ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1172 ਬਸੰਤੁ ਮਹਲਾ ੩ ਘਰੁ ੧ ਦੁਤੁਕੇ ੴ ਸਤਿਗੁਰ ਪ੍ਰਸਾਦਿ ॥ ਮਾਹਾ ਰੁਤੀ ਮਹਿ ਸਦ ਬਸੰਤੁ ॥ ਜਿਤੁ ਹਰਿਆ ਸਭੁ ਜੀਅ ਜੰਤੁ ॥ ਕਿਆ ਹਉ ਆਖਾ ਕਿਰਮ ਜੰਤੁ ॥ ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥੧॥ ਤੈ ਸਾਹਿਬ ਕੀ ਕਰਹਿ ਸੇਵ ॥ ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ ॥ ਕਰਮੁ ਹੋਵੈ ਤਾਂ ਸੇਵਾ ਕਰੈ ॥ ਗੁਰ ਪਰਸਾਦੀ ਜੀਵਤ ਮਰੈ ॥ ਅਨਦਿਨੁ ਸਾਚੁ ਨਾਮੁ ਉਚਰੈ ॥ ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥ ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥ ਆਪੇ ਕਰਤਾ ਕਰੇ ਕਰਾਏ ॥ ਜੋ ਤਿਸੁ ਭਾਵੈ ਤਿਸੈ ਖਵਾਏ ॥੩॥ ਨਾਨਕ ਜਿਸ ਨੋ ਨਦਰਿ ਕਰੇਇ ॥ ਅੰਮ੍ਰਿਤ ਨਾਮੁ ਆਪੇ ਦੇਇ ॥ ਬਿਖਿਆ ਕੀ ਬਾਸਨਾ ਮਨਹਿ ਕਰੇਇ ॥ ਅਪਣਾ ਭਾਣਾ ਆਪਿ ਕਰੇਇ ॥੪॥੧॥ {ਪੰਨਾ 1172} ਪਦ ਅਰਥ: ਮਾਹਾ ਮਹਿ = ਸਭ ਮਹੀਨਿਆਂ ਵਿਚ। ਰੁਤੀ ਮਹਿ = ਸਰੀਆਂ ਰੁੱਤਾਂ ਵਿਚ {'ਰੁਤੀ' ਬਹੁ-ਵਚਨ 'ਰੁਤਿ' ਤੋਂ}। ਸਦ = ਸਦਾ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ। ਜਿਤੁ = ਜਿਸ (ਪਰਮਾਤਮਾ) ਦੀ ਰਾਹੀਂ। ਸਭੁ = ਹਰੇਕ। ਹਉ = ਹਉਂ, ਮੈਂ। ਕਿਆ ਆਖਾ = ਕਿਆ ਆਖਾਂ, ਮੈਂ ਕੀਹ ਕਹਿ ਸਕਦਾ ਹਾਂ? ਕਿਰਮ = ਕੀੜਾ। ਕਿਰਮ ਜੰਤੁ = ਨਿੱਕਾ ਜਿਹਾ ਜੀਵ। ਕਿਨੈ = ਕਿਸੇ ਨੇ ਭੀ। ਨ ਪਾਇਆ = ਨਹੀਂ ਲੱਭਾ। ਆਦਿ = ਮੁੱਢ। ਤੈ ਕੀ = ਤੇਰੀ। ਸਾਹਿਬ ਕੀ = ਮਾਲਕ ਦੀ। ਕਰਹਿ = ਕਰਦੇ ਹਨ {ਬਹੁ-ਵਚਨ}। ਪਰਮ = ਸਭ ਤੋਂ ਉੱਚਾ। ਪਾਵਹਿ = ਹਾਸਲ ਕਰਦੇ ਹਨ। ਆਤਮ ਦੇਵ = ਹੇ ਪਰਮਾਤਮਾ!।1। ਰਹਾਉ। ਕਰਮੁ = ਬਖ਼ਸ਼ਸ਼। ਤਾਂ = ਤਦੋਂ। ਸੇਵਾ = ਭਗਤੀ। ਪਰਸਾਦੀ = ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਹੀ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚੁ = ਸਦਾ ਕਾਇਮ ਰਹਿਣ ਵਾਲਾ। ਇਨ ਬਿਧਿ = ਇਸ ਤਰੀਕੇ ਨਾਲ। ਦੁਤਰੁ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ।2। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਕਰਤਾਰਿ = ਕਰਤਾਰ ਨੇ। ਬਿਰਖ = ਰੁੱਖ। ਕਉ = ਨੂੰ। ਆਪੇ = ਆਪ ਹੀ। ਕਰਤਾ = ਕਰਤਾਰ। ਭਾਵੈ = ਚੰਗਾ ਲੱਗਦਾ ਹੈ। ਤਿਸੈ = ਉਸੇ ਨੂੰ।3। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਨਦਰਿ = ਮਿਹਰ ਦੀ ਨਿਗਾਹ। ਕਰੇਇ = {ਇਕ-ਵਚਨ} ਕਰਦਾ ਹੈ। ਦੇਇ = ਦੇਂਦਾ ਹੈ। ਬਿਖਿਆ = ਮਾਇਆ। ਬਾਸਨਾ = ਲਾਲਸਾ। ਮਨਹਿ ਕਰੇਇ = ਰੋਕ ਦੇਂਦਾ ਹੈ। ਭਾਣਾ = ਰਜ਼ਾ, ਮਰਜ਼ੀ।4। ਅਰਥ: ਹੇ ਮਾਲਕ! ਹੇ ਪ੍ਰਭੂ ਦੇਵ! ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ।1। ਰਹਾਉ। ਹੇ ਪ੍ਰਭੂ! ਸਾਰੇ ਮਹੀਨਿਆਂ ਵਿਚ ਸਾਰੀਆਂ ਰੁੱਤਾਂ ਵਿਚ ਸਦਾ ਖਿੜੇ ਰਹਿਣ ਵਾਲਾ ਤੂੰ ਆਪ ਹੀ ਮੌਜੂਦ ਹੈਂ, ਜਿਸ (ਤੇਰੀ) ਬਰਕਤਿ ਨਾਲ ਹਰੇਕ ਜੀਵ ਸਜਿੰਦ ਹੈ। ਮੈਂ ਤੁੱਛ ਜਿਹਾ ਜੀਵ ਕੀਹ ਆਖ ਸਕਦਾ ਹਾਂ? ਕਿਸੇ ਨੇ ਭੀ ਤੇਰਾ ਨਾਹ ਮੁੱਢ ਲੱਭਾ ਹੈ ਨਾਹ ਅਖ਼ੀਰ ਲੱਭਾ ਹੈ।1। ਹੇ ਭਾਈ! (ਜਦੋਂ ਕਿਸੇ ਮਨੁੱਖ ਉੱਤੇ ਪਰਮਾਤਮਾ ਦੀ) ਬਖ਼ਸ਼ਸ਼ ਹੁੰਦੀ ਹੈ ਤਦੋਂ ਉਹ (ਪਰਮਾਤਮਾ ਦੀ) ਸੇਵਾ-ਭਗਤੀ ਕਰਦਾ ਹੈ, ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਇਸ ਤਰੀਕੇ ਨਾਲ ਉਹ ਮਨੁੱਖ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।2। ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਅਤੇ ਆਤਮਕ ਜੀਵਨ ਦੇਣ ਵਾਲਾ ਨਾਮ = ਇਹ ਕਰਤਾਰ ਨੇ (ਹੀ) ਪੈਦਾ ਕੀਤੇ ਹਨ। ਜਗਤ-ਰੁੱਖ ਨੂੰ ਉਸ ਨੇ ਇਹ ਦੋਵੇਂ ਫਲ ਲਾਏ ਹੋਏ ਹਨ। (ਸਰਬ-ਵਿਆਪਕ ਹੋ ਕੇ) ਕਰਤਾਰ ਆਪ ਹੀ (ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ। ਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਉਹੀ ਖਵਾ ਦੇਂਦਾ ਹੈ।3। ਹੇ ਨਾਨਕ! ਜਿਸ ਮਨੁੱਖ ਉੱਤੇ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ ਹੀ ਉਹ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦੀ ਲਾਲਸਾ ਰੋਕ ਦੇਂਦਾ ਹੈ। ਹੇ ਭਾਈ! ਆਪਣੀ ਰਜ਼ਾ ਪਰਮਾਤਮਾ ਆਪ (ਹੀ) ਕਰਦਾ ਹੈ।4।1। ਬਸੰਤੁ ਮਹਲਾ ੩ ॥ ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥ ਦਇਆ ਕਰਹੁ ਪ੍ਰਭ ਦੀਨ ਦਇਆਲਾ ॥ ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥ ਜਿਉ ਭਾਵੈ ਤਿਉ ਰਾਖੈ ਸੋਇ ॥੧॥ ਗੁਰ ਗੋਪਾਲ ਮੇਰੈ ਮਨਿ ਭਾਏ ॥ ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥ ਇਹੁ ਮਨੁ ਲੋਭੀ ਲੋਭਿ ਲੁਭਾਨਾ ॥ ਰਾਮ ਬਿਸਾਰਿ ਬਹੁਰਿ ਪਛੁਤਾਨਾ ॥ ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥ ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥ ਪਉਣ ਪਾਣੀ ਕੀ ਇਹ ਦੇਹ ਸਰੀਰਾ ॥ ਹਉਮੈ ਰੋਗੁ ਕਠਿਨ ਤਨਿ ਪੀਰਾ ॥ ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥ ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥ ਚਾਰਿ ਨਦੀਆ ਅਗਨੀ ਤਨਿ ਚਾਰੇ ॥ ਤ੍ਰਿਸਨਾ ਜਲਤ ਜਲੇ ਅਹੰਕਾਰੇ ॥ ਗੁਰਿ ਰਾਖੇ ਵਡਭਾਗੀ ਤਾਰੇ ॥ ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥ {ਪੰਨਾ 1172} ਪਦ ਅਰਥ: ਰਾਤੇ = ਰੰਗੇ ਹੋਏ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ ਨਾਮ ਵਿਚ। ਨਿਹਾਲਾ = ਪ੍ਰਸੰਨ-ਚਿੱਤ। ਪ੍ਰਭ = ਹੇ ਪ੍ਰਭੂ! ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ।1। ਮੇਰੈ ਮਨਿ = ਮੇਰੇ ਮਨ ਵਿਚ। ਭਾਏ = ਪਿਆਰਾ ਲੱਗਦਾ ਹੈ। ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਮੇਲਿ = ਸੰਗਤਿ ਵਿਚ।1। ਰਹਾਉ। ਲੋਭਿ ਲੁਭਾਨਾ = ਲੋਭ ਵਿਚ ਫਸਿਆ ਰਹਿੰਦਾ ਹੈ। ਬਿਸਾਰਿ = ਵਿਸਾਰ ਕੇ। ਬਹੁਰਿ = ਫਿਰ, ਮੁੜ। ਸੇਵ = ਸੇਵਾ-ਭਗਤੀ ਵਿਚ। ਮਸਤਕਿ = ਮੱਥੇ ਉੱਤੇ।2। ਪਉਣ = ਹਵਾ। ਦੇਹ = ਸਰੀਰ। ਕਠਿਨ = ਕਰੜੀ। ਤਨਿ = ਸਰੀਰ ਵਿਚ। ਪੀਰਾ = ਪੀੜ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਦਾਰੂ = ਦਵਾਈ। ਕਰਿ = ਕਰ ਕੇ। ਗੁਰਿ = ਗੁਰੂ ਨੇ।3। ਨਦੀਆ ਅਗਨੀ = (ਹੰਸ, ਹੇਤ, ਲੋਭ, ਕੋਪ = ਇਹ) ਅੱਗ ਦੀਆਂ ਨਦੀਆਂ। ਤਨਿ = ਸਰੀਰ ਵਿਚ। ਚਾਰੇ = ਇਹ ਚਾਰ ਹੀ। ਗੁਰਿ = ਗੁਰੂ ਨੇ। ਰਾਖੇ = ਰਾਖੀ ਕੀਤੀ। ਉਰਿ = ਹਿਰਦੇ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ।4। ਅਰਥ: ਹੇ ਭਾਈ! ਗੁਰੂ ਪਰਮੇਸਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ, ਮੈਂ ਉਸ ਦਾ ਦਰਸਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਦਰਸਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆਉਂਦੀ) । (ਜਦੋਂ) ਗੁਰੂ (ਮੈਨੂੰ ਆਪਣੀ) ਸੰਗਤਿ ਵਿਚ ਮਿਲਾਂਦਾ ਹੈ, (ਤਦੋਂ) ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ ਉਸ ਨੂੰ) ਮਿਲਦਾ ਹਾਂ।1। ਰਹਾਉ। ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ ਭੀ) ਮਿਹਰ ਕਰ (ਮੈਨੂੰ ਭੀ ਆਪਣਾ ਨਾਮ ਬਖ਼ਸ਼) । ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿੱਸਦਾ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਉਹ (ਜੀਵਾਂ ਦੀ) ਰੱਖਿਆ ਕਰਦਾ ਹੈ।1। ਹੇ ਭਾਈ! ਜਿਸ ਮਨੁੱਖ ਦਾ ਇਹ ਲਾਲਚੀ ਮਨ (ਸਦਾ) ਲਾਲਚ ਵਿਚ ਹੀ ਫਸਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮਲਦਾ ਹੈ। ਜਿਹੜੇ ਮਨੁੱਖ ਗੁਰੂ ਦੀ ਦੱਸੀ ਹਰਿ-ਭਗਤੀ ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਪ੍ਰਭੂ-ਚਰਨਾਂ ਤੋਂ) ਵਿਛੁੜਿਆਂ ਨੂੰ ਗੁਰੂ (ਮੁੜ) ਮਿਲਾ ਦੇਂਦਾ ਹੈ। ਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ।2। ਹੇ ਭਾਈ! ਇਹ ਸਰੀਰ ਹਵਾ ਪਾਣੀ (ਆਦਿਕ ਤੱਤਾਂ) ਦਾ ਬਣਿਆ ਹੋਇਆ ਹੈ। ਜਿਸ ਮਨੁੱਖ ਦੇ ਇਸ ਸਰੀਰ ਵਿਚ ਹਉਮੈ ਦਾ ਰੋਗ ਹੈ, (ਉਸ ਦੇ ਸਰੀਰ ਵਿਚ ਇਸ ਰੋਗ ਦੀ) ਕਰੜੀ ਪੀੜ ਟਿਕੀ ਰਹਿੰਦੀ ਹੈ। ਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ ਵਾਸਤੇ ਹਉਮੈ-ਰੋਗ ਦੂਰ ਕਰਨ ਲਈ) ਦਵਾਈ ਬਣ ਜਾਂਦਾ ਹੈ। ਜਿਹੜਾ ਭੀ ਮਨੁੱਖ (ਗੁਰੂ ਦੀ ਸਰਨ ਆਇਆ) ਗੁਰੂ ਨੇ ਕਿਰਪਾ ਕਰ ਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ।3। ਹੇ ਭਾਈ! (ਜਗਤ ਵਿਚ ਹੰਸ, ਹੇਤ, ਲੋਭ, ਕੋਪ) ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਹਨ, (ਜਿਨ੍ਹਾਂ ਮਨੁੱਖਾਂ ਦੇ) ਸਰੀਰ ਵਿਚ ਇਹ ਚਾਰੇ ਅੱਗਾਂ ਪ੍ਰਬਲ ਹਨ, ਉਹ ਮਨੁੱਖ ਤ੍ਰਿਸ਼ਨਾ ਵਿਚ ਸੜਦੇ ਹਨ। ਹੇ ਨਾਨਕ! (ਆਖ– ਹੇ ਭਾਈ!) ਜਿਨ੍ਹਾਂ ਭਾਗਾਂ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ, (ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ) ਪਾਰ ਲੰਘਾ ਲਿਆ, ਉਹਨਾਂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾ ਲਿਆ।4।2। ਬਸੰਤੁ ਮਹਲਾ ੩ ॥ ਹਰਿ ਸੇਵੇ ਸੋ ਹਰਿ ਕਾ ਲੋਗੁ ॥ ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥ ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥ ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥ ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥ ਸਾਚੁ ਸਮ੍ਹ੍ਹਾਲਹਿ ਸਾਚਿ ਸਮਾਹਿ ॥੧॥ ਰਹਾਉ ॥ ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥ ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥ ਹਰਿ ਆਪੇ ਜਨ ਲੀਏ ਲਾਇ ॥ ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥ ਨਦਰਿ ਕਰੇ ਚੂਕੈ ਅਭਿਮਾਨੁ ॥ ਸਾਚੀ ਦਰਗਹ ਪਾਵੈ ਮਾਨੁ ॥ ਹਰਿ ਜੀਉ ਵੇਖੈ ਸਦ ਹਜੂਰਿ ॥ ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥ ਜੀਅ ਜੰਤ ਕੀ ਕਰੇ ਪ੍ਰਤਿਪਾਲ ॥ ਗੁਰ ਪਰਸਾਦੀ ਸਦ ਸਮ੍ਹ੍ਹਾਲ ॥ ਦਰਿ ਸਾਚੈ ਪਤਿ ਸਿਉ ਘਰਿ ਜਾਇ ॥ ਨਾਨਕ ਨਾਮਿ ਵਡਾਈ ਪਾਇ ॥੪॥੩॥ {ਪੰਨਾ 1172-1173} ਪਦ ਅਰਥ: ਸੇਵੇ = ਸਿਮਰਦਾ ਹੈ। ਸੋ = ਉਹ ਮਨੁੱਖ। ਸਾਚੁ = ਸਦਾ-ਥਿਰ। ਸਹਜੁ = ਆਤਮਕ ਅਡੋਲਤਾ। ਸੋਗੁ = ਗ਼ਮ। ਮੁਏ = ਆਤਮਕ ਮੌਤੇ ਮਰੇ ਹੋਏ। ਮਾਹਿ = ਵਿਚ। ਭੀ = ਮੁੜ, ਫਿਰ।1। ਸੇ ਜਨ = ਉਹ ਮਨੁੱਖ {ਬਹੁ-ਵਚਨ}। ਜੀਵੇ = ਆਤਮਕ ਜੀਵਨ ਵਾਲੇ ਹਨ। ਸਾਚੁ = ਸਦਾ-ਥਿਰ ਹਰਿ-ਨਾਮ। ਸਮ੍ਹ੍ਹਾਲਹਿ = ਹਿਰਦੇ ਵਿਚ ਸੰਭਾਲਦੇ ਹਨ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ।1। ਰਹਾਉ। ਤੇ = ਉਹ ਮਨੁੱਖ {ਬਹੁ-ਵਚਨ}। ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਸਿਰਿ = ਸਿਰ ਉੱਤੇ। ਧੂਰਿ = ਸੁਆਹ। ਆਪੇ = ਆਪ ਹੀ। ਤਿਲੁ = ਰਤਾ ਭਰ ਭੀ। ਤਮਾਇ = ਲਾਲਚ, ਲੋਭ।2। ਨਦਰਿ = ਮਿਹਰ ਦੀ ਨਿਗਾਹ। ਚੂਕੈ = ਮੁੱਕ ਜਾਂਦਾ ਹੈ। ਮਾਨੁ = ਇੱਜ਼ਤ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਪੂਰਿ = ਵਿਆਪਕ।3। ਪਰਸਾਦੀ = ਕਿਰਪਾ ਨਾਲ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਘਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਪਤਿ ਸਿਉ = ਇੱਜ਼ਤ ਨਾਲ। ਨਾਮਿ = ਨਾਮ ਦੀ ਰਾਹੀਂ। ਵਡਾਈ = ਇੱਜ਼ਤ।4। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲੇ ਹਨ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੀ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ, ਉਸ ਨੂੰ ਕਦੇ ਕੋਈ ਗ਼ਮ ਪੋਹ ਨਹੀਂ ਸਕਦਾ। ਪਰ, ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜੀ ਰੱਖਦੇ ਹਨ (ਕਿਉਂਕਿ) ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੈ। ਉਹ ਮਨੁੱਖ ਆਤਮਕ ਮੌਤ ਸਹੇੜ ਸਹੇੜ ਕੇ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਮੁੜ ਮੁੜ ਆਤਮਕ ਮੌਤ ਸਹੇੜਦੇ ਰਹਿੰਦੇ ਹਨ।1। ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਉਹ ਮਨੁੱਖ ਹੋਰ ਹੋਰ ਦੇਸ਼ਾਂ ਵਿਚ ਭੌਂਦੇ ਫਿਰਦੇ ਹਨ, ਆਪਣੇ ਸਿਰ ਵਿਚ ਮਿੱਟੀ ਪਾਂਦੇ ਹਨ (ਖ਼ੁਆਰ ਹੁੰਦੇ ਰਹਿੰਦੇ ਹਨ) । ਹੇ ਭਾਈ! ਆਪਣੇ ਭਗਤਾਂ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ਉਹਨਾਂ ਨੂੰ ਸਦਾ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਨੂੰ ਕਦੇ ਰਤਾ ਭਰ ਭੀ (ਮਾਇਆ ਦਾ) ਲਾਲਚ ਨਹੀਂ ਵਿਆਪਦਾ।2। ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ, ਪਰਮਾਤਮਾ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ।3। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ-ਥਿਰ ਪ੍ਰਭੂ ਦੇ ਘਰ ਵਿਚ ਇੱਜ਼ਤ ਨਾਲ ਜਾਂਦਾ ਹੈ। ਹੇ ਨਾਨਕ! ਨਾਮ ਦੀ ਬਰਕਤਿ ਨਾਲ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ।4।3। |
Sri Guru Granth Darpan, by Professor Sahib Singh |