ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1173 ਬਸੰਤੁ ਮਹਲਾ ੩ ॥ ਅੰਤਰਿ ਪੂਜਾ ਮਨ ਤੇ ਹੋਇ ॥ ਏਕੋ ਵੇਖੈ ਅਉਰੁ ਨ ਕੋਇ ॥ ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥ ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥ ਗੁਰ ਪੂਛਹੁ ਤੁਮ੍ਹ੍ਹ ਕਰਹੁ ਬੀਚਾਰੁ ॥ ਤਾਂ ਪ੍ਰਭ ਸਾਚੇ ਲਗੈ ਪਿਆਰੁ ॥ ਆਪੁ ਛੋਡਿ ਹੋਹਿ ਦਾਸਤ ਭਾਇ ॥ ਤਉ ਜਗਜੀਵਨੁ ਵਸੈ ਮਨਿ ਆਇ ॥੨॥ ਭਗਤਿ ਕਰੇ ਸਦ ਵੇਖੈ ਹਜੂਰਿ ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ ਇਸੁ ਭਗਤੀ ਕਾ ਕੋਈ ਜਾਣੈ ਭੇਉ ॥ ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥ ਆਪੇ ਸਤਿਗੁਰੁ ਮੇਲਿ ਮਿਲਾਏ ॥ ਜਗਜੀਵਨ ਸਿਉ ਆਪਿ ਚਿਤੁ ਲਾਏ ॥ ਮਨੁ ਤਨੁ ਹਰਿਆ ਸਹਜਿ ਸੁਭਾਏ ॥ ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥ {ਪੰਨਾ 1173} ਪਦ ਅਰਥ: ਅੰਤਰਿ = (ਉਸ ਮਨੁੱਖ ਦੇ) ਅੰਦਰ ਹੀ। ਪੂਜਾ = ਭਗਤੀ। ਮਨ ਤੇ = ਮਨ ਤੋਂ, ਜੁੜੇ ਮਨ ਨਾਲ। ਹੋਇ = ਹੁੰਦੀ ਰਹਿੰਦੀ ਹੈ। ਏਕੋ = ਇਕ (ਪਰਮਾਤਮਾ) ਨੂੰ ਹੀ। ਦੂਜੈ = ਮਾਇਆ ਦੇ ਮੋਹ ਵਿਚ (ਫਸ ਕੇ) । ਲੋਕੀ = ਦੁਨੀਆ ਨੇ, ਲੁਕਾਈ ਨੇ। ਸਤਿਗੁਰਿ = ਗੁਰੂ ਨੇ। ਮੈਨੋ = ਮੈਨੂੰ।1। ਮਉਲਿਆ = (ਹਰ ਥਾਂ) ਖਿੜਿਆ ਹੋਇਆ ਹੈ, (ਹਰ ਥਾਂ) ਪਰਕਾਸ਼ ਕਰ ਰਿਹਾ ਹੈ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ। ਗਾਇ = ਗਾ ਕੇ।1। ਰਹਾਉ। ਗੁਰ ਪੂਛਹੁ = ਗੁਰੂ ਦੀ ਸਿੱਖਿਆ ਲਵੋ। ਵੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ। ਤਾਂ = ਤਦੋਂ। ਆਪੁ = ਆਪਾ-ਭਾਵ। ਛੋਡਿ = ਛੱਡ ਕੇ। ਹੋਹਿ = ਜੇ ਤੂੰ ਹੋ ਜਾਏਂ। ਭਾਇ = {ਲਫ਼ਜ਼ 'ਭਾਉ' ਤੋਂ ਅਧਿਕਰਣ ਕਾਰਕ ਇਕ-ਵਚਨ} ਭਾਵਨਾ ਵਿਚ। ਦਾਸਤ = {dwsÄv}। ਲਫ਼ਜ਼ 'ਦਾਸ' ਤੋਂ ਭਾਵ ਵਾਚਕ ਨਾਂਵ}। ਦਾਸਤ ਭਾਇ = ਸੇਵਕ-ਸੁਭਾਵ ਵਿਚ। ਤਉ = ਤਦੋਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ, ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ।2। ਭਗਤਿ = ਬੰਦਗੀ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਰਹਿਆ ਭਰਪੂਰਿ = ਸਭ ਥਾਈਂ ਵਿਆਪਕ ਹੈ। ਕੋਈ = ਜਿਹੜਾ ਕੋਈ ਮਨੁੱਖ। ਭੇਉ = ਭੇਤ। ਸਭੁ = ਹਰ ਥਾਂ। ਆਤਮਦੇਉ = ਪਰਮਾਤਮਾ।3। ਆਪੇ = (ਪ੍ਰਭੂ) ਆਪ ਹੀ। ਮੇਲਿ = ਮਿਲਾ ਕੇ। ਮਿਲਾਏ = (ਆਪਣੇ ਨਾਲ) ਮਿਲਾਂਦਾ ਹੈ। ਸਿਉ = ਨਾਲ। ਅਰਥ: ਹੇ ਭਾਈ! ਸਦਾ-ਆਨੰਦ-ਸਰੂਪ ਮੇਰਾ ਪਰਮਾਤਮਾ (ਹਰ ਥਾਂ) ਆਪਣਾ ਪਰਕਾਸ਼ ਕਰ ਰਿਹਾ ਹੈ। ਉਸ ਪਰਮਾਤਮਾ ਦੇ ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜਿਆ ਰਹਿੰਦਾ ਹੈ।1। ਰਹਾਉ। ਹੇ ਭਾਈ! (ਜਿਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦੇ) ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ, (ਉਹ ਮਨੁੱਖ ਹਰ ਥਾਂ) ਸਿਰਫ਼ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ। ਹੇ ਭਾਈ! ਦੁਨੀਆ ਨੇ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਬਹੁਤ ਦੁੱਖ ਪਾਇਆ ਹੈ, ਪਰ ਗੁਰੂ ਨੇ (ਮਿਹਰ ਕਰ ਕੇ) ਮੈਨੂੰ ਸਿਰਫ਼ ਪਰਮਾਤਮਾ ਹੀ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੈ (ਤੇ, ਮੈਂ ਦੁੱਖ ਤੋਂ ਬਚ ਗਿਆ ਹਾਂ) ।1। ਹੇ ਭਾਈ! (ਤੁਸਾਂ ਭੀ ਜੇ ਦੁੱਖਾਂ ਤੋਂ ਬਚਣਾ ਹੈ, ਤਾਂ) ਗੁਰੂ ਦੀ ਸਿੱਖਿਆ ਲਵੋ, ਤੇ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਈ ਰੱਖੋ, (ਜਦੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਉਗੇ) ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਤੁਹਾਡਾ) ਪਿਆਰ ਬਣ ਜਾਇਗਾ। ਹੇ ਭਾਈ! ਜੇ ਤੂੰ ਆਪਾ-ਭਾਵ (ਹਉਮੈ) ਛੱਡ ਕੇ ਸੇਵਕ-ਸੁਭਾਵ ਵਿਚ ਟਿਕਿਆ ਰਹੇਂ, ਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਤੇਰੇ) ਮਨ ਵਿਚ ਆ ਵੱਸੇਗਾ।2। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੇਖਦਾ ਹੈ, ਪਿਆਰਾ ਪ੍ਰਭੂ ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ। ਹੇ ਭਾਈ! ਜਿਹੜਾ ਭੀ ਮਨੁੱਖ ਪਰਮਾਤਮਾ ਦੀ ਇਸ ਭਗਤੀ (ਦੇ ਕੌਤਕ) ਦਾ ਭੇਤ ਸਮਝ ਲੈਂਦਾ ਹੈ, ਉਸ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸ ਪੈਂਦਾ ਹੈ।3। ਪਰ, ਹੇ ਭਾਈ! (ਭਗਤੀ ਦੀ ਦਾਤਿ ਉਸ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ) ਜਗਤ ਦਾ ਜੀਵਨ ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਆਪ ਹੀ ਮਨੁੱਖ ਦਾ ਚਿੱਤ ਆਪਣੇ ਨਾਲ ਜੋੜਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ।4। 4। ਬਸੰਤੁ ਮਹਲਾ ੩ ॥ ਭਗਤਿ ਵਛਲੁ ਹਰਿ ਵਸੈ ਮਨਿ ਆਇ ॥ ਗੁਰ ਕਿਰਪਾ ਤੇ ਸਹਜ ਸੁਭਾਇ ॥ ਭਗਤਿ ਕਰੇ ਵਿਚਹੁ ਆਪੁ ਖੋਇ ॥ ਤਦ ਹੀ ਸਾਚਿ ਮਿਲਾਵਾ ਹੋਇ ॥੧॥ ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥ ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ ਗੁਰ ਸਬਦੀ ਵਿਚਹੁ ਹਉਮੈ ਖੋਇ ॥ ਹਰਿ ਜੀਉ ਆਪਿ ਵਸੈ ਮਨਿ ਆਇ ॥ ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥ ਸਾਚਿ ਰਤੇ ਤਿਨ ਸਦ ਬਸੰਤ ॥ ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ ਬਿਨੁ ਨਾਵੈ ਸੂਕਾ ਸੰਸਾਰੁ ॥ ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥ ਸੋਈ ਕਰੇ ਜਿ ਹਰਿ ਜੀਉ ਭਾਵੈ ॥ ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ ਨਾਨਕ ਨਾਮੁ ਵਸੈ ਮਨਿ ਆਇ ॥੪॥੫॥ {ਪੰਨਾ 1173} ਪਦ ਅਰਥ: ਵਛਲੁ = {vÄsl} ਪਿਆਰਾ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮਨਿ = ਮਨ ਵਿਚ। ਆਇ = ਆ ਕੇ। ਤੇ = ਤੋਂ। ਸਹਜ = ਆਤਮਕ ਅਡੋਲਤਾ। ਸੁਭਾਇ = ਪ੍ਰੇਮ ਵਿਚ। ਆਪੁ = ਆਪਾ-ਭਾਵ। ਖੋਹਿ = ਦੂਰ ਕਰ ਕੇ। ਤਦ = ਤਦੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।1। ਸੋਹਹਿ = ਸੋਭਦੇ ਹਨ। ਪ੍ਰਭ ਦੁਆਰਿ = ਪ੍ਰਭੂ ਦੇ ਦਰ ਤੇ। ਕੈ ਹੇਤਿ = ਦੇ ਪਿਆਰ ਵਿਚ। ਸਾਚੈ ਪਿਆਰਿ = ਸਦਾ-ਥਿਰ ਹਰੀ ਦੇ ਪਿਆਰ ਵਿਚ।1। ਰਹਾਉ। ਨਿਰਮਲੁ = ਪਵਿੱਤਰ ਜੀਵਨ ਵਾਲਾ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ।2। ਰਤੇ = ਰੰਗੇ ਹੋਏ। ਸਦ ਬਸੰਤ = ਸਦਾ ਕਾਇਮ ਰਹਿਣ ਵਾਲਾ ਖਿੜਾਉ। ਹਰਿਆ = ਆਤਮਕ ਜੀਵਨ ਨਾਲ ਭਰਪੂਰ। ਰਵਿ = ਸਿਮਰ ਕੇ। ਸੂਕਾ = ਆਤਮਕ ਜੀਵਨ ਤੋਂ ਸੱਖਣਾ। ਵਾਰੋ ਵਾਰ = ਮੁੜ ਮੁੜ।3। ਜਿ = ਜਿਹੜੀ ਗੱਲ, ਜੋ ਕੁਝ। ਭਾਵੈ = ਪਸੰਦ ਆਉਂਦੀ ਹੈ। ਸਰੀਰਿ = ਸਰੀਰ ਵਿਚ। ਭਾਣੈ = (ਪ੍ਰਭੂ ਦੀ) ਰਜ਼ਾ ਵਿਚ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ।4। ਅਰਥ: ਹੇ ਭਾਈ! ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ, ਉਹ ਸਦਾ ਗੁਰੂ ਦੇ ਪ੍ਰੇਮ ਵਿਚ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿੰਦੇ ਹਨ) ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਪ੍ਰਭੂ ਦੇ ਪਿਆਰ ਵਿਚ ਲੀਨ ਰਹਿੰਦਾ ਹੈ, ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਜਦੋਂ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਤਦੋਂ ਹੀ ਸਦਾ-ਥਿਰ ਪਰਮਾਤਮਾ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ।1। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਪ੍ਰਭੂ ਆਪ ਉਸ ਦੇ ਮਨ ਵਿਚ ਆ ਵੱਸਦਾ ਹੈ, ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ, ਉਹ ਸਦਾ ਆਨੰਦ ਵਿਚ ਆਤਮਕ ਅਡਲੋਤਾ ਵਿਚ ਲੀਨ ਰਹਿੰਦਾ ਹੈ।2। ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ। ਗੋਬਿੰਦ ਦੇ ਗੁਣ ਯਾਦ ਕਰ ਕਰ ਕੇ ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿੱਕੇ ਜਿਹੇ ਵਿਤ ਵਾਲਾ ਹੋਇਆ ਰਹਿੰਦਾ ਹੈ, ਮੁੜ ਮੁੜ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ।3। ਹੇ ਭਾਈ! ਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) , ਜਿਹੜਾ ਮਨੁੱਖ ਪਰਮਾਤਮਾ ਦੇ ਭਾਣੇ ਵਿਚ ਆਪਣਾ ਚਿੱਤ ਜੋੜਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।4।5। ਬਸੰਤੁ ਮਹਲਾ ੩ ॥ ਮਾਇਆ ਮੋਹੁ ਸਬਦਿ ਜਲਾਏ ॥ ਮਨੁ ਤਨੁ ਹਰਿਆ ਸਤਿਗੁਰ ਭਾਏ ॥ ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥ ਸਾਚੀ ਬਾਣੀ ਨਾਮ ਪਿਆਰਿ ॥੧॥ ਏ ਮਨ ਹਰਿਆ ਸਹਜ ਸੁਭਾਇ ॥ ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ ਆਪੇ ਨੇੜੈ ਆਪੇ ਦੂਰਿ ॥ ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ ਛਾਵ ਘਣੀ ਫੂਲੀ ਬਨਰਾਇ ॥ ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ ਪਰਪੰਚ ਵੇਖਿ ਰਹਿਆ ਵਿਸਮਾਦੁ ॥ ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥ ਆਪੇ ਕਰਤਾ ਸਭਿ ਰਸ ਭੋਗ ॥ ਜੋ ਕਿਛੁ ਕਰੇ ਸੋਈ ਪਰੁ ਹੋਗ ॥ ਵਡਾ ਦਾਤਾ ਤਿਲੁ ਨ ਤਮਾਇ ॥ ਨਾਨਕ ਮਿਲੀਐ ਸਬਦੁ ਕਮਾਇ ॥੪॥੬॥ {ਪੰਨਾ 1173-1174} ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਹਰਿਆ = ਆਤਮਕ ਜੀਵਨ ਨਾਲ ਭਰਪੂਰ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ) । ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਕੈ ਦੁਆਰਿ = ਦੇ ਦਰ ਤੇ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ। ਨਾਮ ਪਿਆਰਿ = ਹਰਿ-ਨਾਮ ਦੇ ਪਿਆਰ ਵਿਚ।1। ਏ ਮਨ = ਹੇ ਮਨ! {ਸੰਬੋਧਨ}। ਸਹਜ ਸੁਭਾਇ = ਆਤਮਕ ਅਡੋਲਤਾ ਦੇਣ ਵਾਲੇ ਪ੍ਰਭੂ-ਪਿਆਰ ਵਿਚ। ਸਚ ਫਲੁ = ਸਦਾ-ਥਿਰ ਪ੍ਰਭੂ ਦਾ ਨਾਮ-ਫਲ।1। ਰਹਾਉ। ਆਪੇ = ਪ੍ਰਭੂ ਆਪ ਹੀ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਣੀ = ਸੰਘਣੀ। ਫੂਲੀ = ਖਿੜੀ ਹੋਈ। ਬਨਰਾਇ = ਬਨਸਪਤੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਿਗਸੈ = ਖਿੜਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ।2। ਅਨਦਿਨੁ = ਹਰ ਰੋਜ਼, ਹਰ ਵੇਲੇ {Anuidnwz}। ਕਰਹਿ = ਕਰਦੇ ਹਨ {ਬਹੁ-ਬਚਨ}। ਸਤਿਗੁਰਿ = ਗੁਰੂ ਨੇ। ਜੂਠਿ ਭਰਾਂਤਿ = ਭਟਕਣਾ ਦੀ ਜੂਠ, ਭਟਕਣਾ ਦੀ ਮੈਲ। ਪਰਪੰਚ = ਜਗਤ-ਖਿਲਾਰਾ। ਵਿਸਮਾਦੁ = ਹੈਰਾਨ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਪ੍ਰਸਾਦੁ = ਖੈਰ, ਦਾਨ।3। ਆਪੇ = ਆਪ ਹੀ। ਸਭਿ = ਸਾਰੇ। ਪਰੁ ਹੋਗ = ਜ਼ਰੂਰ ਹੋਵੇਗਾ। ਤਿਲੁ = ਰਤਾ ਭਰ ਭੀ। ਤਮਾਇ = ਲਾਲਚ। ਸਬਦੁ ਕਮਾਇ = ਸ਼ਬਦ ਕਮਾ ਕੇ, ਗੁਰੂ ਦੇ ਸ਼ਬਦ ਅਨੁਸਾਰ ਤੁਰ ਕੇ।4। ਅਰਥ: ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ। ਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਉਸ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ।1। ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ (ਉਸ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ।2। ਹੇ ਭਾਈ! ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਦਾਤਿ ਮਿਲਦੀ ਹੈ (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।3। ਹੇ ਭਾਈ! (ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ। ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ।4।6। |
Sri Guru Granth Darpan, by Professor Sahib Singh |