ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1158

ਨਾਂਗੇ ਆਵਨੁ ਨਾਂਗੇ ਜਾਨਾ ॥ ਕੋਇ ਨ ਰਹਿਹੈ ਰਾਜਾ ਰਾਨਾ ॥੧॥ ਰਾਮੁ ਰਾਜਾ ਨਉ ਨਿਧਿ ਮੇਰੈ ॥ ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥ ਆਵਤ ਸੰਗ ਨ ਜਾਤ ਸੰਗਾਤੀ ॥ ਕਹਾ ਭਇਓ ਦਰਿ ਬਾਂਧੇ ਹਾਥੀ ॥੨॥ ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ ॥੩॥ ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥ ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥ {ਪੰਨਾ 1158}

ਪਦ ਅਰਥ: ਨ ਰਹਿ ਹੈ– ਨਹੀਂ ਰਹੇਗਾ।1।

ਰਾਮੁ ਰਾਜਾ = ਸਾਰੇ ਜਗਤ ਦਾ ਮਾਲਕ ਪ੍ਰਭੂ! {ਨੋਟ: ਲਫ਼ਜ਼ 'ਰਾਜਾ' ਸੰਬੋਧਨ ਵਿਚ ਨਹੀਂ ਹੈ, ਉਹ ਹੈ 'ਰਾਜਨ'; ਜਿਵੇਂ 'ਰਾਜਨ! ਕਉਨੁ ਤੁਮਾਰੈ ਆਵੈ'}। ਨਉ ਨਿਧਿ = ਨੌ ਖ਼ਜ਼ਾਨੇ, ਜਗਤ ਦਾ ਸਾਰਾ ਧਨ-ਮਾਲ। ਮੇਰੈ = ਮੇਰੇ ਭਾਣੇ, ਮੇਰੇ ਲਈ, ਮੇਰੇ ਹਿਰਦੇ ਵਿਚ। ਸੰਪੈ ਹੇਤੁ = ਐਸ਼੍ਵਰਜ ਦਾ ਮੋਹ। ਕਲਤੁ = ਇਸਤ੍ਰੀ। ਤੇਰੈ = ਤੇਰੇ ਲਈ, ਤੇਰੇ ਮਨ ਵਿਚ।1। ਰਹਾਉ।

ਸੰਗਾਤੀ = ਨਾਲ। ਦਰਿ = ਬੂਹੇ ਤੇ।2।

ਗਢੁ = ਕਿਲ੍ਹਾ।3।

ਕਹਿ = ਕਹੈ, ਆਖਦਾ ਹੈ। ਗੁਨੁ = ਭਲਿਆਈ। ਦੁਇ ਹਥ ਝਾਰਿ = ਦੋਵੇਂ ਹੱਥ ਝਾੜ ਕੇ, ਖ਼ਾਲੀ ਹੱਥੀਂ।4।

ਨੋਟ: ਲੋਕਾਂ ਦੇ ਆਮ ਪ੍ਰਚਲਤ ਖ਼ਿਆਲਾਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਹੀ ਭਗਤ ਜੀ ਜੀਵਨ ਦਾ ਸਹੀ ਰਾਹ ਦੱਸਦੇ ਹਨ। ਲੰਕਾ ਦਾ ਕਿਲ੍ਹਾ ਸਾਰੇ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਸੀ ਜਾਂ ਨਹੀਂ, ਇਸ ਗੱਲ ਨਾਲ ਭਗਤ ਜੀ ਦਾ ਵਾਸਤਾ ਨਹੀਂ ਹੈ। ਲੋਕਾਂ ਵਿਚ ਇਹੀ ਗੱਲ ਮਸ਼ਹੂਰ ਹੈ ਕਿ ਰਾਵਣ ਦੀ ਲੰਕਾ ਸੋਨੇ ਦੀ ਸੀ, ਤੇ ਲੋਕ ਰਾਵਣ ਦਾ ਅੰਤ ਦਾ ਹਾਲ ਭੀ ਜਾਣਦੇ ਹਨ ਕਿ ਮਹੱਲਾਂ ਵਿਚ ਕੋਈ ਦੀਵਾ ਜਗਾਣ ਜੋਗਾ ਭੀ ਨਾਹ ਰਹਿ ਗਿਆ। ਸੋ, ਇਹੀ ਪ੍ਰਸਿੱਧ ਕਹਾਣੀ ਸਾਹਮਣੇ ਰੱਖ ਕੇ ਸਮਝਾਂਦੇ ਹਨ ਕਿ ਧਨ-ਪਦਾਰਥ ਦਾ ਆਸਰਾ ਲੈਣਾ ਕੱਚੀ ਗੱਲ ਹੈ।

ਅਰਥ: ਹੇ ਭਾਈ! ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ) । ਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ = (ਇਹੀ ਜ਼ਿੰਦਗੀ ਦਾ ਸਹਾਰਾ ਹਨ) ।1। ਰਹਾਉ।

(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ। ਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ।1।

ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ? (ਇਹਨਾਂ ਦਾ ਸਾਡੇ ਨਾਲ ਜਾਣਾ ਤਾਂ ਕਿਤੇ ਰਿਹਾ, ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।2।

(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ (ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ।3।

ਕਬੀਰ ਆਖਦਾ ਹੈ– ਹੇ ਭਾਈ! ਕੋਈ ਭਲਿਆਈ ਦੀ ਗੱਲ ਭੀ ਵਿਚਾਰ, (ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ।4।2।

ਮੈਲਾ ਬ੍ਰਹਮਾ ਮੈਲਾ ਇੰਦੁ ॥ ਰਵਿ ਮੈਲਾ ਮੈਲਾ ਹੈ ਚੰਦੁ ॥੧॥ ਮੈਲਾ ਮਲਤਾ ਇਹੁ ਸੰਸਾਰੁ ॥ ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥ ਮੈਲੇ ਬ੍ਰਹਮੰਡਾਇ ਕੈ ਈਸ ॥ ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥ ਮੈਲਾ ਮੋਤੀ ਮੈਲਾ ਹੀਰੁ ॥ ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥ ਮੈਲੇ ਸਿਵ ਸੰਕਰਾ ਮਹੇਸ ॥ ਮੈਲੇ ਸਿਧ ਸਾਧਿਕ ਅਰੁ ਭੇਖ ॥੪॥ ਮੈਲੇ ਜੋਗੀ ਜੰਗਮ ਜਟਾ ਸਹੇਤਿ ॥ ਮੈਲੀ ਕਾਇਆ ਹੰਸ ਸਮੇਤਿ ॥੫॥ ਕਹਿ ਕਬੀਰ ਤੇ ਜਨ ਪਰਵਾਨ ॥ ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥ {ਪੰਨਾ 1158}

ਪਦ ਅਰਥ: ਇੰਦੁ = ਦੇਵਤਿਆਂ ਦਾ ਰਾਜਾ ਇੰਦਰ। ਰਵਿ = ਸੂਰਜ।1।

ਮਲਤਾ = ਮਲੀਨ।1। ਰਹਾਉ।

ਈਸ = ਰਾਜੇ। ਬ੍ਰਹਮੰਡਾਇ ਕੈ = ਬ੍ਰਹਮੰਡਾਂ ਦੇ। ਨਿਸਿ = ਰਾਤ। ਬਾਸਰੁ = ਦਿਨ। ਤੀਸ = ਤੀਹ।2।

ਹੀਰੁ = ਹੀਰਾ। ਪਾਵਕੁ = ਅੱਗ।3।

ਸੰਕਰਾ = ਸ਼ਿਵ। ਮਹੇਸ = ਸ਼ਿਵ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ ਦੇ ਸਾਧਨ ਕਰਨ ਵਾਲੇ। ਭੇਖ = ਕਈ ਭੇਖਾਂ ਦੇ ਸਾਧੂ।4।

ਜੰਗਮ = ਸ਼ੈਵ ਮਤ ਦਾ ਇਕ ਫ਼ਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। ਜੰਗਮ ਆਪਣੇ ਸਿਰ ਉੱਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ। ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ-ਖੰਭਾਂ ਨਾਲ ਸਜਾਏ ਹੋਏ ਪਾਂਦੇ ਹਨ। ਜੰਗਮ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ– ਵਿਰਕਤ ਅਤੇ ਗ੍ਰਿਹਸਤੀ। ਸਹੇਤਿ = ਸਮੇਤ। ਕਾਇਆ = ਸਰੀਰ। ਹੰਸ = ਜੀਵਾਤਮਾ।5।

ਪਰਵਾਨ = ਕਬੂਲ। ਰਾਮਹਿ = ਪਰਮਾਤਮਾ ਨੂੰ।6।

ਅਰਥ: ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ, ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।1। ਰਹਾਉ।

ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ) । (ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ।1।

ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ; ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ।2।

(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ, ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ।3।

ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ) । ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ।4।

ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ; ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ।5।

ਕਬੀਰ ਆਖਦਾ ਹੈ– ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ, ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ।6।3।

ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥ ਬੋਲਨਹਾਰੁ ਪਰਮ ਗੁਰੁ ਏਹੀ ॥੧॥ ਕਹੁ ਰੇ ਮੁਲਾਂ ਬਾਂਗ ਨਿਵਾਜ ॥ ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥ ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥ ਭਾਖਿ ਲੇ ਪੰਚੈ ਹੋਇ ਸਬੂਰੀ ॥੨॥ ਹਿੰਦੂ ਤੁਰਕ ਕਾ ਸਾਹਿਬੁ ਏਕ ॥ ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥ ਕਹਿ ਕਬੀਰ ਹਉ ਭਇਆ ਦਿਵਾਨਾ ॥ ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥ {ਪੰਨਾ 1158}

ਪਦ ਅਰਥ: ਮਕਾ = ਮੱਕਾ, ਅਰਬ ਦੇਸ ਦਾ ਸ਼ਹਿਰ ਜਿੱਥੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਕਿਬਲਾ = ਕਾਬੇ ਦੀ ਚਾਰ-ਦੀਵਾਰੀ ਜਿਸ ਦੀ ਜ਼ਿਆਰਤ ਕਰਦੇ ਹਨ। ਕਿਬਲਾ = (ਕ੍ਰਿ: ਵਿ:) ਸਾਹਮਣੇ, ਸਨਮੁਖ। (2) ਜਿਸ ਵਲ ਮੂੰਹ ਕਰੀਏ, ਅਜਿਹਾ ਧਰਮ-ਮੰਦਰ, ਕਾਬਾ। ਮੱਕੇ ਵਿਚ ਮੁਸਲਮਾਨਾਂ ਦਾ ਪਰਸਿੱਧ ਮੰਦਰ। ਪਰਮ ਗੁਰੁ = ਵੱਡਾ ਪੀਰ।1।

ਰੇ ਮੁਲਾਂ = ਹੇ ਮੁੱਲਾਂ! ਦਸੈ ਦਰਵਾਜ = ਦਸ ਦਰਵਾਜ਼ਿਆਂ ਵਾਲੀ।1। ਰਹਾਉ।

ਮਿਸਿਮਿਲਿ = {ਬਿਸਮਿਲੁ, ਬਿਸਮਿੱਲਾ, ਅੱਲਾ ਦੇ ਨਾਮ ਤੇ। ਬੱਕਰਾ ਆਦਿਕ ਪਸ਼ੂ ਮਾਰਨ ਵੇਲੇ ਮੁਸਲਮਾਨ ਮੂੰਹੋਂ 'ਬਿਸਮਿੱਲਾ' ਆਖਦਾ ਹੈ, ਭਾਵ ਇਹ, ਕਿ ਰੱਬ ਅੱਗੇ ਭੇਟ ਕਰਦਾ ਹੈ। ਇੱਥੋਂ ਇਸ ਦਾ ਅਰਥ 'ਜੀਵ ਨੂੰ ਕੋਹਣਾ' ਬਣ ਗਿਆ ਹੈ} ਮਾਰ ਦੇਹ। ਤਾਮਸੁ = ਤਮੋ ਵਾਲਾ ਸੁਭਾਉ, ਕ੍ਰੋਧ ਆਦਿਕ ਵਾਲਾ ਸੁਭਾਉ। ਕਦੂਰੀ = ਕਦੂਰਤਿ, ਮਨ ਦੀ ਮੈਲ। ਭਾਖਿ ਲੇ = ਖਾ ਲੈ, ਮੁਕਾ ਦੇਹ। ਪੰਚੈ = ਕਾਮਾਦਿਕ ਪੰਜਾਂ ਨੂੰ। ਸਬੂਰੀ = ਸਬਰ, ਧੀਰਜ, ਸ਼ਾਂਤੀ।2।

ਕਹ = ਕੀਹ?।3।

ਦਿਵਾਨਾ = ਪਾਗਲ, ਕਮਲਾ। ਮੁਸਿ ਮੁਸਿ = ਸਹਿਜੇ ਸਹਿਜੇ। ਮਨੂਆ = ਅੰਞਾਣਾ ਮਨ। ਸਹਜਿ = ਸਹਿਜ ਅਵਸਥਾ ਵਿਚ।4।

ਅਰਥ: ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ, ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ।1। ਰਹਾਉ।

ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ) । ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ।1।

(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ, ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ।2।

ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ। ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।3।

ਕਬੀਰ ਆਖਦਾ ਹੈ– (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ, ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ।4। 4।

ਗੰਗਾ ਕੈ ਸੰਗਿ ਸਲਿਤਾ ਬਿਗਰੀ ॥ ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥ ਬਿਗਰਿਓ ਕਬੀਰਾ ਰਾਮ ਦੁਹਾਈ ॥ ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥ ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥ ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥ ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥ ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥ ਸੰਤਨ ਸੰਗਿ ਕਬੀਰਾ ਬਿਗਰਿਓ ॥ ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥ {ਪੰਨਾ 1158}

ਪਦ ਅਰਥ: ਸਲਿਤਾ = ਨਦੀ। ਬਿਗਰੀ = ਵਿਗੜ ਗਈ। ਨਿਬਰੀ = ਨਿੱਬੜ ਗਈ, ਮੁੱਕ ਗਈ, ਆਪਾ ਮੁਕਾ ਗਈ।1।

ਰਾਮ ਦੁਹਾਈ = ਰਾਮ ਦੀ ਦੁਹਾਈ ਦੇ ਕੇ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ। ਅਨ ਕਤਹਿ = ਹੋਰ ਕਿਸੇ ਭੀ ਥਾਂ।1। ਰਹਾਉ।

ਤਰਵਰੁ = ਰੁੱਖ।2।

ਕੰਚਨੁ = ਸੋਨਾ।3।

ਅਰਥ: ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ (ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।1। ਰਹਾਉ।

(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ, ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ।1।

(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ, ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ।2।

ਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ, ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ।3।

(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ। ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ।4।5।

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥ ਜਉ ਹਉ ਬਉਰਾ ਤਉ ਰਾਮ ਤੋਰਾ ॥ ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥ ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥ ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥੩॥ ਲੋਗੁ ਕਹੈ ਕਬੀਰੁ ਬਉਰਾਨਾ ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥ {ਪੰਨਾ 1158}

ਪਦ ਅਰਥ: ਹਥਿ = ਹੱਥ ਵਿਚ। ਬਾਨਾਂ = ਧਾਰਮਿਕ ਪਹਿਰਾਵਾ। ਲੋਗਨ = ਲੋਕਾਂ ਨੇ।1।

ਜਉ = ਜੇ। ਹਉ = ਮੈਂ। ਰਾਮ = ਹੇ ਰਾਮ! ਮਰਮੁ = ਭੇਤ।1। ਰਹਾਉ।

ਤੋਰਉ ਨ = ਮੈਂ ਨਹੀਂ ਤੋੜਦਾ। ਦੇਵਾ = ਦੇਵਤੇ।2।

ਪੂਜਉ = ਪੂਜਉਂ, ਮੈਂ ਪੂਜਦਾ ਹਾਂ। ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ {ਨੋਟ: ਇਸ ਤੁਕ ਵਿਚ ਲਫ਼ਜ਼ 'ਪੂਜਉ', 'ਮਨਾਵਉ' ਅਤੇ 'ਪਾਵਉ' ਵਰਤਮਾਨ ਕਾਲ ਇਕ-ਵਚਨ ਵਿਚ ਹਨ। ਇਹਨਾਂ ਦਾ ਅਰਥ ਹੈ ਪੂਜਦਾ ਹਾਂ, ਮਨਾਂਦਾ ਹਾਂ, ਪਾਂਦਾ ਹੈ, ਜਿਵੇਂ 'ਗੁਰੂ ਨੂੰ ਪੂਜਣਾ ਅਤੇ ਮਨਾਣਾ' ਕੋਈ ਅਗਾਂਹ ਅੱਗੇ ਆਉਣ ਵਾਲੇ ਜਨਮ ਦਾ ਕੰਮ ਨਹੀਂ, ਹੁਣ ਦੇ ਸਮੇ ਮਨੁੱਖਾ-ਜਨਮ ਦੇ ਵੇਲੇ ਦਾ ਕਰਤੱਬ ਹੈ, ਤਿਵੇਂ 'ਦਰਗਹ ਸੁਖੁ ਪਾਵਉ' ਭੀ ਹੁਣ ਦੇ ਸਮੇ ਨਾਲ ਹੀ ਸੰਬੰਧ ਰੱਖਦਾ ਹੈ, ਕਿਸੇ ਅਗਲੇ ਆਉਣ ਵਾਲੇ ਜਨਮ ਦੇ ਨਾਲ ਸੰਬੰਧ ਰੱਖਣ ਵਾਲੀ ਘਟਨਾ ਨਹੀਂ ਹੈ। ਸੋ, 'ਦਰਗਹ' ਦਾ ਭਾਵ ਹੈ 'ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਲੀ ਅਵਸਥਾ'}।3।

ਅਰਥ: (ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ। ਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ?।1। ਰਹਾਉ।

(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ।1।

(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ, (ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ।2।

ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ, ਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁਖ ਮਾਣਦਾ ਹਾਂ।3।

(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿਚ ਭੇਟ ਕਰਨ ਜਾਂਦਾ ਹੈ) , ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ।4।6।

ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}

ਪਦ ਅਰਥ: ਉਲਟਿ = (ਮਾਇਆ ਵਲੋਂ) ਪਰਤ ਕੇ। ਦੋਊ = ਜਾਤ ਅਤੇ ਕੁਲ ਦੋਵੇਂ। ਸੁੰਨਿ = ਅਫੁਰ ਅਵਸਥਾ। ਸਹਜ = ਅਡੋਲ ਅਵਸਥਾ। ਬੁਨਤ = ਤਾਣੀ, ਮਨ ਦੀ ਲਗਨ, ਲਿਵ।1।

ਝਗਰਾ = ਵਾਸਤਾ, ਸੰਬੰਧ।1। ਰਹਾਉ।

ਬੁਨਿ ਬੁਨਿ = ਉਣ ਉਣ ਕੇ, ਪ੍ਰਭੂ-ਚਰਨਾਂ ਵਿਚ ਲਿਵ ਲਾਣ ਦੀ ਤਾਣੀ ਉਣ ਉਣ ਕੇ। ਆਪੁ = ਆਪਣੇ ਆਪ ਨੂੰ। ਜਹ ਨਹੀ ਆਪੁ = ਜਿੱਥੇ ਆਪਾ-ਭਾਵ ਨਹੀਂ। ਤਹਾ ਹੋਇ = ਉਸ ਅਵਸਥਾ ਵਿਚ ਟਿਕ ਕੇ।2।

ਜੋ ਲਿਖ ਦੀਆ = (ਕਰਮ-ਕਾਂਡ ਤੇ ਸ਼ਰਹ ਦੀਆਂ ਗੱਲਾਂ) ਜੋ ਉਹਨਾਂ ਲਿਖ ਦਿੱਤੀਆਂ ਹਨ।3।

ਇਖਲਾਸੁ = ਪ੍ਰੇਮ, ਪਵਿਤ੍ਰਤਾ। ਨਿਰਖਿ ਲੇ = ਵੇਖ ਲੈ, ਦੀਦਾਰ ਕਰ ਲੈ, ਦੀਦਾਰ ਹੋ ਸਕਦਾ ਹੈ। ਮੀਰਾ = ਮੀਰ, ਪਰਮਾਤਮਾ।4।

ਨੋਟ: ਕਬੀਰ ਜੀ ਜਾਤ ਦੇ ਜੁਲਾਹੇ ਸਨ। ਆਪਣੇ ਹੀ ਕਿੱਤੇ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਜਿਉਂ ਜਿਉਂ ਮੈਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਤਾਣੀ ਉਣ ਰਿਹਾ ਹਾਂ, ਤਿਉਂ ਤਿਉਂ ਮੈਨੂੰ ਹਿੰਦੂਆਂ ਦੇ ਕਰਮ-ਕਾਂਡ ਅਤੇ ਮੁਸਲਮਾਨਾਂ ਦੀ ਸ਼ਰਹ ਦੀ ਲੋੜ ਨਹੀਂ ਰਹੀ। ਰੱਬ ਨੂੰ ਮਿਲਣ ਲਈ, ਬੱਸ, ਇੱਕੋ ਹੀ ਗੁਰ ਹੈ ਕਿ ਮਨੁੱਖ ਆਪਣੇ ਆਪ ਦੀ ਖੋਜ ਕਰੇ ਤੇ ਹਿਰਦੇ ਵਿਚ ਪ੍ਰਭੂ ਦਾ ਪ੍ਰੇਮ ਵਸਾਏ।

ਅਰਥ: (ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ) ।1। ਰਹਾਉ।

(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ) । ਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ।1।

(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ।2।

(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ, ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ।3।

ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ) । ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ।4।7।

ਨੋਟ: ਜਿਹੜਾ ਮਹਾਂ ਪੁਰਖ ਮੁਸਲਮਾਨੀ ਰਾਜ ਸਮੇ ਅਤੇ ਹਿੰਦੂ-ਸੱਭਿਅਤਾ ਦੇ ਗੜ੍ਹ ਕਾਂਸ਼ੀ ਵਿਚ ਰਹਿੰਦਾ ਹੋਇਆ ਇਤਨੀ ਦਲੇਰੀ ਨਾਲ ਸੱਚ ਦਾ ਹੋਕਾ ਦੇ ਸਕਦਾ ਹੈ, ਦੋਹਾਂ ਕੌਮਾਂ ਦੇ ਧਰਮ-ਰਾਖਿਆਂ ਦਾ ਉਸ ਦੇ ਵਿਰੁੱਧ ਹੋ ਜਾਣਾ ਅਚਰਜ ਗੱਲ ਨਹੀਂ ਹੈ।

ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਪੜ੍ਹਨ ਵੇਲੇ ਪਾਠਕਾਂ ਨੂੰ ਪਹਿਲਾਂ ਇਹ ਖ਼ਿਆਲ ਪੈਦਾ ਹੁੰਦਾ ਹੈ ਕਿ 'ਪੰਡਿਤ ਮੁਲਾਂ' ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਪਰ ਬੰਦ ਨੰ: 3 ਵਿਚ ਜਾ ਕੇ ਇਹ ਪ੍ਰਸ਼ਨ ਕੁਝ ਕੁਝ ਹੱਲ ਹੋ ਜਾਂਦਾ ਹੈ ਕਿ ਪੰਡਿਤਾਂ ਦੇ ਦੱਸੇ ਕਰਮ-ਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਹੀ ਕਬੀਰ ਜੀ ਜ਼ਿਕਰ ਕਰ ਰਹੇ ਹਨ। ਉਂਞ ਕੋਈ ਐਸੀ ਰਮਜ਼ ਦੀ ਗੱਲ ਇੱਥੇ ਨਹੀਂ, ਜਿਸ ਨੂੰ ਸਮਝਣ ਲੱਗਿਆਂ ਕੋਈ ਭੁਲੇਖਾ ਪੈ ਜਾਏ ਅਤੇ ਕੋਈ ਉਲਟ-ਪੁਲਟ ਗੱਲ ਸਮਝੀ ਜਾਏ। ਸੋ, ਸਤਿਗੁਰੂ ਜੀ ਨੇ ਜਿਵੇਂ ਇਸੇ ਰਾਗ ਦੇ ਸ਼ਬਦ ਨੰ: 11 ਦੇ ਨਾਲ ਆਪਣੇ ਵਲੋਂ ਇਕ ਸ਼ਬਦ ਦਰਜ ਕੀਤਾ ਹੈ, ਇੱਥੇ ਅਜਿਹੀ ਲੋੜ ਨਹੀਂ ਪਈ। ਪਰ, ਇਸ ਸ਼ਬਦ ਦੀ ਖੁਲ੍ਹੀ ਵਿਆਖਿਆ ਗੁਰੂ ਅਰਜਨ ਸਾਹਿਬ ਨੇ ਕਰ ਹੀ ਦਿੱਤੀ ਹੈ, ਤੇ ਇਸੇ ਹੀ ਰਾਗ ਦੇ ਆਪਣੇ ਸ਼ਬਦਾਂ ਵਿਚ ਉਸ ਸ਼ਬਦ ਨੂੰ ਦਰਜ ਕਰ ਦਿੱਤਾ ਹੈ। ਚੂੰਕਿ ਉਹ ਸ਼ਬਦ ਨਿਰੋਲ ਕਬੀਰ ਜੀ ਦੇ ਇਸ ਸ਼ਬਦ ਦੀ ਵਿਆਖਿਆ ਵਾਸਤੇ ਹੈ, ਇਸ ਲਈ ਉਸ ਵਿਚ ਅਖ਼ੀਰ ਤੇ ਕਬੀਰ ਜੀ ਦਾ ਹੀ ਨਾਮ ਉਹਨਾਂ ਦਿੱਤਾ ਹੈ ਜਿਵੇਂ ਸ਼ਬਦ ਨੰ: 12 ਵਿਚ ਕੀਤਾ ਹੈ ਸਿਰਲੇਖ "ਭੈਰਉ ਮਹਲਾ 5" ਇਹ ਪੱਕਾ ਯਕੀਨ ਦਿਵਾਉਂਦਾ ਹੈ ਕਿ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਦਾ ਹੀ ਉਚਾਰਿਆ ਹੋਇਆ ਹੈ ਉਹ ਸ਼ਬਦ ਇਉਂ ਹੈ:

ਭੈਰਉ ਮਹਲਾ 5 ॥ ਵਰਤ ਨ ਰਹਉ, ਨ ਮਹ ਰਮਦਾਨਾ ॥ ਤਿਸੁ ਸੇਵੀ, ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ, ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ, ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ, ਖੁਦਿ ਖਸਮੁ ਪਛਾਨਾ ॥5॥3॥ {ਪੰਨਾ 1136}

ਇਹ ਗੱਲ ਪਰਤੱਖ ਹੈ ਕਿ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਕਬੀਰ ਜੀ ਦੇ ਉੱਪਰ-ਲਿਖੇ ਸ਼ਬਦ ਦੇ ਸੰਬੰਧ ਵਿਚ ਹੈ। ਇਹ ਤਦੋਂ ਹੀ ਹੋ ਸਕਦਾ ਸੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਤੋਂ ਕਾਫ਼ੀ ਸਮਾਂ ਪਹਿਲਾਂ ਕਬੀਰ ਜੀ ਦਾ ਇਹ ਸ਼ਬਦ ਸਤਿਗੁਰੂ ਜੀ ਦੇ ਪਾਸ ਮੌਜੂਦ ਹੋਵੇ। ਸੋ, ਇਹ ਖ਼ਿਆਲ ਗ਼ਲਤ ਹੈ ਕਿ ਜਦੋਂ 'ਬੀੜ' ਲਿਖੀ ਜਾ ਰਹੀ ਸੀ, ਤਦੋਂ ਭਗਤਾਂ ਦੀਆਂ ਰੂਹਾਂ ਨੇ ਆ ਕੇ ਨਾਲੋ ਨਾਲ ਆਪਣੇ ਸ਼ਬਦ ਲਿਖਾਏ ਸਨ। ਇਸ ਭੈਰਉ ਰਾਗ ਦੀ ਹੀ ਮਿਸਾਲ ਲਵੋ। 'ਬੀੜ' ਵਿਚ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਅਤੇ ਆਪਣੇ ਸ਼ਬਦ ਦਰਜ ਕੀਤੇ; ਅਸਟਪਦੀਆਂ ਤੇ ਛੰਤ ਆਦਿਕ ਭੀ ਦਰਜ ਕਰ ਲਏ। ਇਹ ਸ਼ਬਦ ਨੰ: 3 ਭੀ ਦਰਜ ਹੋ ਗਿਆ। ਜੇ ਇਸ ਤੋਂ ਪਿੱਛੋਂ ਆਏ ਕਬੀਰ ਜੀ, ਤਾਂ ਉਹਨਾਂ ਦੇ ਇਸ ਸ਼ਬਦ ਨੰ: 7 ਨਾਲ ਸੰਬੰਧ ਰੱਖਣ ਵਾਲਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਨੰ: 3 ਕਬੀਰ ਜੀ ਦੇ ਆਉਣ ਤੋਂ ਪਹਿਲਾਂ ਹੀ ਕਿਵੇਂ ਉਚਾਰਿਆ ਗਿਆ ਅਤੇ ਦਰਜ ਹੋ ਗਿਆ? ਅਸਲ ਗੱਲ ਇਹ ਹੈ ਕਿ ਕਬੀਰ ਜੀ ਦੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸੀ।

TOP OF PAGE

Sri Guru Granth Darpan, by Professor Sahib Singh