ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1174

ਬਸੰਤੁ ਮਹਲਾ ੩ ॥ ਪੂਰੈ ਭਾਗਿ ਸਚੁ ਕਾਰ ਕਮਾਵੈ ॥ ਏਕੋ ਚੇਤੈ ਫਿਰਿ ਜੋਨਿ ਨ ਆਵੈ ॥ ਸਫਲ ਜਨਮੁ ਇਸੁ ਜਗ ਮਹਿ ਆਇਆ ॥ ਸਾਚਿ ਨਾਮਿ ਸਹਜਿ ਸਮਾਇਆ ॥੧॥ ਗੁਰਮੁਖਿ ਕਾਰ ਕਰਹੁ ਲਿਵ ਲਾਇ ॥ ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥ ਤਿਸੁ ਜਨ ਕੀ ਹੈ ਸਾਚੀ ਬਾਣੀ ॥ ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥ ਚਹੁ ਜੁਗ ਪਸਰੀ ਸਾਚੀ ਸੋਇ ॥ ਨਾਮਿ ਰਤਾ ਜਨੁ ਪਰਗਟੁ ਹੋਇ ॥੨॥ ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥ ਸੇ ਜਨ ਸਾਚੇ ਸਾਚੈ ਭਾਇ ॥ ਸਾਚੁ ਧਿਆਇਨਿ ਦੇਖਿ ਹਜੂਰਿ ॥ ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥ ਏਕੋ ਕਰਤਾ ਅਵਰੁ ਨ ਕੋਇ ॥ ਗੁਰ ਸਬਦੀ ਮੇਲਾਵਾ ਹੋਇ ॥ ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥ ਨਾਨਕ ਸਹਜੇ ਨਾਮਿ ਸਮਾਇਆ ॥੪॥੭॥ {ਪੰਨਾ 1174}

ਪਦ ਅਰਥ: ਪੂਰੇ ਭਾਗਿ = ਵੱਡੀ ਕਿਸਮਤ ਨਾਲ। ਸਚੁ = ਸਦਾ-ਥਿਰ ਹਰਿ-ਨਾਮ । ਸਚੁ ਕਾਰ = ਸਦਾ-ਥਿਰ ਹਰਿ-ਨਾਮ (ਸਿਮਰਨ ਦੀ) ਕਾਰ। ਏਕੋ = ਇਕ ਪਰਮਾਤਮਾ ਨੂੰ ਹੀ। ਚੇਤੈ = ਯਾਦ ਕਰਦਾ ਹੈ। ਸਫਲ = ਕਾਮਯਾਬ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ।1।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਵ ਲਾਇ = ਸੁਰਤਿ ਜੋੜ ਕੇ। ਸੇਵਹੁ = ਸਿਮਰੋ। ਆਪੁ = ਆਪਾ-ਭਾਵ।1। ਰਹਾਉ।

ਸਾਚੀ ਬਾਣੀ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਸਰੀ = ਖਿਲਰੀ ਹੋਈ ਹੈ। ਸੋਇ = ਸੋਭਾ। ਨਾਮਿ = ਨਾਮ ਵਿਚ। ਰਤਾ = ਰੰਗਿਆ ਹੋਇਆ। ਜਨੁ = ਭਗਤ।2।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਸਾਚੈ ਭਾਇ = ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਦੇਖਿ = ਵੇਖ ਕੇ। ਹਜੂਰਿ = ਅੰਗ-ਸੰਗ (ਵੱਸਦਾ) । ਪੰਕਜ = ਕੌਲ ਫੁੱਲ। ਪਗ = ਪੈਰ। ਪਗ ਪੰਕਜ = ਕੌਲ ਫੁੱਲ ਵਰਗੇ ਸੋਹਣੇ ਚਰਨ।3।

ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਜਿਨਿ = ਜਿਸ (ਮਨੁੱਖ) ਨੇ। ਸਚੁ = ਸਦਾ-ਥਿਰ ਪ੍ਰਭੂ। ਸੇਵਿਆ = ਸਿਮਰਿਆ। ਤਿਨਿ = ਉਸ ਨੇ {ਇਕ-ਵਚਨ}। ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।4।

ਅਰਥ: ਹੇ ਭਾਈ! ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਗੁਰੂ ਦੀ ਸਰਨ ਪੈ ਕੇ ਸੁਰਤਿ ਜੋੜ ਕੇ ਕਾਰ ਕਰਦੇ ਰਿਹਾ ਕਰੋ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਜਿਹੜਾ ਮਨੁੱਖ ਸਿਰਫ਼ ਇਕ ਪਰਮਾਤਮਾ ਨੂੰ ਹੀ ਚਿੱਤ ਵਿਚ ਟਿਕਾਂਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ। ਇਸ ਜਗਤ ਵਿਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਵਾਲਾ ਹੈ, ਜੋ ਸਦਾ-ਥਿਰ ਹਰਿ-ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।1।

ਹੇ ਭਾਈ! ਜਿਹੜਾ ਮਨੁੱਖ ਸਦਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ, ਉਸ ਮਨੁੱਖ ਦੀ ਟੇਕ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਉਹ ਬਾਣੀ ਬਣ ਜਾਂਦੀ ਹੈ ਜਿਹੜੀ ਸਾਰੇ ਜਗਤ ਵਿਚ (ਜੀਵਨ-ਰੌ ਹੋ ਕੇ) ਸਮਾਈ ਹੋਈ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ (ਜਗਤ ਵਿਚ) ਪ੍ਰਸਿੱਧ ਹੋ ਜਾਂਦਾ ਹੈ, ਉਸ ਦੀ ਅਟੱਲ ਸੋਭਾ ਚੌਹਾਂ ਜੁਗਾਂ ਵਿਚ ਖਿਲਰੀ ਰਹਿੰਦੀ ਹੈ।2।

ਹੇ ਭਾਈ! ਕਈ ਅਜਿਹੇ ਮਨੁੱਖ ਹਨ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖਦੇ ਹਨ। ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ।3।

ਹੇ ਨਾਨਕ! ਜਿਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ ਹੈ, ਉਸ ਨੇ ਆਤਮਕ ਆਨੰਦ ਮਾਣਿਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਉਸ ਦਾ ਮਿਲਾਪ ਹੋ ਜਾਂਦਾ ਹੈ। ਉਸ ਨੂੰ (ਹਰ ਥਾਂ) ਇਕ ਕਰਤਾਰ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀਂ ਨਹੀਂ ਆਉਂਦਾ।4।7।

ਬਸੰਤੁ ਮਹਲਾ ੩ ॥ ਭਗਤਿ ਕਰਹਿ ਜਨ ਦੇਖਿ ਹਜੂਰਿ ॥ ਸੰਤ ਜਨਾ ਕੀ ਪਗ ਪੰਕਜ ਧੂਰਿ ॥ ਹਰਿ ਸੇਤੀ ਸਦ ਰਹਹਿ ਲਿਵ ਲਾਇ ॥ ਪੂਰੈ ਸਤਿਗੁਰਿ ਦੀਆ ਬੁਝਾਇ ॥੧॥ ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥ ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥ ਏਕੋ ਸੇਵਹੁ ਅਵਰੁ ਨ ਕੋਇ ॥ ਜਿਤੁ ਸੇਵਿਐ ਸਦਾ ਸੁਖੁ ਹੋਇ ॥ ਨਾ ਓਹੁ ਮਰੈ ਨ ਆਵੈ ਜਾਇ ॥ ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥ ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥ ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥ ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥ ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥ ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥ ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥ {ਪੰਨਾ 1174}

ਪਦ ਅਰਥ: ਕਰਹਿ = ਕਰਦੇ ਹਨ {ਬਹੁ-ਵਚਨ}। ਜਨ = ਸੇਵਕ {ਬਹੁ-ਵਚਨ}। ਦੇਖਿ = ਵੇਖ ਕੇ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਪਗ = ਚਰਨ। ਪੰਕਜ = ਕੌਲ-ਫੁੱਲ {ਪੰਕ = ਚਿੱਕੜ। ਜ = ਜੰਮਿਆ ਹੋਇਆ}। ਸੇਤੀ = ਨਾਲ। ਸਦ = ਸਦਾ। ਲਿਵ = ਲਗਨ। ਸਤਿਗੁਰਿ = ਗੁਰੂ ਨੇ।1।

ਪਦਵੀ = ਆਤਮਕ ਦਰਜਾ।1। ਰਹਾਉ।

ਸੇਵਹੁ = ਸਿਮਰੋ। ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਭਗਤੀ ਕਰਨ ਨਾਲ। ਆਵੈ = ਜੰਮਦਾ। ਜਾਇ = ਮਰਦਾ। ਅਵਰੁ = ਹੋਰ। ਸੇਵੀ = ਸੇਵੀਂ, ਮੈਂ ਸੇਵਾਂ। ਮਾਇ = ਹੇ ਮਾਂ!।2।

ਸਾਚੇ = ਅਟੱਲ ਜੀਵਨ ਵਾਲੇ, ਸਦਾ-ਥਿਰ ਪ੍ਰਭੂ ਦਾ ਰੂਪ। ਸਾਚੁ = ਸਦਾ-ਥਿਰ ਪ੍ਰਭੂ। ਪਛਾਣਿਆ = ਸਾਂਝ ਪਾਈ। ਆਪੁ = ਆਪਾ-ਭਾਵ। ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸਚੁ ਸੋਇ = ਉਹ ਸਦਾ-ਥਿਰ ਪ੍ਰਭੂ।3।

ਜਿਨਿ = ਜਿਸ (ਪ੍ਰਭੂ) ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਜਾਣੁ = ਸਾਂਝ ਪਾ ਲੈ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਿਞਾਣੁ = ਸਾਂਝ ਪਾ। ਸੁਧਿ = ਸੂਝ। ਨਾਮਿ ਰਤੇ = ਨਾਮ ਵਿਚ ਰੰਗੀਜ ਕੇ।4।

ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਦਾ ਹੈ, (ਜਿਹੜਾ ਮਨੁੱਖ ਬਣਦਾ ਹੈ) ਉਹ ਸ੍ਰੇਸ਼ਟ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।1। ਰਹਾਉ।

ਹੇ ਭਾਈ! ਭਗਤ-ਜਨ ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ, ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ। ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖ਼ਸ਼ੀ ਹੁੰਦੀ ਹੈ।1।

ਹੇ ਭਾਈ! ਉਸ ਇਕ ਪਰਮਾਤਮਾ ਦੀ ਭਗਤੀ ਕਰਿਆ ਕਰੋ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ (ਮੇਰੀ) ਮਾਂ! ਉਹ ਪਰਮਾਤਮਾ ਨਾਹ ਕਦੇ ਮਰਦਾ ਹੈ, ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ। ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉਂ ਕਰਾਂ?।2।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ, ਉਹ ਅਟੱਲ ਜੀਵਨ ਵਾਲੇ ਹੋ ਗਏ। ਉਹ ਮਨੁੱਖ ਆਪਾ-ਭਾਵ ਗਵਾ ਕੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ) ਸਦਾ-ਥਿਰ ਤੇ ਪਵਿੱਤਰ ਪਰਮਾਤਮਾ (ਹੀ ਹਰ ਥਾਂ ਦਿੱਸਦਾ ਹੈ) ।3।

ਹੇ ਭਾਈ! ਜਿਸ (ਪਰਮਾਤਮਾ) ਨੇ (ਤੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ, ਉਸ ਨਾਲ ਸਦਾ ਡੂੰਘੀ ਸਾਂਝ ਪਾਈ ਰੱਖ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾਈ ਰੱਖ। ਹੇ ਨਾਨਕ! ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਤਦੋਂ (ਉਸ ਨੂੰ ਉੱਚੇ ਆਤਮਕ ਜੀਵਨ ਦੀ) ਸਮਝ ਪ੍ਰਾਪਤ ਹੋ ਜਾਂਦੀ ਹੈ। ਨਾਮ ਵਿਚ ਰੰਗੀਜ ਕੇ ਉਹ ਸਦਾ-ਥਿਰ ਪ੍ਰਭੂ (ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ) ।4।8।

ਬਸੰਤੁ ਮਹਲਾ ੩ ॥ ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥ ਸਾਚੀ ਬਾਣੀ ਨਾਮ ਪਿਆਰੁ ॥ ਮਨਮੁਖ ਭੂਲੇ ਕਾਹੇ ਆਏ ॥ ਨਾਮਹੁ ਭੂਲੇ ਜਨਮੁ ਗਵਾਏ ॥੧॥ ਜੀਵਤ ਮਰੈ ਮਰਿ ਮਰਣੁ ਸਵਾਰੈ ॥ ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥ ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥ ਮਨੁ ਨਿਰਮਲੁ ਸਦ ਗੁਣੀ ਗਹੀਰਾ ॥ ਜੰਮੈ ਮਰੈ ਨ ਆਵੈ ਜਾਇ ॥ ਗੁਰ ਪਰਸਾਦੀ ਸਾਚਿ ਸਮਾਇ ॥੨॥ ਸਾਚਾ ਸੇਵਹੁ ਸਾਚੁ ਪਛਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਦਰਿ ਸਾਚੈ ਸਚੁ ਸੋਭਾ ਹੋਇ ॥ ਨਿਜ ਘਰਿ ਵਾਸਾ ਪਾਵੈ ਸੋਇ ॥੩॥ ਆਪਿ ਅਭੁਲੁ ਸਚਾ ਸਚੁ ਸੋਇ ॥ ਹੋਰਿ ਸਭਿ ਭੂਲਹਿ ਦੂਜੈ ਪਤਿ ਖੋਇ ॥ ਸਾਚਾ ਸੇਵਹੁ ਸਾਚੀ ਬਾਣੀ ॥ ਨਾਨਕ ਨਾਮੇ ਸਾਚਿ ਸਮਾਣੀ ॥੪॥੯॥ {ਪੰਨਾ 1174}

ਪਦ ਅਰਥ: ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਕਰਹਿ = ਕਰਦੇ ਹਨ {ਬਹੁ-ਵਚਨ}। ਉਧਾਰੁ = ਪਾਰ-ਉਤਾਰਾ। ਸਾਚੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ। ਨਾਮ ਪਿਆਰੁ = ਨਾਮ ਦਾ ਪਿਆਰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਕਾਹੇ ਆਏ = ਭਾਵ, ਜੀਵਨ ਵਿਅਰਥ ਗਵਾ ਗਏ। ਭੂਲੇ = ਕੁਰਾਹੇ ਪਏ ਹੋਏ। ਨਾਮਹੁ = ਨਾਮ ਤੋਂ। ਗਵਾਏ = ਗਵਾਇ, ਗਵਾ ਕੇ।1।

ਜੀਵਤ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਵਿਕਾਰਾਂ ਵਲੋਂ ਮਰਦਾ ਹੈ। ਮਰਿ = ਮਰ ਕੇ, ਵਿਕਾਰਾਂ ਵਲੋਂ ਬਚਿਆ ਰਹਿ ਕੇ। ਮਰਣੁ = ਮੌਤ, ਵਿਕਾਰਾਂ ਵਲੋਂ ਮੌਤ, ਵਿਕਾਰਾਂ ਦੀ ਮਾਰ ਤੋਂ ਬਚਿਆ ਹੋਇਆ ਜੀਵਨ। ਸਵਾਰੈ = ਸੋਹਣਾ ਬਣਾ ਲੈਂਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਰ = ਹਿਰਦਾ।1। ਰਹਾਉ।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਭੋਜਨੁ = (ਆਤਮਕ ਜੀਵਨ ਦੀ) ਖ਼ੁਰਾਕ। ਸਦ = ਸਦਾ। ਗੁਣੀ ਗਹੀਰਾ = ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਪ੍ਰਭੂ। ਪਰਸਾਦੀ = ਕਿਰਪਾ ਨਾਲ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ।2।

ਸੇਵਹੁ = ਸਿਮਰਿਆ ਕਰੋ। ਪਛਾਣੈ = ਸਾਂਝ ਪਾਂਦਾ ਹੈ। ਦਰਿ = ਦਰ ਤੇ। ਨੀਸਾਣੈ = ਨਿਸ਼ਾਨ, ਰਾਹਦਾਰੀ, ਪਰਵਾਨਾ। ਸਚੁ = ਸਦਾ-ਥਿਰ ਹਰਿ-ਨਾਮ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਨਿਜ ਘਰਿ = ਆਪਣੇ ਘਰ ਵਿਚ।3।

ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਭਿ = ਸਾਰੇ। ਭੂਲਹਿ = ਕੁਰਾਹੇ ਪਏ ਰਹਿੰਦੇ ਹਨ। ਦੂਜੈ = ਮਾਇਆ (ਦੇ ਪਿਆਰ) ਵਿਚ। ਪਤਿ = ਇੱਜ਼ਤ। ਖੋਇ = ਗਵਾ ਕੇ। ਨਾਮੇ = ਨਾਮ ਦੀ ਰਾਹੀਂ।4।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਵਿਕਾਰਾਂ ਵਲੋਂ ਮਰ ਕੇ ਉਹ ਮਨੁੱਖ ਵਿਕਾਰਾਂ ਤੋਂ ਬਚੇ ਹੋਏ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ (ਆਪਣੀਆਂ ਸਾਰੀਆਂ) ਕੁਲਾਂ ਦਾ (ਭੀ) ਪਾਰ-ਉਤਾਰਾ ਕਰ ਲੈਂਦੇ ਹਨ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਹਨਾਂ ਦੇ ਹਿਰਦੇ ਵਿਚ ਟਿਕੀ ਰਹਿੰਦੀ ਹੈ) , ਹਰਿ-ਨਾਮ ਦਾ ਪਿਆਰ (ਉਹਨਾਂ ਦੇ ਮਨ ਵਿਚ ਵੱਸਿਆ ਰਹਿੰਦਾ ਹੈ) ।

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਨਾਮ ਤੋਂ ਖੁੰਝ ਕੇ ਜੀਵਨ ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ।1।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਖ਼ੁਰਾਕ ਬਣਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ (ਉਸ ਦੇ ਅੰਦਰ ਵੱਸਦਾ ਹੈ) । ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।2।

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹੈ, ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ। ਸਦਾ-ਥਿਰ ਹਰਿ ਨਾਮ (ਜਿਸ ਦੇ ਮਨ ਵਿਚ ਵੱਸਦਾ ਹੈ) ਸਦਾ-ਥਿਰ ਪ੍ਰਭੂ ਦੇ ਦਰ ਤੇ ਉਸ ਦੀ ਸੋਭਾ ਹੁੰਦੀ ਹੈ। ਉਹ ਮਨੁੱਖ ਆਪਣੇ ਘਰ ਵਿਚ ਟਿਕਿਆ ਰਹਿੰਦਾ ਹੈ (ਭਟਕਣਾ ਤੋਂ ਬਚਿਆ ਰਹਿੰਦਾ ਹੈ) ।3।

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੁੱਲਾਂ ਕਰਨ ਵਾਲਾ ਨਹੀਂ। ਹੋਰ ਸਾਰੇ ਜੀਵ ਮਾਇਆ ਦੇ ਮੋਹ ਵਿਚ ਇੱਜ਼ਤ ਗਵਾ ਕੇ (ਜ਼ਿੰਦਗੀ ਦੇ) ਗ਼ਲਤ ਰਾਹੇ ਪਏ ਰਹਿੰਦੇ ਹਨ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਰਿਹਾ ਕਰੋ।

ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਟਿਕੀ ਰਹਿੰਦੀ ਹੈ) ਉਸ ਮਨੁੱਖ ਦੀ ਸੁਰਤਿ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੀ ਹੈ।4।9।

TOP OF PAGE

Sri Guru Granth Darpan, by Professor Sahib Singh