ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1160

ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ {ਪੰਨਾ 1160}

ਨੋਟ: ਸਿਰ-ਲੇਖ 'ਮਹਲਾ 5' ਦੱਸਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਨਿਰੋਲ ਆਪਣਾ ਉਚਾਰਿਆ ਹੋਇਆ ਹੈ। ਇਹ ਅੰਦਾਜ਼ੇ ਲਾਉਣ ਲਈ ਸਾਡੇ ਪਾਸ ਗੁਰਬਾਣੀ ਵਿਚੋਂ ਕੋਈ ਐਸਾ ਸਬੂਤ ਨਹੀਂ ਹੈ ਕਿ ਸਤਿਗੁਰੂ ਜੀ ਨੇ ਕਬੀਰ ਜੀ ਦੇ ਕਿਸੇ ਸ਼ਬਦ ਦੀ ਅਦਲਾ-ਬਦਲੀ ਕਰ ਕੇ ਇਹ ਸ਼ਬਦ ਲਿਖਿਆ ਹੈ। ਇਤਨੀ ਵੱਡੀ ਮਿਕਦਾਰ ਵਿਚ ਬਾਣੀ ਉਚਾਰ ਸਕਣ ਵਾਲੇ ਸਤਿਗੁਰੂ ਨੂੰ ਕਬੀਰ ਜੀ ਦੇ ਕਿਸੇ ਇਕ ਸ਼ਬਦ ਦਾ ਆਸਰਾ ਲੈਣ ਦੀ ਲੋੜ ਨਹੀਂ ਸੀ ਹੋ ਸਕਦੀ। ਇਹ ਸ਼ਬਦ ਸਤਿਗੁਰੂ ਜੀ ਦਾ ਨਿਰੋਲ ਆਪਣਾ ਹੈ, ਸਾਨੂੰ ਇਸ ਉੱਪਰ 'ਮਹਲਾ 5' ਉੱਤੇ ਯਕੀਨ ਹੋਣਾ ਚਾਹੀਦਾ ਹੈ। ਜੇ 'ਰਲਵਾਂ ਸ਼ਬਦ' ਹੁੰਦਾ, ਤਾਂ ਸਿਰ-ਲੇਖ ਵਜੋਂ ਇਹ ਗੱਲ ਲਿਖ ਦੇਂਦੇ, ਜਿਵੇਂ ਗਉੜੀ ਰਾਗ ਵਿਚ ਕਬੀਰ ਜੀ ਦੇ 14ਵੇਂ ਸ਼ਬਦ ਦਾ ਸਿਰਲੇਖ ਇਉਂ ਹੈ: 'ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5'। ਉਹ ਸ਼ਬਦ ਮਿਲਵਾਂ ਹੈ, ਤੇ ਉਸ ਦੀਆਂ ਅਖ਼ੀਰਲੀਆਂ ਦੋ ਤੁਕਾਂ ਗੁਰੂ ਅਰਜਨ ਸਾਹਿਬ ਜੀ ਦੀਆਂ ਹਨ।

ਫਿਰ, ਇਸ ਸ਼ਬਦ ਦੀ ਇੱਥੇ ਕੀਹ ਲੋੜ ਪਈ?

ਕਬੀਰ ਜੀ ਦਾ ਸ਼ਬਦ ਨੰ: 11 ਗਹੁ ਨਾਲ ਪੜ੍ਹ ਕੇ ਵੇਖੋ। ਸਾਰੇ ਸ਼ਬਦ ਵਿਚ ਮੁੱਲਾਂ ਕਾਜ਼ੀ ਆਦਿਕ ਦਾ ਹੀ ਜ਼ਿਕਰ ਹੈ, ਤੇ ਬੜਾ ਸਾਫ਼ ਖੁਲ੍ਹਾ ਜ਼ਿਕਰ ਹੈ। ਅਖ਼ੀਰਲੇ ਬੰਦ ਵਿਚ ਹਿੰਦੂ ਦਾ ਇਸ਼ਾਰੇ-ਮਾਤਰ ਜ਼ਿਕਰ ਹੈ। ਲਿਖਿਆ ਹੈ 'ਹਿੰਦੂ ਰਾਮ ਨਾਮੁ ਉਚਰੈ'। ਖ਼ਿਆਲ ਨੂੰ ਚੰਗੀ ਤਰ੍ਹਾਂ ਖੋਲ੍ਹਿਆ ਨਹੀਂ ਹੈ। ਭਾਵੇਂ ਕਬੀਰ ਜੀ ਨੇ ਅਖ਼ੀਰਲੀ ਤੁਕ ਵਿਚ ਆਪਣਾ ਆਸ਼ਾ ਪਰਗਟ ਕਰ ਦਿੱਤਾ ਹੈ 'ਕਬੀਰ ਕਾ ਸੁਆਮੀ ਰਹਿਆ ਸਮਾਇ'। ਫਿਰ ਭੀ ਅੰਞਾਣ ਪਾਠਕ ਨੂੰ ਭੁਲੇਖਾ ਪੈ ਸਕਦਾ ਹੈ।

ਇਸ ਭੁਲੇਖੇ ਦੀ ਗੁੰਜਾਇਸ਼ ਨੂੰ ਦੂਰ ਕਰਨ ਲਈ ਸਤਿਗੁਰੂ ਅਰਜਨ ਦੇਵ ਜੀ ਨੇ ਸਾਫ਼ ਲਿਖ ਦਿੱਤਾ ਹੈ ਕਿ ਉਸ ਤੁਕ ('ਹਿੰਦੂ ਰਾਮ ਨਾਮੁ ਉਚਰੈ') ਤੋਂ ਕਬੀਰ ਜੀ ਦਾ ਭਾਵ 'ਰਾਮਚੰਦਰ ਜੀ ਦੀ ਮੂਰਤੀ' ਤੋਂ ਹੈ। ਕਿਸੇ ਇੱਕ ਮੂਰਤੀ ਵਿਚ ਰੱਬ ਨੂੰ ਬੈਠਾ ਮਿਥ ਲੈਣਾ ਭੁੱਲ ਹੈ।

ਪਦ ਅਰਥ: ਪਾਂਈ = ਪੈਰੀਂ। ਘਾਲ = ਮਿਹਨਤ।1।

ਸਦ = ਸਦਾ।1। ਰਹਾਉ।

ਅੰਤਰਿ = ਅੰਦਰ-ਵੱਸਦਾ। ਦੇਉ = ਪ੍ਰਭੂ। ਅੰਧੁ = ਅੰਨ੍ਹਾ ਮਨੁੱਖ। ਫੰਧੁ = ਫੰਧਾ, ਜਾਲ। ਫੋਕਟ = ਫੋਕੇ।2।

ਪੁਕਾਰਿ = ਕੂਕ ਕੇ। ਸਾਕਤ = ਹੇ ਸਾਕਤ! ਦੂਜੈ ਭਾਇ = ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿਚ।4।

ਅਰਥ: ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।1। ਰਹਾਉ।

ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ।1।

ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ।2।

ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ।3।

ਕਬੀਰ ਆਖਦਾ ਹੈ– ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ 'ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ। ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ'।4। 4।12।

ਨੋਟ: ਗੁਰੂ ਅਰਜਨ ਦੇਵ ਜੀ ਨੇ ਭੀ ਲਫ਼ਜ਼ 'ਰਾਮ' ਹੀ ਵਰਤਿਆ ਹੈ 'ਰਾਮ ਭਗਤ ਹੈ ਸਦਾ ਸੁਖਾਲੇ'; ਕਬੀਰ ਜੀ ਨੇ ਭੀ 'ਹਿੰਦੂ ਰਾਮ ਨਾਮੁ ਉਚਰੈ' ਵਿਚ ਲਫ਼ਜ਼ 'ਰਾਮ' ਹੀ ਵਰਤਿਆ ਹੈ। ਪਰ ਸਤਿਗੁਰੂ ਜੀ ਨੇ 'ਕਬੀਰ ਕਾ ਸੁਆਮੀ ਰਹਿਆ ਸਮਾਇ' ਵਿਚ ਇਸ਼ਾਰੇ-ਮਾਤਰ ਦੱਸੀ ਗੱਲ ਨੂੰ ਆਪਣੇ ਇਸ ਸ਼ਬਦ ਵਿਚ ਵਿਸਥਾਰ ਨਾਲ ਸਮਝਾ ਦਿੱਤਾ ਹੈ ਕਿ ਹਿੰਦੂ ਤਾਂ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੀ ਪੂਜਾ ਕਰਦੇ ਹੋਏ 'ਰਾਮ ਰਾਮ' ਆਖਦੇ ਹਨ, ਪਰ ਕਬੀਰ ਜੀ ਉਸ 'ਰਾਮ' ਨੂੰ ਸਿਮਰਦੇ ਹਨ ਜੋ 'ਰਹਿਆ ਸਮਾਇ' ਅਤੇ ਜੋ 'ਸਰਬ ਜੀਆ ਕਉ ਦਾਨੁ ਦੇਤਾ'।

ਇਹ ਸ਼ਬਦ ਤਾਂ ਸਤਿਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ। ਪਰ ਇਸ ਦੇ ਅਖ਼ੀਰ ਤੇ ਲਫ਼ਜ਼ 'ਨਾਨਕ' ਦੇ ਥਾਂ ਲਫ਼ਜ਼ ਕਬੀਰ ਵਰਤਿਆ ਗਿਆ ਹੈ, ਕਿਉਂਕਿ ਇਹ ਸ਼ਬਦ ਕਬੀਰ ਜੀ ਦੇ ਸਬਦ ਨੰ: 11 ਦੇ ਪਰਥਾਇ ਹੀ ਉਚਾਰਨ ਦੀ ਲੋੜ ਪਈ ਸੀ। ਇਸ ਗੱਲ ਨੂੰ ਹੋਰ ਵਧੀਕ ਚੰਗੀ ਤਰ੍ਹਾਂ ਸਮਝਣ ਲਈ ਮੇਰੀ ਪੁਸਤਕ 'ਗੁਰਮਤਿ ਪ੍ਰਕਾਸ਼' ਵਿਚ ਪੜ੍ਹੋ 'ਧੰਨੇ ਭਗਤ ਦੀ ਠਾਕੁਰ-ਪੂਜਾ' ਅਤੇ 'ਸੂਰਦਾਸ'। {'ਸਿੰਘ ਬ੍ਰਦਰਜ਼' ਅੰਮ੍ਰਿਤਸਰ ਤੋਂ ਮਿਲੇਗੀ}।

ਜਲ ਮਹਿ ਮੀਨ ਮਾਇਆ ਕੇ ਬੇਧੇ ॥ ਦੀਪਕ ਪਤੰਗ ਮਾਇਆ ਕੇ ਛੇਦੇ ॥ ਕਾਮ ਮਾਇਆ ਕੁੰਚਰ ਕਉ ਬਿਆਪੈ ॥ ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥ ਮਾਇਆ ਐਸੀ ਮੋਹਨੀ ਭਾਈ ॥ ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥ ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥ ਸਾਕਰ ਮਾਖੀ ਅਧਿਕ ਸੰਤਾਪੇ ॥ ਤੁਰੇ ਉਸਟ ਮਾਇਆ ਮਹਿ ਭੇਲਾ ॥ ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥ ਛਿਅ ਜਤੀ ਮਾਇਆ ਕੇ ਬੰਦਾ ॥ ਨਵੈ ਨਾਥ ਸੂਰਜ ਅਰੁ ਚੰਦਾ ॥ ਤਪੇ ਰਖੀਸਰ ਮਾਇਆ ਮਹਿ ਸੂਤਾ ॥ ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥ ਸੁਆਨ ਸਿਆਲ ਮਾਇਆ ਮਹਿ ਰਾਤਾ ॥ ਬੰਤਰ ਚੀਤੇ ਅਰੁ ਸਿੰਘਾਤਾ ॥ ਮਾਂਜਾਰ ਗਾਡਰ ਅਰੁ ਲੂਬਰਾ ॥ ਬਿਰਖ ਮੂਲ ਮਾਇਆ ਮਹਿ ਪਰਾ ॥੪॥ ਮਾਇਆ ਅੰਤਰਿ ਭੀਨੇ ਦੇਵ ॥ ਸਾਗਰ ਇੰਦ੍ਰਾ ਅਰੁ ਧਰਤੇਵ ॥ ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥ ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥ {ਪੰਨਾ 1160}

ਪਦ ਅਰਥ: ਡਹਕਾਈ = ਭਰਮਾਉਂਦੀ ਹੈ, ਭਟਕਣਾ ਵਿਚ ਪਾਂਦੀ ਹੈ।1। ਰਹਾਉ।

ਮੀਨ = ਮੱਛੀਆਂ। ਬੇਧੇ = ਵਿੰਨ੍ਹੇ ਹੋਏ। ਦੀਪਕ = ਦੀਵੇ। ਪਤੰਗ = ਭੰਬਟ। ਕੁੰਚਰ = ਹਾਥੀ। ਬਿਆਪੈ = ਦਬਾਉ ਪਾ ਲੈਂਦੀ ਹੈ। ਭੁਇਅੰਗਮ = ਸੱਪ। ਭ੍ਰਿੰਗ = ਭੌਰੇ। ਖਾਪੇ = ਖਪੇ ਹੋਏ।1।

ਮ੍ਰਿਗ = ਜੰਗਲ ਦੇ ਪਸ਼ੂ। ਸਾਕਰ = ਸ਼ੱਕਰ, ਮਿੱਠਾ। ਸੰਤਾਪੇ = ਦੁੱਖ ਦੇਂਦੀ ਹੈ। ਤੁਰੇ = ਘੋੜੇ। ਉਸਟ = ਊਠ। ਭੇਲਾ = ਘਿਰੇ ਹੋਏ, ਗ੍ਰਸੇ ਹੋਏ।2।

ਛਿਅ ਜਤੀ = ਛੇ ਜਤੀ, (ਹਨੂਮਾਨ, ਭੀਸ਼ਮ ਪਿਤਾਮਾ, ਲਛਮਨ, ਭੈਰਵ, ਗੋਰਖ, ਦੱਤਾਤ੍ਰੇਯ) । ਬੰਦਾ = ਗ਼ੁਲਾਮ। ਰਖੀਸਰ = ਵੱਡੇ ਵੱਡੇ ਰਿਸ਼ੀ।3।

ਸਿਆਲ = ਗਿੱਦੜ। ਬੰਤਰ = ਬਾਂਦਰ। ਮਾਜਾਰ = ਬਿੱਲੇ। ਗਾਡਰ = ਭੇਡਾਂ।4।

ਸਾਗਰ = ਸਮੁੰਦਰ (ਵਿਚ ਵੱਸਦੇ ਜੀਵ) । ਇੰਦ੍ਰਾ = ਇੰਦਰ (-ਪੁਰੀ, ਭਾਵ, ਸ੍ਵਰਗ ਵਿਚ ਰਹਿਣ ਵਾਲੇ ਦੇਵਤੇ ਆਦਿਕ) । ਧਰਤੇਵ = ਧਰਤੀ (ਦੇ ਜੀਵ) । ਉਦਰੁ = ਢਿੱਡ।5।

ਅਰਥ: ਹੇ ਭਾਈ! ਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ ਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ।1। ਰਹਾਉ।

ਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ, ਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ। ਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ; ਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ।1।

ਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ। ਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ। ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ। ਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ।2।

ਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ। ਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ) ਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ। ਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ।3।

ਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ। ਬਿੱਲੇ, ਭੇਡਾਂ, ਲੂੰਬੜ, ਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ।4।

ਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ। ਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ। ਕਬੀਰ ਆਖਦਾ ਹੈ– (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ। ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ।5। 5।13।

TOP OF PAGE

Sri Guru Granth Darpan, by Professor Sahib Singh