ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1159 ਨਿਰਧਨ ਆਦਰੁ ਕੋਈ ਨ ਦੇਇ ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥ ਜਉ ਨਿਰਧਨੁ ਸਰਧਨ ਕੈ ਜਾਇ ॥ ਆਗੇ ਬੈਠਾ ਪੀਠਿ ਫਿਰਾਇ ॥੧॥ ਜਉ ਸਰਧਨੁ ਨਿਰਧਨ ਕੈ ਜਾਇ ॥ ਦੀਆ ਆਦਰੁ ਲੀਆ ਬੁਲਾਇ ॥੨॥ ਨਿਰਧਨੁ ਸਰਧਨੁ ਦੋਨਉ ਭਾਈ ॥ ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥ ਕਹਿ ਕਬੀਰ ਨਿਰਧਨੁ ਹੈ ਸੋਈ ॥ ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥ {ਪੰਨਾ 1159} ਪਦ ਅਰਥ: ਨਿਰਧਨ = ਧਨ-ਹੀਣ ਨੂੰ, ਕੰਗਾਲ ਨੂੰ। ਕੋਈ = ਕੋਈ ਧਨ ਵਾਲਾ ਮਨੁੱਖ। ਓਹੁ = ਉਹ ਧਨੀ ਮਨੁੱਖ। ਚਿਤਿ ਨ ਧਰੇਇ = ਕੰਗਾਲ ਦੇ ਜਤਨਾਂ ਨੂੰ ਚਿੱਤ ਵਿਚ ਭੀ ਨਹੀਂ ਲਿਆਉਂਦਾ।1। ਰਹਾਉ। ਸਰਧਨ = ਧਨੀ। ਸਰਧਨ ਕੈ = ਧਨੀ ਮਨੁੱਖ ਦੇ ਘਰ।1। ਕਲਾ = ਖੇਡ, ਰਜ਼ਾ।3। ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ।4। ਅਰਥ: ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ। ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ।1। ਰਹਾਉ। ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ, ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ।1। ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ, ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ।2। ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ, ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ) ।3। ਕਬੀਰ ਆਖਦਾ ਹੈ– (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ।4।8। ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥੧॥ ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥ ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥ ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥ ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥ ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥ ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥ ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥੪॥ ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥ ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥ {ਪੰਨਾ 1159} ਪਦ ਅਰਥ: ਤੇ = ਤੋਂ, ਦੀ ਰਾਹੀਂ। ਦੇਹੀ = ਸਰੀਰ। ਪਾਈ = ਲੱਭੀ। ਦੇਹੀ ਕਉ = ਸਰੀਰ ਦੀ ਖ਼ਾਤਰ।1। ਗੋੁਬਿੰਦ = {ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ}। ਲਾਹੁ = ਲਾਭ।1। ਰਹਾਉ। ਜਰਾ = ਬੁਢੇਪਾ। ਕਾਲਿ = ਕਾਲ ਨੇ। ਗ੍ਰਸੀ = ਦਬੋਚ ਲਈ, ਪਕੜ ਲਈ। ਕਾਇਆ = ਸਰੀਰ। ਬਿਕਲ = ਬੇ-ਥਵ੍ਹੀ।2। ਅਬ = ਹੁਣ। ਭਾਈ = ਹੇ ਭਾਈ! ਅੰਤੁ = ਅਖ਼ੀਰਲਾ ਵੇਲਾ। ਸਾਰੁ = ਸੰਭਾਲ ਕਰ।3। ਕਪਾਟ = ਕਵਾੜ, ਭਿੱਤ। ਬਾਟ = ਰਸਤਾ।4। ਅਉਸਰੁ = ਸਮਾ, ਮੌਕਾ। ਬਾਰ = ਵਾਰੀ। ਕੈ = ਭਾਵੇਂ, ਚਾਹੇ, ਜਾਂ।5। ਅਰਥ: ਹੇ ਭਾਈ! ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ। ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ।1। ਰਹਾਉ। ਹੇ ਭਾਈ! ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ, ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ। ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ। ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ।1। ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ, ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ, ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ, (ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ।2। ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ? ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ। ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ, (ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ।3। (ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ, ਉਸੇ ਨੂੰ ਪ੍ਰਭੂ ਮਿਲਦਾ ਹੈ, ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ, ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ।4। ਕਬੀਰ ਆਖਦਾ ਹੈ– ਹੇ ਭਾਈ! ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ, (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ। ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ, (ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ) ।5।1।9। ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥ ਈਤ ਊਤ ਕੀ ਸੋਝੀ ਪਰੈ ॥ ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥ ਨਿਜ ਪਦ ਊਪਰਿ ਲਾਗੋ ਧਿਆਨੁ ॥ ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥ ਮੂਲ ਦੁਆਰੈ ਬੰਧਿਆ ਬੰਧੁ ॥ ਰਵਿ ਊਪਰਿ ਗਹਿ ਰਾਖਿਆ ਚੰਦੁ ॥ ਪਛਮ ਦੁਆਰੈ ਸੂਰਜੁ ਤਪੈ ॥ ਮੇਰ ਡੰਡ ਸਿਰ ਊਪਰਿ ਬਸੈ ॥੨॥ ਪਸਚਮ ਦੁਆਰੇ ਕੀ ਸਿਲ ਓੜ ॥ ਤਿਹ ਸਿਲ ਊਪਰਿ ਖਿੜਕੀ ਅਉਰ ॥ ਖਿੜਕੀ ਊਪਰਿ ਦਸਵਾ ਦੁਆਰੁ ॥ ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥ {ਪੰਨਾ 1159} ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ 'ਬੰਦ' ਰਹਾਉ ਦੀ ਤੁਕ ਦਾ ਵਿਕਾਸ ਹੁੰਦੇ ਹਨ। 'ਰਹਾਉ' ਵਿਚ ਕਬੀਰ ਜੀ ਆਖਦੇ ਹਨ ਕਿ ਮੇਰੀ ਸੁਰਤ ਉਸ ਘਰ ਵਿਚ ਜੁੜੀ ਪਈ ਹੈ ਜੋ ਘਰ ਨਿਰੋਲ ਮੇਰਾ ਆਪਣਾ ਹੈ, ਪ੍ਰਕਾਸ਼-ਸਰੂਪ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਉਣਾ ਹੀ ਮੇਰੇ ਲਈ 'ਬ੍ਰਹਮ ਗਿਆਨ' ਹੈ। ਇਸ ਅਵਸਥਾ ਦਾ ਕੀਹ ਸਰੂਪ ਹੈ? ਇਸ ਅਵਸਥਾ ਵਿਚ ਅੱਪੜ ਕੇ ਅਮਲੀ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ? = ਇਸ ਦੀ ਵਿਆਖਿਆ ਸ਼ਬਦ ਦੇ ਤਿੰਨ 'ਬੰਦਾਂ' ਵਿਚ ਹੈ– (1) ਮੱਤ ਸ੍ਰੇਸ਼ਟ ਹੋ ਕੇ ਪ੍ਰਭੂ ਵਿਚ ਟਿਕਦੀ ਹੈ ਤੇ 'ਮੇਰ-ਤੇਰ' ਮਿਟਾ ਦੇਂਦੀ ਹੈ; (2) ਮਨ ਵਿਕਾਰਾਂ ਵਲੋਂ ਰੁਕ ਜਾਂਦਾ ਹੈ, ਅੰਦਰ ਠੰਢ ਪੈ ਜਾਂਦੀ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ, ਪ੍ਰਭੂ-ਚਰਨਾਂ ਵਲ ਲਗਨ ਬਣ ਜਾਂਦੀ ਹੈ; (3) ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲ ਕੇ ਚਾਨਣ ਲੱਭ ਪੈਂਦਾ ਹੈ, ਸੁਰਤ ਅਜਿਹੀ ਉੱਚੀ ਹੋ ਜਾਂਦੀ ਹੈ ਕਿ ਸਦਾ ਇੱਕ-ਰਸ ਬਣੀ ਰਹਿੰਦੀ ਹੈ। ਸ਼ਬਦ ਵਿਚ ਸਾਰੇ ਲਫ਼ਜ਼ ਜੋਗੀਆਂ ਵਾਲੇ ਵਰਤੇ ਹਨ, ਕਿਉਂਕਿ ਕਿਸੇ ਜੋਗੀ ਨਾਲ ਗੱਲ-ਬਾਤ ਕੀਤੀ ਗਈ ਹੈ। ਜੋਗੀ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਣਾ ਹੀ ਸਭ ਤੋਂ ਉੱਚਾ ਗਿਆਨ ਹੈ, ਤੇ ਇਹੀ ਨਾਮ ਜੀਵਨ ਵਿਚ ਸੁੰਦਰ ਤਬਦੀਲੀ ਲਿਆਉਂਦਾ ਹੈ। ਪਦ ਅਰਥ: ਸਿਵ ਕੀ ਪੁਰੀ = ਕੱਲਿਆਣ-ਸਰੂਪ ਪ੍ਰਭੂ ਦੇ ਸ਼ਹਿਰ ਵਿਚ। ਸਾਰੁ ਬੁਧਿ = ਸ੍ਰੇਸ਼ਟ ਹੋਈ ਮੱਤ। ਤਹ = ਉਸ ਸ਼ਿਵ-ਪੁਰੀ ਵਿਚ। ਤੁਮ੍ਹ੍ਹ = (ਹੇ ਜੋਗੀ!) ਤੁਸੀ ਭੀ। ਮਿਲਿ = ਮਿਲ ਕੇ, ਅੱਪੜ ਕੇ। ਈਤ ਊਤ ਕੀ ਸੋਝੀ = ਇਸ ਲੋਕ ਤੇ ਪਰਲੋਕ ਦੀ ਸਮਝ, ਇਹ ਸਮਝ ਕਿ ਹੁਣ ਦਾ ਜੀਵਨ ਕੈਸਾ ਬਣੇ ਤੇ ਪਰਲੋਕ ਦੇ ਜੀਵਨ ਉੱਤੇ ਇਸ ਦਾ ਕੀਹ ਅਸਰ ਪਏਗਾ। ਕਰਮ ਮੇਰਾ = ਮੇਰਾ ਕੰਮ, ਅਪਣੱਤ ਦੇ ਕੰਮ, ਮਮਤਾ ਦੇ ਕੰਮ। ਮਰੈ = ਖ਼ੁਆਰ ਹੁੰਦਾ ਹੈ।1। ਨਿਜ ਪਦ ਊਪਰਿ = ਉਸ ਘਰ ਵਿਚ ਜਿਹੜਾ ਨਿਰੋਲ ਮੇਰਾ ਆਪਣਾ ਹੈ। ਮੋਰਾ ਬ੍ਰਹਮ ਗਿਆਨੁ = ਮੇਰੇ ਲਈ ਬ੍ਰਹਮ ਗਿਆਨ ਹੈ।1। ਰਹਾਉ। ਮੂਲ = ਜਗਤ ਦਾ ਮੂਲ-ਪ੍ਰਭੂ। ਮੂਲ ਦੁਆਰੈ = ਜਗਤ ਦੇ ਮੂਲ-ਪ੍ਰਭੂ ਦੇ ਦਰ ਤੇ (ਟਿਕ ਕੇ) । ਬੰਧਿਆ = ਮੈਂ ਬੰਨ੍ਹ ਲਿਆ ਹੈ। ਬੰਧੁ = ਬੰਨ੍ਹ, (ਮਾਇਆ ਦੇ ਹੜ੍ਹ ਨੂੰ ਰੋਕਣ ਲਈ) ਬੰਨ੍ਹ। ਰਵਿ = ਸੂਰਜ, ਸੂਰਜ ਦੀ ਤਪਸ਼, ਤਪਸ਼, ਤਮੋ-ਗੁਣੀ ਸੁਭਾਉ। ਗਹਿ = ਫੜ ਕੇ, ਹਾਸਲ ਕਰ ਕੇ। ਚੰਦੁ = ਠੰਢ, ਸੀਤਲਤਾ, ਸ਼ਾਂਤੀ। ਰਾਖਿਆ = ਮੈਂ ਰੱਖ ਦਿੱਤੀ ਹੈ, ਮੈਂ ਕਾਇਮ ਕਰ ਦਿੱਤੀ ਹੈ। ਪਛਮ ਦੁਆਰੈ = ਪੱਛੋਂ ਵਲ ਦੇ ਬੂਹੇ ਤੇ, ਉਸ ਪਾਸੇ ਜਿੱਧਰ ਹਨੇਰਾ ਹੈ (ਨੋਟ: ਸੂਰਜ ਚੜ੍ਹਦੇ ਵਲੋਂ ਚੜ੍ਹਨ ਕਰਕੇ ਪੱਛਮ ਵਲ ਉਸ ਵੇਲੇ ਹਨੇਰਾ ਹੁੰਦਾ ਹੈ) , ਅਗਿਆਨਤਾ ਦੇ ਹਨੇਰੇ ਵਿਚ। ਸੂਰਜੁ ਤਪੈ = ਸੂਰਜ ਚਮਕ ਪੈਂਦਾ ਹੈ, ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ। ਮੇਰ = {Skt. my{ Name of a fabulous mountain round which all the planets are said to revolve} ਇਕ ਪਹਾੜ ਜਿਸ ਦੇ ਦੁਆਲੇ ਅਕਾਸ਼ ਦੇ ਸਾਰੇ ਗ੍ਰਹਿ ਭੌਂਦੇ ਮਿਥੇ ਗਏ ਹਨ। ਡੰਡ = Skt. d&f = The sceptre of a king, The rod as a symbol of authority and punishment} ਸ਼ਾਹੀ ਆਸਾ, ਸ਼ਾਹੀ ਚੋਬ (ਨੋਟ: ਰਾਜ-ਦਰਬਾਰਾਂ ਦੇ ਬੂਹੇ ਉੱਤੇ ਚੋਬਦਾਰ ਖੜਾ ਹੁੰਦਾ ਹੈ) । ਮੇਰ ਡੰਡ = ਉਹ ਜਿਸ ਦਾ 'ਡੰਡ' 'ਮੇਰ' ਵਰਗਾ ਹੈ, ਉਹ ਪ੍ਰਭੂ ਜਿਸ ਦਾ ਸ਼ਾਹੀ ਚੋਬ 'ਮੇਰ' ਵਰਗਾ ਹੈ {Skt. my{ ev d&fo XÔX}, ਉਹ ਪ੍ਰਭੂ ਜਿਸ ਦੇ ਸ਼ਾਹੀ ਚੋਬ ਦੇ ਦੁਆਲੇ ਸਾਰਾ ਜਗਤ ਭੌਂਦਾ ਹੈ ਜਿਵੇਂ ਸਾਰੇ ਗ੍ਰਹਿ ਮੇਰੂ ਦੇ ਦੁਆਲੇ। ਸਿਰ ਊਪਰਿ = ਦਸਮ-ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ।2। ਪਸਚਮ ਦੁਆਰੇ ਕੀ = ਉਸ ਅਸਥਾਨ ਦੇ ਬੂਹੇ ਦੀ ਜਿੱਥੇ ਹਨੇਰਾ ਹੈ। ਸਿਲ ਓੜ = ਸਿਲ ਦਾ ਅਖ਼ੀਰਲਾ ਸਿਰਾ। ਪਸਚਮ...ਓੜ = ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਹਨੇਰੇ ਅਸਥਾਨ ਦੇ ਬੂਹੇ ਅੱਗੇ (ਜੜੀ ਹੋਈ ਸੀ) । ਖਿੜਕੀ = ਤਾਕੀ, (ਨੋਟ: ਘਰਾਂ ਵਿਚ ਹਵਾ ਤੇ ਚਾਨਣ ਲਈ ਤਾਕੀਆਂ ਰੱਖੀਦੀਆਂ ਹਨ) ਚਾਨਣ ਦਾ ਵਸੀਲਾ।3। ਅਰਥ: (ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ, ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ।1। ਰਹਾਉ। (ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ। (ਹੇ ਜੋਗੀ!) ਤੁਸੀ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ, (ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ; ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ।1। (ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ। ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ। ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ। ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ।2। (ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ) , ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ, ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ) । ਕਬੀਰ ਆਖਦਾ ਹੈ– ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ।3।2।10। ਸੋ ਮੁਲਾਂ ਜੋ ਮਨ ਸਿਉ ਲਰੈ ॥ ਗੁਰ ਉਪਦੇਸਿ ਕਾਲ ਸਿਉ ਜੁਰੈ ॥ ਕਾਲ ਪੁਰਖ ਕਾ ਮਰਦੈ ਮਾਨੁ ॥ ਤਿਸੁ ਮੁਲਾ ਕਉ ਸਦਾ ਸਲਾਮੁ ॥੧॥ ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥ ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ ਸੁਪਨੈ ਬਿੰਦੁ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ ਬਾਹਰਿ ਜਾਤਾ ਭੀਤਰਿ ਆਨੈ ॥ ਗਗਨ ਮੰਡਲ ਮਹਿ ਲਸਕਰੁ ਕਰੈ ॥ ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥ ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥ {ਪੰਨਾ 1159-1160} ਪਦ ਅਰਥ: ਨੋਟ: ਲਫ਼ਜ਼ 'ਮੁਲਾਂ' ਦੇ ਦੋਵੇਂ ਅੱਖਰ 'ਮ' ਅਤੇ 'ਲ' ਲੈ ਕੇ ਅਰਥ ਕੀਤੇ ਹਨ; 'ਮਨ' ਅਤੇ 'ਲਰੈ'। ਕਾਲ ਸਿਉ = ਮੌਤ (ਦੇ ਸਹਿਮ) ਨਾਲ। ਜੁਰੈ = ਜੁੱਟ ਪਏ, ਲੜੇ, ਟਾਕਰਾ ਕਰੇ। ਕਾਲ = ਮੌਤ, ਜਮ। ਕਾਲ ਪੁਰਖ = ਜਮ-ਰਾਜ। ਮਾਨੁ = ਅਹੰਕਾਰ। ਮਰਦੈ = ਮਲ ਦੇਵੇ।1। ਦੂਰਿ = ਕਿਤੇ ਸਤਵੇਂ ਅਸਮਾਨ ਉੱਤੇ। ਦੁੰਦਰ = ਰੌਲਾ ਪਾਣ ਵਾਲੇ ਕਾਮਾਦਿਕ।1। ਰਹਾਉ। ਕਾਇਆ ਕੀ ਅਗਨੀ ਬ੍ਰਹਮ = ਕਾਇਆ ਕੀ ਬ੍ਰਹਮ ਅਗਨਿ, ਕਾਇਆ ਵਿਚ ਪ੍ਰਭੂ ਦੀ ਜੋਤ। ਬ੍ਰਹਮ ਅਗਨਿ = ਪ੍ਰਭੂ ਦੀ ਜੋਤ। ਪਰਜਾਰੈ = ਚੰਗੀ ਤਰ੍ਹਾਂ ਰੌਸ਼ਨ ਕਰੇ। ਬਿੰਦੁ = ਬੀਰਜ। ਜਰਾ = ਬੁਢੇਪਾ।2। ਸੁਰਤਾਨੁ = ਸੁਲਤਾਨ। ਦੁਇ ਸਰ = ਦੋ ਤੀਰ (ਗਿਆਨ ਅਤੇ ਵੈਰਾਗ) । ਆਨੈ = ਲਿਆਵੇ। ਗਗਨ ਮੰਡਲ = ਦਸਮ ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ। ਲਸਕਰੁ = ਸ਼ੁਭ ਗੁਣਾਂ ਦੀ ਫ਼ੌਜ।3। ਰਾਮ ਨਾਮੁ = ਮੂਰਤੀ ਵਿਚ ਮਿਥੇ ਹੋਏ ਸ੍ਰੀ ਰਾਮ ਚੰਦਰ ਜੀ ਦਾ ਨਾਮ। ਏਕੁ = ਆਪਣਾ।4। ਅਰਥ: (ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ? ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ।1। ਰਹਾਉ। ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ) , ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ, ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ। ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ।1। ਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ, ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ, ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ। ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ।2। ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ, ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ। ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ।3। ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ, ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ, ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ। ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ।4।3।11। ਨੋਟ: ਇਸ ਸ਼ਬਦ ਦੇ ਬੰਦ ਨੰ: 2 ਦੀਆਂ ਤੁਕਾਂ ਨੂੰ ਸਾਹਮਣੇ ਰੱਖ ਕੇ ਰਾਮਕਲੀ ਕੀ ਵਾਰ ਮ: 3 ਵਿਚ ਪਉੜੀ ਨੰ: 12 ਦੇ ਨਾਲ ਦਰਜ ਕੀਤਾ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਨੰ: 5 ਪੜ੍ਹ ਕੇ ਵੇਖੋ। ਇਕ ਤਾਂ ਤੁਕਾਂ ਹੀ ਸਾਂਝੀਆਂ ਹਨ; ਦੂਜੇ, ਪਖੰਡੀ ਆਦਿਕ ਲਫ਼ਜ਼ਾਂ ਦਾ ਅਰਥ ਕਰਨ ਵਿਚ ਉਹੀ ਤਰੀਕਾ ਵਰਤਿਆ ਹੈ ਜੋ ਕਬੀਰ ਜੀ ਨੇ ਲਫ਼ਜ਼ 'ਮੁਲਾਂ' ਆਦਿਕ ਲਈ। ਮ: 1 ॥ ਸੋ ਪਾਖੰਡੀ, ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥4॥12॥ {ਪੰਨਾ 953} |
Sri Guru Granth Darpan, by Professor Sahib Singh |