ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1171

ਬਸੰਤੁ ਮਹਲਾ ੧ ਹਿੰਡੋਲ ॥ ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥ ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥ ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥ ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥ ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ਹ੍ਹ ਜਾਣਹੁ ਨਾਰੀ ॥ ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥ ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥ ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥ {ਪੰਨਾ 1171}

ਪਦ ਅਰਥ: ਸਾਹੁਰੜੀ ਵਥੁ = ਉਹ ਵਸਤ ਜੋ ਪਤੀ-ਪ੍ਰਭੂ ਵਲੋਂ ਮਿਲੀ ਹੈ, ਆਤਮਕ ਜੀਵਨ ਦੀ ਦਾਤਿ। ਸਾਝੀ = ਸਭਨਾਂ ਦੇ ਨਾਲ ਵੰਡਣ ਵਾਲੀ। ਪੇਵਕੜੈ = ਪੇਕੇ ਘਰ ਵਿਚ, ਸੰਸਾਰਕ ਜੀਵਨ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਵਖੇ = ਵਖਿ, ਵਖ ਵਖ ਰਹਿਣ ਵਾਲੀ, ਵਿਤਕਰੇ ਕਰਨ ਵਾਲੀ। ਕੁਚਜੀ = ਜਿਸ ਨੂੰ ਚੰਗੀ ਜੀਵਨ-ਜੁਗਤਿ ਨਾਹ ਆਉਂਦੀ ਹੋਵੇ। ਦੇਊ = ਮੈਂ ਦੇਂਦੀ ਹਾਂ। ਜਾਣਾ ਨਾਹੀ = ਮੈਂ ਨਹੀਂ ਜਾਣਦੀ। ਨਾਹੀ ਰਖੇ ਜਾਣਾ = ਰਖਿ ਨ ਜਾਣਾ, ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ।1।

ਹਉ = ਮੈਂ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ। ਭੁਲਾਣੀ = ਮੈਂ ਭੁੱਲੀ ਹੋਈ ਹਾਂ, ਮੈਂ ਕੁਰਾਹੇ ਪਈ ਹੋਈ ਹਾਂ। ਅਖਰ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ-ਰੂਪ ਲੇਖ। ਸੇਈ ਗਾਵਾ = ਸੇਈ ਅਖਰ ਗਾਵਾ, ਉਹੀ ਅੱਖਰ ਮੈਂ ਗਾਂਦੀ ਹਾਂ, ਉਹਨਾਂ ਹੀ ਸੰਸਕਾਰਾਂ ਵਾਲੇ ਕੰਮ ਮੈਂ ਮੁੜ ਮੁੜ ਕਰਦੀ ਹਾਂ। ਬਾਣੀ = ਬਣਤਰ, ਬਨਾਵਟ, ਘਾੜਤ। ਨ ਜਾਣਾ = ਮੈਂ ਨਹੀਂ ਜਾਣਦੀ।1। ਰਹਾਉ।

ਕਢਿ ਕਸੀਦਾ = ਕਸੀਦਾ ਕੱਢ ਕੇ, ਸੋਹਣੇ ਚਿੱਤਰ ਬਣਾ ਕੇ, ਸ਼ੁਭ ਗੁਣਾਂ ਦੇ ਸੋਹਣੇ ਚਿੱਤਰ ਬਣਾ ਕੇ। ਪਹਿਰਹਿ = (ਜੇ ਇਸਤ੍ਰੀਆਂ) ਪਹਿਨਣ। ਚੋਲੀ = ਪਟੋਲਾ, ਪ੍ਰੇਮ ਪਟੋਲਾ।2।

ਬੀਨਾ = ਸਿਆਣਾ। ਦੁਇ ਅਖਰ = ਰਾਮ-ਨਾਮ, ਹਰਿ-ਨਾਮ। ਨਾਵਾ = ਨਾਵ, ਬੇੜੀ। ਪ੍ਰਣਵਤਿ = ਬੇਨਤੀ ਕਰਦਾ ਹੈ। ਏਕੁ = ਇਕ ਹਰਿ-ਨਾਮ। ਸਚਿ = ਸੱਚ ਵਿਚ।3।

ਅਰਥ: ਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ। (ਮਾਇਆ ਦੇ ਮੋਹ ਵਿਚ ਫਸ ਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਂਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ) ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ (ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ) ।1। ਰਹਾਉ।

ਆਤਮਕ ਜੀਵਨ ਦੀ ਦਾਤਿ ਜੋ ਪਤੀ-ਪ੍ਰਭੂ ਵਲੋਂ ਮਿਲੀ ਸੀ ਉਹ ਤਾਂ ਸਭਨਾਂ ਨਾਲ ਵੰਡੀ ਜਾ ਸਕਣ ਵਾਲੀ ਸੀ, ਪਰ ਜਗਤ-ਪੇਕੇ ਘਰ ਵਿਚ ਰਹਿੰਦਿਆਂ (ਮਾਇਆ ਦੇ ਮੋਹ ਦੇ ਪ੍ਰਭਾਵ ਹੇਠ) ਮੈਂ ਜੀਵ-ਇਸਤ੍ਰੀ ਵਿਤਕਰੇ ਹੀ ਸਿੱਖਦੀ ਰਹੀ। ਮੈਂ ਆਪ ਹੀ ਕੁਚੱਜੀ ਰਹੀ (ਭਾਵ, ਮੈਂ ਸੋਹਣੀ ਜੀਵਨ-ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿਚ ਦੁੱਖ ਸਹੇੜੇ ਹਨ, ਪਰ) ਮੈਂ ਕਿਸੇ ਹੋਰ ਉਤੇ (ਇਹਨਾਂ ਦੁੱਖਾਂ ਬਾਰੇ) ਕੋਈ ਦੋਸ ਨਹੀਂ ਲਾ ਸਕਦੀ। (ਪਤੀ-ਪ੍ਰਭੂ ਵਲੋਂ ਮਿਲੀ ਆਤਮਕ ਜੀਵਨ ਦੀ ਦਾਤਿ ਨੂੰ) ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ਆਈ।1।

ਜੇਹੜੀਆਂ ਜੀਵ-ਇਸਤ੍ਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ (ਆਪਣੇ ਮਨ ਵਿਚ ਬਣਾ ਕੇ) ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ ਉਹਨਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਸਮਝੋ। ਜੇਹੜੀਆਂ ਇਸਤ੍ਰੀਆਂ ਆਪਣਾ (ਆਤਮਕ ਜੀਵਨ ਦਾ) ਘਰ ਸਾਂਭ ਕੇ ਰੱਖਦੀਆਂ ਹਨ ਕੋਈ ਵਿਕਾਰ ਕੋਈ ਭੈੜ ਨਹੀਂ ਚੱਖਦੀਆਂ (ਭਾਵ, ਜੋ ਮਾੜੇ ਰਸਾਂ ਵਿਚ ਪਰਵਿਰਤ ਨਹੀਂ ਹੁੰਦੀਆਂ) ਉਹ ਖਸਮ-ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।2।

ਹੇ ਭਾਈ! ਜੇ ਤੂੰ ਸਚ ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਸਿਆਣਾ ਹੈਂ (ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ) ਹਰਿ-ਨਾਮ ਹੀ ਬੇੜੀ ਹੈ। ਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਿਆ ਰਹਾਂ।3।2।10।

ਬਸੰਤੁ ਹਿੰਡੋਲ ਮਹਲਾ ੧ ॥ ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥ ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥ ਸੁਆਮੀ ਪੰਡਿਤਾ ਤੁਮ੍ਹ੍ਹ ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥ ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥ ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥ ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥ ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥ ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹ੍ਹਾ ਹੀ ਸੇਤੀ ਵਾਸਾ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥ {ਪੰਨਾ 1171}

ਪਦ ਅਰਥ: ਰਾਜਾ = ਹੁਕਮ ਚਲਾਣ ਵਾਲਾ, ਮਨ। ਬਾਲਕੁ = ਅੰਞਾਣ। ਕਾਚੀ = ਕੱਚੀ, ਮਿੱਟੀ ਆਦਿਕ ਦੀ ਬਣੀ ਹੋਈ ਜੋ ਬਾਹਰੋਂ ਆਏ ਵੈਰੀਆਂ ਦੇ ਹੱਲੇ ਦਾ ਟਾਕਰਾ ਨਾਹ ਕਰ ਸਕੇ। ਦੁਸਟ = ਦੁਰਜਨ, ਭੈੜੇ। ਮਾਈ = ਮਾਂ। ਦੁਇ ਮਾਈ = ਦੋ ਮਾਵਾਂ (ਬੁੱਧੀ ਅਤੇ ਅਵਿੱਦਿਆ) । ਨੋਟ: ਮਨ ਵਿਚ ਦੋ ਕਿਸਮਾਂ ਦੇ ਸੰਸਕਾਰ ਮੌਜੂਦ ਰਹਿੰਦੇ ਹਨ, ਭਲੇ ਭੀ ਅਤੇ ਮੰਦੇ ਭੀ। ਭਲੇ ਸੰਸਕਾਰ ਉਹਨਾਂ ਕੰਮਾਂ ਦਾ ਸਿੱਟਾ ਹੁੰਦੇ ਹਨ ਜੋ ਮਨੁੱਖ ਸ੍ਰੇਸ਼ਟ ਬੁੱਧੀ ਦੀ ਅਗਵਾਈ ਵਿਚ ਕਰਦਾ ਹੈ। ਮੰਦੇ ਕੰਮ ਅਵਿੱ​ਦਿਆ ਦੇ ਅਧੀਨ ਰਿਹਾਂ ਹੁੰਦੇ ਹਨ। ਤਾਂ ਤੇ ਬੁੱਧੀ ਅਤੇ ਅਵਿੱ​ਦਿਆ ਮਨ ਦੀਆਂ ਦੋ ਮਾਂਵਾਂ ਹਨ। ਦੁਇ ਬਾਪਾ = ਦੋ ਪਿਉ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਈਸ਼੍ਵਰ) । ਪੜੀਅਹਿ = ਪੜ੍ਹੇ ਜਾਂਦੇ ਹਨ, ਦੱਸੇ ਜਾਂਦੇ ਹਨ। ਪੰਡਿਤ = ਹੇ ਪੰਡਿਤ!।1।

ਕਿਨ ਬਿਧਿ = ਕਿਸ ਤਰੀਕੇ ਨਾਲ? ਪਾਵਉ = ਮੈਂ ਪਾ ਸਕਾਂ।1। ਰਹਾਉ।

ਭੀਤਰਿ = (ਬਨਸਪਤੀ ਦੇ) ਅੰਦਰ। ਮਉਲੀ = ਮੌਲਦੀ ਰਹਿੰਦੀ ਹੈ, ਹਰੀ-ਭਰੀ ਰਹਿੰਦੀ ਹੈ। ਸਾਗਰੁ = ਸਮੁੰਦਰ। ਪੰਡੈ = ਪੰਡ ਵਿਚ। ਚੰਦੁ = ਸੀਤਲਤਾ। ਸੂਰਜੁ = ਰੱਬੀ ਤੇਜ। ਘਰ ਹੀ ਭੀਤਰਿ = ਹਿਰਦੇ-ਘਰ ਦੇ ਅੰਦਰ ਹੀ। ਗਿਆਨੁ = ਸਮਝ।2।

ਰਵੰਤਾ = ਸਿਮਰਦਾ। ਜਾਣੀਐ = ਸਮਝਣਾ ਚਾਹੀਦਾ ਹੈ। ਇਕ ਮਾਈ = (ਦੋ ਮਾਂਵਾਂ ਵਿਚੋਂ) ਇਕ ਮਾਂ ਅਵਿੱਦਿਆ ਨੂੰ। ਭੋਗੁ ਕਰੇਇ = ਖਾ ਜਾਏ, ਮੁਕਾ ਦੇਵੇ। ਤਾ ਕੇ ਲਖਣ = ਉਸ ਦੇ ਲੱਛਣ, ਉਸ ਦੀਆਂ ਨਿਸ਼ਾਨੀਆਂ। ਖਿਮਾ = ਦੂਜਿਆਂ ਦੀ ਵਧੀਕੀ ਨੂੰ ਠੰਢੇ-ਚਿੱਤ ਸਹਾਰਨ ਦਾ ਗੁਣ। ਸੰਗ੍ਰਹੇਇ = ਇਕੱਠਾ ਕਰਦਾ ਹੈ।3।

ਕਹਿਆ = ਦੱਸੀ ਹੋਈ ਨਸੀਹਤ। ਨ ਖਾਇਆ ਮਾਨਹਿ = ਇਹ ਨਹੀਂ ਮੰਨਦੇ ਕਿ ਅਸਾਂ ਕੁਝ ਖਾਧਾ ਹੈ (ਭਾਵ, ਸਦਾ ਤ੍ਰਿਸ਼ਨਾਲੂ ਰਹਿੰਦੇ ਹਨ, ਵਿਸ਼ੇ ਵਿਕਾਰਾਂ ਵਲੋਂ ਕਦੇ ਰੱਜਦੇ ਨਹੀਂ) । ਸੇਤੀ = ਨਾਲ। ਖਿਨੁ = ਖਿਨ ਵਿਚ। ਮਾਸਾ = ਤੋਲੇ ਦਾ ਬਾਰ੍ਹਵਾਂ ਹਿੱਸਾ।4।

ਅਰਥ: ਹੇ ਪੰਡਿਤ ਜੀ ਮਹਾਰਾਜ! ਤੁਸੀ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ, (ਅਜੇਹੀ ਦਿੱਤੀ ਮਤਿ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ?।1। ਰਹਾਉ।

ਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ) । (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ। ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ) , ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ।1।

(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮਤਿ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ। (ਸਮਝ ਨਾਹ ਆ ਸਕਣ ਦਾ ਕਾਰਨ ਇਹ ਹੈ ਕਿ) ਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ) , ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇਕ ਪਿੰਡ ਵਿਚ ਲੁਕਿਆ ਪਿਆ ਹੈ। ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ) ।2।

ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ। (ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ।3।

(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ। (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ।4।3।11।

ਬਸੰਤੁ ਹਿੰਡੋਲ ਮਹਲਾ ੧ ॥ ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥ ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥ ਮਤ ਭੂਲਹਿ ਰੇ ਮਨ ਚੇਤਿ ਹਰੀ ॥ ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥ ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥ ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥ ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥ ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥ ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥ ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥ {ਪੰਨਾ 1171}

ਪਦ ਅਰਥ: ਸਾਹੁ = ਸ਼ਾਹੁ, ਉਹ ਧਨੀ ਜੋ ਹੋਰ ਵਪਾਰੀਆਂ ਨੂੰ ਵਣਜ-ਵਪਾਰ ਕਰਨ ਲਈ ਰਾਸਿ-ਪੂੰਜੀ ਦੇਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ, ਸਦਾ ਹੀ ਧਨਾਢ ਟਿਕੇ ਰਹਿਣ ਵਾਲਾ। ਭੁਖ = ਮਾਇਆ ਦਾ ਲਾਲਚ। ਗਵਾਏ = ਦੂਰ ਕਰਦਾ ਹੈ। ਕਰਿ = ਕਰ ਕੇ। ਦ੍ਰਿੜਾਏ = (ਮਨ ਵਿਚ) ਪੱਕੀ ਕਰ ਦੇਂਦਾ ਹੈ। ਅਨਦਿਨੁ = ਹਰ ਰੋਜ਼।1।

ਮਤ ਭੂਲਹਿ = ਕਿਤੇ ਭੁਲਾ ਨਾਹ ਦੇਈਂ। ਚੇਤਿ = ਯਾਦ ਕਰ, ਸਿਮਰ। ਮੁਕਤਿ = ਮਾਇਆ ਦੇ ਲਾਲਚ ਵਲੋਂ ਖ਼ਲਾਸੀ। ਤ੍ਰੈ ਲੋਈ = ਤਿੰਨਾਂ ਹੀ ਲੋਕਾਂ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ ਕਿਤੇ ਭੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮੁ ਹਰੀ = ਹਰੀ ਦਾ ਨਾਮ।1। ਰਹਾਉ।

ਭਗਤੀ = ਲਗਨ, ਦਿਲੀ ਖਿੱਚ, ਸਰਧਾ। ਭਗਤਿ ਹਰੀ = ਪ੍ਰਭੂ ਨੂੰ ਮਿਲਣ ਲਈ ਤਾਂਘ। ਸਤਸੰਗੁ = ਭਲਿਆਂ ਦੀ ਸੰਗਤਿ। ਕਰਮਿ = (ਪ੍ਰਭੂ ਦੀ) ਮੇਹਰ ਨਾਲ।2।

ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਉਪਾਏ = ਪੈਦਾ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਕਰਹਿ = ਕਰਦੇ ਹਨ। ਸੁ = ਉਹ ਬੰਦੇ। ਰੰਗਿ = ਰੰਗ ਵਿਚ, ਪਿਆਰ ਵਿਚ। ਭੀਨੇ = ਭਿੱਜੇ ਹੋਏ, ਮਸਤ। ਮਨਾ = ਮਨਿ, (ਉਹਨਾਂ ਦੇ) ਮਨ ਵਿਚ।3।

ਕਉ = ਨੂੰ। ਤਖਤਿ = ਤਖ਼ਤ ਉਤੇ। ਤਖਤਿ ਵਡਿਆਈ = ਤਖ਼ਤ ਉਤੇ ਬੈਠਣ ਦੀ ਵਡਿਆਈ, ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ ਇਜ਼ਤ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦਾ ਮਾਣ। ਗੁਰਮੁਖਿ = ਗੁਰੂ ਦੀ ਰਾਹੀਂ। ਪਰਧਾਨ = ਉੱਘੇ, ਮੰਨੇ-ਪ੍ਰਮੰਨੇ। ਪਾਰਸੁ = ਗੁਰੂ-ਪਾਰਸ। ਭੇਟਿ = ਛੁਹ ਕੇ, ਮਿਲ ਕੇ। ਪਾਰਸ = ਲੋਹਾ ਆਦਿਕ ਧਾਤਾਂ ਨੂੰ ਸੋਨਾ ਬਣਾ ਦੇਣ ਦੀ ਸਮਰੱਥਾ ਰੱਖਣ ਵਾਲੇ। ਗੁਰ ਸੰਗਿ = ਗੁਰੂ ਦੇ ਸੰਗੀ। ਥੀਏ = ਬਣ ਗਏ।4।

ਅਰਥ: ਹੇ (ਮੇਰੇ) ਮਨ! ਪਰਮਾਤਮਾ ਨੂੰ (ਸਦਾ) ਚੇਤੇ ਰੱਖ। (ਵੇਖੀਂ, ਮਾਇਆ ਦੀ ਭੁੱਖ ਵਿਚ ਫਸ ਕੇ) ਕਿਤੇ (ਉਸ ਨੂੰ) ਭੁਲਾ ਨਾ ਦੇਈਂ। (ਪਰ) ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਮਾਇਆ ਦੀ ਭੁੱਖ ਤੋਂ ਖ਼ਲਾਸੀ ਨਹੀਂ ਹੋ ਸਕਦੀ (ਭਾਵੇਂ) ਤਿੰਨਾਂ ਲੋਕਾਂ ਵਿਚ ਹੀ (ਦੌੜ-ਭੱਜ ਕਰ ਕੇ ਵੇਖ ਲੈ) , (ਇਸ ਵਾਸਤੇ, ਹੇ ਮਨ! ਗੁਰੂ ਦਾ ਪੱਲਾ ਫੜ) ।1। ਰਹਾਉ।

ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ। ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤਿ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕਾਈ ਰੱਖਦਾ ਹੈ) ।1।

ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ (ਭਾਵ, ਗੁਰੂ ਦੀ ਕਦਰ ਨਹੀਂ ਪਾ ਸਕੀਦੀ) , ਤੇ ਭਾਗਾਂ ਤੋਂ ਬਿਨਾ (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਤੋਂ ਬਿਨਾ) ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ। (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਵਾਲੇ) ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤਿ ਨਹੀਂ ਮਿਲਦੀ (ਭਾਵ, ਸਤਸੰਗ ਦੀ ਕਦਰ ਨਹੀਂ ਪੈ ਸਕਦੀ) , ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ।2।

ਜੇਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ, ਉਹ ਹਰੇਕ ਸਰੀਰ ਵਿਚ ਲੁਕਿਆ ਬੈਠਾ ਹੈ, ਗੁਰੂ ਦੀ ਸਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਹਰ ਥਾਂ ਪ੍ਰਤੱਖ ਦਿੱਸਣ ਲੱਗ ਪੈਂਦਾ ਹੈ। ਉਹ ਸੰਤ ਜਨ ਸਦਾ ਪ੍ਰਭੂ ਦਾ ਨਾਮ ਜਪਦੇ ਹਨ, ਤੇ ਉਸ ਦੇ ਪਿਆਰ-ਰੰਗ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਦਾ ਆਤਮਕ ਜ਼ਿੰਦਗੀ ਦੇਣ ਵਾਲਾ ਨਾਮ-ਜਲ ਸਦਾ ਵੱਸਦਾ ਰਹਿੰਦਾ ਹੈ।3।

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ (ਭਾਵ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ) ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਜਗਤ ਵਿਚ ਉੱਘਾ ਕਰ ਦੇਂਦਾ ਹੈ। ਹੇ ਨਾਨਕ! ਗੁਰੂ-ਪਾਰਸ ਨੂੰ ਮਿਲ ਕੇ ਉਹ ਆਪ ਭੀ ਪਾਰਸ ਹੋ ਜਾਂਦੇ ਹਨ (ਉਹਨਾਂ ਦੇ ਅੰਦਰ ਭੀ ਇਹ ਸਮਰੱਥਾ ਆ ਜਾਂਦੀ ਹੈ ਕਿ ਮਾਇਆ-ਗ੍ਰਸੇ ਮਨਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਸਕਣ) , ਉਹ ਬੰਦੇ ਸਦਾ ਲਈ ਪਰਮਾਤਮਾ ਤੇ ਗੁਰੂ ਦੇ ਸਾਥੀ ਬਣ ਜਾਂਦੇ ਹਨ (ਉਹਨਾਂ ਦੀ ਸੁਰਤਿ ਸਦਾ ਗੁਰੂ-ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।4। 4।12।

TOP OF PAGE

Sri Guru Granth Darpan, by Professor Sahib Singh