ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1162 ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ {ਪੰਨਾ 1162} ਨੋਟ: ਕਬੀਰ ਜੀ ਸਾਰੀ ਉਮਰ ਧਾਰਮਿਕ ਜ਼ਾਹਰਦਾਰੀ, ਭੇਖ, ਕਰਮ-ਕਾਂਡ ਆਦਿਕ ਨੂੰ ਵਿਅਰਥ ਆਖਦੇ ਰਹੇ। ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਤੋਂ ਨਹੀਂ ਡਰੇ। ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਦੇ ਲੋਕ ਇਹਨਾਂ ਦੇ ਵਿਰੋਧੀ ਬਣ ਜਾਣ। ਉਹਨਾਂ ਵਲੋਂ ਆਏ ਕਿਸੇ ਕਸ਼ਟ ਦਾ ਇਸ ਸ਼ਬਦ ਵਿਚ ਜ਼ਿਕਰ ਹੈ, ਤੇ ਫ਼ੁਰਮਾਂਦੇ ਹਨ ਕਿ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ ਉਹ ਕਿਸੇ ਮੁਸੀਬਤ ਵਿਚ ਡੋਲਦਾ ਨਹੀਂ। ਪਦ ਅਰਥ: ਗੁਸਾਇਨਿ = ਜਗਤ ਦੀ ਮਾਤਾ। ਗੋਸਾਈ = ਜਗਤ ਦਾ ਮਾਲਕ। {ਨੋਟ: ਲਫ਼ਜ਼ 'ਗੋਸਾਈ' ਤੋਂ 'ਗੁਸਾਇਨ' ਇਸਤ੍ਰੀ-ਲਿੰਗ ਹੈ}। ਗਹਿਰ = ਡੂੰਘੀ। ਖਰੇ = ਲੈ ਗਏ। ਡਿਗੈ = ਡੋਲਦਾ। ਰਹਾਉ। ਮ੍ਰਿਗਛਾਲਾ = ਹਰਨ ਦੀ ਖੱਲ।2। ਰਘੁਨਾਥ = ਪਰਮਾਤਮਾ।3। ਅਰਥ: (ਹੇ ਭਾਈ!) ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਰਹਾਉ। (ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ 'ਮਾਤਾ' ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ।1। (ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ, ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ।2। ਕਬੀਰ ਆਖਦਾ ਹੈ– (ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ। ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ।3।10। 18। ਭੈਰਉ ਕਬੀਰ ਜੀਉ ਅਸਟਪਦੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਅਗਮ ਦ੍ਰੁਗਮ ਗੜਿ ਰਚਿਓ ਬਾਸ ॥ ਜਾ ਮਹਿ ਜੋਤਿ ਕਰੇ ਪਰਗਾਸ ॥ ਬਿਜੁਲੀ ਚਮਕੈ ਹੋਇ ਅਨੰਦੁ ॥ ਜਿਹ ਪਉੜ੍ਹ੍ਹੇ ਪ੍ਰਭ ਬਾਲ ਗੋਬਿੰਦ ॥੧॥ ਇਹੁ ਜੀਉ ਰਾਮ ਨਾਮ ਲਿਵ ਲਾਗੈ ॥ ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥ ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥ ਹਉਮੈ ਗਾਵਨਿ ਗਾਵਹਿ ਗੀਤ ॥ ਅਨਹਦ ਸਬਦ ਹੋਤ ਝੁਨਕਾਰ ॥ ਜਿਹ ਪਉੜ੍ਹ੍ਹੇ ਪ੍ਰਭ ਸ੍ਰੀ ਗੋਪਾਲ ॥੨॥ ਖੰਡਲ ਮੰਡਲ ਮੰਡਲ ਮੰਡਾ ॥ ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ ਅਗਮ ਅਗੋਚਰੁ ਰਹਿਆ ਅਭ ਅੰਤ ॥ ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥ ਕਦਲੀ ਪੁਹਪ ਧੂਪ ਪਰਗਾਸ ॥ ਰਜ ਪੰਕਜ ਮਹਿ ਲੀਓ ਨਿਵਾਸ ॥ ਦੁਆਦਸ ਦਲ ਅਭ ਅੰਤਰਿ ਮੰਤ ॥ ਜਹ ਪਉੜੇ ਸ੍ਰੀ ਕਮਲਾ ਕੰਤ ॥੪॥ ਅਰਧ ਉਰਧ ਮੁਖਿ ਲਾਗੋ ਕਾਸੁ ॥ ਸੁੰਨ ਮੰਡਲ ਮਹਿ ਕਰਿ ਪਰਗਾਸੁ ॥ ਊਹਾਂ ਸੂਰਜ ਨਾਹੀ ਚੰਦ ॥ ਆਦਿ ਨਿਰੰਜਨੁ ਕਰੈ ਅਨੰਦ ॥੫॥ ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥ ਮਾਨ ਸਰੋਵਰਿ ਕਰਿ ਇਸਨਾਨੁ ॥ ਸੋਹੰ ਸੋ ਜਾ ਕਉ ਹੈ ਜਾਪ ॥ ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥ ਅਬਰਨ ਬਰਨ ਘਾਮ ਨਹੀ ਛਾਮ ॥ ਅਵਰ ਨ ਪਾਈਐ ਗੁਰ ਕੀ ਸਾਮ ॥ ਟਾਰੀ ਨ ਟਰੈ ਆਵੈ ਨ ਜਾਇ ॥ ਸੁੰਨ ਸਹਜ ਮਹਿ ਰਹਿਓ ਸਮਾਇ ॥੭॥ ਮਨ ਮਧੇ ਜਾਨੈ ਜੇ ਕੋਇ ॥ ਜੋ ਬੋਲੈ ਸੋ ਆਪੈ ਹੋਇ ॥ ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥ ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥ {ਪੰਨਾ 1162} ਪਦ ਅਰਥ: ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ। ਦ੍ਰੁਗਮ = ਦੁਰਗਮ, ਜਿਸ ਤਕ ਅੱਪੜਨਾ ਮੁਸ਼ਕਲ ਹੋਵੇ। ਗੜਿ = ਕਿਲ੍ਹੇ ਵਿਚ। ਬਾਸ = ਵਿਸੇਬਾ, ਰਿਹਾਇਸ਼। ਜਾ ਮਹਿ = ਜਿਸ (ਮਨੁੱਖ ਦੇ ਹਿਰਦੇ) ਵਿਚ। ਜਿਹ ਪਉੜ੍ਹ੍ਹੇ = ਜਿਸ ਟਿਕਾਣੇ ਤੇ, ਜਿਸ ਹਿਰਦੇ ਵਿਚ।1। ਜੀਉ = ਜੀਵ। ਜਰਾ = ਬੁਢੇਪਾ। ਮਰਨੁ = ਮੌਤ। ਭ੍ਰਮੁ = ਭਟਕਣਾ।1। ਰਹਾਉ। ਅਬਰਨ ਬਰਨ ਸਿਉ = ਨੀਵੀਂ ਤੇ ਉੱਚੀ ਜਾਤ ਨਾਲ। ਅਬਰਨ = ਨੀਵੀਂ ਜਾਤ। ਸਿਉ = ਨਾਲ। ਹਉਮੈ ਗੀਤ ਗਾਵਨਿ = ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਅਨਹਦ = ਇੱਕ-ਰਸ। ਝੁਨਕਾਰ = ਸੁੰਦਰ ਰਾਗ।2। ਮੰਡਾ = ਬਣਾਏ ਹਨ। ਤ੍ਰਿਅ ਅਸਥਾਨ = ਤਿੰਨੇ ਭਵਨ। ਅਭ ਅੰਤ = ('ਰਾਮ ਨਾਮ' ਨਾਲ 'ਲਿਵ' ਲਾਣ ਵਾਲੇ ਦੇ) ਹਿਰਦੇ ਵਿਚ। ਅਭ = ਹਿਰਦਾ। ਅੰਤ = ਅੰਤਰਿ। ਧਰਨੀਧਰ ਮੰਤ = ਧਰਤੀ-ਦੇ-ਆਸਰੇ-ਪ੍ਰਭੂ ਦੇ ਭੇਤ ਦਾ।3। ਕਦਲੀ = ਕੇਲਾ। ਪੁਹਪ = ਫੁੱਲ। ਧੂਪ = ਸੁਗੰਧੀ। ਰਜ = ਮਕਰੰਦ, ਫੁੱਲ ਦੇ ਅੰਦਰ ਦੀ ਧੂੜ। ਪੰਕਜ = ਕੌਲ-ਫੁੱਲ। {ਪੰਕ = ਚਿੱਕੜ। ਜ = ਜੰਮਿਆ ਹੋਇਆ। ਚਿੱਕੜ ਵਿਚ ਉੱਗਿਆ ਹੋਇਆ}। ਦੁਆਦਸ ਦਲ ਅਭ = ਬਾਰ੍ਹਾਂ ਪੱਤੀਆਂ ਵਾਲਾ (ਕੌਲ-ਫੁੱਲ-ਰੂਪ) ਹਿਰਦਾ, ਪੂਰਨ ਤੌਰ ਤੇ ਖਿੜਿਆ ਹਿਰਦਾ। ਦੁਆਦਸ = ਬਾਰ੍ਹਾਂ। ਦਲ = ਪੱਤੀਆਂ। ਕਮਲਾ ਕੰਤ = ਲੱਛਮੀ ਦਾ ਪਤੀ, ਪਰਮਾਤਮਾ।4। ਅਰਧ = ਹੇਠਾਂ। ਉਰਧ = ਉਤਾਂਹ। ਮੁਖਿ ਲਾਗੋ = ਦਿੱਸਦਾ ਹੈ। ਕਾਸ = ਚਾਨਣ, ਪ੍ਰਕਾਸ਼।5। ਬ੍ਰਹਮੰਡਿ = ਸਾਰੇ ਜਗਤ ਵਿਚ। ਪਿੰਡਿ = ਸਰੀਰ ਵਿਚ। ਜਾਨੁ = ਜਾਣਦਾ ਹੈ। ਮਾਨਸਰੋਵਰਿ = ਮਾਨਸਰੋਵਰ ਵਿਚ। ਕਰਿ = ਕਰੇ, ਕਰਦਾ ਹੈ। ਜਾ ਕਉ = ਜਿਸ ਮਨੁੱਖ ਦਾ। ਸੋ ਹੰ ਸੋ = ਉਹ ਮੈਂ ਉਹ।6। ਘਾਮ = ਗਰਮੀ, ਧੁੱਪ। ਛਾਮ = ਛਾਂ। ਘਾਮ ਛਾਮ = ਦੁੱਖ-ਸੁਖ। ਸਾਮ = ਸ਼ਰਨ। ਟਾਰੀ = ਟਾਲੀ ਹੋਈ। ਨ ਟਰੈ = ਹਟਦੀ ਨਹੀਂ।7। ਮੰਤ੍ਰਿ = (ਗੁਰੂ ਦੇ) ਮੰਤ੍ਰ ਦੁਆਰਾ। ਮਨਿ = ਮਨ ਵਿਚ।8। ਨੋਟ: ਸ਼ਬਦ ਦਾ ਕੇਂਦਰੀ ਖ਼ਿਆਲ 'ਰਹਾਉ' ਦੀ ਤੁਕ ਵਿਚ ਹੈ। ਅਰਥ: (ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜਦਾ ਹੈ, ਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ।1। ਰਹਾਉ। (ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ, ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ ਉਸ ਦੇ ਅੰਦਰ, ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ, ਉਹ ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ।1। ਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ, ਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ, ਉੱਥੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ।2। ਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ, ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ, ਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ) । ਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ।3। (ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ ਉਸ ਮਨੁੱਖ ਦੇ ਪੂਰਨ ਤੌਰ ਤੇ ਖਿੜੇ ਹੋਏ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹੈ ਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ, ਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ।4। (ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ, ਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹੈ (ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ) । ਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ।5। ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ) , (ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ, ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ) ਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ) , ਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ।6। ('ਲਿਵ ਦਾ ਸਦਕਾ') ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ। ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ। ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ। ਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ।7। ਕਬੀਰ ਆਖਦਾ ਹੈ– ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ, ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ; ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ।8।1। ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਲਿਖਦੇ ਹਨ– "ਇਸ ਸ਼ਬਦ ਅੰਦਰ ਜੋਗ-ਅੱਭਿਆਸ ਦਾ ਪੂਰਨ ਮੰਡਨ ਹੈ, ਪਰ ਗੁਰਮਤਿ ਇਸ ਦਾ ਜ਼ੋਰਦਾਰ ਖੰਡਨ ਕਰਦੀ ਹੈ। ਸਿੱਖ ਧਰਮ ਵਿਚ ਉਕਤ ਹਠ-ਜੋਗ ਕਰਮ ਨੂੰ ਨਿੰਦਿਆ ਹੈ, ਪਰ ਭਗਤ ਜੀ ਪਰਚਾਰ ਕਰਦੇ ਹਨ। " ਸ਼ਬਦ ਦੇ ਅਰਥ ਪਾਠਕਾਂ ਦੇ ਸਾਹਮਣੇ ਹਨ। ਬੜਾ ਮੁਸ਼ਕਲ ਸ਼ਬਦ ਹੈ। ਠੀਕ ਅਰਥ ਸਮਝਣ ਦਾ ਜਤਨ ਨਾਹ ਕਰਨ ਕਰਕੇ ਹੀ ਸ਼ਾਇਦ ਵਿਰੋਧੀ ਸੱਜਣ ਜੀ ਭੁਲੇਖਾ ਖਾ ਗਏ ਹਨ। ਜਦੋਂ ਪਾਠਕ ਸੱਜਣ ਇਸ ਅਸੂਲ ਨੂੰ ਚੇਤੇ ਰੱਖਣਗੇ ਕਿ 'ਰਹਾਉ' ਦੀ ਤੁਕ ਵਾਲੇ ਕੇਂਦਰੀ ਖ਼ਿਆਲ ਦੀ ਸਾਰੇ ਸ਼ਬਦ ਵਿਚ ਵਿਆਖਿਆ ਹੈ, ਤਾਂ ਇੱਥੇ ਕਿਸੇ ਜੋਗ-ਅੱਭਿਆਸ ਦੇ ਪਰਚਾਰ ਦਾ ਭੁਲੇਖਾ ਨਹੀਂ ਪਵੇਗਾ। ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥੧॥ ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥ ਕੋਟਿ ਚੰਦ੍ਰਮੇ ਕਰਹਿ ਚਰਾਕ ॥ ਸੁਰ ਤੇਤੀਸਉ ਜੇਵਹਿ ਪਾਕ ॥ ਨਵ ਗ੍ਰਹ ਕੋਟਿ ਠਾਢੇ ਦਰਬਾਰ ॥ ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥ ਪਵਨ ਕੋਟਿ ਚਉਬਾਰੇ ਫਿਰਹਿ ॥ ਬਾਸਕ ਕੋਟਿ ਸੇਜ ਬਿਸਥਰਹਿ ॥ ਸਮੁੰਦ ਕੋਟਿ ਜਾ ਕੇ ਪਾਨੀਹਾਰ ॥ ਰੋਮਾਵਲਿ ਕੋਟਿ ਅਠਾਰਹ ਭਾਰ ॥੩॥ ਕੋਟਿ ਕਮੇਰ ਭਰਹਿ ਭੰਡਾਰ ॥ ਕੋਟਿਕ ਲਖਿਮੀ ਕਰੈ ਸੀਗਾਰ ॥ ਕੋਟਿਕ ਪਾਪ ਪੁੰਨ ਬਹੁ ਹਿਰਹਿ ॥ ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥ ਛਪਨ ਕੋਟਿ ਜਾ ਕੈ ਪ੍ਰਤਿਹਾਰ ॥ ਨਗਰੀ ਨਗਰੀ ਖਿਅਤ ਅਪਾਰ ॥ ਲਟ ਛੂਟੀ ਵਰਤੈ ਬਿਕਰਾਲ ॥ ਕੋਟਿ ਕਲਾ ਖੇਲੈ ਗੋਪਾਲ ॥੫॥ ਕੋਟਿ ਜਗ ਜਾ ਕੈ ਦਰਬਾਰ ॥ ਗੰਧ੍ਰਬ ਕੋਟਿ ਕਰਹਿ ਜੈਕਾਰ ॥ ਬਿਦਿਆ ਕੋਟਿ ਸਭੈ ਗੁਨ ਕਹੈ ॥ ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥ ਬਾਵਨ ਕੋਟਿ ਜਾ ਕੈ ਰੋਮਾਵਲੀ ॥ ਰਾਵਨ ਸੈਨਾ ਜਹ ਤੇ ਛਲੀ ॥ ਸਹਸ ਕੋਟਿ ਬਹੁ ਕਹਤ ਪੁਰਾਨ ॥ ਦੁਰਜੋਧਨ ਕਾ ਮਥਿਆ ਮਾਨੁ ॥੭॥ ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ ਅੰਤਰ ਅੰਤਰਿ ਮਨਸਾ ਹਰਹਿ ॥ ਕਹਿ ਕਬੀਰ ਸੁਨਿ ਸਾਰਿਗਪਾਨ ॥ ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥ {ਪੰਨਾ 1162-1163} ਪਦ ਅਰਥ: ਕੋਟਿ = ਕ੍ਰੋੜਾਂ। ਸੂਰ = ਸੂਰਜ। ਜਾ ਕੈ = ਜਿਸ ਦੇ ਦਰ ਤੇ। ਮਹਾਦੇਵ = ਸ਼ਿਵ। ਕਬਿਲਾਸ = ਕੈਲਾਸ਼। ਮਰਦਨੁ = ਮਾਲਸ਼, ਚਰਨ ਮਲਣਾ।1। ਜਉ = ਜਦੋਂ। ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਆਨ = ਹੋਰ। ਕਾਮ = ਗ਼ਰਜ਼।1। ਰਹਾਉ। ਚਰਾਕ = ਚਰਾਗ਼, ਰੌਸ਼ਨੀ, ਦੀਵੇ ਦੀ ਰੌਸ਼ਨੀ। ਸੁਰ ਤੇਤੀਸ = ਤੇਤੀ ਕ੍ਰੋੜ ਦੇਵਤੇ। ਉਜੇਵਹਿ = ਛਕਦੇ ਹਨ। ਪਾਕ = ਭੋਜਨ। ਠਾਢੇ = ਖਾੜੇ ਹਨ। ਪ੍ਰਤਿਹਾਰ = ਦਰਬਾਨ।2। ਬਾਸਕ = ਸ਼ੇਸ਼ਨਾਗ। ਬਿਸਥਰਹਿ = ਵਿਛਾਉਂਦੇ ਹਨ। ਪਾਨੀਹਾਰ = ਪਾਣੀ ਭਰਨ ਵਾਲੇ। ਰੋਮਾਵਲਿ = ਰੋਮਾਂ ਦੀ ਕਤਾਰ, ਜਿਸਮ ਦੇ ਰੋਮ। ਅਠਾਰਹ ਭਾਰ = ਸਾਰੀ ਬਨਸਪਤੀ।3। ਕਮੇਰ = ਧਨ ਦਾ ਦੇਵਤਾ। ਹਿਰਹਿ = ਹੇਰਹਿ, ਤੱਕ ਰਹੇ ਹਨ।4। ਛਪਨ ਕੋਟਿ = ਛਵੰਜਾ ਕ੍ਰੋੜ ਮੇਘ ਮਾਲਾ। ਖਿਅਤ = ਚਮਕ। ਲਟ ਛੂਟੀ = ਲਿਟਾਂ ਖੋਲ੍ਹ ਕੇ। ਬਿਕਰਾਲ = ਡਰਾਉਣੀਆਂ (ਕਾਲੀ ਦੇਵੀਆਂ) । ਕਲਾ = ਸ਼ਕਤੀਆਂ।5। ਗੰਧ੍ਰਬ = ਦੇਵਤਿਆਂ ਦੇ ਰਾਗੀ।6। ਬਾਵਨ = ਵਾਮਨ ਅਵਤਾਰ। ਜਹ ਤੇ = ਜਿਸ ਸ੍ਰੀ ਰਾਮ ਚੰਦਰ ਤੋਂ। ਸਹਸ = ਹਜ਼ਾਰਾਂ। ਮਥਿਆ = (ਜਿਸ ਸ੍ਰੀ ਕ੍ਰਿਸ਼ਨ ਜੀ ਨੇ) ਨਾਸ ਕੀਤਾ।7। ਕੰਦ੍ਰਪ = ਕਾਮ ਦੇਵਤਾ। ਲਵੈ ਨ ਧਰਹਿ = (ਸੁੰਦਰਤਾ ਦੀ) ਬਰਾਬਰੀ ਨਹੀਂ ਕਰ ਸਕਦੇ। ਅੰਤਰ ਅੰਤਰਿ ਮਨਸਾ = ਲੋਕਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ। ਅੰਤਰ = ਅੰਦਰਲਾ, ਹਿਰਦਾ। ਅੰਤਰਿ = ਅੰਦਰ। ਹਰਹਿ = (ਜੋ ਕਾਮਦੇਵ) ਚੁਰਾ ਲੈਂਦੇ ਹਨ।8। ਅਰਥ: ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ, ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ।1। ਰਹਾਉ। (ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ, ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ; ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ।1। (ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ, ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ, ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ, ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ।2। (ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ, ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ, ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ।3। (ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ, ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ, ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ) ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ।4। (ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ, ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ; ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ, ਤੇ ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ।5। (ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ, ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ, ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ, ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ।6। (ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ, ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ; ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ, ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ।7। ਕਬੀਰ ਆਖਦਾ ਹੈ– (ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ; (ਤੇ, ਮੈਂ ਮੰਗਦਾ ਕੀਹ ਹਾਂ? ਉਹ ਭੀ) ਸੁਣ, ਹੇ ਧਨਖਧਾਰੀ ਪ੍ਰਭੂ! ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ।8।2। 18। 20। |
Sri Guru Granth Darpan, by Professor Sahib Singh |