ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1170 ਬਸੰਤੁ ਮਹਲਾ ੧ ॥ ਆਪੇ ਕੁਦਰਤਿ ਕਰੇ ਸਾਜਿ ॥ ਸਚੁ ਆਪਿ ਨਿਬੇੜੇ ਰਾਜੁ ਰਾਜਿ ॥ ਗੁਰਮਤਿ ਊਤਮ ਸੰਗਿ ਸਾਥਿ ॥ ਹਰਿ ਨਾਮੁ ਰਸਾਇਣੁ ਸਹਜਿ ਆਥਿ ॥੧॥ ਮਤ ਬਿਸਰਸਿ ਰੇ ਮਨ ਰਾਮ ਬੋਲਿ ॥ ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥ ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥ ਗੁਰ ਸੇਵ ਤਰੇ ਤਜਿ ਮੇਰ ਤੋਰ ॥ ਨਰ ਨਿੰਦਕ ਲੋਭੀ ਮਨਿ ਕਠੋਰ ॥ ਗੁਰ ਸੇਵ ਨ ਭਾਈ ਸਿ ਚੋਰ ਚੋਰ ॥੨॥ ਗੁਰੁ ਤੁਠਾ ਬਖਸੇ ਭਗਤਿ ਭਾਉ ॥ ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ ॥ ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥ ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥੩॥ ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥ ਗੁਰਸਿਖ ਪਿਆਰੇ ਦਿਨਸੁ ਰਾਤਿ ॥ ਫਲੁ ਨਾਮੁ ਪਰਾਪਤਿ ਗੁਰੁ ਤੁਸਿ ਦੇਇ ॥ ਕਹੁ ਨਾਨਕ ਪਾਵਹਿ ਵਿਰਲੇ ਕੇਇ ॥੪॥੭॥ {ਪੰਨਾ 1170} ਪਦ ਅਰਥ: ਸਾਜਿ = ਸਾਜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਿਬੇੜੇ = ਫ਼ੈਸਲੇ ਕਰਦਾ ਹੈ। ਰਾਜੁ = ਹੁਕਮ। ਰਾਜਿ = ਰਾਜ ਕੇ, ਵਰਤਾ ਕੇ, ਚਲਾ ਕੇ। ਸੰਗਿ = ਸੰਗ ਵਿਚ। ਸਾਥਿ = ਨਾਲ। ਰਸਾਇਣੁ = ਰਸਾਂ ਦਾ ਘਰ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਆਥਿ = (ਮਿਲਦਾ) ਹੈ।1। ਮਤ ਬਿਸਰਸਿ = ਕਿਤੇ ਭੁਲਾ ਨ ਦੇਈਂ। ਅਪਰੰਪਰੁ = ਜੋ ਪਰੇ ਤੋਂ ਪਰੇ ਹੈ। ਅਗਮ = ਅਪਹੁੰਚ। ਅਗੋਚਰੁ = ਅ-ਗੋ-ਚਰੁ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਤੁਲੁ = ਜੋ ਤੋਲਿਆ ਨਾ ਜਾ ਸਕੇ। ਤੋਲਿ = ਤੋਲ ਵਿਚ।1। ਰਹਾਉ। ਤੋਰ = ਤੇਰੇ। ਸਰੇਵਹਿ = ਸੇਵਾ ਕਰਦੇ ਹਨ। ਮੇਰ ਤੋਰ = ਮੇਰ-ਤੇਰ। ਤਜਿ = ਤਜ ਕੇ, ਛੱਡ ਕੇ। ਮਨਿ = ਮਨ ਵਿਚ। ਨ ਭਾਈ = ਚੰਗੀ ਨਾ ਲੱਗੀ। ਸਿ = ਉਹ ਬੰਦੇ। ਚੋਰ ਚੋਰ = ਵੱਡੇ ਚੋਰ।2। ਤੁਠਾ = ਪ੍ਰਸੰਨ ਹੋਇਆ। ਭਾਉ = ਪ੍ਰੇਮ। ਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ। ਮਹਲਿ = ਮਹਲ ਵਿਚ। ਪਰਹਰਿ = ਤਿਆਗ ਕੇ। ਜਾਗੁ = ਸੁਚੇਤ ਹੋ। ਕਰਮਿ = ਮੇਹਰ ਨਾਲ। ਭਾਗੁ = ਹਿੱਸਾ।3। ਮੇਲਿ = (ਪ੍ਰਭੂ ਦੇ) ਮੇਲ ਵਿਚ। ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਦੇਇ = ਦੇਂਦਾ ਹੈ। ਪਾਵਹਿ = ਪ੍ਰਾਪਤ ਕਰਦੇ ਹਨ। ਕੇਇ = ਕੋਈ ਕੋਈ।4। ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਬੋਲ। (ਵੇਖੀਂ) ਕਿਤੇ ਭੁਲਾ ਨਾ ਦੇਈਂ। ਉਹ ਪਰਮਾਤਮਾ ਪਰੇ ਤੋਂ ਪਰੇ ਹੈ, ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਤੋਲ ਵਿਚ ਅਤੁੱਲ ਹੈ (ਭਾਵ, ਉਸ ਦੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ) । ਪਰ ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਆਪ (ਆਪਣੇ ਗੁਣਾਂ ਨੂੰ) ਤੁਲਾਂਦਾ ਹੈ (ਆਪਣੀ ਸਿਫ਼ਤਿ-ਸਾਲਾਹ ਆਪ ਉਹਨਾਂ ਤੋਂ ਕਰਾਂਦਾ ਹੈ) ।1। ਰਹਾਉ। ਪ੍ਰਭੂ ਆਪ ਹੀ ਸਾਜ ਕੇ ਆਪਣੀ ਕੁਦਰਤਿ ਰਚਦਾ ਹੈ, (ਇਸ ਕੁਦਰਤਿ ਵਿਚ) ਆਪਣਾ ਹੁਕਮ ਚਲਾ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਫ਼ੈਸਲੇ ਕਰਦਾ ਹੈ। ਜਿਨ੍ਹਾਂ ਨੂੰ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸਦਾ ਅੰਗ-ਸੰਗ ਦਿੱਸਦਾ ਹੈ। ਸਭ ਤੋਂ ਸ੍ਰੇਸ਼ਟ ਨਾਮ-ਰਸ ਉਹਨਾਂ ਨੂੰ ਅਡੋਲ ਅਵਸਥਾ ਵਿਚ (ਟਿਕੇ ਰਹਿਣ ਕਰਕੇ ਮਿਲ ਜਾਂਦਾ) ਹੈ।1। ਹੇ ਪ੍ਰਭੂ! ਜੇਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ, ਉਹ ਤੇਰੇ (ਸੇਵਕ) ਬਣ ਜਾਂਦੇ ਹਨ। ਗੁਰੂ ਦੀ ਸੇਵਾ ਦੀ ਬਰਕਤਿ ਨਾਲ ਉਹ ਮੇਰ-ਤੇਰ ਤਿਆਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਪਰ ਜੇਹੜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ, ਮਾਇਆ ਦੇ ਲੋਭ ਵਿਚ ਫਸੇ ਰਹਿੰਦੇ ਹਨ ਤੇ ਮਨੋਂ ਕਠੋਰ ਹਨ (ਜਿਨ੍ਹਾਂ ਦੇ ਮਨ ਦੂਜਿਆਂ ਦੇ ਦੁੱਖ ਵੇਖ ਕੇ ਦ੍ਰਵਦੇ ਨਹੀਂ ਹਨ) ਉਹਨਾਂ ਨੂੰ ਗੁਰੂ ਦੀ ਦੱਸੀ ਸੇਵਾ ਚੰਗੀ ਨਹੀਂ ਲੱਗਦੀ ਉਹ ਮਹਾਂ ਚੋਰ ਹਨ (ਉਹਨਾਂ ਦਾ ਜੀਵਨ ਚੋਰਾਂ ਦੇ ਜੀਵਨ ਵਰਗਾ ਹੈ) ।2। ਜਿਨ੍ਹਾਂ ਉਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਉਹ ਪ੍ਰਭੂ ਦੀ ਭਗਤੀ ਤੇ ਪਿਆਰ ਬਖ਼ਸ਼ਦਾ ਹੈ। ਗੁਰੂ ਦੇ ਪ੍ਰਸੰਨ ਹੋਇਆਂ ਹੀ ਪ੍ਰਭੂ ਦੇ ਦਰ ਤੇ ਥਾਂ ਮਿਲਦਾ ਹੈ। ਉਹ ਪਰਾਈ ਨਿੰਦਾ ਤਿਆਗ ਕੇ ਪ੍ਰਭੂ ਦੀ ਭਗਤੀ ਵਿਚ ਸਾਵਧਾਨਤਾ ਹਾਸਲ ਕਰਦੇ ਹਨ। (ਪ੍ਰਭੂ ਦੀ) ਮੇਹਰ ਨਾਲ ਪ੍ਰਭੂ ਦੀ ਸੁਹਾਵਣੀ ਭਗਤੀ (ਉਹਨਾਂ ਦੇ ਜੀਵਨ ਦਾ) ਹਿੱਸਾ ਬਣ ਜਾਂਦੀ ਹੈ।3। ਗੁਰੂ ਜਿਨ੍ਹਾਂ ਨੂੰ ਸੰਗਤਿ ਵਿਚ ਮਿਲਾਂਦਾ ਹੈ ਜਿਨ੍ਹਾਂ ਨੂੰ (ਨਾਮ ਦੀ) ਦਾਤਿ ਦੇਂਦਾ ਹੈ ਉਹ ਪਿਆਰੇ ਗੁਰਸਿੱਖ ਦਿਨ ਰਾਤ (ਨਾਮ ਦੀ ਦਾਤਿ ਸਾਂਭ ਰੱਖਦੇ ਹਨ) । ਜਿਨ੍ਹਾਂ ਨੂੰ ਗੁਰੂ ਪ੍ਰਸੰਨ ਹੋ ਕੇ ਨਾਮ ਬਖ਼ਸ਼ਦਾ ਹੈ ਉਹਨਾਂ ਨੂੰ ਪ੍ਰਭੂ ਦਾ ਨਾਮ ਜੋ ਇਨਸਾਨੀ ਜ਼ਿੰਦਗੀ ਦਾ ਅਸਲ ਮਨੋਰਥ ਹੈ, ਮਿਲ ਜਾਂਦਾ ਹੈ। ਪਰ ਹੇ ਨਾਨਕ! ਆਖ– ਇਹ ਨਾਮ ਦੀ ਦਾਤਿ ਕੋਈ ਵਿਰਲੇ ਭਾਗਾਂ ਵਾਲੇ ਬੰਦੇ ਹੀ ਪ੍ਰਾਪਤ ਕਰਦੇ ਹਨ।4।7। ਬਸੰਤੁ ਮਹਲਾ ੩ ਇਕ ਤੁਕਾ ॥ ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥ ਜੀਵਤੁ ਮਰੈ ਸਭਿ ਕੁਲ ਉਧਰੈ ॥੧॥ ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥ ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥ ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥ ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥ ਤਉ ਸਰਣਾਗਤਿ ਰਹਉ ਪਇਆ ॥੩॥ ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥ ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥ {ਪੰਨਾ 1170} ਨੋਟ: ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ। ਉਹਨਾਂ ਦੇ ਆਪਣੇ ਵੱਖਰੇ ਸੰਗ੍ਰਹ ਵਿਚ ਦਰਜ ਕਰਨ ਦੇ ਥਾਂ ਇਥੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੇ ਨਾਲ ਦਰਜ ਕੀਤਾ ਗਿਆ ਹੈ। ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ। ਉਹਨਾਂ ਦੇ ਉਪਰਲੇ ਸ਼ਬਦ ਦੇ ਨਾਲ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕਰ ਦਿੱਤਾ ਸੀ। ਨੋਟ: ਭਗਤ-ਬਾਣੀ ਗੁਰੂ ਨਾਨਕ ਦੇਵ ਜੀ ਆਪ ਹੀ ਪਹਿਲੀ 'ਉਦਾਸੀ' ਸਮੇਂ ਇਕੱਠੀ ਕਰ ਲਿਆਏ ਸਨ। ਉਹਨਾਂ ਤੋਂ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਪਾਸ ਪਹੁੰਚੀ। ਇਸ ਸ਼ਬਦ ਦੇ ਨਾਲ ਭਗਤ ਨਾਮਦੇਵ ਜੀ ਦਾ ਇਸੇ ਰਾਗ ਦਾ ਸ਼ਬਦ ਨੰ: 1 (ਪੰਨਾ 1195) ਰਲਾ ਕੇ ਪੜ੍ਹੋ: ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥1॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈ ॥1॥ਰਹਾਉ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਂਡੈ ॥2॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥3॥1॥ ਪਦ ਅਰਥ: ਸਾਹਿਬ ਭਾਵੈ = ਜੇ ਮਾਲਕ ਨੂੰ ਚੰਗਾ ਲੱਗੇ। ਜੀਵਤੁ ਮਰੈ = ਦੁਨੀਆ ਵਿਚ ਵਰਤਦਾ ਹੋਇਆ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦਾ ਹੈ। ਸਭਿ = ਸਾਰੇ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ।1। ਨ ਛੋਡਉ = ਮੈਂ ਨਹੀਂ ਛੱਡਾਂਗਾ। ਕਿਆ ਕੋ ਹਸੈ = ਕੋਈ ਕੀਹ (ਮੇਰੇ ਉਤੇ) ਹੱਸ ਲਏਗਾ? ਮੈਂ ਕਿਸੇ ਦੇ ਹਾਸੇ ਮਖ਼ੌਲ ਦੀ ਪਰਵਾਹ ਨਹੀਂ ਕਰਾਂਗਾ। ਮੇਰੈ ਹਿਰਦੈ = ਮੇਰੇ ਹਿਰਦੇ ਵਿਚ।1। ਰਹਾਉ। ਮੋਹਿ = ਮੋਹ ਵਿਚ। ਗਲਤੁ ਰਹੈ– ਡੁੱਬਾ ਰਹਿੰਦਾ ਹੈ। ਰਵਤ ਰਹੈ– ਸਿਮਰਦਾ ਰਹਿੰਦਾ ਹੈ।2। ਮੁਗਧ = ਮੂੜ੍ਹ, ਮੂਰਖ। ਤਉ = ਤੇਰੀ। ਰਹਉ ਪਇਆ = ਮੈਂ ਪਿਆ ਰਹਾਂ।3। ਨਿਹਫਲ = ਵਿਅਰਥ। ਕੋ = ਕੋਈ ਮਨੁੱਖ।4। ਅਰਥ: ਹੇ ਪ੍ਰਭੂ! ਮੈਂ ਤੇਰੀ ਭਗਤੀ ਨਹੀਂ ਛੱਡਾਂਗਾ (ਭਾਵੇਂ ਇਸ ਕਾਰਨ ਜਗਤ ਹਾਸੇ-ਮਖ਼ੌਲ ਕਰੇ) , ਮੈਂ ਕਿਸੇ ਦੇ ਹਾਸੇ ਦੀ ਪਰਵਾਹ ਨਹੀਂ ਕਰਾਂਗਾ (ਮੇਹਰ ਕਰ, ਤੇਰਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿਚ ਵੱਸਿਆ ਰਹੇ।1। ਰਹਾਉ। ਜੇ ਮਾਲਕ-ਪ੍ਰਭੂ ਨੂੰ ਪਸੰਦ ਆਵੇ ਤਾਂ ਹੀ (ਕੋਈ) ਸੇਵਕ ਪ੍ਰਭੂ ਦੀ ਸੇਵਾ (ਭਗਤੀ) ਕਰ ਸਕਦਾ ਹੈ। ਉਹ ਸੇਵਕ ਜਗਤ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਆਪਣੇ ਸਾਰੇ ਕੁਲ ਭੀ (ਇਸ ਮੋਹ ਤੋਂ) ਬਚਾ ਲੈਂਦਾ ਹੈ।1। ਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹੈ (ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦੇਂਦਾ) , ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ।2। ਹੇ ਪ੍ਰਭੂ! ਮੈਂ ਮੂਰਖ ਅੰਞਾਣ ਉਤੇ ਮੇਹਰ ਕਰ, (ਤਾ ਕਿ) ਮੈਂ ਤੇਰੀ ਸਰਨ ਵਿਚ ਹੀ ਪਿਆ ਰਹਾਂ।3। ਨਾਨਕ ਆਖਦਾ ਹੈ– ਜਗਤ ਦੇ ਸਾਰੇ ਕੰਮ (ਆਖ਼ਰ) ਵਿਅਰਥ (ਸਾਬਤ ਹੁੰਦੇ) ਹਨ (ਫਿਰ ਭੀ ਜੀਵ ਨਿਰੇ ਦੁਨੀਆ ਦੇ ਧੰਧਿਆਂ ਵਿਚ ਹੀ ਖਚਿਤ ਰਹਿੰਦੇ ਹਨ) । ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ।4।8। ਨੋਟ: ਇਸ ਸ਼ਬਦ ਦਾ ਹਰੇਕ ਬੰਦ ਇਕ ਇਕ ਤੁਕ ਵਾਲਾ ਹੈ। ਦੋਵੇਂ ਛੋਟੀਆਂ ਤੁਕਾਂ ਰਲਾ ਕੇ ਇੱਕ ਤੁਕ ਮੰਨੀ ਗਈ ਹੈ। ਤਾਹੀਏਂ ਸਿਰਲੇਖ ਵਿਚ ਲਫ਼ਜ਼ 'ਇਕ ਤੁਕਾ' ਵਰਤਿਆ ਹੈ। ਮਹਲਾ ੧ ਬਸੰਤੁ ਹਿੰਡੋਲ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥ ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥ ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥ ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥ ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥ ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਤੁਮ੍ਹ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥ ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥ {ਪੰਨਾ 1170-1171} ਨੋਟ: ਇਸ ਸ਼ਬਦ ਦੇ ਸਿਰਲੇਖ ਵਿਚ ਦੋ ਰਾਗਾਂ ਦਾ ਨਾਮ ਆਇਆ ਹੈ– ਬਸੰਤ ਅਤੇ ਹਿੰਡੋਲ। ਇਸ ਦਾ ਭਾਵ ਇਹ ਹੈ ਕਿ ਇਹਨਾਂ ਦੋਹਾਂ ਰਾਗਾਂ ਨੂੰ ਮਿਲਾ ਕੇ ਇਸ ਸ਼ਬਦ ਦਾ ਕੀਰਤਨ ਕਰਨਾ ਹੈ। ਨੋਟ: ਪਿਛਲੇ 8 ਸ਼ਬਦ 'ਘਰੁ 1' ਵਿਚ ਗਾਵਣੇ ਹਨ। ਹੁਣ 'ਘਰੁ 2' ਸ਼ੁਰੂ ਹੋਇਆ ਹੈ। ਪਦ ਅਰਥ: ਸਾਲਗ੍ਰਾਮ = {ਨੋਟ: ਨੇਪਾਲ-ਧਰਤੀ ਦੇ ਦੱਖਣ ਪਾਸੇ ਇਕ ਗ੍ਰਾਮ (ਪਿੰਡ) ਹੈ ਜਿਸ ਦੇ ਆਸੇ ਪਾਸੇ ਸਾਲ ਦੇ ਰੁੱਖ ਬਹੁਤ ਹਨ। ਉਸ ਪਿੰਡ ਦਾ ਨਾਮ ਹੀ ਸਾਲਗ੍ਰਾਮ ਪ੍ਰਸਿੱਧ ਹੋ ਗਿਆ। ਉਸ ਪਿੰਡ ਦੇ ਕੋਲੋਂ ਦੀ ਇਕ ਪਹਾੜੀ ਨਦੀ ਵਹਿੰਦੀ ਹੈ ਜਿਸ ਦਾ ਨਾਮ ਗੰਡਕੀ ਹੈ। ਗੰਡਕੀ ਵਿਚੋਂ ਪਿੰਡ ਸਾਲਗ੍ਰਾਮ ਦੇ ਨੇੜੇ ਕਰਕੇ ਗੋਲ ਧਾਰੀਦਾਰ ਪੱਥਰ ਬਹੁਤ ਨਿਕਲਦੇ ਹਨ। ਪਿੰਡ ਦੇ ਨਾਮ ਤੇ ਇਹਨਾਂ ਗੋਲ ਪੱਥਰਾਂ ਦਾ ਨਾਮ ਭੀ ਸਾਲਗ੍ਰਾਮ ਪੈ ਗਿਆ। ਇਕ ਪੁਰਾਣਿਕ ਸਾਖੀ ਅਨੁਸਾਰ ਵਿਸ਼ਨੂੰ ਨੂੰ ਸਾਲਗ੍ਰਾਮ ਦੇ ਰੂਪ ਵਿਚ ਆਉਣਾ ਪਿਆ। ਉਸ ਸਾਖੀ ਅਨੁਸਾਰ ਤੁਲਸੀ ਅਤੇ ਸਾਲਗ੍ਰਾਮ ਦੀ ਇਕੱਠੀ ਪੂਜਾ ਚਲੀ ਆ ਰਹੀ ਹੈ} ਵਿਸ਼ਨੂੰ ਦੀ ਮੂਰਤੀ। ਬਿਪ = ਹੇ ਵਿਪ੍ਰ! ਹੇ ਬ੍ਰਾਹਮਣ! ਪੂਜਿ = ਪੂਜਾ ਕਰ ਕੇ। ਮਨਾਵਹੁ = ਪ੍ਰਸੰਨ ਕਰੋ। ਸੁਕ੍ਰਿਤੁ = ਨੇਕ ਆਚਰਨ, ਨੇਕ ਕਮਾਈ। ਜਪਿ = ਜਪ ਕੇ। ਬਾਂਧਹੁ = ਤਿਆਰ ਕਰੋ। ਦਇਆਲਾ = ਹੇ ਦਿਆਲ ਪ੍ਰਭੂ!।1। ਕਾਹੇ ਸਿੰਚਹੁ = ਕਿਉਂ ਪਾਣੀ ਸਿੰਜਦੇ ਹੋ? ਪਾਣੀ ਦੇਣ ਦਾ ਕੋਈ ਲਾਭ ਨਹੀਂ। ਢਹਗਿ = ਢਹਿ ਜਾਇਗੀ। ਗਚੁ = ਚੂਨੇ ਦਾ ਪਲਸਤਰ।1। ਰਹਾਉ। ਕਰ = (ਦੋਵੇਂ) ਹੱਥ, ਹੱਥਾਂ ਨਾਲ ਕੀਤੀ ਸੇਵਾ। ਹਰਿਹਟ = ਹਰ੍ਹ੍ਹਟ। ਮਾਲ = ਮਾਲ੍ਹ। ਤਿਸੁ ਭੀਤਰਿ = ਉਸ ਹੱਥੀਂ ਕੀਤੀ ਸੇਵਾ ਵਿਚ। ਮਨੁ ਜੋਵਹੁ = (ਜਿਵੇਂ ਹਰ੍ਹ੍ਹਟ ਅੱਗੇ ਬੈਲ ਜੋਈਦੇ ਹਨ, ਤਿਵੇਂ ਸੇਵਾ ਵਿਚ) ਮਨ ਜੋੜੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮਾਲੀ = ਜਗਤ-ਬਾਗ਼ ਦਾ ਪਾਲਣ ਵਾਲਾ ਪ੍ਰਭੂ।2। ਬਸੋਲੇ = ਰੰਬੇ। ਭਾਈ = ਹੇ ਭਾਈ! ਕਿਰਤੁ = ਕੀਤਾ ਹੋਇਆ ਕੰਮ, ਕੀਤੀ ਮੇਹਨਤ। ਨ ਮੇਟਿਆ ਜਾਈ = ਵਿਅਰਥ ਨਹੀਂ ਜਾਇਗੀ।3। ਫੁਨਿ = ਮੁੜ ਪਰਤ ਕੇ। ਪ੍ਰਣਵਤਿ = ਬੇਨਤੀ ਕਰਦਾ ਹੈ। ਅਰਥ: (ਹੇ ਬ੍ਰਾਹਮਣ! ਮੂਰਤੀ ਅਤੇ ਤੁਲਸੀ ਦੀ ਪੂਜਾ ਕਰ ਕੇ) ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ ਨਹੀਂ ਉੱਗੇਗਾ) ਤੂੰ ਵਿਅਰਥ ਹੀ ਕੱਲਰ ਨੂੰ ਸਿੰਜ ਰਿਹਾ ਹੈਂ। (ਗਾਰੇ ਦੀ) ਕੱਚੀ ਕੰਧ (ਜ਼ਰੂਰ) ਢਹਿ ਜਾਇਗੀ (ਅੰਦਰਲੇ ਆਚਰਨ ਨੂੰ ਵਿਸਾਰ ਕੇ ਤੂੰ ਬਾਹਰ ਤੁਲਸੀ ਆਦਿਕ ਦੀ ਪੂਜਾ ਕਰ ਰਿਹਾ ਹੈਂ, ਤੂੰ ਤਾਂ ਗਾਰੇ ਦੀ ਕੱਚੀ ਕੰਧ ਉਤੇ) ਚੂਨੇ ਦਾ ਪਲਸਤਰ ਵਿਅਰਥ ਹੀ ਕਰ ਰਿਹਾ ਹੈਂ।1। ਰਹਾਉ। ਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਦਿਆਲ ਪ੍ਰਭੂ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ) । ਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ) । ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ।1। (ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਵਾਸਤੇ ਖੂਹ ਨੂੰ ਘੜਮਾਲ੍ਹਦਾ ਹੈ, ਆਪਣੇ ਬਲਦ ਜੋਅ ਕੇ ਖੂਹ ਚਲਾਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ, ਇਸੇ ਤਰ੍ਹਾਂ ਹੇ ਬ੍ਰਾਹਮਣ!) ਹੱਥੀਂ ਸੇਵਾ ਕਰਨ ਨੂੰ ਹਰ੍ਹਟ ਤੇ ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਵਿਚ ਟਿੰਡਾਂ ਜੋੜਨਾ ਬਣਾ। (ਹੱਥੀਂ ਸੇਵਾ ਵਾਲੇ ਘੜਮਾਲ੍ਹੇ ਖੂਹ) ਵਿਚ ਆਪਣਾ ਮਨ ਜੋਅ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਤੇ ਆਪਣੇ ਗਿਆਨ-ਇੰਦ੍ਰਿਆਂ ਦੇ ਕਿਆਰੇ ਇਸ ਨਾਮ-ਜਲ ਨਾਲ ਨਕਾਨਕ ਭਰ। ਤਦੋਂ ਹੀ ਤੂੰ ਇਸ ਜਗਤ-ਬਾਗ਼ ਦੇ ਪਾਲਣ-ਹਾਰ ਪ੍ਰਭੂ ਦਾ ਪਿਆਰਾ ਬਣੇਗਾ।2। (ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ। ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ, ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ) । ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ।3। ਹੇ ਪ੍ਰਭੂ! ਹੇ ਦਿਆਲ ਪ੍ਰਭੂ! ਜੇ ਤੂੰ ਮੇਹਰ ਕਰੇਂ ਤਾਂ (ਤੇਰੀ ਮੇਹਰ ਨਾਲ ਮਨੁੱਖ ਪਖੰਡੀ) ਬਗੁਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ। ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ) ਹੇ ਦਿਆਲ ਪ੍ਰਭੂ! ਮੇਹਰ ਕਰ (ਤੇ ਬਗੁਲੇ ਤੋਂ ਹੰਸ ਕਰਨ ਵਾਲਾ ਆਪਣਾ ਨਾਮ ਬਖ਼ਸ਼) ।4।1।9। ਨੋਟ: ਅੰਕ ਨੰ: 1 ਦੱਸਦਾ ਹੈ ਕਿ 'ਘਰੁ 2' ਦਾ ਇਹ ਪਹਿਲਾ ਸ਼ਬਦ ਹੈ। |
Sri Guru Granth Darpan, by Professor Sahib Singh |