ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1161

ਜਬ ਲਗੁ ਮੇਰੀ ਮੇਰੀ ਕਰੈ ॥ ਤਬ ਲਗੁ ਕਾਜੁ ਏਕੁ ਨਹੀ ਸਰੈ ॥ ਜਬ ਮੇਰੀ ਮੇਰੀ ਮਿਟਿ ਜਾਇ ॥ ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥ ਐਸਾ ਗਿਆਨੁ ਬਿਚਾਰੁ ਮਨਾ ॥ ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥ ਜਬ ਲਗੁ ਸਿੰਘੁ ਰਹੈ ਬਨ ਮਾਹਿ ॥ ਤਬ ਲਗੁ ਬਨੁ ਫੂਲੈ ਹੀ ਨਾਹਿ ॥ ਜਬ ਹੀ ਸਿਆਰੁ ਸਿੰਘ ਕਉ ਖਾਇ ॥ ਫੂਲਿ ਰਹੀ ਸਗਲੀ ਬਨਰਾਇ ॥੨॥ ਜੀਤੋ ਬੂਡੈ ਹਾਰੋ ਤਿਰੈ ॥ ਗੁਰ ਪਰਸਾਦੀ ਪਾਰਿ ਉਤਰੈ ॥ ਦਾਸੁ ਕਬੀਰੁ ਕਹੈ ਸਮਝਾਇ ॥ ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥ {ਪੰਨਾ 1161}

ਪਦ ਅਰਥ: ਨਹੀ ਸਰੈ = ਸਿਰੇ ਨਹੀਂ ਚੜ੍ਹਦਾ, ਸਫ਼ਲ ਨਹੀਂ ਹੁੰਦਾ।1।

ਕੀ ਨ = ਕਿਉਂ ਨਹੀਂ? ਦੁਖ ਭੰਜਨਾ ਹਰਿ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ।1। ਰਹਾਉ।

ਸਿੰਘੁ = (ਅਹੰਕਾਰ) ਸ਼ੇਰ। ਬਨ = ਹਿਰਦਾ-ਰੂਪ ਜੰਗਲ। ਸਿਆਰੁ = ਨਿਮ੍ਰਤਾ-ਰੂਪ ਗਿੱਦੜ।2।

ਬੂਡੈ = ਡੁੱਬ ਜਾਂਦਾ ਹੈ। ਤਿਰੈ = ਤਰਦਾ ਹੈ। ਦਾਸੁ ਕਬੀਰੁ = (ਨੋਟ: 'ਦਾਸੁ' ਹਿੰਦੂ ਬੋਲੀ ਦਾ ਲਫ਼ਜ਼ ਹੈ, ਮੁਸਲਮਾਨ ਇਹ ਲਫ਼ਜ਼ ਨਹੀਂ ਵਰਤਦਾ। ਕਬੀਰ ਜੀ ਹਿੰਦੂ-ਘਰ ਦੇ ਜੰਮੇ ਪਲੇ ਸਨ, ਮੁਸਲਮਾਨ ਨਹੀਂ ਸਨ) ।3।

ਅਰਥ: ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ) ।1। ਰਹਾਉ।

ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ, ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ। ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ, ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ।1।

ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ) । ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ, ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ।2।

ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ। ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ। ਸੇਵਕ ਕਬੀਰ ਸਮਝਾ ਕੇ ਆਖਦਾ ਹੈ– ਹੇ ਭਾਈ! ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ।3।6।14।

ਸਤਰਿ ਸੈਇ ਸਲਾਰ ਹੈ ਜਾ ਕੇ ॥ ਸਵਾ ਲਾਖੁ ਪੈਕਾਬਰ ਤਾ ਕੇ ॥ ਸੇਖ ਜੁ ਕਹੀਅਹਿ ਕੋਟਿ ਅਠਾਸੀ ॥ ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ ਮੋ ਗਰੀਬ ਕੀ ਕੋ ਗੁਜਰਾਵੈ ॥ ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥ ਤੇਤੀਸ ਕਰੋੜੀ ਹੈ ਖੇਲ ਖਾਨਾ ॥ ਚਉਰਾਸੀ ਲਖ ਫਿਰੈ ਦਿਵਾਨਾਂ ॥ ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ ਉਨਿ ਭੀ ਭਿਸਤਿ ਘਨੇਰੀ ਪਾਈ ॥੨॥ ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥ ਛੋਡਿ ਕਤੇਬ ਕਰੈ ਸੈਤਾਨੀ ॥ ਦੁਨੀਆ ਦੋਸੁ ਰੋਸੁ ਹੈ ਲੋਈ ॥ ਅਪਨਾ ਕੀਆ ਪਾਵੈ ਸੋਈ ॥੩॥ ਤੁਮ ਦਾਤੇ ਹਮ ਸਦਾ ਭਿਖਾਰੀ ॥ ਦੇਉ ਜਬਾਬੁ ਹੋਇ ਬਜਗਾਰੀ ॥ ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥ ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ {ਪੰਨਾ 1161}

ਨੋਟ: ਸ਼ਬਦ ਨੂੰ ਗਹੁ ਨਾਲ ਪੜ੍ਹਿਆਂ ਇਉਂ ਜਾਪਦਾ ਹੈ, ਜਿਵੇਂ ਕੋਈ ਮੁਸਲਮਾਨ ਮਨੁੱਖ ਕਬੀਰ ਜੀ ਨੂੰ ਪ੍ਰੇਰ ਰਿਹਾ ਹੈ ਮੁਸਲਮਾਨ ਬਣਨ ਲਈ, ਤੇ ਆਖਦਾ ਹੈ ਕਿ ਮੁਸਲਮਾਨ ਬਣਿਆਂ ਬਹਿਸ਼ਤ ਮਿਲੇਗਾ। ਆਪਣੇ ਖ਼ੁਦਾ ਦੀ ਬਜ਼ੁਰਗੀ ਭੀ ਉਹ ਦੱਸਦਾ ਹੈ ਕਿ ਉਸ ਦੇ ਸੱਤ ਹਜ਼ਾਰ ਫ਼ਰਿਸ਼ਤੇ ਹਨ, ਸਵਾ ਲੱਖ ਪੈਗ਼ੰਬਰ ਹਨ, ਇਤਿਆਦਿਕ; ਉਹ ਖ਼ੁਦਾ ਸਤਵੇਂ ਅਸਮਾਨ ਤੇ ਰਹਿੰਦਾ ਹੈ। ਕਬੀਰ ਜੀ ਇਸ ਸ਼ਬਦ ਵਿਚ ਉੱਤਰ ਦੇਂਦੇ ਹਨ ਕਿ ਮੈਂ ਇਕ ਗ਼ਰੀਬ ਜੁਲਾਹ ਹਾਂ, ਮੁਸਲਮਾਨ ਬਣਿਆਂ ਭੀ ਮੈਂ ਗ਼ਰੀਬ ਹੀ ਰਹਿਣਾ ਹੈ। ਤੁਸੀ ਆਪਣੇ ਖ਼ੁਦਾ ਦਾ ਦਰਬਾਰ ਸਤਵੇਂ ਅਸਮਾਨ ਤੇ ਦੱਸ ਰਹੇ ਹੋ; ਮੇਰੀ ਗ਼ਰੀਬ ਦੀ ਉੱਥੇ ਕਿਸੇ ਨੇ ਭੀ ਸਿਫ਼ਾਰਸ਼ ਨਹੀਂ ਅਪੜਾਉਣੀ ਤੇ ਨਾਹ ਹੀ ਮੈਂ ਆਪ ਇਤਨੀ ਦੂਰ ਅੱਪੜ ਸਕਾਂਗਾ। ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਹੀ ਮੇਰੇ ਲਈ ਬਹਿਸ਼ਤ ਹੈ।

ਪਦ ਅਰਥ: ਸਤਰਿ ਸੈਇ ਸਲਾਰ = ਸੱਤ ਹਜ਼ਾਰ ਫ਼ਰਿਸ਼ਤੇ ਜਿਨ੍ਹਾਂ ਨੂੰ ਖ਼ੁਦਾ ਨੇ ਜਬਰਾਈਲ ਫ਼ਰਿਸ਼ਤੇ ਦੇ ਨਾਲ ਹਜ਼ਰਤ ਮੁਹੰਮਦ ਸਾਹਿਬ ਪਾਸ ਵੱਡੀ ਆਇਤ ਅਪੜਾਉਣ ਲਈ ਭੇਜਿਆ ਸੀ। ਖੇਲ ਖਾਸੀ = ਖ਼ਾਸ ਖ਼ੈਲ, ਹਾਜ਼ਰ-ਬਾਸ਼, ਮੁਸਾਹਿਬ। ਸੇਖ = ਬਜ਼ੁਰਗ, ਵਿਦਵਾਨ।1।

ਮਜਲਸਿ = ਦਰਬਾਰ। ਦੂਰਿ = (ਭਾਵ) ਸਤਵੇਂ ਅਸਮਾਨ ਤੇ। ਕੋ = ਕੌਣ?।1। ਰਹਾਉ।

ਖੇਲ = ਖ਼ੈਲ, ਆਦਮੀਆਂ ਦਾ ਗਰੋਹ। ਦਿਵਾਨਾ = ਖ਼ਾਨਾ-ਬਦੋਸ਼। ਖੇਲ ਖਾਨਾ = (ਖ਼ੈਲ ਖ਼ਾਨਹ) ਘਰ ਵਿਚ ਰਹਿਣ ਵਾਲੇ ਸੇਵਕ। ਕਿਛੁ ਨਦਰਿ ਦਿਖਾਈ = ਰਤਾ ਕੁ ਅੱਖਾਂ ਦੱਸੀਆਂ। ਉਨਿ = ਉਸ ਆਦਮ ਨੇ। ਘਨੇਰੀ = ਥੋੜੇ ਹੀ ਚਿਰ ਲਈ। ਭਿਸਤਿ ਘਨੇਰੀ ਪਾਈ = ਬਹਿਸ਼ਤ ਵਿਚੋਂ ਛੇਤੀ ਕੱਢਿਆ ਗਿਆ।2।

ਖਲਹਲੁ = ਖਲਬਲੀ, ਘਬਰਾਹਟ, ਗੜਬੜ। ਜਾ ਕੈ ਦਿਲ = ਜਿਸ ਮਨੁੱਖ ਦੇ ਦਿਲ ਵਿਚ। ਜਰਦ = ਜ਼ਰਦ, ਪੀਲਾ। ਰੂ = ਮੂੰਹ। ਬਾਨੀ = ਵੰਨ, ਰੰਗਤ। ਲੋਈ = ਜਗਤ। ਰੋਸੁ = ਗੁੱਸਾ।3।

ਭਿਖਾਰੀ = ਮੰਗਤੇ। ਦੇਉ = ਦੇਉਂ, (ਜੇ) ਮੈਂ ਦਿਆਂ। ਜਬਾਬੁ = ਉੱਤਰ, ਨਾਹ-ਨੁੱਕਰ। ਦੇਉ ਜਬਾਬੁ = (ਜੋ ਕੁਝ, ਹੇ ਪ੍ਰਭੂ! ਤੂੰ ਦੇਂਦਾ ਹੈਂ, ਉਸ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ। ਬਜਗਾਰੀ = ਗੁਨਹਗਾਰੀ। ਪਨਹ = ਪਨਾਹ, ਓਟ, ਆਸਰਾ। ਨਜੀਕਿ = (ਆਪਣੇ) ਨੇੜੇ। ਭਿਸਤੁ = (ਇਹੀ ਹੈ ਮੇਰਾ) ਬਹਿਸ਼ਤ {ਨੋਟ: ਸੰਬੰਧਕ 'ਨਜੀਕਿ' ਦਾ ਲਫ਼ਜ਼ 'ਭਿਸਤੁ' ਨਾਲ ਕੋਈ ਸੰਬੰਧ ਨਹੀਂ ਹੈ। ਜੇ ਹੁੰਦਾ, ਤਾਂ ਉਸ ਦੇ ਅਖ਼ੀਰ ਤੇ (ੁ) ਨਾਹ ਰਹਿ ਜਾਂਦਾ। ਫਿਰ ਉਸ ਦੀ ਸ਼ਕਲ ਇਉਂ ਹੁੰਦੀ = 'ਭਿਸਤ ਨਜੀਕਿ'}। ਰਹਮਾਨਾ = ਹੇ ਰਹਿਮ ਕਰਨ ਵਾਲੇ!।4।

ਅਰਥ: (ਹੇ ਭਾਈ!) ਜਿਸ ਖ਼ੁਦਾ ਦੇ ਸੱਤ ਹਜ਼ਾਰ ਫ਼ਰਿਸ਼ਤੇ (ਤੂੰ ਦੱਸਦਾ ਹੈਂ) , ਉਸ ਦੇ ਸਵਾ ਲੱਖ ਪੈਗ਼ੰਬਰ (ਤੂੰ ਆਖਦਾ ਹੈਂ) , ਅਠਾਸੀ ਕਰੋੜ ਉਸ ਦੇ (ਦਰ ਤੇ ਰਹਿਣ ਵਾਲੇ) ਬਜ਼ੁਰਗ ਆਲਿਮ ਸ਼ੇਖ਼ ਕਹੇ ਜਾ ਰਹੇ ਹਨ, ਤੇ ਛਵੰਜਾ ਕਰੋੜ ਜਿਸ ਦੇ ਮੁਸਾਹਿਬ (ਤੂੰ ਦੱਸਦਾ ਹੈਂ, ਉਸ ਦੇ ਦਰਬਾਰ ਤਕ) ।1। ;

ਮੇਰੀ ਗ਼ਰੀਬ ਦੀ ਅਰਜ਼ ਕੌਣ ਅਪੜਾਵੇਗਾ? (ਫਿਰ ਤੂੰ ਕਹਿੰਦਾ ਹੈਂ ਕਿ ਉਸ ਦਾ) ਦਰਬਾਰ ਦੂਰ (ਸਤਵੇਂ ਅਸਮਾਨ ਤੇ) ਹੈ। (ਮੈਂ ਤਾਂ ਗ਼ਰੀਬ ਜੁਲਾਹ ਹਾਂ, ਉਸ ਦਾ) ਘਰ (ਮੇਰਾ) ਕੌਣ ਲੱਭੇਗਾ?।1। ਰਹਾਉ।

(ਬੈਕੁੰਠ ਦੀਆਂ ਗੱਲਾਂ ਦੱਸਣ ਵਾਲੇ ਭੀ ਆਖਦੇ ਹਨ ਕਿ) ਤੇਤੀ ਕਰੋੜ ਦੇਵਤੇ ਉਸ ਦੇ ਸੇਵਕ ਹਨ (ਉਹਨਾਂ ਭੀ ਮੇਰੀ ਕਿੱਥੇ ਸੁਣਨੀ ਹੈ?) । ਚੌਰਾਸੀਹ ਲੱਖ ਜੂਨੀਆਂ ਦੇ ਜੀਵ (ਉਸ ਤੋਂ ਖੁੰਝੇ ਹੋਏ) ਝੱਲੇ ਹੋਏ ਫਿਰਦੇ ਹਨ। (ਹੇ ਭਾਈ! ਤੁਸੀ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਨੂੰ ਬਹਿਸ਼ਤ ਵਿਚ ਰੱਖਿਆ ਸੀ, ਪਰ ਤੁਹਾਡੇ ਹੀ ਆਖਣ ਅਨੁਸਾਰ) ਜਦੋਂ ਬਾਬਾ ਆਦਮ ਨੂੰ ਰੱਬ ਨੇ (ਉਸ ਦੀ ਹੁਕਮ-ਅਦੂਲੀ ਤੇ) ਰਤਾ ਕੁ ਅੱਖ ਵਿਖਾਈ, ਤਾਂ ਉਸ ਆਦਮ ਨੇ ਭੀ ਉਹ ਬਹਿਸ਼ਤ ਥੋੜਾ ਚਿਰ ਹੀ ਮਾਣਿਆ (ਉੱਥੋਂ ਛੇਤੀ ਕੱਢਿਆ ਗਿਆ, ਤੇ ਜੇ ਬਾਬਾ ਆਦਮ ਵਰਗੇ ਕੱਢੇ ਗਏ, ਤਾਂ ਦੱਸ, ਮੈਨੂੰ ਗ਼ਰੀਬ ਨੂੰ ਉੱਥੇ ਕੋਈ ਕਿਤਨਾ ਚਿਰ ਰਹਿਣ ਦੇਵੇਗਾ?) ।2।

(ਹੇ ਭਾਈ!) ਜੋ ਭੀ ਮਨੁੱਖ ਆਪਣੇ ਧਰਮ-ਪੁਸਤਕਾਂ (ਦੇ ਦੱਸੇ ਰਾਹ) ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ, ਜਿਸ ਦੇ ਭੀ ਦਿਲ ਵਿਚ (ਵਿਕਾਰਾਂ ਦੀ) ਗੜਬੜ ਹੈ, ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ (ਭਾਵ, ਉਹ ਹੀ ਪ੍ਰਭੂ-ਦਰ ਤੋਂ ਧੱਕਿਆ ਜਾਂਦਾ ਹੈ) ; ਮਨੁੱਖ ਆਪਣਾ ਕੀਤਾ ਆਪ ਹੀ ਪਾਂਦਾ ਹੈ, ਪਰ (ਅੰਞਾਣ-ਪੁਣੇ ਵਿਚ) ਦੁਨੀਆ ਨੂੰ ਦੋਸ਼ ਦੇਂਦਾ ਹੈ, ਜਗਤ ਤੇ ਗੁੱਸਾ ਕਰਦਾ ਹੈ।3।

ਨੋਟ: ਚੂੰਕਿ ਕਿਸੇ ਮੁਸਲਮਾਨ ਨਾਲ ਗੱਲ ਹੋ ਰਹੀ ਹੈ, ਇਸ ਵਾਸਤੇ ਧਰਮ-ਪੁਸਤਕਾਂ ਦੇ ਥਾਂ ਲਫ਼ਜ਼ 'ਕਤੇਬ' ਵਰਤਿਆ ਹੈ।

(ਹੇ ਮੇਰੇ ਪ੍ਰਭੂ! ਮੈਨੂੰ ਕਿਸੇ ਬਹਿਸ਼ਤ ਬੈਕੁੰਠ ਦੀ ਲੋੜ ਨਹੀਂ ਹੈ) ਤੂੰ ਮੇਰਾ ਦਾਤਾ ਹੈਂ, ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ (ਜੋ ਕੁਝ ਤੂੰ ਮੈਨੂੰ ਦੇ ਰਿਹਾ ਹੈਂ ਉਹੀ ਠੀਕ ਹੈ, ਤੇਰੀ ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ। ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ। ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ ਮੇਰੇ ਲਈ) ਬਹਿਸ਼ਤ ਹੈ।4।7।15।

ਨੋਟ: ਲਫ਼ਜ਼ 'ਦਾਸੁ' ਦੀ ਵਰਤੋਂ ਦੱਸਦੀ ਹੈ ਕਿ ਕਬੀਰ ਜੀ ਹਿੰਦੂ-ਘਰ ਦੇ ਜੰਮੇ-ਪਲੇ ਹੋਏ ਸਨ, ਮੁਸਲਮਾਨ ਨਹੀਂ ਸਨ।

ਨੋਟ: ਇਸ ਸ਼ਬਦ ਵਿਚ ਮੁਸਲਮਾਨਾਂ ਦੇ ਮਿਥੇ ਹੋਏ ਬਹਿਸ਼ਤ ਨੂੰ ਰੱਦ ਕੇ ਅਗਲੇ ਸ਼ਬਦ ਵਿਚ ਹਿੰਦੂਆਂ ਦੇ ਮਿਥੇ ਬੈਕੁੰਠ ਦਾ ਜ਼ਿਕਰ ਕਰਦੇ ਹਨ।

ਸਭੁ ਕੋਈ ਚਲਨ ਕਹਤ ਹੈ ਊਹਾਂ ॥ ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥ ਆਪ ਆਪ ਕਾ ਮਰਮੁ ਨ ਜਾਨਾਂ ॥ ਬਾਤਨ ਹੀ ਬੈਕੁੰਠੁ ਬਖਾਨਾਂ ॥੧॥ ਜਬ ਲਗੁ ਮਨ ਬੈਕੁੰਠ ਕੀ ਆਸ ॥ ਤਬ ਲਗੁ ਨਾਹੀ ਚਰਨ ਨਿਵਾਸ ॥੨॥ ਖਾਈ ਕੋਟੁ ਨ ਪਰਲ ਪਗਾਰਾ ॥ ਨਾ ਜਾਨਉ ਬੈਕੁੰਠ ਦੁਆਰਾ ॥੩॥ ਕਹਿ ਕਮੀਰ ਅਬ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥ {ਪੰਨਾ 1161}

ਪਦ ਅਰਥ: ਸਭੁ ਕੋਈ = ਹਰ ਕੋਈ, ਹਰੇਕ ਬੰਦਾ। ਊਹਾਂ = ਉਸ ਬੈਕੁੰਠ ਵਿਚ। ਨਾ ਜਾਨਉ = ਮੈਂ ਨਹੀਂ ਜਾਣਦਾ, ਮੈਨੂੰ ਤਾਂ ਪਤਾ ਨਹੀਂ। ਕਹਾਂ = ਕਿੱਥੇ?।1। ਰਹਾਉ।

ਮਰਮੁ = ਭੇਦ। ਬਾਤਨ ਹੀ = ਨਿਰੀਆਂ ਗੱਲਾਂ ਨਾਲ। ਬਖਾਨਾਂ = ਬਿਆਨ ਕਰ ਰਹੇ ਹਨ।1।

ਮਨ = ਹੇ ਮਨ!।2।

ਖਾਈ = ਕਿਲ੍ਹੇ ਦੇ ਦੁਆਲੇ ਡੂੰਘੀ ਤੇ ਚੌੜੀ ਖਾਈ ਜੋ ਕਿਲ੍ਹੇ ਦੀ ਰਾਖੀ ਲਈ ਪਾਣੀ ਨਾਲ ਭਰੀ ਰੱਖੀਦੀ ਹੈ। ਕੋਟੁ = ਕਿਲ੍ਹਾ। ਪਰਲ = {Skt. pÑl = A large granary. piÑl = A town, city} ਸ਼ਹਿਰ। ਪਗਾਰਾ = {Skt. pRwkwr = A rampart} ਫ਼ਸੀਲ, ਸ਼ਹਿਰ ਦੀ ਵੱਡੀ ਦੀਵਾਰ ਚੁਫੇਰੇ ਦੀ।3।

ਕਮੀਰ = ਕਬੀਰ। ਕਾਹਿ = ਕਿਸ ਨੂੰ? ਆਹਿ = ਹੈ।4।

ਨੋਟ: ਕਈ ਸੱਜਨ 'ਪਰਲਪ ਗਾਰਾ' ਪਾਠ ਕਰ ਕੇ ਅਰਥ ਕਰਦੇ ਹਨ 'ਗਾਰੇ ਨਾਲ ਚੰਗੀ ਤਰ੍ਹਾਂ ਲਿਪਿਆ ਹੋਇਆ'। ਪਰ ਇਹ ਫਬਦਾ ਨਹੀਂ ਹੈ। ਕਿਲ੍ਹੇ ਨੂੰ ਗਾਰੇ ਨਾਲ ਲਿੰਬਣ ਵਿਚ ਕੋਈ ਖ਼ੂਬਸੂਰਤੀ ਨਹੀਂ ਜਾਪਦੀ। ਲੋਕਾਂ ਦਾ ਮਿਥਿਆ ਹੋਇਆ ਬੈਕੁੰਠ ਇਕ ਸੁੰਦਰ ਸੁਹਣਾ ਸ਼ਹਿਰ ਹੋਣਾ ਚਾਹੀਦਾ ਹੈ, ਗਾਰੇ ਨਾਲ ਲਿੰਬੇ ਹੋਏ ਕੱਚੇ ਕੋਠੇ ਤਾਂ ਧਰਤੀ ਉੱਤੇ ਭੀ ਕੰਗਾਲ ਗ਼ਰੀਬਾਂ ਦੇ ਹੀ ਹਨ। ਉਹ ਬੈਕੁੰਠ ਕਾਹਦਾ ਜਿੱਥੇ ਕੱਚੇ ਹੀ ਕੋਠੇ ਹੋਣਗੇ?

ਅਰਥ: ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ। ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ।1। ਰਹਾਉ।

(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ, ਨਿਰੀਆਂ ਗੱਲਾਂ ਨਾਲ ਹੀ 'ਬੈਕੁੰਠ' ਆਖ ਰਹੇ ਹਨ।1।

ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ।2।

ਮੈਨੂੰ ਤਾਂ ਪਤਾ ਨਹੀਂ (ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ, ਤੇ ਕਿਹੋ ਜਿਹੀ ਉਸ ਦੇ ਦੁਆਲੇ ਖਾਈ ਹੈ।3।

ਕਬੀਰ ਆਖਦਾ ਹੈ– (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ।4।8। 16।

ਕਿਉ ਲੀਜੈ ਗਢੁ ਬੰਕਾ ਭਾਈ ॥ ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥ ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥ ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥ ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥ ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥ ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥ {ਪੰਨਾ 1161}

ਪਦ ਅਰਥ: ਕਿਉ ਲੀਜੈ = ਕਿਵੇਂ ਜਿੱਤਿਆ ਜਾਏ? ਕਾਬੂ ਕਰਨਾ ਬੜਾ ਔਖਾ ਹੈ। ਗਢੁ = ਕਿਲ੍ਹਾ। ਬੰਕਾ = ਪੱਕਾ। ਭਾਈ = ਹੇ ਭਾਈ! ਦੋਵਰ ਕੋਟ = ਦ੍ਵੈਤ ਦੀ ਦੋਹਰੀ ਕੰਧ (ਫ਼ਸੀਲ) । ਤੇਵਰ ਖਾਈ = ਤਿੰਨ ਗੁਣਾਂ ਦੀ ਤੇਹਰੀ ਖਾਈ। ਖਾਈ = ਡੂੰਘੀ ਤੇ ਚੌੜੀ ਖ਼ਾਲੀ ਥਾਂ ਜੋ ਕਿਲ੍ਹੇ ਦੀ ਹਿਫ਼ਾਜ਼ਤ ਵਾਸਤੇ ਹੁੰਦੀ ਹੈ, ਤੇ ਪਾਣੀ ਨਾਲ ਭਰੀ ਰਹਿੰਦੀ ਹੈ।1। ਰਹਾਉ।

ਪਾਂਚ = ਪੰਜ (ਕਾਮਾਦਿਕ) । ਪਚੀਸ = ਸਾਂਖ ਮਤ ਦੇ ਮਿਥੇ 25 ਤੱਤ। ਮਦ = ਅਹੰਕਾਰ ਦਾ ਨਸ਼ਾ। ਮਤਸਰ = ਈਰਖਾ। ਆਡੀ = ਆੜ, ਛਹੀ, ਜਿਸ ਦਾ ਆਸਰਾ ਲੈ ਕੇ ਫ਼ੌਜਾਂ ਲੜਦੀਆਂ ਹਨ।1।

ਕਿਵਾਰੀ = ਕਿਵਾੜ ਦਾ ਰਾਖਾ, ਕਿਵਾੜ ਖੌਲ੍ਹਣ ਵਾਲਾ। ਦਰਵਾਨੀ = ਪਹਿਰੇਦਾਰ। ਦੁੰਦਰ = ਲੜਾਕਾ। ਤਹ = ਉਸ ਕਿਲ੍ਹੇ ਵਿਚ। ਮਾਵਾਸੀ = ਆਕੀ।2।

ਸਨਾਹ = ਜ਼ਿਰਹ-ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਪੁਸ਼ਾਕ ਜੋ ਜੰਗ ਸਮੇ ਪਹਿਨੀਦੀ ਹੈ। ਮਮਤਾ = ਅਪਣੱਤ। ਕੁਬੁਧਿ = ਖੋਟੀ ਮੱਤ। ਚਢਾਈ = ਤਾਣੀ ਹੋਈ ਹੈ। ਤਿਸਨਾ = ਤ੍ਰਿਸ਼ਨਾ, ਲਾਲਚ। ਘਟ ਭੀਤਰਿ = ਹਿਰਦੇ ਵਿਚ।3।

ਬ੍ਰਹਮ ਅਗਨਿ = ਰੱਬੀ-ਜੋਤ। ਸਹਜੇ = ਸਹਿਜ ਅਵਸਥਾ ਵਿਚ (ਅੱਪੜ ਕੇ) । ਪਰਜਾਲੀ = ਚੰਗੀ ਤਰ੍ਹਾਂ ਬਾਲੀ।4।

ਦੁਇ = ਦੋਵੇਂ।5।

ਭਗਵਤ ਭੀਰਿ = ਭਗਵਾਨ ਦਾ ਸਿਮਰਨ ਕਰਨ ਵਾਲਿਆਂ ਦੀ ਭੀੜ, ਸਾਧ-ਸੰਗਤ। ਸਕਤਿ = ਤਾਕਤ। ਅਬਨਾਸੀ = ਨਾਹ ਨਾਸ ਹੋਣ ਵਾਲਾ।6।

ਅਰਥ: ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ। ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ।1। ਰਹਾਉ।

ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ) । ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ,) ਮੈਂ ਕੀਹ ਕਰਾਂ?।1।

ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ, ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ।2।

(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ) , ਮਮਤਾ ਦਾ ਟੋਪ (ਪਾਇਆ ਹੋਇਆ ਹੈ) , ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ, ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ।3।

(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ, ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ।4।

ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ, ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ।5।

ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ। ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ) , ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ।6।9। 17।

ਨੋਟ: ਪਚੀਸ = ਸਾਂਖ ਮਤ ਦੇ ਮਿਥੇ 25 ਤੱਤ:

1. ਪ੍ਰਕ੍ਰਿਤੀ (ਕੁਦਰਤ, ਜਿਸ ਤੋਂ ਸਭ ਵਸਤਾਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ ਅਤੇ ਜੋ ਸਤ-ਰਜ-ਤਮ ਤਿੰਨ ਗੁਣਾਂ ਦੀ ਸਮ ਅਵਸਥਾ-ਰੂਪ ਹੈ) ।

2. ਮਹੱਤੱਤ (ਇਹ ਤੱਤ ਸਰੀਰ ਵਿਚ ਬੁੱਧੀ ਰੂਪ ਵਿਚ ਟਿਕਿਆ ਹੋਇਆ ਹੈ; ਪ੍ਰਕ੍ਰਿਤੀ ਵਿਚ ਹਿਲਜੁਲ ਦੇ ਕਾਰਨ ਇਹ ਤੱਤ ਪੈਦਾ ਹੋਇਆ) ।

3. ਅਹੰਕਾਰ (ਜਿਸ ਦਾ ਰੂਪ 'ਹਉਮੈ' ਹੈ) ।

4-8. ਪੰਜ ਤਨਮਾਤ੍ਰ (ਰੂਪ, ਰਸ, ਗੰਧ, ਸਪਰਸ਼, ਸ਼ਬਦ) । {ਤਨਮਾਤ੍ਰ = ਸਾਂਖ ਮਤ ਅਨੁਸਾਰ ਪੰਜ ਤੱਤਾਂ ਦਾ ਆਦਿ ਰੂਪ ਜਿਨ੍ਹਾਂ ਵਿਚ ਕੋਈ ਮਿਲਾਵਟ ਨਾਹ ਹੋਈ ਹੋਵੇ = ਰੂਪ, ਰਸ, ਗੰਧ, ਸਪਰਸ਼, ਸ਼ਬਦ। ਸਾਂਖ ਅਨੁਸਾਰ ਪ੍ਰਕ੍ਰਿਤੀ ਤੋਂ ਮਹੱਤੱਤ ਪੈਦਾ ਹੋਇਆ, ਮਹੱਤੱਤ ਤੋਂ ਅਹੰਕਾਰ ਅਤੇ ਅਹੰਕਾਰ ਤੋਂ 16 ਪਦਾਰਥ: ਪੰਜ ਗਿਆਨ ਇੰਦ੍ਰੇ, ਕਰਮ ਇੰਦ੍ਰੇ, ਪੰਜ ਤਨਮਾਤ੍ਰ ਅਤੇ ਇਕ ਮਨ। }

9-19. ਗਿਆਰਾਂ ਇੰਦ੍ਰੀਆਂ = ਪੰਜ ਗਿਆਨ ਇੰਦ੍ਰੇ, ਪੰਜ ਕਰਮ ਇੰਦ੍ਰੇ, ਇੱਕ ਮਨ।

20-24. ਪੰਜ ਮਹਾ ਭੂਤ = ਪ੍ਰਿਥਵੀ, ਜਲ, ਅਗਨਿ, ਪਵਨ, ਆਕਾਸ਼।

25. ਪੁਰਸ਼ (ਚੇਤਨ-ਸ਼ਕਤੀ)

ਸਾਂਖ ਅਨੁਸਾਰ ਜਗਤ ਨਿੱਤ ਹੈ, ਪਰਿਣਾਮ-ਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ। ਪ੍ਰਕ੍ਰਿਤੀ ਨੂੰ ਪੁਰਸ਼ ਦੀ, ਪੁਰਸ਼ ਨੂੰ ਪ੍ਰਕ੍ਰਿਤੀ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ। ਇਕੱਲੇ ਦੋਵੇਂ ਨਿਸਫਲ ਹਨ। ਜੀਵਾਤਮਾ ਹਰੇਕ ਸਰੀਰ ਵਿਚ ਵੱਖ ਵੱਖ ਹਨ।

ਬੁੱਧੀ, ਅਹੰਕਾਰ, ਗਿਆਰਾਂ ਇੰਦ੍ਰੀਆਂ, ਪੰਜ ਤਨਮਾਤ੍ਰ = ਇਹਨਾਂ ਅਠਾਰਾਂ ਦਾ ਸਮੁਦਾਈ ਸੂਖਮ ਸਰੀਰ ਹੈ। ਇਹੀ ਸੂਖਮ ਸਰੀਰ ਕਰਮ ਅਤੇ ਗਿਆਨ ਦਾ ਆਸਰਾ ਹੈ। ਸਬੂਲ ਸਰੀਰ ਦੇ ਨਾਸ ਹੋਇਆਂ ਇਸ ਦਾ ਨਾਸ ਨਹੀਂ ਹੁੰਦਾ। ਕਰਮ ਅਤੇ ਗਿਆਨ-ਵਾਸ਼ਨਾ ਦਾ ਪ੍ਰੇਰਿਆ ਹੋਇਆ ਸੂਖਮ ਸਰੀਰ ਇਕ ਸਥੂਲ ਸਰੀਰ ਵਿਚੋਂ ਨਿਕਲ ਕੇ ਦੂਜੇ ਵਿਚ ਜਾ ਪ੍ਰਵੇਸ਼ ਕਰਦਾ ਹੈ। ਪ੍ਰਲੈ ਤਕ ਇਸ ਦਾ ਨਾਸ ਨਹੀਂ ਹੁੰਦਾ। ਪ੍ਰਲੈ ਸਮੇ ਇਹ ਪ੍ਰਕ੍ਰਿਤੀ ਵਿਚ ਲੀਨ ਹੋ ਜਾਂਦਾ ਹੈ। ਸ੍ਰਿਸ਼ਟੀ ਦੀ ਉਤਪੱਤੀ ਵੇਲੇ ਫਿਰ ਨਵੇਂ ਸਿਰੇ ਪੈਦਾ ਹੋ ਜਾਂਦਾ ਹੈ।

ਜਦੋਂ ਪੁਰਸ਼ ਵਿਵੇਕ ਨਾਲ ਆਪਣੇ ਆਪ ਨੂੰ ਪ੍ਰਕ੍ਰਿਤੀ ਅਤੇ ਉਸ ਦੇ ਕਾਰਜਾਂ ਤੋਂ ਵੱਖਰਾ ਵੇਖਦਾ ਹੈ, ਤਦੋਂ ਬੁੱਧੀ ਦੇ ਕਾਰਨ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ ਇਸ ਭਿੰਨਤਾ ਦਾ ਨਾਮ ਮੁਕਤੀ ਹੈ।

TOP OF PAGE

Sri Guru Granth Darpan, by Professor Sahib Singh