ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1163 ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਰੇ ਜਿਹਬਾ ਕਰਉ ਸਤ ਖੰਡ ॥ ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥ ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥ ਮਿਥਿਆ ਜਿਹਬਾ ਅਵਰੇਂ ਕਾਮ ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥ ਅਸੰਖ ਕੋਟਿ ਅਨ ਪੂਜਾ ਕਰੀ ॥ ਏਕ ਨ ਪੂਜਸਿ ਨਾਮੈ ਹਰੀ ॥੩॥ ਪ੍ਰਣਵੈ ਨਾਮਦੇਉ ਇਹੁ ਕਰਣਾ ॥ ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥ {ਪੰਨਾ 1163} ਪਦ ਅਰਥ: ਰੇ = ਹੇ ਭਾਈ! ਸਤ = ਸੌ। ਖੰਡ = ਟੋਟੇ। ਕਰਉ = ਮੈਂ ਕਰ ਦਿਆਂ। ਜਾਮਿ = ਜਦੋਂ।1। ਰੰਗੀ ਲੇ = ਮੈਂ ਰੰਗ ਲਈ ਹੈ। ਨਾਇ = ਨਾਮ ਵਿਚ। ਸੁਰੰਗ = ਸੋਹਣੇ ਰੰਗ ਨਾਲ।1। ਰਹਾਉ। ਮਿਥਿਆ = ਵਿਅਰਥ। ਨਿਰਬਾਣ = ਵਾਸ਼ਨਾ-ਰਹਿਤ।2। ਅਨ ਪੂਜਾ = ਹੋਰ ਹੋਰ (ਦੇਵਤਿਆਂ ਦੀ) ਪੂਜਾ। ਨਾਮੈ = ਨਾਮ ਦੇ ਨਾਲ।3। ਕਰਣਾ = ਕਰਨ-ਜੋਗ ਕੰਮ।4। ਅਰਥ: ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ।1। ਰਹਾਉ। ਹੇ ਭਾਈ! ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ ਤਾਂ ਮੈਂ ਇਸ ਦੇ ਸੌ ਟੋਟੇ ਕਰ ਦਿਆਂ (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ।1। ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ (ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ।2। ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ, ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ।3। ਨਾਮਦੇਵ ਬੇਨਤੀ ਕਰਦਾ ਹੈ– (ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ (ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ'।4।1। ਸ਼ਬਦ ਦਾ ਭਾਵ = ਕੇਵਲ ਇਕ ਪਰਮਾਤਮਾ ਦਾ ਨਾਮ ਸਿਮਰੋ। ਹੋਰ ਕ੍ਰੋੜਾਂ ਦੇਵਤਿਆਂ ਦੀ ਪੂਜਾ ਪ੍ਰਭੂ-ਯਾਦ ਦੀ ਬਰਾਬਰੀ ਨਹੀਂ ਕਰ ਸਕਦੀ। ਭਗਤ-ਬਾਣੀ ਦੇ ਵਿਰੋਧੀ ਸੱਜਣ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ– 'ਉਕਤ ਰਚਨਾ ਤੋਂ ਇਉਂ ਪਰਗਟ ਹੁੰਦਾ ਹੈ ਕਿ ਇਹ ਨਿਰਗੁਣ ਸਰੂਪ ਵਿਆਪਕ ਪ੍ਰਭੂ ਦੀ ਉਪਾਸਨਾ ਤੇ ਭਗਤੀ ਹੈ। ਅਸਲੋਂ ਹੈ ਇਹ ਵੇਦਾਂਤ ਮਤ। ' ਹਰ ਹਾਲਤ ਵਿਚ ਵਿਰੋਧਤਾ ਕਰਨ ਦਾ ਫ਼ੈਸਲਾ ਕੀਤਾ ਹੋਇਆ ਪਰਤੀਤ ਹੁੰਦਾ ਹੈ। ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬਸੈ ਨਰਹਰੀ ॥੧॥ ਜੋ ਨ ਭਜੰਤੇ ਨਾਰਾਇਣਾ ॥ ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥ ਜਿਨ ਕੈ ਭੀਤਰਿ ਹੈ ਅੰਤਰਾ ॥ ਜੈਸੇ ਪਸੁ ਤੈਸੇ ਓਇ ਨਰਾ ॥੨॥ ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾ ਸੋਹੈ ਬਤੀਸ ਲਖਨਾ ॥੩॥੨॥ {ਪੰਨਾ 1163} ਪਦ ਅਰਥ: ਦਾਰਾ = ਇਸਤ੍ਰੀ। ਪਰਹਰੀ = ਤਿਆਗ ਦਿੱਤੀ ਹੈ। ਨਿਕਟਿ = ਨੇੜੇ। ਨਰਹਰੀ = ਪਰਮਾਤਮਾ।1। ਭੀਤਰਿ = ਅੰਦਰ, ਮਨ ਵਿਚ। ਅੰਤਰਾ = (ਪਰਮਾਤਮਾ ਨਾਲੋਂ) ਵਿੱਥ।2। ਨਾਕਹਿ ਬਿਨਾ = ਨੱਕ ਤੋਂ ਬਿਨਾ। ਬਤੀਸ ਲਖਨਾ = ਬੱਤੀ ਲੱਛਣਾਂ ਵਾਲਾ, ਉਹ ਮਨੁੱਖ ਜਿਸ ਵਿਚ ਸੁੰਦਰਤਾ ਦੇ ਬੱਤੀ ਹੀ ਲੱਛਣ ਮਿਲਦੇ ਹੋਣ।3। ਅਰਥ: ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ, ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ।1। ਰਹਾਉ। (ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ, ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ।1। (ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ।2। ਨਾਮਦੇਵ ਬੇਨਤੀ ਕਰਦਾ ਹੈ– ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ।3।2। ਸ਼ਬਦ ਦਾ ਭਾਵ = ਸਿਮਰਨ ਤੋਂ ਵਾਂਜੇ ਹੋਏ ਬੰਦੇ ਪਸ਼ੂ-ਸਮਾਨ ਹਨ। ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ। ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ਸੋੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ {ਪੰਨਾ 1163} ਪਦ ਅਰਥ: ਕਟੋਰੈ = ਕਟੋਰੇ ਵਿਚ। ਗਡਵੈ = ਗਡਵੇ ਵਿਚ। ਕਪਲ ਗਾਇ = ਗੋਰੀ ਗਾਂ। ਦੁਹਿ = ਚੋ ਕੇ। ਆਨੀ = ਲਿਆਂਦੀ।1। ਗੋਬਿੰਦੇ ਰਾਇ = ਹੇ ਪਰਕਾਸ਼-ਰੂਪ ਗੋਬਿੰਦ! ਪਤੀਆਇ = ਧੀਰਜ ਆ ਜਾਏ। ਘਰ ਕੋ ਬਾਪੁ = (ਇਸ) ਘਰ ਦਾ ਪਿਉ, (ਇਸ ਸਰੀਰ-ਰੂਪ) ਘਰ ਦਾ ਮਾਲਕ, ਮੇਰਾ ਆਤਮਾ। ਰਿਸਾਇ = {Skt. ir = ` to be injured} ਦੁਖੀ ਹੋਵੇਗਾ (ਵੇਖੋ ਗਉੜੀ ਵਾਰ ਕਬੀਰ ਜੀ 'ਨਾਤਰ ਖਰਾ ਰਿਸੈ ਹੈ ਰਾਇ'।1। ਰਹਾਉ। ਸੋੁਇਨ = (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ ੋ ਅਤੇ ੁ । ਅਸਲ ਲਫ਼ਜ਼ 'ਸੋਇਨ' ਹੈ, ਇੱਥੇ 'ਸੁਇਨ' ਪੜ੍ਹਨਾ ਹੈ) ਸੋਨੇ ਦੀ। ਸੋੁਇਨ ਕਟੋਰੀ = ਸੋਨੇ ਦੀ ਕਟੋਰੀ, ਪਵਿੱਤਰ ਹੋਇਆ ਹਿਰਦਾ (ਨੋਟ: ਰਾਗ ਆਸਾ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਆਖਦੇ ਹਨ ਕਿ ਮਨ ਨੂੰ ਗਜ਼, ਜੀਭ ਨੂੰ ਕੈਂਚੀ ਬਣਾ ਕੇ ਮੈਂ ਜਮ ਦੀ ਫਾਹੀ ਕੱਟੀ ਜਾ ਰਿਹਾ ਹਾਂ। ਉੱਥੇ ਹੀ ਕਹਿੰਦੇ ਹਨ ਕਿ ਸੋਨੇ ਦੀ ਸੂਈ ਲੈ ਕੇ, ਉਸ ਵਿਚ ਚਾਂਦੀ ਦਾ ਧਾਗਾ ਪਾ ਕੇ, ਮੈਂ ਆਪਣਾ ਮਨ ਪ੍ਰਭੂ ਦੇ ਨਾਲ ਸੀਊਂ ਦਿੱਤਾ ਹੈ। ਸੋਨਾ ਕੀਮਤੀ ਧਾਤ ਭੀ ਹੈ ਤੇ ਸਾਰੀਆਂ ਧਾਤਾਂ ਵਿਚੋਂ ਪਵਿੱਤਰ ਭੀ ਮੰਨੀ ਗਈ ਹੈ। ਜਿਵੇਂ ਉਸ ਸ਼ਬਦ ਵਿਚ 'ਸੋੁਇਨੇ ਕੀ ਸੂਈ' ਦਾ ਅਰਥ ਹੈ 'ਗੁਰੂ ਦਾ ਪਵਿੱਤਰ ਸ਼ਬਦ', ਤਿਵੇਂ ਇੱਥੇ ਭੀ 'ਸੋੁਇਨ' ਤੋਂ 'ਪਵਿੱਤਰਤਾ' ਦਾ ਭਾਵ ਹੀ ਲੈਣਾ ਹੈ। ਦੋਹਾਂ ਸ਼ਬਦਾਂ ਦਾ ਕਰਤਾ ਇੱਕੋ ਹੀ ਹੈ) । ਅੰਮ੍ਰਿਤ = ਨਾਮ-ਅੰਮ੍ਰਿਤ। ਸੋੁਇਨ...ਭਰੀ = ਨਾਮ-ਅੰਮ੍ਰਿਤ ਨਾਲ ਭਰਪੂਰ ਪਵਿੱਤਰ ਹੋਇਆ ਹਿਰਦਾ।2। ਏਕੁ ਭਗਤੁ = ਅਨੰਨ ਭਗਤ। ਦੇਖਿ = ਵੇਖ ਕੇ। ਹਸੈ = ਹੱਸਦਾ ਹੈ, ਪਰਸੰਨ ਹੁੰਦਾ ਹੈ।3। ਘਰਿ = ਘਰ ਵਿਚ। ਘਰਿ ਗਇਆ = ਘਰ ਵਿਚ ਗਇਆ, ਸ੍ਵੈ-ਸਰੂਪ ਵਿਚ ਟਿਕ ਗਿਆ।4। ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ = ਜਿਸ ਨਾਲ ਪਿਆਰ ਹੋਵੇ, ਉਸ ਦੀ ਸੇਵਾ ਕੀਤਿਆਂ ਦਿਲ ਵਿਚ ਠੰਢ ਪੈਂਦੀ ਹੈ। ਅਰਥ: ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ; (ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ।1। ਰਹਾਉ। (ਹੇ ਗੋਬਿੰਦ ਰਾਇ! ਤੇਰੇ ਸੇਵਕ) ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ, ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ।1। ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ।2। ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ ਖ਼ੁਸ਼ ਹੁੰਦਾ ਹੈ (ਤੇ ਆਖਦਾ ਹੈ-) ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।3। (ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ, (ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ।4।3। ਨੋਟ: ਇਸ ਸ਼ਬਦ ਉੱਤੇ ਪੰਜਵੀਂ ਪੋਥੀ ਵਿਚ ਖੁਲ੍ਹੀ ਵਿਚਾਰ ਕਰ ਦਿੱਤੀ ਗਈ ਹੈ। |
Sri Guru Granth Darpan, by Professor Sahib Singh |