ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1168

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥ ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥ ਭੋਲਿਆ ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥ ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥ ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥ ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥ ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥ ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥ ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥ {ਪੰਨਾ 1168}

ਪਦ ਅਰਥ: ਮਾਹਾ ਮਾਹ = ਮਹਾ ਮਹਾ, ਵੱਡੀਆਂ ਵੱਡੀਆਂ। ਮੁਮਾਰਖੀ = ਮੁਬਾਰਕਾਂ, ਵਧਾਈਆਂ। ਸਦਾ ਬਸੰਤੁ = ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼) । ਪਰਫੜੁ = ਪ੍ਰਫੁਲਤ ਹੋ, ਖਿੜ। ਚਿਤ = ਹੇ ਚਿਤ! ਸਮ੍ਹ੍ਹਾਲਿ = ਸਾਂਭ ਰੱਖ। ਗੋਬਿੰਦੁ = ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ।1।

ਭੋਲਿਆ = ਹੇ ਕਮਲੇ (ਮਨ) ! ਸੁਰਤਿ = ਬ੍ਰਿਤੀ। ਵਿਸਾਰਿ = ਭੁਲਾ ਦੇ। ਬੀਚਾਰਿ = ਸੋਚ ਸਮਝ, ਹੋਸ਼ ਕਰ। ਮਨ = ਹੇ ਮਨ! ਗੁਣ ਵਿਚਿ ਗੁਣੁ = ਗੁਣਾਂ ਵਿਚ ਸ੍ਰੇਸ਼ਟ ਗੁਣ, ਸਭ ਤੋਂ ਸ੍ਰੇਸ਼ਟ ਗੁਣ। ਲੈ ਸਾਰਿ = ਸਾਰਿ ਲੈ, ਸੰਭਾਲ ਲੈ।1। ਰਹਾਉ।

ਕਰਮ = (ਰੋਜ਼ਾਨਾ ਜੀਵਨ ਵਾਲੇ) ਕੰਮ। ਪੇਡੁ = ਰੁੱਖ। ਸਾਖਾ = ਟਹਣੀਆਂ। ਹਰੀ = ਹਰਿ-ਨਾਮ ਦਾ ਸਿਮਰਨ। ਗਿਆਨੁ = ਪ੍ਰਭੂ ਨਾਲ ਡੂੰਘੀ ਸਾਂਝ। ਪਤ = ਪੱਤਰ। ਘਣੀ = ਸੰਘਣੀ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ।2।

ਅਖੀ = ਅੱਖਾਂ ਨਾਲ। ਕੰਨੀ = ਕੰਨਾਂ ਨਾਲ। ਬਾਣੀ = ਸਿਫ਼ਤਿ-ਸਾਲਾਹ। ਮੁਖਿ = ਮੂੰਹ ਵਿਚ। ਆਖਣੁ = ਬੋਲ। ਪਤਿ = ਇੱਜ਼ਤ। ਸਹਜਿ = ਸਹਜ, ਅਡੋਲਤਾ ਵਿਚ। ਧਿਆਨੁ = ਟਿਕਾਉ।3।

ਮਾਹਾ ਰੁਤੀ = ਮਹੀਨੇ ਤੇ ਰੁੱਤਾਂ। ਕਰਮ = (ਹਉਮੈ ਵਿਸਾਰਨ ਵਾਲੇ) ਕੰਮ।4।

ਅਰਥ: ਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ। ਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ।1। ਰਹਾਉ।

(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ। ਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ।1।

(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ) । ਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ।2।

(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ। ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤਿ ਟਿਕੀ ਰਹੇਗੀ।3।

(ਹੇ ਭਾਈ! ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ) ।

ਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ।4।1।

ਮਹਲਾ ੧ ਬਸੰਤੁ ॥ ਰੁਤਿ ਆਈਲੇ ਸਰਸ ਬਸੰਤ ਮਾਹਿ ॥ ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥ ਕਿਸੁ ਪੂਜ ਚੜਾਵਉ ਲਗਉ ਪਾਇ ॥੧॥ ਤੇਰਾ ਦਾਸਨਿ ਦਾਸਾ ਕਹਉ ਰਾਇ ॥ ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥ ਤੇਰੀ ਮੂਰਤਿ ਏਕਾ ਬਹੁਤੁ ਰੂਪ ॥ ਕਿਸੁ ਪੂਜ ਚੜਾਵਉ ਦੇਉ ਧੂਪ ॥ ਤੇਰਾ ਅੰਤੁ ਨ ਪਾਇਆ ਕਹਾ ਪਾਇ ॥ ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥ ਤੇਰੇ ਸਠਿ ਸੰਬਤ ਸਭਿ ਤੀਰਥਾ ॥ ਤੇਰਾ ਸਚੁ ਨਾਮੁ ਪਰਮੇਸਰਾ ॥ ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥ ਅਣਜਾਣਤ ਨਾਮੁ ਵਖਾਣੀਐ ॥੩॥ ਨਾਨਕੁ ਵੇਚਾਰਾ ਕਿਆ ਕਹੈ ॥ ਸਭੁ ਲੋਕੁ ਸਲਾਹੇ ਏਕਸੈ ॥ ਸਿਰੁ ਨਾਨਕ ਲੋਕਾ ਪਾਵ ਹੈ ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥ {ਪੰਨਾ 1168}

ਪਦ ਅਰਥ: ਰੁਤਿ = ਸੁਹਾਵਣੀ ਰੁੱਤ। ਆਈਲੇ = ਆਈ ਹੈ। ਸਰਸ = ਰਸ ਸਹਿਤ, ਖ਼ੁਸ਼। ਮਾਹਿ = ਵਿਚ। ਰੰਗਿ = ਤੇਰੈ ਰੰਗਿ, ਹੇ ਪ੍ਰਭੂ! ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਰਵਹਿ = ਜੋ ਬੰਦੇ ਸਿਮਰਦੇ ਹਨ। ਸਿ = ਉਹ ਬੰਦੇ। ਚਾਇ = ਚਾ ਵਿਚ। ਤੇਰੈ ਚਾਇ = ਤੇਰੇ ਮਿਲਾਪ ਦੀ ਖ਼ੁਸ਼ੀ ਵਿਚ। ਚੜਾਵਉ = ਮੈਂ ਚੜ੍ਹਾਵਾਂ। ਲਗਉ = ਮੈਂ ਲੱਗਾਂ। ਪਾਇ = ਪੈਰੀਂ।1।

ਦਾਸਨਿ ਦਾਸਾ = ਦਾਸਾਂ ਦਾ ਦਾਸ ਹੋ ਕੇ। ਕਹਉ = ਮੈਂ ਆਖਦਾ ਹਾਂ, ਸਿਮਰਦਾ ਹਾਂ। ਕਾਇ = ਕਿਸੇ ਹੋਰ ਥਾਂ ਤੋਂ।1। ਰਹਾਉ।

ਮੂਰਤਿ = ਹਸਤੀ। ਦੇਉ = ਮੈਂ ਦਿਆਂ। ਕਹਾ ਪਾਇ = ਕਿਥੋਂ ਪਾਇਆ ਜਾ ਸਕਦਾ ਹੈ?।2।

ਸਠਿ ਸੰਬਤਿ = ਸੱਠ ਸਾਲ {ਬ੍ਰਹਮਾ ਵਿਸ਼ਨੂੰ ਸ਼ਿਵ ਦੀਆਂ 3 ਬੀਸੀਆਂ। ਇਹਨਾਂ ਦਾ ਵੀਹ ਵੀਹ ਸਾਲ ਦਾ ਪ੍ਰਭਾਵ ਮੰਨਿਆ ਗਿਆ ਹੈ}। ਸਭਿ = ਸਾਰੇ। ਗਤਿ = ਹਾਲਤ। ਤੇਰੀ ਗਤਿ = ਤੂੰ ਕਿਹੋ ਜਿਹਾ ਹੈਂ = ਇਹ ਗੱਲ। ਅਵਿਗਤਿ = ਜਾਣਨ ਤੋਂ ਪਰੇ।3।

ਵੇਚਾਰਾ = ਗਰੀਬ। ਏਕਸੈ = ਇਕੋ ਪ੍ਰਭੂ ਨੂੰ। ਸਿਰੁ ਨਾਨਕ = ਨਾਨਕ ਦਾ ਸਿਰ। ਲੋਕਾ ਪਾਵ = (ਉਹਨਾਂ ਸਿਫ਼ਤਿ-ਸਾਲਾਹ ਕਰਨ ਵਾਲੇ) ਲੋਕਾਂ ਦੇ ਪੈਰਾਂ ਉਤੇ। ਜੇਤੇ = ਜਿਤਨੇ ਭੀ।4।

ਅਰਥ: ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ। ਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ।1। ਰਹਾਉ।

ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ, ਉਹਨਾਂ ਵਾਸਤੇ (ਇਹ ਮਨੁੱਖਾ ਜਨਮ, ਮਾਨੋ, ਬਸੰਤ ਦੀ) ਰੁੱਤ ਆਈ ਹੋਈ ਹੈ, ਉਹ (ਮਨੁੱਖਾ ਜਨਮ ਵਾਲੀ) ਇਸ ਰੁੱਤ ਵਿਚ ਸਦਾ ਖਿੜੇ ਰਹਿੰਦੇ ਹਨ। (ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜ੍ਹਾ ਕੇ ਪੂਜਾ ਕਰਦੇ ਹਨ। ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ, ਤੇਥੋਂ ਬਿਨਾ) ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ?।2।

ਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ। ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ? ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ? ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ।2।

ਹੇ ਪਰਮੇਸ਼ਰ! ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਤੇਰੇ ਸੱਠ ਸਾਲ (ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੀਸੀਆਂ) ਹਨ ਤੇ ਸਾਰੇ ਤੀਰਥ ਹਨ। ਤੂੰ ਕਿਹੋ ਜਿਹਾ ਹੈਂ = ਇਹ ਗੱਲ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ। ਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਨਾ ਚਾਹੀਦਾ ਹੈ।3।

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ? ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ) । ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ। ਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ।4।2।

ਬਸੰਤੁ ਮਹਲਾ ੧ ॥ ਸੁਇਨੇ ਕਾ ਚਉਕਾ ਕੰਚਨ ਕੁਆਰ ॥ ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥ ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥ ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥ ਰੇ ਮਨ ਲੇਖੈ ਕਬਹੂ ਨ ਪਾਇ ॥ ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥ ਦਸ ਅਠ ਲੀਖੇ ਹੋਵਹਿ ਪਾਸਿ ॥ ਚਾਰੇ ਬੇਦ ਮੁਖਾਗਰ ਪਾਠਿ ॥ ਪੁਰਬੀ ਨਾਵੈ ਵਰਨਾਂ ਕੀ ਦਾਤਿ ॥ ਵਰਤ ਨੇਮ ਕਰੇ ਦਿਨ ਰਾਤਿ ॥੨॥ ਕਾਜੀ ਮੁਲਾਂ ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ॥ ਕੋ ਗਿਰਹੀ ਕਰਮਾ ਕੀ ਸੰਧਿ ॥ ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥ ਜੇਤੇ ਜੀਅ ਲਿਖੀ ਸਿਰਿ ਕਾਰ ॥ ਕਰਣੀ ਉਪਰਿ ਹੋਵਗਿ ਸਾਰ ॥ ਹੁਕਮੁ ਕਰਹਿ ਮੂਰਖ ਗਾਵਾਰ ॥ ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥ {ਪੰਨਾ 1168-1169}

ਪਦ ਅਰਥ: ਚਉਕਾ = ਰਸੋਈ ਤੋਂ ਬਾਹਰ ਖੁਲ੍ਹੇ ਥਾਂ ਰੋਟੀ ਪਕਾਣ ਵਾਸਤੇ ਵਲਿਆ ਹੋਇਆ ਥਾਂ। ਕੰਚਨ = ਸੋਨਾ। ਕੁਆਰ = ਕਰਵੇ, ਗਾਗਰਾਂ। ਰੁਪਾ = ਚਾਂਦੀ। ਕਾਰਾ = ਕਾਰਾਂ, ਲਕੀਰਾਂ, ਚੌਕੇ ਦੇ ਦੁਆਲੇ ਹੱਦ-ਬੰਦੀ ਦੀਆਂ ਲਕੀਰਾਂ। ਬਿਸਥਾਰੁ = ਸੁੱਚ ਰੱਖਣ ਵਾਸਤੇ ਅਜੇਹੇ ਹੋਰ ਉੱਦਮਾਂ ਦਾ ਵਿਸਥਾਰ। ਉਦਕ = ਪਾਣੀ। ਕਰੰਤੇ ਕੀ ਆਗਿ {>Øqu-AiÀn, ਕ੍ਰਤੁ=ਅਗਨਿ। ਕ੍ਰਤੁ = ਜੱਗ} ਜੱਗ ਦੀ ਅੱਗ। ਇਕ ਖ਼ਾਸ ਰੁੱਖ (ਅਰਣੀ) ਦੇ ਦੋ ਡੰਡੇ ਬਣਾ ਕੇ ਇਕ ਡੰਡੇ ਵਿਚ ਛੇਕ ਕਰ ਲੈਂਦੇ ਹਨ, ਉਸ ਵਿਚ ਦੂਜਾ ਡੰਡਾ ਫਸਾ ਕੇ ਉਸ ਨੂੰ ਮਧਾਣੀ ਵਾਂਗ ਰੱਸੀ ਦੇ ਲਪੇਟੇ ਦੇ ਕੇ ਬੜੀ ਤੇਜ਼ੀ ਨਾਲ ਘੁਮਾਂਦੇ ਹਨ। ਇਸ ਤਰ੍ਹਾਂ ਦੋਹਾਂ ਡੰਡਿਆਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ। ਇਹ ਅੱਗ ਸੁੱਚੀ ਮੰਨੀ ਗਈ ਹੈ। ਜੱਗਾਂ ਵਿਚ ਇਸ ਅੱਗ ਨੂੰ ਵਰਤਣਾ ਚੰਗਾ ਦੱਸਿਆ ਗਿਆ ਹੈ। ਗਰੁੜਾ = ਰਿੱਝੇ ਹੋਏ ਚਾਵਲ। ਗਾਡਿ = ਮਿਲਾ ਕੇ।1।

ਲੇਖੈ ਨ ਪਾਇ = ਕਬੂਲ ਨਹੀਂ ਹੋ ਸਕਦਾ। ਜਾਮਿ = ਜਦ ਤਕ। ਨਾਇ = ਨਾਮ ਵਿਚ।1। ਰਹਾਉ।

ਦਸ ਅਠ = ਅਠਾਰਾਂ ਪੁਰਾਣ। ਮੁਖਾਗਰ = ਮੂੰਹ-ਜ਼ਬਾਨੀ, ਮੂੰਹ ਅੱਗੇ {ਮੁਖ-ਅੱਗ੍ਰ}। ਪਾਠਿ = ਪਾਠ ਵਿਚ। ਪੁਰਬੀ = ਪੁਰਬਾਂ ਦੇ ਮੌਕੇ ਤੇ, ਪਵਿੱਤ੍ਰ ਦਿਹਾੜਿਆਂ ਤੇ। ਵਰਨਾਂ ਕੀ ਦਾਤਿ = ਵਖ ਵਖ ਵਰਨਾਂ ਲਈ ਜੋ ਦਾਨ ਕਰਨਾ ਲਿਖਿਆ ਹੈ ਉਸ ਅਨੁਸਾਰ ਦਾਨ।2।

ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸਕ। ਸੰਧਿ = ਮਿਲੌਣੀ। ਕਰਮਾਂ ਕੀ ਸੰਧਿ = ਧਰਮ ਸ਼ਾਸਤ੍ਰਾਂ ਅਨੁਸਾਰ ਦੱਸੇ ਕਰਮ ਕਾਂਡ ਨੂੰ ਕਰਨ ਵਾਲੇ, ਕਰਮ-ਕਾਂਡੀ। ਖੜੀਅਸਿ = ਖੜੀ ਜਾਂਦੀ ਹੈ। ਬੰਧਿ = ਬੰਨ੍ਹ ਕੇ।3।

ਸਿਰਿ = ਸਿਰ ਉਤੇ। ਕਰਣੀ ਉਪਰਿ = ਹਰੇਕ ਦੀ ਕਰਣੀ ਅਨੁਸਾਰ, ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ। ਹੋਵਗਿ = ਹੋਵੇਗੀ। ਸਾਰ = ਸੰਭਾਲ, ਫ਼ੈਸਲਾ। ਹੁਕਮੁ ਕਰਹਿ = ਜੋ ਮਨੁੱਖ ਹੁਕਮ ਕਰਦੇ ਹਨ, ਹਉਮੈ ਕਰਨ ਵਾਲੇ ਬੰਦੇ। ਭੰਡਾਰ = ਖ਼ਜ਼ਾਨੇ।4।

ਅਰਥ: (ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ) , ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ) , (ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ) ; (ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ) , ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ) ; ਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ;

(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ। ਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤਿ ਨਹੀਂ ਪਾਂਦਾ, ਉਸ ਦਾ ਕੋਈ ਭੀ ਉੱਦਮ ਪ੍ਰਭੂ ਨੂੰ ਪਸੰਦ ਨਹੀਂ) ।1। ਰਹਾਉ।

ਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ, ਜੇ ਪਾਠ ਵਿਚ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ, ਜੇ ਉਹ ਪਵਿਤ੍ਰ (ਮਿਥੇ) ਦਿਹਾੜਿਆਂ ਤੇ ਤੀਰਥੀਂ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ ਵਖ ਵਰਨਾਂ ਦੇ ਬੰਦਿਆਂ ਨੂੰ ਦਾਨ-ਪੁੰਨ ਕਰੇ, ਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਬਾਹੁੰਦਾ ਰਹੇ (ਤਾਂ ਭੀ ਪ੍ਰਭੂ ਨੂੰ ਇਹ ਕੋਈ ਉੱਦਮ ਪਸੰਦ ਨਹੀਂ) ।2।

ਜੇ ਕੋਈ ਬੰਦੇ ਕਾਜ਼ੀ ਮੁੱਲਾਂ ਸ਼ੇਖ਼ ਬਣ ਜਾਣ, ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲੈਣ, ਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ-ਕਾਂਡੀ ਹੋ ਜਾਏ = ਇਹਨਾਂ ਵਿਚੋਂ ਹਰੇਕ ਦੋਸੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਇਗਾ, ਜਦ ਤਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ, (ਜਦ ਤਕ ਉਹ ਸੱਚੇ ਨਾਮ ਵਿਚ ਨਹੀਂ ਪਤੀਜਦਾ) ।3।

(ਅਸਲ ਗੱਲ ਇਹ ਹੈ ਕਿ) ਜਿਤਨੇ ਭੀ ਜੀਵ ਹਨ ਸਭਨਾਂ ਦੇ ਸਿਰ ਉਤੇ ਪ੍ਰਭੂ ਦਾ ਇਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ ਕਿ ਹਰੇਕ ਦੀ ਕਾਮਯਾਬੀ ਦਾ ਫ਼ੈਸਲਾ ਉਸ ਦੇ ਕੀਤੇ ਕਰਮਾਂ ਉਤੇ ਹੀ ਹੋਵੇਗਾ। ਜੇਹੜੇ ਬੰਦੇ ਸੁੱਚੇ ਕਰਮ-ਕਾਂਡ ਭੇਖ ਆਦਿਕ ਉਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ।

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ ਦੇ ਖ਼ਜ਼ਾਨੇ ਭਰੇ ਪਏ ਹਨ (ਉਹਨਾਂ ਵਿਚ ਜੁੜੋ। ਇਹੀ ਹੈ ਪਰਵਾਨ ਹੋਣ ਵਾਲੀ ਕਰਣੀ) ।4।3।

TOP OF PAGE

Sri Guru Granth Darpan, by Professor Sahib Singh