ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1156

ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥ ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥ ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥ ਨਾਮਹੀਣ ਨਾਹੀ ਪਤਿ ਵੇਸਾਹੁ ॥੫॥ ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥ ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥ ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥੬॥ ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥ ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥ ਨਾਮ ਬਿਨਾ ਫਿਰਿ ਆਵਣ ਜਾਣੁ ॥੭॥ ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥ ਸਾਧਸੰਗਤਿ ਮਹਿ ਲਖੇ ਗੋੁਪਾਲ ॥ ਆਵਣ ਜਾਣ ਰਹੇ ਸੁਖੁ ਪਾਇਆ ॥ ਕਹੁ ਨਾਨਕ ਤਤੈ ਤਤੁ ਮਿਲਾਇਆ ॥੮॥੧॥੪॥ {ਪੰਨਾ 1156}

ਪਦ ਅਰਥ: ਜਿਸੁ ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਨਿਹਚਲ = ਨਾਹ ਡੋਲਣ ਵਾਲਾ, (ਮਾਇਆ ਦੇ ਹੱਲਿਆਂ ਵੱਲੋਂ) ਅਡੋਲ। ਆਸਨੁ = ਹਿਰਦਾ-ਤਖ਼ਤ। ਤਖਤਿ = ਤਖ਼ਤ ਉਤੇ। ਤਿਸੁ ਨਿਵਾਸਨੁ = ਉਸ (ਮਨੁੱਖ) ਦਾ ਆਤਮਕ ਟਿਕਾਣਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਨਾਮ-ਧਨ ਦਾ ਸਾਹੂਕਾਰ। ਪਤਿ = ਇੱਜ਼ਤ। ਵੇਸਾਹੁ = ਇਤਬਾਰ।5।

ਜਾਤਾ = ਜਾਣਿਆ ਜਾਂਦਾ ਹੈ, ਪਰਗਟ ਹੋ ਜਾਂਦਾ ਹੈ, ਸੋਭਾ ਪ੍ਰਾਪਤ ਕਰਦਾ ਹੈ। ਪੁਰਖੁ = ਸਰਬ-ਵਿਆਪਕ ਪ੍ਰਭੂ (ਦਾ ਰੂਪ) । ਬਿਧਾਤਾ = ਸਿਰਜਣਹਾਰ (ਦਾ ਰੂਪ) । ਤੇ = ਤੋਂ। ਊਚਾ = ਉੱਚੇ ਆਤਮਕ ਜੀਵਨ ਵਾਲਾ। ਭ੍ਰਮਿ = ਭ੍ਰਮੈ, ਭਟਕਦਾ ਹੈ। ਮੂਚਾ = ਬਹੁਤ। ਜੋਨੀ ਮੂਚਾ = ਬਹੁਤ ਜੂਨਾਂ ਵਿਚ।6।

ਪਹਾਰਾ = ਦੁਕਾਨ, ਲੁਹਾਰ ਦੀ ਦੁਕਾਨ ਜਿਸ ਵਿਚ ਲੋਹੇ ਆਦਿਕ ਤੋਂ ਕੁਝ ਘੜੀਦਾ ਹੈ, ਆਤਮਕ ਜੀਵਨ ਦੀ ਘਾੜਤ ਦੀ ਮਿਹਨਤ। ਪ੍ਰਗਟਿ = ਪ੍ਰਗਟੈ, ਪਰਗਟ ਹੋ ਜਾਂਦੀ ਹੈ। ਅੰਧਾਰਾ = ਮਾਇਆ ਦੇ ਮੋਹ ਦਾ ਹਨੇਰਾ। ਪਰਵਾਣੁ = ਕਬੂਲ। ਫਿਰਿ = ਮੁੜ ਮੁੜ। ਆਵਣ ਜਾਣੁ = ਜਨਮ ਮਰਨ ਦਾ ਗੇੜ।7।

ਤਿਨਿ = ਉਸ (ਮਨੁੱਖ) ਨੇ। ਜਿਸੁ = ਜਿਸ (ਮਨੁੱਖ) ਉੱਤੇ। ਲਖੇ = ਸਮਝ ਲੈਂਦਾ ਹੈ, ਵੇਖ ਲੈਂਦਾ ਹੈ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ}। ਰਹੇ = ਮੁੱਕ ਜਾਂਦੇ ਹਨ। ਨਾਨਕ = ਹੇ ਨਾਨਕ! ਤਤੈ = ਜਗਤ ਦੇ ਮੂਲ ਪਰਮਾਤਮਾ ਵਿਚ। ਤਤੁ = ਜੀਵਾਤਮਾ।8।

ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਹਿਰਦਾ-ਤਖ਼ਤ ਮਾਇਆ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ, (ਆਤਮਕ ਅਡੋਲਤਾ ਦੇ ਉੱਚੇ) ਤਖ਼ਤ ਉੱਤੇ ਉਸ ਦਾ (ਸਦਾ ਲਈ) ਨਿਵਾਸ ਹੋ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ। ਹੇ ਭਾਈ! ਨਾਮ ਤੋਂ ਸੱਖਣੇ ਮਨੁੱਖ ਦੀ ਨਾਹ ਕਿਤੇ ਇੱਜ਼ਤ ਹੁੰਦੀ ਹੈ, ਨਾਹ ਕਿਤੇ ਇਤਬਾਰ ਬਣਦਾ ਹੈ।5।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਸਭ ਲੋਕਾਂ ਵਿਚ ਸੋਭਾ ਖੱਟਦਾ ਹੈ, ਉਹ ਮਨੁੱਖ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ, ਉਹ ਸਭ ਤੋਂ ਉੱਚੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਅਨੇਕਾਂ ਜੂਨਾਂ ਵਿਚ ਭਟਕਦਾ ਹੈ।6।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦੀ ਆਤਮਕ ਜੀਵਨ ਦੀ ਘਾੜਤ ਦੀ ਮਿਹਨਤ (ਸਭ ਥਾਂ) ਪਰਗਟ ਹੋ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।7।

ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਗਿਆ, ਉਸ ਨੇ ਹਰਿ-ਨਾਮ ਹਾਸਲ ਕਰ ਲਿਆ, ਸਾਧ ਸੰਗਤਿ ਵਿਚ (ਟਿਕ ਕੇ) ਉਸ ਨੇ ਸ੍ਰਿਸ਼ਟੀ ਦੇ ਪਾਲਣਹਾਰ ਦਾ ਦਰਸਨ ਕਰ ਲਿਆ, ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ। ਹੇ ਨਾਨਕ! ਆਖ– ਉਸ ਮਨੁੱਖ ਦੀ ਜਿੰਦ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਗਈ।8।1।4।

ਭੈਰਉ ਮਹਲਾ ੫ ॥ ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥ ਐਸੋ ਧਣੀ ਗੁਵਿੰਦੁ ਹਮਾਰਾ ॥ ਬਰਨਿ ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥ ਕੋਟਿ ਮਾਇਆ ਜਾ ਕੈ ਸੇਵਕਾਇ ॥ ਕੋਟਿ ਜੀਅ ਜਾ ਕੀ ਸਿਹਜਾਇ ॥ ਕੋਟਿ ਉਪਾਰਜਨਾ ਤੇਰੈ ਅੰਗਿ ॥ ਕੋਟਿ ਭਗਤ ਬਸਤ ਹਰਿ ਸੰਗਿ ॥੨॥ ਕੋਟਿ ਛਤ੍ਰਪਤਿ ਕਰਤ ਨਮਸਕਾਰ ॥ ਕੋਟਿ ਇੰਦ੍ਰ ਠਾਢੇ ਹੈ ਦੁਆਰ ॥ ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥੩॥ ਕੋਟਿ ਪੂਰੀਅਤ ਹੈ ਜਾ ਕੈ ਨਾਦ ॥ ਕੋਟਿ ਅਖਾਰੇ ਚਲਿਤ ਬਿਸਮਾਦ ॥ ਕੋਟਿ ਸਕਤਿ ਸਿਵ ਆਗਿਆਕਾਰ ॥ ਕੋਟਿ ਜੀਅ ਦੇਵੈ ਆਧਾਰ ॥੪॥ {ਪੰਨਾ 1156}

ਪਦ ਅਰਥ: ਕੋਟਿ = ਕ੍ਰੋੜ। ਧ੍ਰਮਸਾਲ = ਧਰਮ ਕਮਾਣ ਦੇ ਥਾਂ। ਮਹੇਸ = ਸ਼ਿਵ। ਉਪਾਇ = ਪੈਦਾ ਕਰ ਕੇ। ਸਮਾਏ = ਲੀਨ ਕਰ ਲਏ। ਬ੍ਰਹਮੇ = {ਲਫ਼ਜ਼ 'ਬ੍ਰਹਮਾ' ਤੋਂ ਬਹੁ-ਵਚਨ}। ਸਾਜਣ = ਪੈਦਾ ਕਰਨ ਦੇ ਕੰਮ ਤੇ।1।

ਧਣੀ = ਮਾਲਕ। ਬਰਨਿ ਨ ਸਾਕਉ = ਬਰਨਿ ਨ ਸਾਕਉਂ, ਮੈਂ ਬਿਆਨ ਨਹੀਂ ਕਰ ਸਕਦਾ।1। ਰਹਾਉ।

ਜਾ ਕੈ = ਜਿਸ ਦੇ ਦਰ ਤੇ। ਸੇਵਕਾਇ = ਦਾਸੀਆਂ। ਜੀਅ = ਜੀਵ {ਬਹੁ-ਵਚਨ}। ਸਿਹਜਾਇ = ਸੇਜ। ਉਪਾਰਜਨਾ = ਉਤਪੱਤੀਆਂ। ਤੇਰੈ ਅੰਗਿ = ਤੇਰੇ ਅੰਗ ਵਿਚ, ਤੇਰੇ ਆਪੇ ਵਿਚ। ਸੰਗਿ = ਨਾਲ।2।

ਛਤ੍ਰਪਤਿ = ਰਾਜੇ। ਠਾਢੇ = ਖਲੋਤੇ ਹੋਏ। ਜਾ ਕੀ = ਜਿਸ ਪਰਮਾਤਮਾ ਦੀ। ਦ੍ਰਿਸਟੀ ਮਾਹਿ = ਨਿਗਾਹ ਵਿਚ।3।

ਜਾ ਕੈ = ਜਿਸ ਦੇ ਦਰ ਤੇ। ਅਖਾਰੇ = ਜਗਤ-ਅਖਾੜੇ। ਚਲਿਤ = ਤਮਾਸ਼ੇ। ਬਿਸਮਾਦ = ਹੈਰਾਨ ਕਰਨ ਵਾਲੇ। ਸਕਤਿ = ਮਾਇਆ, ਲੱਛਮੀ। ਸਿਵ = ਸ਼ਿਵ, ਜੀਵ। ਜੀਅ = ਜੀਵ {ਬਹੁ-ਵਚਨ}। ਆਧਾਰ = ਆਸਰਾ।4।

ਅਰਥ: ਹੇ ਭਾਈ! ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ।1। ਰਹਾਉ।

ਹੇ ਭਾਈ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ।1।

ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿਚ ਦਾਸੀਆਂ ਹਨ, ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ। ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿਚ ਸਮਾ ਜਾਂਦੀਆਂ ਹਨ। ਹੇ ਭਾਈ! ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿਚ ਵੱਸਦੇ ਹਨ।2।

ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ, ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ, ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿਚ ਹਨ, ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।3।

ਹੇ ਭਾਈ! (ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ, ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ। ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿਚ ਤੁਰਨ ਵਾਲੇ ਹਨ। ਹੇ ਭਾਈ! ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ।4।

ਕੋਟਿ ਤੀਰਥ ਜਾ ਕੇ ਚਰਨ ਮਝਾਰ ॥ ਕੋਟਿ ਪਵਿਤ੍ਰ ਜਪਤ ਨਾਮ ਚਾਰ ॥ ਕੋਟਿ ਪੂਜਾਰੀ ਕਰਤੇ ਪੂਜਾ ॥ ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥ ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥ ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥ ਕੋਟਿ ਪਰਲਉ ਓਪਤਿ ਨਿਮਖ ਮਾਹਿ ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥ ਕੋਟਿ ਗਿਆਨੀ ਕਥਹਿ ਗਿਆਨੁ ॥ ਕੋਟਿ ਧਿਆਨੀ ਧਰਤ ਧਿਆਨੁ ॥ ਕੋਟਿ ਤਪੀਸਰ ਤਪ ਹੀ ਕਰਤੇ ॥ ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥ ਅਵਿਗਤ ਨਾਥੁ ਅਗੋਚਰ ਸੁਆਮੀ ॥ ਪੂਰਿ ਰਹਿਆ ਘਟ ਅੰਤਰਜਾਮੀ ॥ ਜਤ ਕਤ ਦੇਖਉ ਤੇਰਾ ਵਾਸਾ ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥ {ਪੰਨਾ 1156}

ਪਦ ਅਰਥ: ਮਝਾਰ = ਵਿਚ। ਪਵਿਤ੍ਰ = ਸੁੱਚੇ ਜੀਵਨ ਵਾਲੇ ਜੀਵ। ਬਿਸਥਾਰਨੁ = ਖਿਲਾਰਾ। ਅਵਰੁ = ਹੋਰ। ਚਾਰ = ਸੁੰਦਰ।5।

ਨਿਰਮਲ ਹੰਸ = ਪਵਿੱਤਰ ਜੀਵਨ ਵਾਲੇ ਜੀਵ। ਬ੍ਰਹਮੰਸ = (ਸਨਕ, ਸਨੰਦਨ, ਸਨਾਤਨ, ਸਨਤਕੁਮਾਰ) ਬ੍ਰਹਮਾ ਦੇ ਪੁੱਤਰ। ਪਰਲਉ = ਨਾਸ। ਓਪਤਿ = ਉਤਪੱਤੀ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ।6।

ਗਿਆਨੀ = ਸਿਆਣੇ ਮਨੁੱਖ, ਆਤਮਕ ਜੀਵਨ ਦੀ ਸੂਝ ਰੱਖਣ ਵਾਲੇ। ਗਿਆਨੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ। ਧਿਆਨੀ = ਸਮਾਧੀ ਲਾਣ ਵਾਲੇ। ਤਪੀਸਰ = ਤਪੀ-ਈਸਰ, ਵੱਡੇ ਵੱਡੇ ਤਪੀ। ਮੁਨੀਸਰ = ਮੁਨੀ-ਈਸਰ, ਵੱਡੇ ਵੱਡੇ ਮੁਨੀ। ਮੋੁਨਿ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਮੋਨਿ'। ਇਥੇ 'ਮੁਨਿ' ਪੜ੍ਹਨਾ ਹੈ} ਚੁੱਪ।7।

ਅਵਿਗਤ = {AÒXÙØ} ਅਦ੍ਰਿਸ਼ਟ। ਨਾਥੁ = ਖਸਮ-ਪ੍ਰਭੂ। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਘਟ = ਸਰੀਰ {ਬਹੁ-ਵਚਨ}। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਤ ਕਤ = ਜਿੱਥੇ ਕਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸਾ = ਆਤਮਕ ਚਾਨਣ।8।

ਅਰਥ: ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿਚ ਹਨ (ਉਸ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ) , ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ, ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ, ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ।5।

ਹੇ ਭਾਈ! (ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ, ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ, ਉਹ ਗੋਬਿੰਦ ਅੱਖ ਦੇ ਇਕ ਫੋਰ ਵਿਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ। ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ।6।

ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ, ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤਿ ਜੋੜੀ ਰੱਖਦੇ ਹਨ, (ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ।7।

ਹੇ ਭਾਈ! ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿਚ ਮੌਜੂਦ ਹੈ। ਹੇ ਪ੍ਰਭੂ! (ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ਕਿ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ।8।2।5।

TOP OF PAGE

Sri Guru Granth Darpan, by Professor Sahib Singh