ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1169 ਬਸੰਤੁ ਮਹਲਾ ੩ ਤੀਜਾ ॥ ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ ਜਟਾਧਾਰਿ ਕਿਆ ਕਮਾਵੈ ਜੋਗੁ ॥ ਮਨੁ ਨਿਰਮਲੁ ਨਹੀ ਦਸਵੈ ਦੁਆਰ ॥ ਭ੍ਰਮਿ ਭ੍ਰਮਿ ਆਵੈ ਮੂੜ੍ਹ੍ਹਾ ਵਾਰੋ ਵਾਰ ॥੧॥ ਏਕੁ ਧਿਆਵਹੁ ਮੂੜ੍ਹ੍ਹ ਮਨਾ ॥ ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥ ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥ ਨਾਦੀ ਬੇਦੀ ਪੜ੍ਹ੍ਹਹਿ ਪੁਰਾਣ ॥ ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥ ਤਿਨ ਕੈ ਰਮਈਆ ਨੇੜਿ ਨਾਹਿ ॥੨॥ ਜੇ ਕੋ ਐਸਾ ਸੰਜਮੀ ਹੋਇ ॥ ਕ੍ਰਿਆ ਵਿਸੇਖ ਪੂਜਾ ਕਰੇਇ ॥ ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥ ਓਇ ਨਿਰੰਜਨੁ ਕੈਸੇ ਪਾਹਿ ॥੩॥ ਕੀਤਾ ਹੋਆ ਕਰੇ ਕਿਆ ਹੋਇ ॥ ਜਿਸ ਨੋ ਆਪਿ ਚਲਾਏ ਸੋਇ ॥ ਨਦਰਿ ਕਰੇ ਤਾਂ ਭਰਮੁ ਚੁਕਾਏ ॥ ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥ ਜਿਸੁ ਜੀਉ ਅੰਤਰੁ ਮੈਲਾ ਹੋਇ ॥ ਤੀਰਥ ਭਵੈ ਦਿਸੰਤਰ ਲੋਇ ॥ ਨਾਨਕ ਮਿਲੀਐ ਸਤਿਗੁਰ ਸੰਗ ॥ ਤਉ ਭਵਜਲ ਕੇ ਤੂਟਸਿ ਬੰਧ ॥੫॥੪॥ {ਪੰਨਾ 1169} ਨੋਟ: ਇਹ ਸ਼ਬਦ 'ਮਹਲਾ 3' ਦਾ ਹੈ। ਅੰਕ 3 ਨੂੰ "ਤੀਜਾ" ਪੜ੍ਹਨਾ ਹੈ। ਇਸੇ ਤਰ੍ਹਾਂ 'ਮਹਲਾ' 1, 2, 4, 5, 9' ਦੇ ਅੰਕਾਂ ਨੂੰ ਪਹਿਲਾ, ਦੂਜਾ, ਚੌਥਾ, ਪੰਜਵਾਂ ਤੇ ਨਾਂਵਾਂ ਪੜ੍ਹਨਾ ਹੈ। ਨੋਟ: ਬਾਣੀ ਦਰਜ ਕਰਨ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਮਰਯਾਦਾ ਅਨੁਸਾਰ ਇਸ ਰਾਗ ਵਿਚ ਭੀ ਗੁਰੂ ਨਾਨਕ ਸਾਹਿਬ ਦੇ ਸ਼ਬਦ-ਸੰਗ੍ਰਹ ਤੋਂ ਪਿਛੋਂ ਗੁਰੂ ਅਮਰਦਾਸ ਜੀ ਦੇ ਸ਼ਬਦ ਦਰਜ ਹਨ। ਫਿਰ, ਇਹ ਵੱਖਰਾ ਸ਼ਬਦ ਗੁਰੂ ਅਮਰਦਾਸ ਜੀ ਦਾ ਇਥੇ ਕਿਉਂ ਦਿੱਤਾ ਗਿਆ ਹੈ? ਇਸ ਸਾਰੇ ਸ਼ਬਦ ਨੂੰ ਗਹੁ ਨਾਲ ਪੜ੍ਹੋ। ਇਸ ਤੋਂ ਪਹਿਲਾ ਸ਼ਬਦ ਨੰ: 3 ਭੀ ਫਿਰ ਪੜ੍ਹੋ। ਦੋਹਾਂ ਵਿਚ ਭੇਖ ਤੇ ਕਰਮ-ਕਾਂਡ ਦੀ ਨਿਖੇਧੀ ਹੈ। ਸਿਮਰਨ ਨੂੰ ਜਨਮ-ਮਨੋਰਥ ਦੱਸਿਆ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਦੀ ਪ੍ਰੋੜ੍ਹਤਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਪਦ ਅਰਥ: ਉਤਾਰਿ = ਉਤਾਰ ਕੇ, ਲਾਹ ਕੇ। ਦਿਗੰਬਰੁ = ਨਾਂਗਾ ਸਾਧੂ {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ। ਦਿਗੰਬਰੁ = ਉਹ ਜਿਸ ਨੇ ਦਿਸ਼ਾ ਨੂੰ ਆਪਣਾ ਕੱਪੜਾ ਬਣਾਇਆ ਹੈ, ਨੰਗਾ}। ਹੋਗੁ = (ਜੇ) ਹੋ ਜਾਇਗਾ। ਧਾਰਿ = ਧਾਰ ਕੇ। ਕਿਆ = ਕੇਹੜਾ? ਦਸਵੈ ਦੁਆਰ = ਪ੍ਰਾਣ ਦਸਵੇਂ ਦੁਆਰ ਚੜ੍ਹਾਇਆਂ, ਪ੍ਰਾਣਾਯਾਮ ਕੀਤਿਆਂ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਮੂੜਾ = ਮੂਰਖ। ਵਾਰੋ ਵਾਰ = ਮੁੜ ਮੁੜ।1। ਏਕੁ = ਇਕ ਪ੍ਰਭੂ ਨੂੰ। ਇਕ ਖਿਨਾਂ = ਇਕ ਪਲ ਵਿਚ।1। ਰਹਾਉ। ਕਰਹਿ = (ਜੋ ਮਨੁੱਖ) ਕਰਦੇ ਹਨ। ਨਾਦੀ = ਨਾਦ ਵਜਾਣ ਵਾਲੇ ਜੋਗੀ। ਬੇਦੀ = ਬੇਦ ਪੜ੍ਹਨ ਵਾਲੇ ਪੰਡਿਤ। ਦ੍ਰਿਸਟਿ = ਨਿਗਾਹ, ਨਜ਼ਰ। ਮਨਿ = ਮਨ ਵਿਚ। ਕਮਾਹਿ = ਜੋ ਕਮਾਂਦੇ ਹਨ।2। ਸੰਜਮੀ = ਸੰਜਮ ਰੱਖਣ ਵਾਲਾ, ਇੰਦ੍ਰਿਆਂ ਨੂੰ ਕਾਬੂ ਕਰਨ ਦਾ ਜਤਨ ਕਰਨ ਵਾਲਾ। ਵਿਸੇਖ = ਵਿਸ਼ੇਸ਼, ਉਚੇਚੀ। ਕਰੇਇ = (ਜੋ ਮਨੁੱਖ) ਕਰਦਾ ਹੈ। ਅੰਤਰਿ = ਅੰਦਰ, ਮਨ ਦੇ ਅੰਦਰ। ਬਿਖਿਆ = ਮਾਇਆ। ਓਇ = ਅਜੇਹੇ ਬੰਦੇ। ਪਾਹਿ = ਪ੍ਰਾਪਤ ਕਰਨ।3। ਕੀਤਾ ਹੋਆ = ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਕਰੇ ਕਿਆ ਹੋਇ = ਜੀਵ ਦੇ ਕੀਤਿਆਂ ਕੀਹ ਹੋ ਸਕਦਾ ਹੈ? ਜਿਸ ਨੋ = ਜਿਸ ਜੀਵ ਨੂੰ। ਸੋਇ = ਉਹ ਪਰਮਾਤਮਾ। ਨਦਰਿ = ਮੇਹਰ ਦੀ ਨਿਗਾਹ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ। ਹੁਕਮੈ = ਪਰਮਾਤਮਾ ਦੇ ਹੁਕਮ ਨੂੰ।4। ਅੰਤਰੁ = ਅੰਦਰਲਾ {ਬੰਦ ਨੰ: 3 ਵਿਚ ਲਫ਼ਜ਼ 'ਅੰਤਰਿ' ਸੰਬੰਧਕ ਹੈ। ਦੋਹਾਂ ਲਫ਼ਜ਼ਾਂ ਦਾ ਜੋੜ ਵੇਖੋ। ਲਫ਼ਜ਼ 'ਅੰਤਰੁ' ਵਿਸ਼ੇਸ਼ਣ ਹੈ ਲਫ਼ਜ਼ 'ਜੀਉ' ਦਾ}। ਦਿਸੰਤਰ = ਦੇਸ ਅੰਤਰ, ਹੋਰ ਹੋਰ ਦੇਸਾਂ ਵਿਚ। ਲੋਇ = ਲੋਕ ਵਿਚ, ਜਗਤ ਵਿਚ। ਤਉ = ਤਦੋਂ। ਬੰਧ = ਬੰਧਨ।5। ਅਰਥ: ਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ। (ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ।1। ਰਹਾਉ। ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ) । ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ) । ਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ। (ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ।1। (ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ) ਸੁਣਾਂਦੇ ਹਨ, ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ, ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿਚ ਉਹ ਖੋਟ ਕਮਾਂਦੇ ਹਨ। ਪਰਮਾਤਮਾ ਅਜੇਹੇ ਬੰਦਿਆਂ ਦੇ ਨੇੜੇ ਨਹੀਂ (ਢੁਕਦਾ) ।2। ਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦਾ ਹੋਵੇ, ਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ, ਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿਚ ਹੀ ਫਸਿਆ ਪਿਆ ਹੈ, ਤਾਂ ਅਜੇਹੇ ਬੰਦੇ ਭੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ।3। (ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੀਵ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ (ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ।4। ਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ, ਉਹ ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿਚ ਹੋਰ ਹੋਰ ਦੇਸਾਂ ਵਿਚ ਭੀ (ਵਿਰਕਤ ਰਹਿਣ ਲਈ) ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ) । ਹੇ ਨਾਨਕ! ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ, ਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ ਹਨ।5।4। ਬਸੰਤੁ ਮਹਲਾ ੧ ॥ ਸਗਲ ਭਵਨ ਤੇਰੀ ਮਾਇਆ ਮੋਹ ॥ ਮੈ ਅਵਰੁ ਨ ਦੀਸੈ ਸਰਬ ਤੋਹ ॥ ਤੂ ਸੁਰਿ ਨਾਥਾ ਦੇਵਾ ਦੇਵ ॥ ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥ ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥ ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥ ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥ ਬਿਨੁ ਗੁਰ ਮੈਲ ਮਲੀਨ ਅੰਗੁ ॥ ਬਿਨੁ ਹਰਿ ਨਾਮ ਨ ਸੁਧੁ ਹੋਇ ॥ ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥ ਜਾ ਕਉ ਤੂ ਰਾਖਹਿ ਰਖਨਹਾਰ ॥ ਸਤਿਗੁਰੂ ਮਿਲਾਵਹਿ ਕਰਹਿ ਸਾਰ ॥ ਬਿਖੁ ਹਉਮੈ ਮਮਤਾ ਪਰਹਰਾਇ ॥ ਸਭਿ ਦੂਖ ਬਿਨਾਸੇ ਰਾਮ ਰਾਇ ॥੩॥ ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥ ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥ ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥ ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥ {ਪੰਨਾ 1169} ਪਦ ਅਰਥ: ਤੋਹ = ਤੇਰਾ (ਪ੍ਰਕਾਸ਼) । ਸੁਰਿ = ਦੇਵਤੇ।1। ਲਾਲ = ਹੇ ਲਾਲ! ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੁਰ ਕੇ। ਸਰਬ ਪਾਲ = ਹੇ ਸਰਬ ਨੂੰ ਪਾਲਣ ਵਾਲੇ! ਅਪਰੰਪਰੁ = ਪਰੇ ਤੋਂ ਪਰੇ, ਬੇਅੰਤ।1। ਰਹਾਉ। ਸਾਧ = ਗੁਰੂ। ਸੁਧੁ = ਪਵਿਤ੍ਰ।2। ਸਾਰ = ਸੰਭਾਲ। ਬਿਖੁ = ਜ਼ਹਰ। ਪਰਹਰਾਇ = ਦੂਰ ਕਰਾ ਲੈਂਦਾ ਹੈ। ਸਭਿ = ਸਾਰੇ। ਰਾਮਰਾਇ = ਹੇ ਪ੍ਰਕਾਸ਼-ਰੂਪ ਪ੍ਰਭੂ! ਗਤਿ = ਆਤਮਕ ਅਵਸਥਾ। ਹੀਰ = ਹੀਰਾ। ਤਜਿ = ਤਜ ਕੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ। ਗੁਰ ਮਿਲਾਉ = ਗੁਰੂ ਦਾ ਮਿਲਾਪ।4। ਅਰਥ: ਹੇ ਮੇਰੇ ਸੋਹਣੇ ਲਾਲ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ! ਤੂੰ ਬੜਾ ਹੀ ਬੇਅੰਤ ਹੈਂ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੀ ਸਿਫ਼ਤਿ-ਸਾਲਾਹ ਕਰਦਾ ਹੈ।1। ਰਹਾਉ। ਹੇ ਪ੍ਰਭੂ! ਸਾਰੇ ਭਵਨਾਂ ਵਿਚ (ਸਾਰੇ ਜਗਤ ਵਿਚ) ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ। ਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਸਭ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ। ਤੂੰ ਦੇਵਤਿਆਂ ਦਾ ਨਾਥਾਂ ਦਾ ਭੀ ਦੇਵਤਾ ਹੈਂ। ਹੇ ਹਰੀ! ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ।1। ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ, (ਕਿਉਂਕਿ) ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ (ਵਿਕਾਰਾਂ ਦੀ) ਮੈਲ ਨਾਲ ਗੰਦਾ ਰਹਿੰਦਾ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਰੀਰ) ਪਵਿਤ੍ਰ ਨਹੀਂ ਹੋ ਸਕਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।2। ਹੇ ਰੱਖਣਹਾਰ ਪ੍ਰਭੂ! ਜਿਸ ਨੂੰ ਤੂੰ ਆਪ (ਵਿਕਾਰਾਂ ਤੋਂ) ਬਚਾਂਦਾ ਹੈਂ, ਜਿਸ ਨੂੰ ਤੂੰ ਗੁਰੂ ਮਿਲਾਂਦਾ ਹੈਂ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈਂ, ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਣ ਦੇ ਜ਼ਹਰ ਨੂੰ ਦੂਰ ਕਰ ਲੈਂਦਾ ਹੈ। ਹੇ ਰਾਮਰਾਇ! ਤੇਰੀ ਮੇਹਰ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।3। ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵੱਸ ਪੈਂਦੇ ਹਨ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫ਼ਰਾਖ਼-ਦਿਲ ਹੋ ਜਾਂਦਾ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ-ਨਾਮ ਦਾ ਹੀਰਾ ਚਮਕ ਪੈਂਦਾ ਹੈ, ਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤਿ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ। ਹੇ ਪ੍ਰਭੂ! (ਮੇਰੀ ਤੇਰੇ ਦਰ ਤੇ ਅਰਦਾਸਿ ਹੈ ਕਿ) ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ, ਗੁਰੂ ਦਾ ਮਿਲਾਪ ਕਰਾ ਦੇ।4।5। ਬਸੰਤੁ ਮਹਲਾ ੧ ॥ ਮੇਰੀ ਸਖੀ ਸਹੇਲੀ ਸੁਨਹੁ ਭਾਇ ॥ ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ ਓਹੁ ਅਲਖੁ ਨ ਲਖੀਐ ਕਹਹੁ ਕਾਇ ॥ ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥ ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥ ਮਨਮੁਖੀ ਦੁਹਾਗਣਿ ਨਾਹਿ ਭੇਉ ॥ ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥ ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥ ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥ ਬਿਨੁ ਗੁਰ ਭਗਤਿ ਨ ਭਾਉ ਹੋਇ ॥ ਬਿਨੁ ਗੁਰ ਸੰਤ ਨ ਸੰਗੁ ਦੇਇ ॥ ਬਿਨੁ ਗੁਰ ਅੰਧੁਲੇ ਧੰਧੁ ਰੋਇ ॥ ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥ ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥ ਅਹਿਨਿਸਿ ਰਾਵੇ ਭਗਤਿ ਜੋਗੁ ॥ ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥ ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥ {ਪੰਨਾ 1169-1170} ਪਦ ਅਰਥ: ਸਖੀ ਸਹੇਲੀ = ਹੇ ਸਖੀ ਸਹੇਲੀਓ! ਭਾਇ = ਪ੍ਰੇਮ ਨਾਲ। ਰੀਸਾਲੂ = ਸੋਹਣਾ, ਸੁੰਦਰ। ਸੰਗਿ = (ਜਿਸ ਦੇ) ਨਾਲ ਹੈ। ਸਾਇ = ਉਹੀ ਸਖੀ (ਸੁਹਾਗਣਿ ਹੈ) । ਓਹੁ = ਉਹ ਪਿਰ-ਪ੍ਰਭੂ। ਕਹਹੁ = ਦੱਸੋ। ਕਾਇ = ਕਿਵੇਂ (ਦਿੱਸੇ, ਮਿਲੇ) ? ਗੁਰਿ = ਗੁਰੂ ਨੇ। ਸੰਗਿ = ਨਾਲ ਹੀ।1। ਬਨੇ = ਫਬਦੇ ਹਨ। ਵਰ ਕਾਮਨਿ = ਖਸਮ-ਪ੍ਰਭੂ ਦੀਆਂ ਜੀਵ-ਇਸਤ੍ਰੀਆਂ। ਮਨੇ = ਮੰਨੇ, ਪਤੀਜ ਜਾਂਦੇ ਹਨ।1। ਰਹਾਉ। ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ। ਦੁਹਾਗਣਿ = ਭਾਗ ਹੀਣ। ਭੇਉ = ਭੇਤ। ਸਰਬ ਪ੍ਰੇਉ = ਸਭ ਦਾ ਪਿਆਰਾ। ਦੇਉ = ਪ੍ਰਕਾਸ਼-ਰੂਪ ਪ੍ਰਭੂ। ਗੁਰਿ = ਗੁਰੂ ਨੇ।2। ਭਾਉ = ਪ੍ਰੇਮ। ਸੰਗੁ = ਸਾਥ। ਨ ਦੇਇ = ਨਹੀਂ ਦੇਂਦਾ। ਅੰਧੁਲੇ = (ਮਾਇਆ-ਮੋਹ ਵਿਚ) ਅੰਨ੍ਹੇ ਹੋਏ ਜੀਵ ਨੂੰ। ਧੰਧੁ = ਜੰਜਾਲ (ਵਿਆਪਦਾ ਹੈ) । ਰੋਇ = (ਉਹ) ਦੁਖੀ ਰਹਿੰਦਾ ਹੈ, ਰੋਂਦਾ ਹੈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਖੋਇ = ਨਾਸ ਕਰਦਾ ਹੈ।3। ਗੁਰਿ = ਗੁਰੂ ਨੇ। ਕਰਿ = ਕਰ ਕੇ। ਸੰਜੋਗੁ = (ਪ੍ਰਭੂ ਨਾਲ) ਮਿਲਾਪ। ਅਹਿ = ਦਿਨ। ਨਿਸਿ = ਰਾਤ। ਰਾਵੇ = ਮਾਣਦਾ ਹੈ। ਭਗਤਿ ਜੋਗੁ = ਭਗਤੀ ਦੀ ਰਾਹੀਂ ਹੋਇਆ ਮਿਲਾਪ। ਹਰਿ ਵਰੁ = ਪ੍ਰਭੂ ਪਤੀ। ਸਹਜ ਜੋਗੁ = ਅਡੋਲ ਅਵਸਥਾ ਦਾ ਮਿਲਾਪ।4। ਅਰਥ: ਹੇ ਮੇਰੀ ਸਖੀ ਸਹੇਲੀਹੋ! ਰਲ ਕੇ ਬੈਠੋ (ਤੇ ਪ੍ਰਭੂ-ਪਤੀ ਦੇ ਗੁਣ ਗਾਵੋ) ਪ੍ਰਭੂ ਦੇ ਗੁਣ ਗਾਵਣੇ ਹੀ (ਮਨੁੱਖਾ ਜਨਮ ਵਿਚ) ਫਬਦੇ ਹਨ। ਖਸਮ-ਪ੍ਰਭੂ ਦੀਆਂ ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਪਰਮਾਤਮਾ ਦੇ ਨਾਲ ਖੇਡਦੀਆਂ ਹਨ, ਗੁਰੂ ਦੀ ਰਾਹੀਂ ਪ੍ਰਭੂ ਦੀ ਭਾਲ ਕਰਦਿਆਂ ਉਹਨਾਂ ਦੇ ਮਨ (ਪ੍ਰਭੂ ਦੀ ਯਾਦ ਵਿਚ) ਪਤੀਜ ਜਾਂਦੇ ਹਨ।1। ਰਹਾਉ। ਹੇ ਮੇਰੀ (ਸਤ ਸੰਗਣ) ਸਹੇਲੀਹੋ! ਪ੍ਰੇਮ ਨਾਲ (ਮੇਰੀ ਗੱਲ) ਸੁਣੋ (ਕਿ) ਮੇਰਾ ਸੁੰਦਰ ਪਤੀ-ਪ੍ਰਭੂ ਜਿਸ ਸਹੇਲੀ ਦੇ ਅੰਗ-ਸੰਗ ਹੈ ਉਹੀ ਸਹੇਲੀ (ਸੁਹਾਗਣਿ) ਹੈ। ਉਹ (ਸੋਹਣਾ ਪ੍ਰਭੂ) ਬਿਆਨ ਤੋਂ ਪਰੇ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸੋ (ਹੇ ਸਹੇਲੀਹੋ!) ਉਹ (ਫਿਰ) ਕਿਵੇਂ (ਮਿਲੇ) । ਗੁਰੂ ਨੇ ਉਹ ਪ੍ਰਕਾਸ਼-ਰੂਪ ਪ੍ਰਭੂ ਜਿਸ ਸਹੇਲੀ ਨੂੰ ਅੰਗ-ਸੰਗ ਵਿਖਾ ਦਿੱਤਾ ਹੈ, (ਉਸੇ ਨੂੰ ਉਹ ਮਿਲਿਆ ਹੈ) ।1। ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗ-ਹੀਣ ਜੀਵ-ਇਸਤ੍ਰੀਆਂ ਨੂੰ ਇਹ ਗੁੱਝੀ ਗੱਲ ਸਮਝ ਨਹੀਂ ਆਉਂਦੀ ਕਿ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ। ਗੁਰੂ ਦੇ ਦੱਸੇ ਰਸਤੇ ਤੁਰਨ ਵਾਲੀ ਜੀਵ-ਇਸਤ੍ਰੀ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼-ਰੂਪ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਦੀ ਹੈ। ਗੁਰੂ ਨੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਉਹ ਉਸੇ ਨਾਮ ਦਾ ਜਾਪ ਜਪਦੀ ਹੈ।2। (ਹੇ ਮੇਰੀ ਸਹੇਲੀਹੋ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਹ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ ਨਾਹ ਉਸ ਦੀ ਭਗਤੀ ਹੋ ਸਕਦੀ ਹੈ। ਸੰਤ ਗੁਰੂ ਦੀ ਸਰਨ ਤੋਂ ਬਿਨਾ ਉਹ (ਪਿਆਰਾ ਪ੍ਰਭੂ) ਆਪਣਾ ਸਾਥ ਨਹੀਂ ਬਖ਼ਸ਼ਦਾ। ਗੁਰੂ ਦੇ ਦਰ ਤੇ ਆਉਣ ਤੋਂ ਬਿਨਾ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵ ਨੂੰ ਦੁਨੀਆ ਦਾ ਜੰਜਾਲ ਹੀ ਵਿਆਪਦਾ ਹੈ, ਉਹ ਸਦਾ ਦੁਖੀ ਹੀ ਰਹਿੰਦਾ ਹੈ।3। ਗੁਰੂ ਨੇ (ਪਰਮਾਤਮਾ ਨਾਲ) ਸੰਜੋਗ ਬਣਾ ਕੇ ਜਿਸ ਦਾ ਮਨ (ਮਾਇਆ ਦੇ ਮੋਹ ਵਲੋਂ) ਮਾਰ ਦਿੱਤਾ ਹੈ, ਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਦੇ ਮਿਲਾਪ ਨੂੰ ਮਾਣਦਾ ਹੈ। ਹੇ ਦਾਸ ਨਾਨਕ! ਸੰਤ ਗੁਰੂ ਦੀ ਸੰਗਤਿ ਵਿਚ (ਬੈਠਿਆਂ ਜੀਵ ਦਾ) ਦੁੱਖ ਮਿਟ ਜਾਂਦਾ ਹੈ ਰੋਗ ਦੂਰ ਹੋ ਜਾਂਦਾ ਹੈ (ਕਿਉਂਕਿ) ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ ਉਸ ਨੂੰ ਅਡੋਲ ਅਵਸਥਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।4।6। |
Sri Guru Granth Darpan, by Professor Sahib Singh |