ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1157 ਭੈਰਉ ਮਹਲਾ ੫ ॥ ਸਤਿਗੁਰਿ ਮੋ ਕਉ ਕੀਨੋ ਦਾਨੁ ॥ ਅਮੋਲ ਰਤਨੁ ਹਰਿ ਦੀਨੋ ਨਾਮੁ ॥ ਸਹਜ ਬਿਨੋਦ ਚੋਜ ਆਨੰਤਾ ॥ ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥ ਕਹੁ ਨਾਨਕ ਕੀਰਤਿ ਹਰਿ ਸਾਚੀ ॥ ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥ ਅਚਿੰਤ ਹਮਾਰੈ ਭੋਜਨ ਭਾਉ ॥ ਅਚਿੰਤ ਹਮਾਰੈ ਲੀਚੈ ਨਾਉ ॥ ਅਚਿੰਤ ਹਮਾਰੈ ਸਬਦਿ ਉਧਾਰ ॥ ਅਚਿੰਤ ਹਮਾਰੈ ਭਰੇ ਭੰਡਾਰ ॥੨॥ ਅਚਿੰਤ ਹਮਾਰੈ ਕਾਰਜ ਪੂਰੇ ॥ ਅਚਿੰਤ ਹਮਾਰੈ ਲਥੇ ਵਿਸੂਰੇ ॥ ਅਚਿੰਤ ਹਮਾਰੈ ਬੈਰੀ ਮੀਤਾ ॥ ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥ ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥ ਅਚਿੰਤ ਹਮਾਰੀ ਪੂਰਨ ਆਸਾ ॥ ਅਚਿੰਤ ਹਮ੍ਹ੍ਹਾ ਕਉ ਸਗਲ ਸਿਧਾਂਤੁ ॥ ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥ {ਪੰਨਾ 1157} ਪਦ ਅਰਥ: ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਅਮੋਲ = ਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ। ਸਹਜ ਬਿਨੋਦ = ਆਤਮਕ ਅਡੋਲਤਾ ਦੇ ਆਨੰਦ। ਆਨੰਤਾ = ਬੇਅੰਤ। ਅਚਿੰਤਾ = (ਜੀਵਾਂ ਦੇ ਮਨ ਦੀ) ਚਿੰਤਾ ਦੂਰ ਕਰਨ ਵਾਲਾ।1। ਕਹੁ = ਆਖ। ਨਾਨਕ = ਹੇ ਨਾਨਕ! ਕੀਰਤਿ = ਸਿਫ਼ਤਿ-ਸਾਲਾਹ। ਸਾਚੀ = ਸਦਾ-ਥਿਰ ਰਹਿਣ ਵਾਲੀ। ਬਹੁਰਿ ਬਹੁਰਿ = ਮੁੜ ਮੁੜ। ਤਿਸੁ ਸੰਗਿ = ਉਸ (ਸਿਫ਼ਤਿ-ਸਾਲਾਹ) ਨਾਲ। ਰਾਚੀ = ਜੋੜੀ ਰੱਖ।1। ਰਹਾਉ। ਅਚਿੰਤ ਭਾਉ = ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਪਿਆਰ। ਹਮਾਰੈ = ਮੇਰੇ ਵਾਸਤੇ। ਲੀਚੈ = ਲਈਦਾ ਹੈ। ਅਚਿੰਤ ਨਾਉ = ਅਚਿੰਤ ਪ੍ਰਭੂ ਦਾ ਨਾਮ। ਅਚਿੰਤ ਸਬਦਿ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ। ਉਧਾਰ = ਪਾਰ-ਉਤਾਰਾ।2। ਪੂਰੇ = ਸਫਲ ਹੁੰਦੇ ਹਨ। ਵਿਸੂਰੇ = ਚਿੰਤਾ-ਝੋਰੇ। ਮੀਤਾ = ਮਿੱਤਰ। ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲਾ ਹਰਿ ਨਾਮ ਲੈ ਕੇ ਹੀ। ਵਸਿ = ਕਾਬੂ ਵਿਚ।3। ਹਮ = ਸਾਨੂੰ, ਮੈਨੂੰ। ਦਿਲਾਸਾ = ਹੌਸਲਾ। ਹਮ੍ਹ੍ਹਾ ਕਉ = ਮੇਰੇ ਵਾਸਤੇ। ਸਿਧਾਂਤੁ = ਸਿੱਧਾਂਤੁ, ਧਰਮ ਦਾ ਨਿਚੋੜ। ਅਚਿੰਤੁ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ। ਗੁਰਿ = ਗੁਰੂ ਨੇ। ਮੰਤੁ = ਉਪਦੇਸ਼।4। ਅਰਥ: ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ। ਆਪਣੇ ਮਨ ਨੂੰ ਮੁੜ ਮੁੜ ਉਸ (ਸਿਫ਼ਤਿ-ਸਾਲਾਹ) ਨਾਲ ਜੋੜੀ ਰੱਖ।1। ਰਹਾਉ। ਹੇ ਭਾਈ! ਗੁਰੂ ਨੇ ਮੈਨੂੰ (ਇਹ) ਦਾਤਿ ਬਖ਼ਸ਼ੀ ਹੈ, (ਗੁਰੂ ਨੇ ਮੈਨੂੰ ਉਹ) ਨਾਮ-ਰਤਨ ਦਿੱਤਾ ਹੈ ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ। (ਮੈਨੂੰ) ਨਾਨਕ ਨੂੰ (ਗੁਰੂ ਦੀ ਕਿਰਪਾ ਨਾਲ) ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ, (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਬੇਅੰਤ ਆਨੰਦ-ਤਮਾਸ਼ੇ ਬਣੇ ਰਹਿੰਦੇ ਹਨ।1। ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੁਣ) ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ (ਆਤਮਕ ਜੀਵਨ ਦੀ) ਖ਼ੁਰਾਕ ਹੈ, ਮੇਰੇ ਅੰਦਰ ਅਚਿੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ, ਅਚਿੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਮੇਰਾ ਬਚਾਉ ਹੋ ਰਿਹਾ ਹੈ। (ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਭਰੇ ਗਏ ਹਨ।2। ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ, (ਮੇਰੇ ਅੰਦਰੋਂ ਸਾਰੇ) ਚਿੰਤਾ-ਝੋਰੇ ਮੁੱਕ ਗਏ ਹਨ, ਹੁਣ ਮੈਨੂੰ ਵੈਰੀ ਭੀ ਮਿੱਤਰ ਦਿੱਸ ਰਹੇ ਹਨ। ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵੱਸ ਵਿਚ ਕਰ ਲਿਆ ਹੈ।3। ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਹੌਸਲਾ ਬਖ਼ਸ਼ਿਆ ਹੈ, ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ। ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ। ਹੇ ਭਾਈ! ਇਹ ਨਾਮ-ਮੰਤ੍ਰ ਮੈਨੂੰ ਗੁਰੂ ਨੇ ਦਿੱਤਾ ਹੈ।4। ਅਚਿੰਤ ਹਮਾਰੇ ਬਿਨਸੇ ਬੈਰ ॥ ਅਚਿੰਤ ਹਮਾਰੇ ਮਿਟੇ ਅੰਧੇਰ ॥ ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥ ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥ ਅਚਿੰਤ ਮਿਟਿਓ ਹੈ ਸਗਲੋ ਭਰਮਾ ॥ ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥ ਅਚਿੰਤ ਹਮਾਰੈ ਅਨਹਤ ਵਾਜੈ ॥ ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥ ਅਚਿੰਤ ਹਮਾਰੈ ਮਨੁ ਪਤੀਆਨਾ ॥ ਨਿਹਚਲ ਧਨੀ ਅਚਿੰਤੁ ਪਛਾਨਾ ॥ ਅਚਿੰਤੋ ਉਪਜਿਓ ਸਗਲ ਬਿਬੇਕਾ ॥ ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥ ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥ ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥ ਚਿੰਤ ਅਚਿੰਤਾ ਸਗਲੀ ਗਈ ॥ ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥ {ਪੰਨਾ 1157} ਪਦ ਅਰਥ: ਬੈਰ = ਵੈਰ-ਵਿਰੋਧ {ਬਹੁ-ਵਚਨ}। ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ। ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ (ਜਪ ਕੇ) ਹੀ। ਮਨਿ = ਮਨ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ।5। ਸਗਲੋ = ਸਾਰਾ। ਬਿਸ੍ਰਾਮਾ = ਟਿਕਾਣਾ। ਅਨਹਤ = ਇਕ-ਰਸ, ਲਗਾਤਾਰ, ਬਿਨਾ ਸਾਜ਼ ਵਜਾਇਆਂ। ਵਾਜੈ = ਵੱਜ ਰਿਹਾ ਹੈ, ਰਾਗ ਹੋ ਰਿਹਾ ਹੈ। ਗਾਜੈ = ਗੱਜ ਰਿਹਾ ਹੈ, ਪੂਰਾ ਪ੍ਰਭਾਵ ਪਾ ਰਿਹਾ ਹੈ।6। ਪਤੀਆਨਾ = ਪਤੀਜ ਗਿਆ ਹੈ, ਭਟਕਣੋਂ ਹਟ ਗਿਆ ਹੈ। ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ। ਪਛਾਨਾ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ। ਬਿਬੇਕਾ = ਚੰਗੇ ਮਾੜੇ ਕੰਮ ਦੀ ਪਰਖ। ਚਰੀ = ਚੜ੍ਹੀ ਹੈ। ਹਥਿ = ਹੱਥ ਵਿਚ। ਟੇਕ = ਆਸਰਾ।7। ਧੁਰਿ = ਧੁਰ ਦਰਗਾਹ ਤੋਂ। ਅਚਿੰਤਾ = ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ। ਚਿੰਤ ਸਗਲੀ = ਸਾਰੀ ਚਿੰਤਾ। ਪ੍ਰਭ ਮਈ = ਪ੍ਰਭੂ ਦਾ ਰੂਪ।8। ਅਰਥ: ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ ਸਾਰੇ) ਵੈਰ-ਵਿਰੋਧ ਨਾਸ ਹੋ ਗਏ ਹਨ, (ਮੇਰੇ ਅੰਦਰੋਂ) ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ। ਹੇ ਭਾਈ! ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗ ਰਹੀ ਹੈ, ਅਤੇ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।5। ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ, (ਜਦੋਂ ਤੋਂ) ਅਚਿੰਤ ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ, ਮੇਰੇ ਅੰਦਰ ਆਤਮਕ ਆਨੰਦ ਦਾ (ਪੱਕਾ) ਟਿਕਾਣਾ ਬਣ ਗਿਆ ਹੈ। ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦਾ ਇੱਕ-ਰਸ ਵਾਜਾ ਵੱਜ ਰਿਹਾ ਹੈ, ਮੇਰੇ ਅੰਦਰ ਗੋਬਿੰਦ ਦਾ ਨਾਮ ਹੀ ਹਰ ਵੇਲੇ ਗੱਜ ਰਿਹਾ ਹੈ।6। ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ, ਅਚਿੰਤ ਹਰਿ-ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪਾ ਲਈ ਹੈ। ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ। ਇਸ ਅਚਿੰਤ ਹਰਿ-ਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ।7। ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਪ੍ਰਾਪਤੀ ਦਾ ਲੇਖ ਧੁਰ ਦਰਗਾਹ ਤੋਂ ਲਿਖ ਦਿੱਤਾ ਹੈ, ਉਸ ਨੂੰ ਉਹ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ। ਹੇ ਭਾਈ! ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ, ਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿਚ ਲੀਨ ਹੋ ਗਿਆ ਹਾਂ।8।3।6।
ਅੰਕਾਂ ਦਾ ਵੇਰਵਾ ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥ ਭਗਤਿ ਕਰਉ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥ ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥ ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥ ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥ ਮਾਇਆ ਮਹਿ ਜਿਸੁ ਰਖੈ ਉਦਾਸੁ ॥ ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥ {ਪੰਨਾ 1157} ਪਦ ਅਰਥ: ਮੇਰੇ = ਮੇਰੇ ਕੋਲ। ਕੋ = ਦਾ। ਗਾਂਠਿ = ਗੰਢ-ਪੱਲੇ। ਗਾਂਠਿ ਨ ਬਾਧਉ = ਮੈਂ ਪੱਲੇ ਨਹੀਂ ਬੰਨ੍ਹਦਾ, ਮੈਂ ਸ਼ੂਮਾਂ ਵਾਂਗ ਲੁਕਾ ਨਹੀਂ ਰੱਖਦਾ। ਬੇਚਿ ਨ ਖਾਉ = ਮੈਂ ਇਸ ਨੂੰ ਵੇਚ ਕੇ ਭੀ ਨਹੀਂ ਖਾਂਦਾ, ਮੈਂ ਇਸ ਧਨ ਨੂੰ ਫ਼ਜ਼ੂਲ ਭੀ ਨਹੀਂ ਖ਼ਰਚਦਾ, ਮੈਂ ਇਸ ਧਨ ਦਾ ਵਿਖਾਵਾ ਭੀ ਨਹੀਂ ਕਰਦਾ।1। ਰਹਾਉ। ਬਾਰੀ = ਵਾੜੀ, ਬਗ਼ੀਚੀ। ਕਰਉ = ਕਰਉਂ, ਮੈਂ ਕਰਦਾ ਹਾਂ। ਜਨੁ = (ਮੈਂ) ਦਾਸ।1। ਮਾਇਆ = ਧਨ। ਪੂੰਜੀ = ਰਾਸ। ਦੂਜੀ = ਕੋਈ ਹੋਰ ਰਾਸ-ਪੂੰਜੀ।2। ਬੰਧਿਪ = ਸੰਬੰਧੀ। ਭਾਈ = ਭਰਾ। ਸੰਗਿ = ਨਾਲ। ਸਖਾਈ = ਸਹਾਈ, ਸਹਾਇਤਾ ਕਰਨ ਵਾਲਾ।3। ਜਿਸੁ = ਜਿਸ (ਮਨੁੱਖ) ਨੂੰ। ਉਦਾਸੁ = ਨਿਰਲੇਪ। ਤਾ ਕੋ = ਉਸ ਦਾ।4। ਨੋਟ: ਮਨੁੱਖ ਜੀਵਨ-ਨਿਰਬਾਹ ਵਾਸਤੇ ਧਨ ਕਮਾਉਣਾ ਸ਼ੁਰੂ ਕਰਦਾ ਹੈ। ਸਹਿਜੇ ਸਹਿਜੇ ਇਸ ਨਾਲ ਇਤਨਾ ਮੋਹ ਬਣ ਜਾਂਦਾ ਹੈ ਕਿ ਧਨ ਹੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਆਪਣੇ ਸਰੀਰ ਦੇ ਨਿਰਬਾਹ ਲਈ ਆਪਣੀ ਹੱਥੀਂ ਹੀ ਕਮਾਈ ਕਰਨੀ ਹੈ, ਕਿਸੇ ਹੋਰ ਉੱਤੇ ਆਪਣਾ ਭਾਰ ਨਹੀਂ ਪਾਣਾ, ਪਰ ਧਨ ਨੂੰ ਜ਼ਿੰਦਗੀ ਦਾ ਮਨੋਰਥ ਨਹੀਂ ਬਣਾ ਲੈਣਾ = ਇਹ ਹੈ ਉਪਦੇਸ਼ ਇਸ ਸ਼ਬਦ ਵਿਚ। ਅਰਥ: ਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ, ਪਰ) ਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ।1। ਰਹਾਉ। (ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ। ਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ।1। ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ। ਭਾਵ, ਵਪਾਰ ਸਰੀਰਕ ਨਿਰਬਾਹ ਵਾਸਤੇ ਹੈ, ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ) । ਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ।2। ਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ; ਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ।3। ਕਬੀਰ ਆਖਦਾ ਹੈ– ਮੈਂ ਉਸ ਮਨੁੱਖ ਦਾ ਸੇਵਕ ਹਾਂ ਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ।4।1। |
Sri Guru Granth Darpan, by Professor Sahib Singh |