ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1165

ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥੧॥ ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ ਹਰਿ ਕੀ ਭਗਤਿ ਨ ਦੇਖੈ ਜਾਇ ॥ ਮਾਰਗੁ ਛੋਡਿ ਅਮਾਰਗਿ ਪਾਇ ॥ ਮੂਲਹੁ ਭੂਲਾ ਆਵੈ ਜਾਇ ॥ ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥ ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਕਾਪਰੁ ਪਹਿਰਿ ਕਰਹਿ ਸੀਗਾਰਾ ॥ ਪੂਰੇ ਤਾਲ ਨਿਹਾਲੇ ਸਾਸ ॥ ਵਾ ਕੇ ਗਲੇ ਜਮ ਕਾ ਹੈ ਫਾਸ ॥੩॥ ਜਾ ਕੇ ਮਸਤਕਿ ਲਿਖਿਓ ਕਰਮਾ ॥ ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥ ਕਹਤ ਨਾਮਦੇਉ ਇਹੁ ਬੀਚਾਰੁ ॥ ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥ {ਪੰਨਾ 1165}

ਪਦ ਅਰਥ: ਘਾਲੈ ਧੰਧਾ = ਮੰਦ ਕਰਮ ਕਰਦਾ ਹੈ, ਝਖਾਂ ਮਾਰਦਾ ਹੈ। ਸੂਆ = ਤੋਤਾ। ਬਿਗਸਾਨਾ = ਖ਼ੁਸ਼ ਹੁੰਦਾ ਹੈ। ਲਪਟਾਨਾ = (ਪਰ-ਤਨ-ਵਿਕਾਰ ਵਿਚ) ਫਸ ਕੇ।1।

ਅਗਨੇ ਮਾਹਿ = ਅੱਗ ਵਿਚ।1।

ਅਮਾਰਗਿ = ਕੁਰਾਹੇ। ਮੂਲਹੁ = ਜਗਤ ਦੇ ਮੂਲ ਪ੍ਰਭੂ ਤੋਂ। ਡਾਰਿ = ਡੋਲ੍ਹ ਕੇ। ਲਾਦਿ = ਲੱਦ ਕੇ, ਸੰਚ ਕੇ।2।

ਅਖਾਰਾ = ਅਖਾੜਾ, ਤਮਾਸ਼ਾ। ਪੂਰੇ ਤਾਲ = ਨੱਚਦੀ ਹੈ। ਨਿਹਾਲੇ = ਤੱਕਦੀ ਹੈ, ਗਹੁ ਨਾਲ ਜਾਚਦੀ ਹੈ। ਸਾਸ = ਸੂਰ।3।

ਮਸਤਕਿ = ਮੱਥੇ ਉੱਤੇ। ਕਰਮਾ = ਬਖ਼ਸ਼ਸ਼ (ਦਾ ਲੇਖ) । ਭਜਿ = ਦੌੜ ਕੇ। ਪਰਿ ਹੈ– ਪੈਂਦਾ ਹੈ। ਇਨ ਬਿਧਿ = ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ।4।

ਅਰਥ: ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ।1। ਰਹਾਉ।

ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ, ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ, (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ) ; ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ।1।

ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ, (ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ, ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ।2।

ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ, (ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ। ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ, (ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ।3।

ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ– ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ) ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ। ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ।4।2।8।

ਸ਼ਬਦ ਦਾ ਭਾਵ: ਵਿਕਾਰੀ ਦਾ ਜੀਵਨ = ਵਿਕਾਰਾਂ ਦੀ ਅਬੁੱਝਵੀਂ ਅੱਗ ਸਦਾ ਉਸ ਨੂੰ ਸਾੜਦੀ ਰਹਿੰਦੀ ਹੈ। ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪਿਆਂ ਖ਼ਲਾਸੀ ਹੁੰਦੀ ਹੈ।

ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥ ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥ ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥ ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥ ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥ ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥ ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥ ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥ ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥ {ਪੰਨਾ 1165}

ਪਦ ਅਰਥ: ਸੰਡਾ ਮਰਕਾ = ਸੁਕ੍ਰਾਚਾਰਜ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਮੁਕਰਰ ਕੀਤੇ ਗਏ ਸਨ। ਪਚਿ ਹਾਰੇ = ਖਪ ਲੱਥੇ ਹਾਂ। ਕਰ = ਹੱਥਾਂ ਨਾਲ। ਚਟੀਆ = ਵਿੱਦਿਆਰਥੀ।1।

ਜਪਿਬੋ ਕਰੈ = ਸਦਾ ਜਪਦਾ ਰਹਿੰਦਾ ਹੈ।1। ਰਹਾਉ।

ਬਸੁਧਾ = ਧਰਤੀ। ਪਟਰਾਨੀ = ਵੱਡੀ ਰਾਣੀ (ਪ੍ਰਹਿਲਾਦ ਦੀ ਮਾਂ) । ਤਿਨਿ = ਉਸ (ਪ੍ਰਹਿਲਾਦ) ਨੇ। ਅਉਰੈ = ਕੋਈ ਹੋਰ ਗੱਲ ਹੀ। ਠਾਨੀ = ਮਨ ਵਿਚ ਪੱਕੀ ਕੀਤੀ ਹੋਈ ਹੈ।2।

ਮੰਤਰ ਉਪਾਇਆ = ਸਲਾਹ ਪਕਾ ਲਈ। ਕਰਸਹ = ਅਸੀਂ ਕਰ ਦਿਆਂਗੇ। ਕਰਸਹ...ਘਨੇਰੀ = ਉਮਰ ਮੁਕਾ ਦਿਆਂਗੇ, ਮਾਰ ਦਿਆਂਗੇ। ਗਿਰਿ = ਪਹਾੜ। ਤਰ = ਰੁੱਖ। ਜੁਆਲਾ = ਅੱਗ। ਭੈ ਰਾਖਿਓ = ਡਰਾਂ ਤੋਂ ਬਚਾ ਲਿਆ। ਰਾਮਿ = ਰਾਮ ਨੇ। ਮਾਇਆ ਫੇਰੀ = ਮਾਇਆ ਦਾ ਸੁਭਾਉ ਉਲਟਾ ਦਿੱਤਾ।3।

ਖੜਗੁ = ਤਲਵਾਰ। ਕਾਲੁ = ਮੌਤ। ਭੈ = (ਅੰਦਰੋਂ) ਡਰ ਨਾਲ। ਕੋਪਿਓ = ਗੁੱਸੇ ਵਿਚ ਆਇਆ। ਮੋਹਿ = ਮੈਨੂੰ। ਤੁਹਿ = ਤੈਨੂੰ। ਪੀਤਾਂਬਰ = ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪ੍ਰਭੂ। ਤ੍ਰਿਭਵਣ ਧਣੀ = ਤਿੰਨਾਂ ਭਵਨਾਂ ਦਾ ਮਾਲਕ, ਪਰਮਾਤਮਾ। ਭਾਖੈ = ਬੋਲਦਾ ਹੈ।4।

ਜਿਨਿ = ਜਿਸ (ਪ੍ਰਭੂ) ਨੇ। ਨਖਹ = ਨਹੁੰਆਂ ਨਾਲ। ਬਿਦਾਰਿਓ = ਚੀਰ ਦਿੱਤਾ। ਸਨਾਥਾ = ਸ+ਨਾਥ, ਖਸਮ ਵਾਲੇ। ਨਰਹਰਿ = ਪਰਮਾਤਮਾ। ਅਭੈ ਪਦ ਦਾਤਾ = ਨਿਡਰਤਾ ਦਾ ਦਰਜਾ ਦੇਣ ਵਾਲਾ।5।

ਅਰਥ: (ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ।1। ਰਹਾਉ।

(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ = ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ, ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ।1।

(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ) , ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ।2।

ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ = (ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ; ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ।3।

(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ; (ਅੱਗੋਂ) ਜਗਤ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ।4।

ਨਾਮਦੇਵ ਆਖਦਾ ਹੈ– ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ, ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ।5।3।9।

ਸ਼ਬਦ ਦਾ ਭਾਵ: ਸਿਮਰਨ ਦੀ ਮਹਿਮਾ = ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ।

ਨੋਟ: ਇਸ ਸ਼ਬਦ ਨੂੰ ਇਸੇ ਹੀ ਰਾਗ ਵਿਚ ਦਿੱਤੇ ਹੋਏ ਗੁਰੂ ਅਮਰਦਾਸ ਜੀ ਦੇ ਸ਼ਬਦ (ਪੰਨਾ 1133) ਨਾਲ ਰਲਾ ਕੇ ਪੜ੍ਹੋ:

ਭੈਰਉ ਮਹਲਾ 3 ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖਦਾਤਾ ਮੇਰੈ ਨਾਲਾ ॥1॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥1॥ ਰਹਾਉ ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥2॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥3॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥4॥ ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥5॥10॥20॥

ਜਿਸ ਮਨੁੱਖ ਨੇ ਭਗਤ ਪ੍ਰਹਿਲਾਦ ਦੀ ਸਾਖੀ ਕਦੇ ਸੁਣੀ ਨਾ ਹੋਵੇ, ਉਸ ਨੂੰ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਅਸਲ ਸਾਖੀ ਸਮਝਣ ਲਈ ਕਈ ਗੱਲਾਂ ਪੁੱਛਣ ਦੀ ਲੋੜ ਰਹਿ ਜਾਂਦੀ ਹੈ। ਉਹ ਸਾਰੀਆਂ ਪੁੱਛਾਂ ਗੁਰੂ ਅਮਰਦਾਸ ਜੀ ਨੇ ਇਸ ਸ਼ਬਦ ਵਿਚ ਹੱਲ ਕਰ ਦਿੱਤੀਆਂ ਹਨ। ਦੋਹਾਂ ਸ਼ਬਦਾਂ ਦੀ 'ਰਹਾਉ' ਦੀ ਤੁਕ ਪੜ੍ਹ ਕੇ ਵੇਖੋ; ਨਾਮਦੇਵ ਜੀ ਨੇ ਜਿਹੜੀ ਗੱਲ ਖੋਲ੍ਹ ਕੇ ਨਹੀਂ ਸੀ ਦੱਸੀ, ਗੁਰੂ ਅਮਰਦਾਸ ਜੀ ਨੇ ਕੈਸੇ ਸੁਹਣੇ ਲਫ਼ਜ਼ਾਂ ਵਿਚ ਦੱਸੀ ਹੈ। ਨਾਮਦੇਵ ਜੀ ਦੇ ਸ਼ਬਦ ਦਾ ਦੂਜਾ ਬੰਦ ਪੜ੍ਹ ਕੇ ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ਦੂਜਾ ਬੰਦ ਪੜ੍ਹੋ, ਮਨ ਨੂੰ ਹੁਲਾਰਾ ਆ ਜਾਂਦਾ ਹੈ, ਨਾਮਦੇਵ ਜੀ ਦੇ ਵਰਤੇ ਲਫ਼ਜ਼ 'ਬਿਨਤੀ' ਨੂੰ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਪਿਆਰ-ਭਰੇ ਲਫ਼ਜ਼ਾਂ ਵਿਚ ਸਮਝਾਇਆ ਹੈ।

ਇਕ ਗੱਲ ਬਿਲਕੁਲ ਪਰਤੱਖ ਹੈ ਕਿ ਨਾਮਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਸਾਹਮਣੇ ਮੌਜੂਦ ਹੈ। ਇਹ ਖ਼ਿਆਲ ਗ਼ਲਤ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਕੱਠੇ ਕੀਤੇ ਸਨ।

ਨਾਮਦੇਵ ਜੀ ਦੇ ਇਸ ਸ਼ਬਦ ਵਿਚ ਕੁਝ ਐਸੇ ਲਫ਼ਜ਼ ਵਰਤੇ ਮਿਲਦੇ ਹਨ ਜੋ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜ੍ਹਨ ਵਾਲਿਆਂ ਲਈ ਬੜੇ ਸੁਆਦਲੇ ਹਨ। ਬੰਦ ਨੰ: 3 ਵਿਚ ਨਾਮਦੇਵ ਜੀ ਲਿਖਦੇ ਹਨ "ਰਾਜਾ ਰਾਮਿ ਮਾਇਆ ਫੇਰੀ"। ਪ੍ਰਹਿਲਾਦ ਜੀ ਦੀ ਸਾਖੀ ਸਤਜੁਗ ਦੇ ਸਮੇ ਦੀ ਦੱਸੀ ਜਾਂਦੀ ਹੈ, ਸ੍ਰੀ ਰਾਮ ਅਵਤਾਰ ਤ੍ਰੇਤੇ ਜੁਗ ਵਿਚ ਹੋਏ, ਇਹ ਸਾਖੀ ਸ੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਦੀ ਹੈ। ਸੋ, ਲਫ਼ਜ਼ "ਰਾਜਾ ਰਾਮਿ" ਸ੍ਰੀ ਰਾਮ ਚੰਦਰ ਜੀ ਵਾਸਤੇ ਨਹੀਂ ਹੈ। ਇਹੀ ਲਫ਼ਜ਼ ਭਗਤ ਰਵਿਦਾਸ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਨਿਰੀ ਇਤਨੀ ਵਰਤੋਂ ਤੋਂ ਹੀ ਇਹ ਖ਼ਿਆਲ ਬਣਾ ਲੈਣਾ ਭਾਰੀ ਉਕਾਈ ਹੈ ਕਿ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ।

ਬੰਦ ਨੰ: 4 ਵਿਚ ਉਸੇ "ਰਾਜਾ ਰਾਮ" ਬਾਬਤ ਨਾਮਦੇਵ ਜੀ ਆਖਦੇ ਹਨ "ਪੀਤ ਪੀਤਾਂਬਰ ਤ੍ਰਿਭਵਣ ਧਣੀ, ਥੰਭ ਮਾਹਿ ਹਰਿ ਭਾਖੈ"। ਲਫ਼ਜ਼ "ਪੀਤਾਂਬਰ" ਕ੍ਰਿਸ਼ਨ ਜੀ ਦਾ ਨਾਮ ਹੈ। ਪਰ ਭਗਤ ਨਾਮਦੇਵ ਜੀ ਇੱਥੇ ਕ੍ਰਿਸ਼ਨ ਜੀ ਦਾ ਜ਼ਿਕਰ ਨਹੀਂ ਕਰ ਰਹੇ। ਕ੍ਰਿਸ਼ਨ ਜੀ ਦੁਆਪਰ ਵਿਚ ਹੋਏ, ਸ੍ਰੀ ਰਾਮ ਚੰਦਰ ਜੀ ਤੋਂ ਭੀ ਪਿਛੋਂ। ਤੇ ਇਹ ਸਾਖੀ ਸਤਜੁਗ ਦੀ ਹੈ। ਜਿਵੇਂ ਇਸ ਸ਼ਬਦ ਦੇ ਲਫ਼ਜ਼ "ਪੀਤਾਂਬਰ" ਤੋਂ ਇਹ ਫ਼ੈਸਲਾ ਦੇ ਦੇਣਾ ਭਾਰੀ ਉਕਾਈ ਹੈ ਕਿ ਨਾਮਦੇਵ ਜੀ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ, ਤਿਵੇਂ ਉਹਨਾਂ ਦੇ ਵਰਤੇ ਲਫ਼ਜ਼ "ਬੀਠੁਲ" ਤੋਂ ਉਹਨਾਂ ਨੂੰ ਕ੍ਰਿਸ਼ਨ ਜੀ ਦੀ ਬੀਠੁਲ-ਮੂਰਤੀ ਦਾ ਪੁਜਾਰੀ ਸਮਝ ਲੈਣਾ ਵੱਡੀ ਭੁੱਲ ਹੈ। ਨਾਮਦੇਵ ਜੀ ਦੇ ਕਿਸੇ ਭੀ ਸ਼ਬਦ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਉਹਨਾਂ ਕਦੇ ਕਿਸੇ ਬੀਠੁਲ-ਮੂਰਤੀ ਦੀ ਪੂਜਾ ਕੀਤੀ।

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥ ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥ ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥ ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ {ਪੰਨਾ 1165-1166}

ਪਦ ਅਰਥ: ਬੇ = ਹੇ! ਦੇਖਉ = ਮੈਂ ਵੇਖਾਂ, ਮੈਂ ਵੇਖਣੇ ਚਾਹੁੰਦਾ ਹਾਂ।1।

ਸੁਲਤਾਨੇ = ਸੁਲਤਾਨ ਨੇ। ਬਾਧਿਆ = ਬੰਨ੍ਹ ਲਿਆ। ਬੀਠੁਲਾ = ਮਾਇਆ ਤੋਂ ਰਹਿਤ, ਪ੍ਰਭੂ।1। ਰਹਾਉ।

ਬਿਸਮਿਲਿ = ਮੋਈ ਹੋਈ। ਨਾਤਰ = ਨਹੀਂ ਤਾਂ। ਠਾਂਇ = ਇਸੇ ਥਾਂ, ਹੁਣੇ ਹੀ।2।

ਬਾਦਿਸਾਹ = ਹੇ ਬਾਦਸ਼ਾਹ!।3।

ਅਹੰਕਾਰਿ = ਅਹੰਕਾਰ ਵਿਚ। ਚਮਕਾਰਿ ਦੀਨੋ = ਪ੍ਰੇਰ ਦਿੱਤਾ, ਉਕਸਾਇਆ।5।

ਕੀ ਨ = ਕਿਉਂ ਨਹੀਂ?।6।

ਪੂੰਗੜਾ = ਬੱਚਾ। ਪਿੰਡੁ ਪੜੈ = ਜੇ ਸਰੀਰ ਭੀ ਨਾਸ ਹੋ ਜਾਏ।7।

ਗਜਿੰਦੁ = ਹਾਥੀ, ਵੱਡਾ ਹਾਥੀ। ਉਬਰੈ = ਬਚ ਗਿਆ।8।

ਇਨਿ = ਇਸ ਨੇ। ਮਲਿਆ = ਤੋੜ ਦਿੱਤਾ ਹੈ।9।

ਸਰ ਭਰਿ = ਤੋਲ ਬਰਾਬਰ।10।

ਮਾਲੁ = ਵੱਢੀ ਦਾ ਧਨ। ਭਰਉ = ਇਕੱਠੀ ਕਰਾਂ।11।

ਪਾਵਹੁ = ਪੈਰਾਂ ਵਿਚ। ਹਾਥਹੁ = ਹੱਥਾਂ ਨਾਲ।12।

ਤ੍ਰਿਭਵਣ ਧਨੀ = ਤ੍ਰਿਲੋਕੀ ਦਾ ਮਾਲਕ ਪ੍ਰਭੂ।14।

ਪਾਖੰਤਣ = ਖੰਭ। ਬਾਜ = ਵਾਜਾ। ਬਜਾਇਲਾ = ਵਜਾਇਆ। ਆਇਲਾ = ਆਇਆ।15।

ਪਰਿ = ਉੱਤੇ। 16।

ਕਹਹਿ = ਜੇ ਤੂੰ ਆਖੇਂ। ਇਕੋਡੀ = ਟੇਢੀ, ਪੁੱਠੀ। ਲੇ ਕਰਿ = ਫੜ ਕੇ। ਊਪਰਿ ਧਰਉ = ਮੈਂ ਟੰਗ ਦਿਆਂ। 17।

ਪਤੀਆਇ = ਪਰਤਾ ਕੇ, ਤਸੱਲੀ ਕਰ ਕੇ। 18।

ਸੇਲਮ = (ਅ:) ਸਲਮ, ਬੰਨ੍ਹਣਾ (ਰੱਸੀ ਨਾਲ) । ਸੇਲ = (ਫਾ:) ਸੂਲ, ਖੁਰ, ਪਿਛਲੇ ਪੈਰ। 19।

ਦੁਹਿ = ਚੋ ਕੇ। 20।

ਅਉਘਟ ਕੀ ਘਟ = ਔਖੀ ਘੜੀ। 21।

ਫੁਰਮਾਇ = ਹੁਕਮ ਕਰ। ਬਖਸੀ = ਮੈਨੂੰ ਬਖ਼ਸ਼। ਹਿੰਦੂ = ਹੇ ਹਿੰਦੂ!। 22।

ਪਤੀਆ = ਤਸੱਲੀ। 23।

ਪਰਵਾਨ = ਮਾਪ, ਅੰਦਾਜ਼ਾ। ਸਾਚਿ = ਸੱਚ ਵਿਚ। ਸੀਲਿ = ਚੰਗੇ ਸੁਭਾਉ ਵਿਚ। 24।

ਸਭੁ = ਹਰ ਥਾਂ, ਘਰ ਘਰ ਵਿਚ। 25।

ਰਹੀ = ਕਾਇਮ ਹੋ ਗਈ। ਸੰਸਾਰਿ = ਸਾਗਰ ਵਿਚ। 27।

ਖੇਦੁ = ਦੁੱਖ। 28।

ਅਰਥ: (ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ– ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ।1।

ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ (ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ।1। ਰਹਾਉ।

(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ, ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ।2।

(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ? ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ।3।

(ਤੇ ਇਕ ਹੋਰ ਗੱਲ ਭੀ ਹੈ) ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ, ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।4।

ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ, ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ।5।

(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ (ਤੇ ਆਖਣ ਲੱਗੀ = ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ?।6।

(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ; ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ।7।

ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ, ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ।8।

(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ, ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ।9।

(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ, ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ।10।

(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ, (ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ।11।

ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ, ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ।12।

ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ।13।

(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ, ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ।14।

(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ, ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ।15।

ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ, ਤੇ ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ। 16।

(ਗੋਪਾਲ ਨੇ ਆਖਿਆ: ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ, ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ, ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ, ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ। 17, 18।

(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ = (ਗਊ ਨੂੰ) ਨਿਆਣਾ ਪਾ ਦਿਉ। (ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ। 19।

ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ। 20।

ਬਾਦਸ਼ਾਹ ਮਹਲਾਂ ਵਿਚ ਚਲਾ ਗਿਆ (ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) । ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ) = ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ) , ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ। 21, 22।

ਨਾਮਾ ਆਖਦਾ ਹੈ– ਹੇ ਬਾਦਸ਼ਾਹ! ਸੁਣ, ਮੈਨੂੰ ਇਕ ਤਸੱਲੀ ਦਿਵਾ ਦੇਹ; ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ। 23, 24।

(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ, (ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ਜੇ ਐਤਕੀਂ ਗਾਂ ਨਾ ਜੀਊਂਦੀ ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ। 25, 26।

ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ, ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ; (ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ (ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ। 27, 28।1।10।

ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: 6 ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ "ਭਗਤ ਜਨਾਂ" ਆਏ ਹਨ, ਇੱਥੇ ਭੀ ਬੰਦ ਨੰ: 27 ਵਿਚ ਇਹੀ ਲਫ਼ਜ਼ ਹਨ। ਦੋਹੀਂ ਥਾਈਂ ਨਾਮਦੇਵ ਜੀ ਆਪਣੀ ਹੱਡ-ਬੀਤੀ ਸੁਣਾ ਕੇ ਆਮ ਅਸੂਲ ਦੀ ਗੱਲ ਸੁਣਾਉਂਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ।

ਨੋਟ: ਬੰਦ ਨੰ: 14, 15, 16 ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਞ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਹੀ ਰਾਗ ਦੇ ਅਖ਼ੀਰਲੇ ਸ਼ਬਦ ਵਿਚ ਵੇਖੋ, ਪਰਮਾਤਮਾ ਨੂੰ "ਅਬਦਾਲੀ" ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ "ਕਲੰਦਰ, ਅਬਦਾਲੀ" ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿਚ ਯਾਦ ਕਰਦੇ ਹਨ।

ਸ਼ਬਦ ਦਾ ਭਾਵ: ਸਿਮਰਨ ਕਰਨ ਵਾਲਿਆਂ ਨੂੰ ਕੋਈ ਡਰ ਪੋਹ ਨਹੀਂ ਸਕਦਾ।

TOP OF PAGE

Sri Guru Granth Darpan, by Professor Sahib Singh