੍ਹਦਾ। ਅਚਾਰ = ਹੋਰ ਵਿਹਾਰ-ਕਾਰ। ਮੁਰਾਰਿ = ਪਰਮਾਤਮਾ {ਮੁਰ-ਅਰਿ}।2।

ਸਿਉ = ਨਾਲ, ਨੂੰ। ਮਾਇ = ਮਾਂ ਨੇ। ਪਰਵਿਰਤਿ = ਉਹ ਜਿਸ ਵਿਚ ਤੂੰ ਲੱਗਾ ਹੋਇਆ ਹੈਂ। ਜੇ ਛੋਡਉ = ਜੇ ਮੈਂ ਛੱਡ ਦਿਆਂ {ਛੋਡਉਂ}। ਤਉ = ਤਾਂ। ਕੁਲਿ ਲਾਗੈ ਗਾਲਿ = ਕੁਲ ਨੂੰ ਗਾਲ ਲੱਗਦੀ ਹੈ, ਕੁਲ ਦੀ ਬਦਨਾਮੀ ਹੁੰਦੀ ਹੈ।3।

ਪ੍ਰਹਲਾਦਿ = ਪ੍ਰਹਲਾਦ ਨੇ। ਸਭਿ = ਸਾਰੇ। ਚਾਟੜੇ = ਪੜ੍ਹਨ ਵਾਲੇ ਮੁੰਡੇ। ਕਾਰਜ = ਕੰਮ {ਬਹੁ-ਵਚਨ}। ਦ੍ਰਿੜਾਈ = ਪੱਕੀ ਕਰ ਦਿੱਤੀ ਹੈ। ਵਸਾਈ = ਵੱਸ, ਜ਼ੋਰ।4।

ਸੰਡੈ = ਸੰਡ ਨੇ। ਮਰਕੈ = ਅਮਰਕ ਨੇ। ਮਾਰਿ = ਮਾਰ ਕੇ। ਰਹੇ ਮਾਰਿ = ਮਾਰ ਰਹੇ। ਪਤਿ = ਇੱਜ਼ਤ। ਕੈ ਕਹਿਐ = ਦੇ ਆਖਿਆਂ। ਕਿਆ ਹੋਈ = ਕੀਹ ਹੋ ਸਕਦਾ ਹੈ? ਕੀਤੇ = ਪੈਦਾ ਕੀਤੇ ਹੋਏ।5।

ਅਰਥ: ਹੇ ਭਾਈ! (ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤਿ ਦਾ ਨਿਸ਼ਾਨਾ ਬਣ ਚੁਕਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ।1। ਰਹਾਉ।

ਹੇ ਭਾਈ! (ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ, (ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ। ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ।1।

ਹੇ ਭਾਈ! (ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ। ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ। (ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ, ਤੁਸੀ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ।2।

ਹੇ ਭਾਈ! ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ: ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ (ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ, ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ।3।

ਹੇ ਭਾਈ! (ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ, ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ, ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ। ਹੇ ਭਾਈ! ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ।4।

ਹੇ ਭਾਈ! (ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ। ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ) । ਹੇ ਭਾਈ! ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ। ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ।5।

ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥ ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥ ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥ ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥ ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥ ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥ ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥ ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥ ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥ ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥ ਜਗਜੀਵਨੁ ਦਾਤਾ ਅੰਤਿ ਸਖਾਈ ॥ ਜਹ ਦੇਖਾ ਤਹ ਰਹਿਆ ਸਮਾਈ ॥੮॥ ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥ ਅਹੰਕਾਰੀ ਦੈਤੁ ਮਾਰਿ ਪਚਾਇਆ ॥ ਭਗਤਾ ਮਨਿ ਆਨੰਦੁ ਵਜੀ ਵਧਾਈ ॥ ਅਪਨੇ ਸੇਵਕ ਕਉ ਦੇ ਵਡਿਆਈ ॥੯॥ ਜੰਮਣੁ ਮਰਣਾ ਮੋਹੁ ਉਪਾਇਆ ॥ ਆਵਣੁ ਜਾਣਾ ਕਰਤੈ ਲਿਖਿ ਪਾਇਆ ॥ ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥੧੦॥ {ਪੰਨਾ 1154}

ਪਦ ਅਰਥ: ਕਿਰਤ ਸੰਜੋਗੀ = (ਪਿਛਲੇ) ਕੀਤੇ ਹੋਏ ਕਰਮਾਂ ਦਾ ਸੰਜੋਗ ਨਾਲ। ਦੈਤਿ = ਦੈਂਤ (ਹਰਨਾਖਸ਼) ਨੇ। ਤਿਨਿ = ਉਸ (ਪਰਮਾਤਮਾ) ਨੇ। ਭੁਲਾਇਆ = ਕੁਰਾਹੇ ਪਾ ਰੱਖਿਆ ਸੀ। ਸਿਉ = ਨਾਲ। ਵਾਦੁ = ਝਗੜਾ। ਅੰਧਾ = (ਰਾਜ ਦੇ ਮਦ ਵਿਚ) ਅੰਨ੍ਹਾ ਹੋ ਚੁਕਾ। ਕਾਲੁ = ਮੌਤ।6।

ਬਾਰਿ = ਦਰਵਾਜ਼ੇ ਉਤੇ। ਤਾਲਾ = ਜੰਦਰਾ। ਮੂਲਿ = ਬਿਲਕੁਲ। ਡਰਈ = ਡਰੈ, ਡਰਦਾ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ। ਸਰੀਕੀ = (ਪ੍ਰਭੂ ਨਾਲ ਹੀ) ਬਰਾਬਰੀ। ਅਨਹੋਦਾ = (ਸਮਰਥਾ) ਨਾਹ ਹੁੰਦਿਆਂ। ਨਾਉ = ਵੱਡਾ ਨਾਮ। ਧੁਰਿ = ਧੁਰ ਦਰਗਾਹ ਤੋਂ। ਸੋੁ = {ਅਸਲ ਲਫ਼ਜ਼ ਹੈ 'ਸੋ'। ਇਥੇ ਪੜ੍ਹਨਾ ਹੈ 'ਸੁ'}।7।

ਗੁਰਜ = ਗਦਾ {ਡੰਡੇ ਵਰਗਾ ਹੀ ਇਕ ਸ਼ਸਤ੍ਰ ਜਿਸ ਦਾ ਸਿਰਾ ਬਹੁਤ ਹੀ ਮੋਟਾ ਤੇ ਭਾਰਾ ਹੁੰਦਾ ਹੈ}। ਜਗਦੀਸ = ਜਗਤ ਦਾ ਮਾਲਕ। ਗੁਸਾਈ = ਧਰਤੀ ਦਾ ਸਾਈਂ। ਜਗਜੀਵਨੁ = ਜਗਤ ਦਾ ਜੀਵਨ। ਅੰਤਿ = ਅੰਤ ਵੇਲੇ। ਸਹਾਈ = ਸਹਾਇਕ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਹ = ਉਥੇ ਹੀ।8।

ਉਪਾੜਿ = ਪਾੜ ਕੇ। ਆਪੁ = ਆਪਣਾ ਆਪ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ। ਮਨਿ = ਮਨ ਵਿਚ। ਵਧਾਈ = ਦਿਲ-ਵਧੀ, ਚੜ੍ਹਦੀ ਕਲਾ। ਵਜੀ = ਵੱਜੀ, ਪ੍ਰਬਲ ਹੋ ਗਈ। ਦੇ = ਦੇਂਦਾ ਹੈ।9।

ਕਰਤੈ = ਕਰਤਾਰ ਨੇ। ਲਿਖਿ = (ਸਭ ਜੀਵਾਂ ਦੇ ਮੱਥੇ ਉਤੇ) ਲਿਖ ਕੇ। ਕੈ ਕਾਰਜਿ = ਦੇ ਕੰਮ ਵਾਸਤੇ। ਆਪੁ = ਆਪਣਾ ਆਪ। ਦਿਖਾਇਆ = ਪਰਗਟ ਕੀਤਾ। ਆਗੈ ਆਇਆ = ਪੂਰਾ ਹੋਇਆ।10।

ਅਰਥ: ਹੇ ਭਾਈ! ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ, (ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ। (ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ। (ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ।6।

ਹੇ ਭਾਈ! (ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ। ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ। ਹੇ ਭਾਈ! ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ। (ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ।7।

ਸੋ, ਹੇ ਭਾਈ! ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, (ਤੇ ਆਖਣ ਲੱਗਾ = ਦੱਸ,) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ) । (ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ। ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ।8।

ਹੇ ਭਾਈ! (ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ, (ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ। ਹੇ ਭਾਈ! ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ। (ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ।9।

ਹੇ ਭਾਈ! ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ। (ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ = ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ। (ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ। (ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ।10।

TOP OF PAGE

Sri Guru Granth Darpan, by Professor Sahib Singh