ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1155 ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥ ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥ ਲਖਿਮੀ ਭਉ ਕਰੈ ਨ ਸਾਕੈ ਜਾਇ ॥ ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥ ਰਾਜੁ ਮਾਲੁ ਝੂਠੀ ਸਭ ਮਾਇਆ ॥ ਲੋਭੀ ਨਰ ਰਹੇ ਲਪਟਾਇ ॥ ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥ ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥ ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥ {ਪੰਨਾ 1155} ਪਦ ਅਰਥ: ਦੇਵ ਕੁਲੀ = ਦੇਵਤਿਆਂ ਦੀ ਸਾਰੀ ਕੁਲ, ਸਾਰੇ ਦੇਵਤੇ। ਲਖਿਮੀ = ਲੱਛਮੀ। ਕਉ = ਨੂੰ। ਕਰਹਿ = ਕਰਦੇ ਹਨ, ਕਰਨ ਲੱਗ ਪਏ। ਜੈਕਾਰੁ = ਨਮਸਕਾਰ, ਵਡਿਆਈ। ਮਾਤਾ = ਹੇ ਮਾਤਾ! ਨਿਵਾਰੁ = ਦੂਰ ਕਰ। ਭਉ = ਡਰ। ਕਰੈ = ਕਰਦੀ ਹੈ। ਭਉ ਕਰੈ = ਡਰਦੀ ਹੈ, ਡਰਦੀ ਸੀ। ਨ ਜਾਇ ਸਾਕੈ = ਜਾ ਨਹੀਂ ਸਕਦੀ। ਆਇ = ਆ ਕੇ।11। ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭ = ਸਾਰੀ। ਰਹੇ ਲਪਟਾਇ = ਚੰਬੜ ਰਹੇ ਹਨ। ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ।12। ਸਭੁ ਕੋ = ਹਰੇਕ ਜੀਵ। ਕਰਾਇਆ = ਪਰਮਾਤਮਾ ਦਾ ਪ੍ਰੇਰਿਆ ਹੋਇਆ। ਸੇ = ਉਹ {ਬਹੁ-ਵਚਨ}। ਸਿਉ = ਨਾਲ। ਅੰਗੀਕਾਰੁ = ਪੱਖ, ਸਹਾਇਤਾ। ਕਰਤੈ = ਕਰਤਾਰ ਨੇ।13। ਅਰਥ: ਹੇ ਭਾਈ! ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ (ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ– ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ। (ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ। (ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ।11। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ (ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ = ਇਹ ਸਭ ਕੁਝ ਨਾਸਵੰਤ ਹੈ। ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ।12। ਹੇ ਭਾਈ! ਨਾਨਕ ਆਖਦਾ ਹੈ– (ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ। ਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ। ਹੇ ਭਾਈ! ਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ। ਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ।13।1।2। ਭੈਰਉ ਮਹਲਾ ੩ ॥ ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥ ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥ ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥ ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥ ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥ ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥ ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥ ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥ ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥ {ਪੰਨਾ 1155} ਪਦ ਅਰਥ: ਤੇ = ਤੋਂ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਤੋਂ, ਗੁਰੂ ਦੀ ਸਰਨ ਪੈਣ ਨਾਲ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਤ੍ਰਿਸਨ = ਤ੍ਰਿਸ਼ਨਾ, ਮਾਇਆ ਦਾ ਲਾਲਚ। ਹ੍ਰਿਦੈ = ਹਿਰਦੇ ਵਿਚ। ਮਨਿ = ਮਨ ਵਿਚ। ਮਨਸਾ = ਮਨ ਦਾ ਫੁਰਨਾ {mnI = w}। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਈ = ਲੀਨ ਹੋ ਜਾਂਦੀ ਹੈ।1। ਹਰਿ = ਹੇ ਹਰੀ! ਅਨਦਿਨੁ = ਹਰ ਰੋਜ਼, ਹਰ ਵੇਲੇ। ਦੀਨ ਜਨੁ = ਗਰੀਬ ਸੇਵਕ। ਮਾਂਗੈ = ਮੰਗਦਾ ਹੈ {ਇਕ-ਵਚਨ}। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਉਧਾਰੇ = ਉਧਾਰਿ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।1। ਰਹਾਉ। ਕਉ = ਨੂੰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਰਤੀ = ਰਤਾ ਭਰ ਭੀ। ਅੰਚ = ਸੇਕ। ਨ ਲਾਈ = ਨਹੀਂ ਲਾਂਦਾ। ਤਰਹਿ = ਤਰ ਜਾਂਦੇ ਹਨ {ਬਹੁ-ਵਚਨ}। ਸਗਲੇ = ਸਾਰੇ।2। ਪੈਜ = ਲਾਜ, ਇੱਜ਼ਤ। ਆਪੇ = ਆਪ ਹੀ। ਵਡਿਆਈ = ਵਡ-ਦਿਲੀ। ਕਿਲਵਿਖ = ਪਾਪ। ਕਾਟਹਿ = ਤੂੰ ਕੱਟ ਦੇਂਦਾ ਹੈਂ। ਦੁਬਿਧਾ = ਮੇਰ-ਤੇਰ, ਦੁ-ਕਿਸਮਾ-ਪਨ। ਰਾਈ = ਰਤਾ ਭੀ।3। ਹਮ = ਅਸੀਂ ਜੀਵ। ਮੁਗਧ = ਮੂਰਖ। ਬੂਝਹਿ = (ਅਸੀ) ਸਮਝਦੇ। ਦੇਹਿ = ਤੂੰ ਦੇਂਦਾ ਹੈਂ। ਬੁਝਾਈ = ਆਤਮਕ ਜੀਵਨ ਦੀ) ਸਮਝ। ਜੋ = ਜੋ ਕੰਮ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਕਰਸੀ = (ਹਰੇਕ ਜੀਵ) ਕਰੇਗਾ। ਅਵਰੁ = ਹੋਰ ਕੰਮ।4। ਅਰਥ: ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ। (ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ।1। ਰਹਾਉ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ। ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ।1। ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ। ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ।2। ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ। ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ।3। ਹੇ ਭਾਈ! ਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ। ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ।4। ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥ ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥ ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥ ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥ ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥ ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥ ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥ ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥ {ਪੰਨਾ 1155} ਪਦ ਅਰਥ: ਉਪਾਇ = ਪੈਦਾ ਕਰ ਕੇ। ਧੰਧੈ = (ਦੁਨੀਆ ਦੇ) ਧੰਧੇ ਵਿਚ। ਭੂੰਡੀ = ਭੈੜੀ। ਜੂਐ = ਜੂਏ ਵਿਚ। ਸਬਦੈ = ਸ਼ਬਦ ਦੀ ਰਾਹੀਂ। ਸੁਰਤਿ = ਆਤਮਕ ਜੀਵਨ ਦੀ ਸੂਝ।5। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਮਰ ਜਾਂਦੇ ਹਨ, ਆਤਮਕ ਮੌਤ ਸਹੇੜ ਲੈਂਦੇ ਹਨ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ। ਭਵਜਲੁ = ਸੰਸਾਰ-ਸਮੁੰਦਰ। ਡੂਬਿ ਮੁਏ = (ਵਿਕਾਰਾਂ ਵਿਚ) ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਸਿਰਿ ਭਾਰਾ = ਸਿਰ-ਪਰਨੇ।6। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਰਤੇ = ਰੱਤੇ, ਰੰਗੇ ਹੋਏ। ਪ੍ਰਭਿ = ਪ੍ਰਭੂ ਨੇ। ਬਾਣੀ = ਆਤਮ ਤਰੰਗ, ਵਲਵਲਾ। ਸਬਦਿ = ਸ਼ਬਦ ਦੀ ਰਾਹੀਂ। ਪਛਾਤੀ = ਸਾਂਝ ਪਾ ਲਈ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹੇ ਲਾਏ = ਲਾਇ ਰਹੇ, ਲਾਈ ਰੱਖਦੇ ਹਨ।7। ਨਿਰਮਲੁ = ਪਵਿੱਤਰ {'ਨਿਰਮਲੁ' ਇਕ-ਵਚਨ; 'ਨਿਰਮਲ' ਬਹੁ-ਵਚਨ}। ਹੈ– ਹੈਂ, ਹਨ। ਵੀਚਾਰੇ = ਵਿਚਾਰਿ, ਗੁਣਾਂ ਦੀ ਵਿਚਾਰ ਕਰ ਕੇ। ਸਦ = ਸਦਾ। ਬਲਿਹਾਰੈ = ਸਦਕੇ। ਉਰਿ = ਹਿਰਦੇ ਵਿਚ।8। ਅਰਥ: ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ।5। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮਤਿ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ।6। ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦੇ ਹਨ।7। ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਹੇ ਭਾਈ! ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ।8।2।3। ਭੈਰਉ ਮਹਲਾ ੫ ਅਸਟਪਦੀਆ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥ ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥ ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥ ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥ ਨਾਮ ਬਿਨਾ ਧ੍ਰਿਗੁ ਜੀਵਣੁ ਮੂਆ ॥੨॥ ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥ ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥ ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥ ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥ ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥ ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥ ਨਾਮ ਬਿਨਾ ਮਨਮੁਖ ਗਾਵਾਰਾ ॥੪॥ {ਪੰਨਾ 1155-1156} ਪਦ ਅਰਥ: ਜਿਸੁ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਕਾਜਾ = ਕੰਮ। ਤਿਨਿ = ਉਸ (ਮਨੁੱਖ) ਨੇ। ਕੋਟਿ = ਕ੍ਰੋੜਾਂ। ਕੋਟਿ ਧਨ = ਕ੍ਰੋੜਾਂ ਕਿਸਮਾਂ ਦੇ ਧਨ। ਬਿਰਥਾ = ਵਿਅਰਥ।1। ਤਿਸੁ = ਉਸ (ਮਨੁੱਖ) ਨੂੰ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਰਾਸਿ = ਸਰਮਾਇਆ, ਪੂੰਜੀ। ਜਿਸੁ ਮਸਤਕਿ = ਜਿਸ ਮਨੁੱਖ ਦੇ ਮੱਥੇ ਉਤੇ। ਗੁਰ ਹਾਥੁ = ਗੁਰੂ ਦਾ ਹੱਥ।1। ਰਹਾਉ। ਕੋਟ ਕਈ = ਕਈ ਕਿਲ੍ਹੇ। ਸੈਨਾ = ਫ਼ੌਜਾਂ। ਸਹਜ ਸੁਖੈਨਾ = ਆਤਮਕ ਅਡੋਲਤਾ ਦੇ ਸੁਖ। ਮੂਆ = ਆਤਮਕ ਮੌਤੇ ਮਰਿਆ ਹੋਇਆ।2। ਜੀਵਨ ਮੁਕਤਾ = ਜੀਉਂਦਾ ਮੁਕਤ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਹੋਇਆ। ਜੁਗਤਾ = ਸੁਚੱਜੇ ਜੀਵਨ ਦੀ ਜਾਚ। ਤਿਨਿ = ਉਸ ਨੇ। ਨਉਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਭ੍ਰਮਿ = ਭਟਕਣਾ ਵਿਚ (ਪੈ ਕੇ) ।3। ਸਦ = ਸਦਾ। ਲਾਹਾ = ਲਾਭ, ਆਤਮਕ ਜੀਵਨ ਦੀ ਖੱਟੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਗਾਵਾਰਾ = ਮੂਰਖ।4। ਅਰਥ: ਹੇ ਭਾਈ! ਮੈਂ ਉਸ ਮਨੁੱਖ ਨੂੰ ਵਡਿਆਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ-ਧਨ ਸਰਮਾਇਆ ਹੈ। ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ, ਉਹ ਵੱਡੇ ਭਾਗਾਂ ਵਾਲਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਹੀ (ਸਭ ਰਾਜਿਆਂ ਤੋਂ) ਵੱਡਾ ਰਾਜਾ ਹੈ, ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਨੇ (ਮਾਨੋ) ਕ੍ਰੋੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।1। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਮਾਨੋ) ਕਈ ਕਿਲ੍ਹਿਆਂ ਤੇ ਫ਼ੌਜਾਂ (ਦਾ ਮਾਲਕ ਹੋ ਜਾਂਦਾ ਹੈ) ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਸੁਖ ਮਿਲ ਜਾਂਦੇ ਹਨ, ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਉਸ ਦਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ।2। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਉਸ ਨੂੰ ਸੁਚੱਜੇ ਜੀਵਨ ਦੀ ਸਾਰੀ ਜਾਚ ਆ ਜਾਂਦੀ ਹੈ, ਉਸ ਮਨੁੱਖ ਨੇ (ਮਾਨੋ, ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ਪ੍ਰਾਪਤ ਕਰ ਲਏ ਹੁੰਦੇ ਹਨ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।3। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਬੇ-ਮੁਥਾਜ ਟਿਕਿਆ ਰਹਿੰਦਾ ਹੈ। (ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ) , ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਰਹਿੰਦੀ ਹੈ, ਉਸ ਮਨੁੱਖ ਦਾ ਵੱਡਾ ਪਰਵਾਰ ਬਣ ਜਾਂਦਾ ਹੈ (ਭਾਵ, ਸਾਰਾ ਜਗਤ ਹੀ ਉਸ ਨੂੰ ਆਪਣਾ ਦਿੱਸਦਾ ਹੈ) । ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਪਣੇ ਮਨ ਦਾ ਮੁਰੀਦ ਬਣ ਜਾਂਦਾ ਹੈ, (ਜੀਵਨ-ਜਾਚ ਵਲੋਂ) ਮੂਰਖ ਹੀ ਰਹਿ ਜਾਂਦਾ ਹੈ।4। |
Sri Guru Granth Darpan, by Professor Sahib Singh |