ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1164

ਮੈ ਬਉਰੀ ਮੇਰਾ ਰਾਮੁ ਭਤਾਰੁ ॥ ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥੨॥ ਅਬ ਜੀਅ ਜਾਨਿ ਐਸੀ ਬਨਿ ਆਈ ॥ ਮਿਲਉ ਗੁਪਾਲ ਨੀਸਾਨੁ ਬਜਾਈ ॥੩॥ ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ {ਪੰਨਾ 1164}

ਪਦ ਅਰਥ: ਬਉਰੀ = ਕਮਲੀ, ਝੱਲੀ। ਭਤਾਰੁ = ਖਸਮ। ਰਚਿ ਰਚਿ = ਫਬ ਫਬ ਕੇ। ਤਾ ਕਉ = ਉਸ ਭਤਾਰ ਦੀ ਖ਼ਾਤਰ, ਉਸ ਭਤਾਰ ਨੂੰ ਮਿਲਣ ਲਈ।1।

ਨਿੰਦਉ ਲੋਗੁ = ਜਗਤ ਬੇ-ਸ਼ੱਕ ਨਿੰਦਾ ਕਰੇ {ਨੋਟ: ਲਫ਼ਜ਼ 'ਨਿੰਦਉ' ਹੁਕਮੀ ਭਵਿੱਖਤ, ਅੱਨ ਪੁਰਖ ਤੇ ਇਕ-ਵਚਨ ਹੈ) । ਜੋਗੁ = ਜੋਗਾ, ਵਾਸਤੇ।1। ਰਹਾਉ।

ਬਾਦੁ ਬਿਬਾਦੁ = ਝਗੜਾ, ਬਹਿਸ। ਰਸਾਇਨੁ = ਰਸਾਂ ਦਾ ਘਰ, ਸ੍ਰੇਸ਼ਟ ਰਸ।2।

ਜੀਅ ਜਾਨਿ = ਮਨ ਵਿਚ ਸਮਝ ਕੇ। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ। ਮਿਲਉ = ਮੈਂ ਮਿਲ ਰਹੀ ਹਾਂ। ਨੀਸਾਨੁ ਬਜਾਈ = ਢੋਲ ਵਜਾ ਕੇ, ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ।3।

ਉਸਤਤਿ = ਸੋਭਾ, ਵਡਿਆਈ। ਸ੍ਰੀਰੰਗੁ = ਪਰਮਾਤਮਾ {Skt. œIrzg an epithet of Vishnu। ਸ੍ਰੀ = ਲੱਛਮੀ। ਰੰਗੁ = ਪਿਆਰ। } ਲੱਛਮੀ ਨਾਲ ਪਿਆਰ ਕਰਨ ਵਾਲਾ। ਭੇਟਲ = ਮਿਲ ਪਿਆ ਹੈ।4।

ਅਰਥ: ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ, ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ) ।1। ਰਹਾਉ।

(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ, ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ।1।

(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ, ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ।2।

ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ।3।

ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ) , ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ।4। 4।

ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ = ਤਨ ਤੇ ਮਨ ਪਿਆਰ ਵਿਚ ਇਤਨੇ ਮਸਤ ਹੋ ਜਾਣ ਕਿ ਕੋਈ ਚੰਗਾ ਕਹੇ ਭੈੜਾ ਕਹੇ, ਇਸ ਗੱਲ ਦੀ ਪਰਵਾਹ ਹੀ ਨਾ ਰਹੇ। ਨਾ ਕੰਨ ਨਿੰਦਾ ਸੁਣਨ ਦੀ ਪਰਵਾਹ ਕਰਨ, ਨਾ ਮਨ ਨਿੰਦਾ ਸੁਣ ਕੇ ਦੁਖੀ ਹੋਵੇ।

ਕਬਹੂ ਖੀਰਿ ਖਾਡ ਘੀਉ ਨ ਭਾਵੈ ॥ ਕਬਹੂ ਘਰ ਘਰ ਟੂਕ ਮਗਾਵੈ ॥ ਕਬਹੂ ਕੂਰਨੁ ਚਨੇ ਬਿਨਾਵੈ ॥੧॥ ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥ ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਓ ਨ ਪਾਵੈ ॥੨॥ ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥੩॥ ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ {ਪੰਨਾ 1164}

ਪਦ ਅਰਥ: ਖੀਰਿ = ਤਸਮਈ, ਦੁੱਧ ਚਾਵਲ ਇਕੱਠੇ ਰਿੱਝੇ ਹੋਏ (ਨੋਟ: ਲਫ਼ਜ਼ 'ਖੀਰੁ' ਦਾ ਅਰਥ ਹੈ 'ਦੁੱਧ', ਇਸ ਦਾ ਜੋੜ ਵੱਖਰਾ ਹੈ) । ਨ ਭਾਵੈ = ਚੰਗਾ ਨਹੀਂ ਲੱਗਦਾ। ਕੂਰਨੁ = ਕੂੜਾ। ਚਨੇ = ਛੋਲੇ। ਬਿਨਾਵੈ = ਚੁਣਾਉਂਦਾ ਹੈ।1।

ਮਹਿਮਾ = ਬਜ਼ੁਰਗੀ।1। ਰਹਾਉ।

ਤੁਰੇ = ਘੋੜੇ। ਤੁਰੰਗ = ਘੋੜੇ। ਪਾਇ = ਪੈਰੀਂ। ਪਨਹੀਓ = ਜੁੱਤੀ ਭੀ।2।

ਖਾਟੁ = ਮੰਜਾ। ਸੁਪੇਦੀ = ਚਿੱਟੇ ਵਿਛਾਉਣੇ। ਪੈਆਰੁ = ਪਰਾਲੀ। ਨ ਪਾਵੈ = ਹਾਸਲ ਨਹੀਂ ਕਰ ਸਕਦਾ।3।

ਜਿਹ = ਜਿਸ ਨੂੰ।4।

ਅਰਥ: ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ। ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ।1। ਰਹਾਉ।

ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ; ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ) , ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ।1।

ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ) , ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ।2।

ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ, ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ।3।

ਨਾਮਦੇਵ ਆਖਦਾ ਹੈ– ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ।4।5।

ਸ਼ਬਦ ਦਾ ਭਾਵ = ਧਨ ਪਦਾਰਥ ਦਾ ਮਾਣ ਕੂੜਾ ਹੈ– ਨਾ ਅਮੀਰੀ ਵਿਚ ਆਫਰੇ, ਤੇ ਨਾ ਗਰੀਬੀ ਆਇਆਂ ਘਾਬਰੇ।

ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ {ਪੰਨਾ 1164}

ਪਦ ਅਰਥ: ਹਸਤ ਖੇਲਤ = ਹੱਸਦਾ ਖੇਡਦਾ, ਬੜੇ ਚਾਉ ਨਾਲ। ਦੇਹੁਰੇ = ਮੰਦਰ ਵਿਚ {Skt. dyvwlX}। ਕਰਤ = ਕਰਦਾ।1।

ਹੀਨੜੀ = ਬਹੁਤ ਹੀਣੀ, ਬਹੁਤ ਨੀਵੀਂ। ਜਾਦਮ ਰਾਇਆ = ਹੇ ਜਾਦਮ ਰਾਇ! {Skt. Xwdv an epither of Krishna} ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! ਕਾਹੇ ਕਉ = ਕਾਹਦੇ ਲਈ? ਕਿਉਂ? ਆਇਆ = ਮੈਂ ਜੰਮਿਆ।1। ਰਹਾਉ।

ਪਲਟਾਇ = ਪਰਤ ਕੇ, ਮੁੜ ਕੇ। ਜਾਇ = ਜਾ ਕੇ।2।

ਕਉ = ਦੀ ਖ਼ਾਤਰ, ਵਾਸਤੇ।3।

ਅਰਥ: ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ) ।1। ਰਹਾਉ।

ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ, ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ।1।

ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ, ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ।2।

(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ, (ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ।3।6।

ਨੋਟ: ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਅੱਗੋਂ ਉੱਚੀ ਜਾਤਿ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ।

ਭਾਵ = ਸਿਮਰਨ ਦੀ ਬਰਕਤਿ = ਨਿਰਭੈਤਾ। ਉੱਚੀ ਜਾਤ ਵਾਲਿਆਂ ਵਲੋਂ ਸ਼ੂਦਰ-ਅਖਵਾਂਦਿਆਂ ਉੱਤੇ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਪ੍ਰਭੂ ਅੱਗੇ ਰੋਸ।

ਜਿਉਂ ਜਿਉਂ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉੱਚ-ਜਾਤੀਏ ਦੀ ਆਕੜ ਘਟਦੀ ਹੈ।

ਭੈਰਉ ਨਾਮਦੇਉ ਜੀਉ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਜੈਸੀ ਭੂਖੇ ਪ੍ਰੀਤਿ ਅਨਾਜ ॥ ਤ੍ਰਿਖਾਵੰਤ ਜਲ ਸੇਤੀ ਕਾਜ ॥ ਜੈਸੀ ਮੂੜ ਕੁਟੰਬ ਪਰਾਇਣ ॥ ਐਸੀ ਨਾਮੇ ਪ੍ਰੀਤਿ ਨਰਾਇਣ ॥੧॥ ਨਾਮੇ ਪ੍ਰੀਤਿ ਨਾਰਾਇਣ ਲਾਗੀ ॥ ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥ ਜੈਸੀ ਪਰ ਪੁਰਖਾ ਰਤ ਨਾਰੀ ॥ ਲੋਭੀ ਨਰੁ ਧਨ ਕਾ ਹਿਤਕਾਰੀ ॥ ਕਾਮੀ ਪੁਰਖ ਕਾਮਨੀ ਪਿਆਰੀ ॥ ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥ ਸਾਈ ਪ੍ਰੀਤਿ ਜਿ ਆਪੇ ਲਾਏ ॥ ਗੁਰ ਪਰਸਾਦੀ ਦੁਬਿਧਾ ਜਾਏ ॥ ਕਬਹੁ ਨ ਤੂਟਸਿ ਰਹਿਆ ਸਮਾਇ ॥ ਨਾਮੇ ਚਿਤੁ ਲਾਇਆ ਸਚਿ ਨਾਇ ॥੩॥ ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥ ਐਸਾ ਹਰਿ ਸੇਤੀ ਮਨੁ ਰਾਤਾ ॥ ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥ ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥ {ਪੰਨਾ 1164}

ਪਦ ਅਰਥ: ਤ੍ਰਿਖਾਵੰਤ = ਤਿਹਾਇਆ, ਪਿਆਸਾ। ਸੇਤੀ = ਨਾਲ। ਕਾਜ = ਲੋੜ, ਗ਼ਰਜ਼। ਮੂੜ = ਮੂਰਖ ਬੰਦੇ। ਕੁਟੰਬ = ਪਰਵਾਰ। ਪਰਾਇਣ = ਆਸਰੇ।1।

ਸਹਜ ਸੁਭਾਇ = ਸੁਤੇ ਹੀ, ਕੋਈ ਖ਼ਾਸ ਉਚੇਚ ਕਰਨ ਤੋਂ ਬਿਨਾ ਹੀ। ਬੈਰਾਗੀ = ਵਿਰਕਤ।1। ਰਹਾਉ।

ਰਤ = ਰੱਤੀ ਹੋਈ, ਪਿਆਰ ਪਾਣ ਵਾਲੀ। ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮ ਕਰਨ ਵਾਲਾ। ਕਾਮੀ = ਵਿਸ਼ਈ। ਕਾਮਨੀ = ਇਸਤ੍ਰੀ।2।

ਸਾਈ = ਉਹੀ (ਅਸਲ) । ਜਿ = ਜਿਹੜੀ। ਦੁਬਿਧਾ = ਮੇਰ-ਤੇਰ। ਨ ਤੂਟਸਿ = ਉਹ ਪ੍ਰੀਤ ਕਦੇ ਟੁੱਟਦੀ ਨਹੀਂ। ਸਚਿ = ਸੱਚ ਵਿਚ। ਨਾਇ = ਨਾਮ ਵਿਚ।3।

ਰਾਤਾ = ਰੰਗਿਆ ਹੋਇਆ। ਚੀਤਿ = ਚਿੱਤ ਵਿਚ।4।

ਅਰਥ: (ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ, (ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ।1। ਰਹਾਉ।

ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ, ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ, ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ, ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ।1।

ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ, ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ।2।

ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ, ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ, ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ।3।

ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ। ਨਾਮਦੇਵ ਬੇਨਤੀ ਕਰਦਾ ਹੈ– ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ, ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ।4।1।7।

ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ = ਉਸ ਦੀ ਯਾਦ ਕਦੇ ਨਾ ਭੁੱਲੇ, ਸੁਤੇ ਹੀ ਕਿਸੇ ਹੋਰ ਪਾਸੇ ਚਿੱਤ ਨਾ ਜਾਏ। ਇਸ ਪ੍ਰੀਤ ਦੀ ਬਰਕਤਿ ਨਾਲ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ। ਪਰ ਇਹ ਮਿਲਦੀ ਹੈ ਉਸ ਦੀ ਆਪਣੀ ਮਿਹਰ ਨਾਲ।

TOP OF PAGE

Sri Guru Granth Darpan, by Professor Sahib Singh