ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1175 ਬਸੰਤੁ ਮਹਲਾ ੩ ॥ ਬਿਨੁ ਕਰਮਾ ਸਭ ਭਰਮਿ ਭੁਲਾਈ ॥ ਮਾਇਆ ਮੋਹਿ ਬਹੁਤੁ ਦੁਖੁ ਪਾਈ ॥ ਮਨਮੁਖ ਅੰਧੇ ਠਉਰ ਨ ਪਾਈ ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥ ਹੁਕਮੁ ਮੰਨੇ ਸੋ ਜਨੁ ਪਰਵਾਣੁ ॥ ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥ ਸਾਚਿ ਰਤੇ ਜਿਨ੍ਹ੍ਹਾ ਧੁਰਿ ਲਿਖਿ ਪਾਇਆ ॥ ਹਰਿ ਕਾ ਨਾਮੁ ਸਦਾ ਮਨਿ ਭਾਇਆ ॥ ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥ ਜੋਤੀ ਜੋਤਿ ਮਿਲਾਏ ਸੋਇ ॥੨॥ ਏਕੁ ਨਾਮੁ ਤਾਰੇ ਸੰਸਾਰੁ ॥ ਗੁਰ ਪਰਸਾਦੀ ਨਾਮ ਪਿਆਰੁ ॥ ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥ ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥ ਸੋ ਬੂਝੈ ਜਿਸੁ ਆਪਿ ਬੁਝਾਏ ॥ ਸਤਿਗੁਰ ਸੇਵਾ ਨਾਮੁ ਦ੍ਰਿੜ੍ਹ੍ਹਾਏ ॥ ਜਿਨ ਇਕੁ ਜਾਤਾ ਸੇ ਜਨ ਪਰਵਾਣੁ ॥ ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥ {ਪੰਨਾ 1175} ਪਦ ਅਰਥ: ਕਰਮਾ = ਕਰਮ, ਬਖ਼ਸ਼ਸ਼, ਮਿਹਰ। ਸਭ = ਸਾਰੀ ਲੁਕਾਈ। ਭਰਮਿ = ਭਟਕਣਾ ਨੇ। ਭੁਲਾਈ = ਕੁਰਾਹੇ ਪਾ ਦਿੱਤਾ ਹੈ। ਮੋਹਿ = ਮੋਹ ਵਿਚ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = (ਆਤਮਕ ਜੀਵਨ ਵਲੋਂ) ਅੰਨ੍ਹੇ। ਠਉਰ = ਸ਼ਾਂਤੀ ਦਾ ਟਿਕਾਣਾ।1। ਪਰਵਾਣੁ = (ਪ੍ਰਭੂ ਦੇ ਦਰ ਤੇ) ਕਬੂਲ। ਕੈ ਸਬਦਿ = ਦੇ ਸ਼ਬਦ ਵਿਚ। ਨਾਮਿ = ਨਾਮ ਵਿਚ। ਨੀਸਾਣੁ = ਪਰਵਾਨਾ, ਰਾਹਦਾਰੀ, ਆਦਰ।1। ਰਹਾਉ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ। ਮਨਿ = ਮਨਿ ਵਿਚ। ਭਾਇਆ = ਪਿਆਰਾ ਲੱਗਾ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜੀਵਾਤਮਾ।2। ਤਾਰੇ = ਪਾਰ ਲੰਘਾਂਦਾ ਹੈ। ਪਰਸਾਦੀ = ਕਿਰਪਾ ਨਾਲ। ਨਾਮ ਪਿਆਰੁ = ਨਾਮ ਦਾ ਪਿਆਰ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਤੇ = ਤੋਂ। ਪਲੈ ਪਾਈ = ਪ੍ਰਾਪਤ ਕਰਦਾ ਹੈ।3। ਬੂਝੈ = ਸਮਝਦਾ ਹੈ। ਬੁਝਾਏ = ਸਮਝ ਬਖ਼ਸ਼ਦਾ ਹੈ। ਦ੍ਰਿੜ੍ਹ੍ਹਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਜਾਤਾ = ਡੂੰਘੀ ਸਾਂਝ ਪਾ ਲਈ। ਸੇ ਜਨ = ਉਹ ਮਨੁੱਖ {ਬਹੁ-ਵਚਨ}। ਦਰਿ = ਪ੍ਰਭੂ ਦੇ ਦਰ ਤੇ।4। ਅਰਥ: ਹੇ ਭਾਈ! ਜਿਹੜਾ ਮਨੁੱਖ (ਪਰਮਾਤਮਾ ਦੀ) ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਆਦਰ ਪ੍ਰਾਪਤ ਕਰਦਾ ਹੈ।1। ਰਹਾਉ। ਹੇ ਭਾਈ! ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਸਾਰੀ (ਲੋਕਾਈ) ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੈ, ਮਾਇਆ ਦੇ ਮੋਹ ਵਿਚ ਫਸ ਕੇ (ਲੋਕਾਈ) ਬਹੁਤ ਦੁਖ ਪਾਂਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਰਹਿੰਦੇ ਹਨ। (ਮੋਹ-ਗ੍ਰਸਿਆ ਮਨੁੱਖ) ਆਤਮਕ ਸ਼ਾਂਤੀ ਦਾ ਟਿਕਾਣਾ ਪ੍ਰਾਪਤ ਨਹੀਂ ਕਰ ਸਕਦਾ (ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ, ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਮਸਤ ਰਹਿੰਦਾ ਹੈ।1। ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ। ਪਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਣੀ ਉਹਨਾਂ ਦੀ ਜਿੰਦ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦੀ ਹੈ।2। ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਗਤ ਨੂੰ (ਵਿਕਾਰਾਂ-ਭਰੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਪਰ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਮਨੁੱਖ ਨੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਕੀਤੀ। ਨਾਮ ਪੂਰੇ ਗੁਰੂ ਤੋਂ ਮਿਲਦਾ ਹੈ।3। ਹੇ ਭਾਈ! (ਆਤਮਕ ਜੀਵਨ ਦਾ ਸਹੀ ਰਸਤਾ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੇ ਹਿਰਦੇ ਵਿਚ ਆਪਣਾ ਨਾਮ ਪੱਕਾ ਕਰਦਾ ਹੈ। ਹੇ ਨਾਨਕ! ਜਿਨ੍ਹਾਂ ਨੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਏ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਗਏ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਆਦਰ ਮਿਲਿਆ।4।10। ਬਸੰਤੁ ਮਹਲਾ ੩ ॥ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥ ਆਪੇ ਆਪਿ ਵਸੈ ਮਨਿ ਆਏ ॥ ਨਿਹਚਲ ਮਤਿ ਸਦਾ ਮਨ ਧੀਰ ॥ ਹਰਿ ਗੁਣ ਗਾਵੈ ਗੁਣੀ ਗਹੀਰ ॥੧॥ ਨਾਮਹੁ ਭੂਲੇ ਮਰਹਿ ਬਿਖੁ ਖਾਇ ॥ ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥ ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥ ਬਹੁ ਅਭਿਮਾਨਿ ਅਪਣੀ ਪਤਿ ਖੋਇ ॥ ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥ ਬਾਹਰਿ ਜਾਦਾ ਘਰ ਮਹਿ ਆਣਿਆ ॥੨॥ ਘਰ ਮਹਿ ਵਸਤੁ ਅਗਮ ਅਪਾਰਾ ॥ ਗੁਰਮਤਿ ਖੋਜਹਿ ਸਬਦਿ ਬੀਚਾਰਾ ॥ ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥ ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥ ਆਪਿ ਕਰੇ ਕਿਛੁ ਕਰਣੁ ਨ ਜਾਇ ॥ ਆਪੇ ਭਾਵੈ ਲਏ ਮਿਲਾਇ ॥ ਤਿਸ ਤੇ ਨੇੜੈ ਨਾਹੀ ਕੋ ਦੂਰਿ ॥ ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥ {ਪੰਨਾ 1175} ਪਦ ਅਰਥ: ਕਰੇ = (ਪਰਮਾਤਮਾ) ਕਰਦਾ ਹੈ। ਆਪੇ = ਆਪ ਹੀ। ਮਨਿ = ਮਨ ਵਿਚ। ਆਏ = ਆਇ, ਆ ਕੇ। ਨਿਹਚਲ = ਨਾਹ ਡੋਲਣ ਵਾਲੀ। ਮਨ ਧੀਰ = ਮਨ ਦੀ ਧੀਰਜ। ਗਾਵੈ = ਗਾਂਦਾ ਹੈ। ਗੁਣੀ ਗਹੀਰ ਹਰਿ ਗੁਣ = ਗੁਣਾਂ ਦੇ ਖ਼ਜ਼ਾਨੇ ਅਤੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ।1। ਨਾਮਹੁ = ਨਾਮ ਤੋਂ। ਮਰਹਿ = ਆਤਮਕ ਮੌਤੇ ਮਰਦੇ ਹਨ। ਬਿਖੁ = (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ। ਖਾਇ = ਖਾ ਕੇ। ਜਾਇ = ਜਾ ਕੇ, ਮਰ ਕੇ।1। ਰਹਾਉ। ਸਾਂਤਿ = ਅਡੋਲਤਾ। ਅਭਿਮਾਨਿ = ਅਹੰਕਾਰ ਦੇ ਕਾਰਨ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ। ਸੇ = ਉਹ ਮਨੁੱਖ {ਬਹੁ-ਵਚਨ}। ਜਾਂਦਾ = ਭਟਕਦਾ (ਮਨ) । ਆਣਿਆ = ਲਿਆਂਦਾ।2। ਵਸਤੁ = ਹਰਿ-ਨਾਮ ਪਦਾਰਥ। ਅਗਮ ਅਪਾਰਾ ਵਸਤੁ = ਅਪਹੁੰਚ ਤੇ ਬੇਅੰਤ ਹਰੀ ਦਾ ਨਾਮ-ਪਦਾਰਥ। ਖੋਜਹਿ = ਭਾਲਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਪ੍ਰਭੂ ਦੇ ਗੁਣਾਂ ਦੀ ਵਿਚਾਰ। ਨਵ ਨਿਧਿ = (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ। ਰੰਗਿ = (ਪ੍ਰੇਮ) ਰੰਗ ਵਿਚ। ਸਚਿ = ਸਦਾ-ਥਿਰ ਹਰਿ-ਨਾਮ ਵਿਚ।3। ਕਰਣੁ ਨ ਜਾਇ = ਕੀਤਾ ਨਹੀਂ ਜਾ ਸਕਦਾ। ਭਾਵੈ = ਚੰਗਾ ਲੱਗਦਾ ਹੈ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਤੇ = ਤੋਂ। ਨਾਮਿ = ਨਾਮ ਵਿਚ। ਕੋ = ਕੋਈ ਜੀਵ।4। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ।1। ਰਹਾਉ। ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ (ਅਤੇ ਗੁਰੂ ਦੀ ਰਾਹੀਂ) ਆਪ ਹੀ ਉਸ ਦੇ ਮਨ ਵਿਚ ਆ ਵੱਸਦਾ ਹੈ। ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੀ) ਮਤਿ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਰਹਿੰਦੀ ਹੈ, ਉਸ ਦੇ ਮਨ ਦੀ ਸਦਾ ਧੀਰਜ ਬਣੀ ਰਹਿੰਦੀ ਹੈ।1। ਹੇ ਭਾਈ! (ਨਾਮ ਤੋਂ ਖੁੰਝ ਕੇ ਜਿਹੜੇ ਮਨੁੱਖ ਨਿਰੇ) ਕਈ ਧਾਰਮਿਕ ਭੇਖ ਕਰਦੇ ਹਨ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆ ਸਕਦੀ। (ਸਗੋਂ ਭੇਖ ਦੇ) ਬਹੁਤੇ ਅਹੰਕਾਰ ਦੇ ਕਾਰਨ (ਭੇਖ-ਧਾਰੀ ਮਨੁੱਖ ਲੋਕ ਪਰਲੋਕ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ ਹੈ (ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ) ਬਾਹਰ ਭਟਕਦੇ ਮਨ ਨੂੰ ਅੰਦਰ ਵਲ ਮੋੜ ਲਿਆਂਦਾ ਹੈ।2। ਹੇ ਭਾਈ! ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰ ਕੇ (ਜਿਹੜੇ ਮਨੁੱਖ ਨਾਮ-ਪਦਾਰਥ ਦੀ) ਭਾਲ ਕਰਦੇ ਹਨ, ਉਹਨਾਂ ਨੇ (ਧਰਤੀ ਦੇ) ਨੌ ਖ਼ਜ਼ਾਨਿਆਂ ਦੇ ਤੁੱਲ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ। ਉਹ ਮਨੁੱਖ ਸਦਾ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।3। ਪਰ, ਹੇ ਭਾਈ! (ਨਾਮ ਤੋਂ ਖੁੰਝੇ ਰਹਿਣਾ ਜਾਂ ਨਾਮ ਵਿਚ ਲੀਨ ਰਹਿਣਾ = ਇਹ ਸਭ ਕੁਝ) ਪਰਮਾਤਮਾ ਆਪ ਹੀ ਕਰਦਾ ਹੈ (ਜੀਵ ਪਾਸੋਂ ਆਪਣੇ ਆਪ) ਕੁਝ ਕੀਤਾ ਨਹੀਂ ਜਾ ਸਕਦਾ। ਜਿਸ ਉਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ। (ਆਪਣੇ ਉੱਦਮ ਦੇ ਆਸਰੇ) ਨਾਹ ਕੋਈ ਮਨੁੱਖ ਉਸ ਤੋਂ ਨੇੜੇ ਹੈ, ਨਾਹ ਕੋਈ ਮਨੁੱਖ ਉਸ ਤੋਂ ਦੂਰ ਹੈ। ਹੇ ਨਾਨਕ! (ਜਿਹੜਾ ਮਨੁੱਖ ਉਸ ਦੀ ਮਿਹਰ ਨਾਲ ਉਸ ਦੇ) ਨਾਮ ਵਿਚ ਟਿਕ ਜਾਂਦਾ ਹੈ, ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ।4।11। ਬਸੰਤੁ ਮਹਲਾ ੩ ॥ ਗੁਰ ਸਬਦੀ ਹਰਿ ਚੇਤਿ ਸੁਭਾਇ ॥ ਰਾਮ ਨਾਮ ਰਸਿ ਰਹੈ ਅਘਾਇ ॥ ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥ ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥ ਹਰਿ ਕੀ ਦਾਤਿ ਹਰਿ ਜੀਉ ਜਾਣੈ ॥ ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥ ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥ ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥ ਗੁਰਮਤਿ ਨਾਮੁ ਪਰਾਪਤਿ ਹੋਇ ॥ ਵਡਭਾਗੀ ਹਰਿ ਪਾਵੈ ਸੋਇ ॥੨॥ ਕਲਿ ਮਹਿ ਰਾਮ ਨਾਮਿ ਵਡਿਆਈ ॥ ਗੁਰ ਪੂਰੇ ਤੇ ਪਾਇਆ ਜਾਈ ॥ ਨਾਮਿ ਰਤੇ ਸਦਾ ਸੁਖੁ ਪਾਈ ॥ ਬਿਨੁ ਨਾਮੈ ਹਉਮੈ ਜਲਿ ਜਾਈ ॥੩॥ ਵਡਭਾਗੀ ਹਰਿ ਨਾਮੁ ਬੀਚਾਰਾ ॥ ਛੂਟੈ ਰਾਮ ਨਾਮਿ ਦੁਖੁ ਸਾਰਾ ॥ ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥ ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥ {ਪੰਨਾ 1175-1176} ਪਦ ਅਰਥ: ਸਬਦੀ = ਸ਼ਬਦ ਦੀ ਰਾਹੀਂ। ਚੇਤਿ = ਚੇਤ ਕੇ, ਸਿਮਰ ਕੇ। ਸੁਭਾਇ = ਪਿਆਰ ਨਾਲ। ਰਸਿ = ਰਸ ਨਾਲ। ਰਹੈ ਅਘਾਇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ। ਕੋਟ = ਕਿਲ੍ਹੇ {ਬਹੁ-ਵਚਨ। 'ਕੋਟੁ' ਇਕ-ਵਚਨ} ਸਰੀਰ-ਕਿਲ੍ਹੇ। ਕੋਟ ਕੋਟੰਤਰ ਕੇ = ਕੋਟ ਕੋਟ ਅੰਤਰ ਕੇ, ਹੋਰ ਹੋਰ ਕਿਲ੍ਹਿਆਂ ਦੇ, ਅਨੇਕਾਂ ਸਰੀਰ-ਕਿਲ੍ਹਿਆਂ ਦੇ, ਅਨੇਕਾਂ ਜਨਮਾਂ ਦੇ। ਜਲਿ ਜਾਹਿ = ਸੜ ਜਾਂਦੇ ਹਨ। ਜੀਵਤ ਮਰਹਿ = ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਵਿਕਾਰਾਂ ਵਲੋਂ ਅਡੋਲ ਰਹਿੰਦੇ ਹਨ। ਨਾਮਿ = ਨਾਮ ਵਿਚ।1। ਜਾਣੈ = ਜਾਣਦਾ ਹੈ {ਇਕ-ਵਚਨ}। ਮਉਲਿਆ = ਖਿੜਿਆ ਹੋਇਆ, ਆਤਮਕ ਜੀਵਨ ਨਾਲ ਭਰਪੂਰ। ਵਖਾਣੈ = (ਉਹ ਮਨੁੱਖ) ਉਚਾਰਦਾ ਹੈ। ਹਰਿ ਗੁਣ ਦਾਤਾ ਨਾਮੁ = ਹਰੀ ਦੇ ਗੁਣ (ਹਿਰਦੇ ਵਿਚ) ਪੈਦਾ ਕਰਨ ਵਾਲਾ ਹਰਿ-ਨਾਮ।1। ਰਹਾਉ। ਵੇਸਿ = ਵੇਸ ਨਾਲ, ਭੇਖ ਨਾਲ। ਭ੍ਰਮਿ = (ਧਰਤੀ ਉਤੇ) ਭੌਂ ਭੌਂ ਕੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੰਜਮਿ = ਸੰਜਮ ਨਾਲ, ਕਠਨ ਤਪਾਂ ਨਾਲ, ਨਿਰੇ ਵਿਕਾਰਾਂ ਤੋਂ ਬਚਨ ਦੇ ਜਤਨ ਨਾਲ। ਸੋਇ = ਉਹ ਮਨੁੱਖ।2। ਕਲਿ ਮਹਿ = ਬਖੇੜਿਆਂ-ਭਰੇ ਜਗਤ ਵਿਚ {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ। ਜੁਗ ਕੋਈ ਭੀ ਹੋਵੇ 'ਨਾਮਿ ਰਤੇ ਸਦਾ ਸੁਖੁ ਪਾਈ'। ਲਫ਼ਜ਼ 'ਸਦਾ' ਦੱਸਦਾ ਹੈ ਕਿ ਇਥੇ 'ਜੁਗਾਂ' ਬਾਰੇ ਵਿਚਾਰ ਨਹੀਂ ਹੈ}। ਨਾਮਿ = ਨਾਮ ਦੀ ਰਾਹੀਂ। ਤੇ = ਤੋਂ, ਦੀ ਰਾਹੀਂ। ਹਉਮੈ = ਅਹੰਕਾਰ ਵਿਚ। ਜਲਿ ਜਾਈ = ਸੜਦਾ ਹੈ, ਆਤਮਕ ਜੀਵਨ ਸੁਆਹ ਕਰ ਲੈਂਦਾ ਹੈ।3। ਬੀਚਾਰਾ = ਵਿਚਾਰਦਾ, ਸੋਚ-ਮੰਡਲ ਵਿਚ ਵਸਾਂਦਾ। ਛੂਟੈ = ਮੁੱਕ ਜਾਂਦਾ ਹੈ। ਹਿਰਦੈ = ਹਿਰਦੇ ਵਿਚ। ਸੁ = ਉਹ ਪ੍ਰਭੂ। ਸਭੁ = ਹਰ ਥਾਂ (ਵੱਸਦਾ) । ਉਪਾਵਣਹਾਰਾ = ਸਿਰਜਣਹਾਰ।4। ਅਰਥ: ਹੇ ਭਾਈ! ਪਰਮਾਤਮਾ ਆਪ ਹੀ ਜਾਣਦਾ ਹੈ ਕਿ ਆਪਣੇ ਨਾਮ ਦੀ ਦਾਤਿ ਕਿਸ ਨੂੰ ਦੇਣੀ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਬਖ਼ਸ਼ਸ਼ ਕਰਨ ਵਾਲਾ ਹਰਿ-ਨਾਮ ਉਚਾਰਦਾ ਹੈ, ਉਸ ਦਾ ਇਹ ਮਨ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।1। ਰਹਾਉ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕਰ ਕਰ ਕੇ, ਮਨੁੱਖ ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ। ਜਿਹੜੇ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਬਚੇ ਰਹਿੰਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਪਾਪ ਸੜ ਜਾਂਦੇ ਹਨ।1। ਹੇ ਭਾਈ! ਭਗਵੇ ਰੰਗ ਦੇ ਭੇਖ ਨਾਲ (ਧਰਤੀ ਉਤੇ) ਭੌਂ ਕੇ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ। ਕਠਨ ਤਪਾਂ ਨਾਲ ਨਿਰੇ ਵਿਕਾਰਾਂ ਤੋਂ ਬਚਣ ਦੇ ਜਤਨ ਨਾਲ ਭੀ ਕੋਈ ਮਨੁੱਖ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਮਨੁੱਖ ਗੁਰੂ ਦੀ ਮਤਿ ਲੈਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਵਡ-ਭਾਗੀ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ।2। ਹੇ ਭਾਈ! ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ। ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ (ਹਰੇਕ ਜੁਗ ਵਿਚ) ਸੁਖ ਮਾਣਦਾ ਹੈ। ਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ।3। ਹੇ ਭਾਈ! ਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, ਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ (ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ, ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ।4।12। |
Sri Guru Granth Darpan, by Professor Sahib Singh |