ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1176 ਬਸੰਤੁ ਮਹਲਾ ੩ ਇਕ ਤੁਕੇ ॥ ਤੇਰਾ ਕੀਆ ਕਿਰਮ ਜੰਤੁ ॥ ਦੇਹਿ ਤ ਜਾਪੀ ਆਦਿ ਮੰਤੁ ॥੧॥ ਗੁਣ ਆਖਿ ਵੀਚਾਰੀ ਮੇਰੀ ਮਾਇ ॥ ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥ ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥ ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥ ਗੁਰਿ ਕਿਰਪਾ ਕੀਨ੍ਹ੍ਹੀ ਚੂਕਾ ਅਭਿਮਾਨੁ ॥ ਸਹਜ ਭਾਇ ਪਾਇਆ ਹਰਿ ਨਾਮੁ ॥੩॥ ਊਤਮੁ ਊਚਾ ਸਬਦ ਕਾਮੁ ॥ ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥ {ਪੰਨਾ 1176} ਇਕ ਤੁਕੇ = ਇਕ ਤੁਕ ਵਾਲੇ ਸ਼ਬਦ। ਪਦ ਅਰਥ: ਕੀਆ = ਪੈਦਾ ਕੀਤਾ ਹੋਇਆ। ਕਿਰਮ = ਕੀੜਾ। ਕਿਰਮ ਜੰਤੁ = ਨਿਮਾਣਾ ਜੀਵ। ਦੇਹਿ = ਦੇਹਿਂ, ਜੇ ਤੂੰ ਦੇਵੇਂ। ਜਾਪੀ = ਜਾਪੀਂ, ਮੈਂ ਜਪਾਂ। ਆਦਿ ਮੰਤੁ = ਮੁੱਢਲਾ ਨਾਮ-ਮੰਤ੍ਰ, ਸਤਿਨਾਮ।1। ਆਖਿ = ਆਖ ਕੇ, ਬਿਆਨ ਕਰ ਕੇ। ਵੀਚਾਰੀ = ਵੀਚਾਰੀਂ, ਮੈਂ ਮਨ ਵਿਚ ਵਸਾਵਾਂ। ਮਾਇ = ਹੇ ਮਾਂ! ਜਪਿ = ਜਪ ਕੇ। ਲਗਉ = ਮੈਂ ਲੱਗਾਂ, ਲਗਉਂ। ਹਰਿ ਕੈ ਪਾਇ = ਪ੍ਰਭੂ ਦੀ ਚਰਨੀਂ।1। ਰਹਾਉ। ਪ੍ਰਸਾਦਿ = ਕਿਰਪਾ ਨਾਲ। ਨਾਮਿ ਸੁਆਦਿ = ਨਾਮ ਦੇ ਸੁਆਦ ਵਿਚ। ਵੈਰਿ = ਵੈਰ ਵਿਚ। ਵਾਦਿ = ਝਗੜੇ ਵਿਚ।2। ਗੁਰਿ = ਗੁਰੂ ਨੇ। ਚੂਕਾ = ਮੁੱਕਾ ਗਿਆ। ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ।3। ਸਬਦ ਕਾਮੁ = ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ। ਨਾਨਕੁ ਵਖਾਣੈ = ਨਾਨਕ ਉਚਾਰਦਾ ਹੈ। ਸਾਚੁ = ਸਦਾ ਕਾਇਮ ਰਹਿਣ ਵਾਲਾ।4। ਅਰਥ: ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ, ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ।1। ਰਹਾਉ। ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ, ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ।1। ਹੇ ਭਾਈ! ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ। ਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ।2। ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ। ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ।3। ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ, (ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ।4।13। ਬਸੰਤੁ ਮਹਲਾ ੩ ॥ ਬਨਸਪਤਿ ਮਉਲੀ ਚੜਿਆ ਬਸੰਤੁ ॥ ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥ ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ ਇਤੁ ਮਨਿ ਮਉਲਿਐ ਭਇਆ ਅਨੰਦੁ ॥ ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ ਏਕੋ ਏਕੁ ਸਭੁ ਆਖਿ ਵਖਾਣੈ ॥ ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥ ਕਹਤ ਨਾਨਕੁ ਹਉਮੈ ਕਹੈ ਨ ਕੋਇ ॥ ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ {ਪੰਨਾ 1176} ਪਦ ਅਰਥ: ਬਨਸਪਤਿ = ਰੁੱਖ ਬਿਰਖ ਘਾਹ ਬੂਟ ਆਦਿਕ, ਧਰਤੀ ਵਿਚੋਂ ਉੱਗੀ, ਉਤਭੁਜ। ਮਉਲੀ = ਹਰੀ-ਭਰੀ ਹੋ ਜਾਂਦੀ ਹੈ, ਖਿੜ ਪੈਂਦੀ ਹੈ। ਮਉਲਿਆ = ਖਿੜ ਪੈਂਦਾ ਹੈ, ਹਰਾ-ਭਰਾ ਹੋ ਜਾਂਦਾ ਹੈ, ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਸੰਗਿ = ਨਾਲ।1। ਸਾਚੁ = ਸਦਾ-ਥਿਰ ਹਰਿ-ਨਾਮ। ਮੁਗਧ ਮਨਾ = ਹੇ ਮੂਰਖ ਮਨ! ਸੁਖੁ = ਆਤਮਕ ਅਨੰਦ।1। ਰਹਾਉ। ਇਤੁ = ਇਸ ਦੀ ਰਾਹੀਂ। ਇਤੁ ਮਨਿ = ਇਸ ਮਨ ਦੀ ਰਾਹੀਂ। ਇਤੁ ਮਨਿ ਮਉਲਿਐ = ਜੇ ਇਹ ਮਨ ਆਤਮਕ ਜੀਵਨ ਵਾਲਾ ਹੋ ਜਾਏ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਨਾਮੁ ਗੋਬਿੰਦ = ਗੋਬਿੰਦ ਦਾ ਨਾਮ।2। ਸਭੁ = ਹਰੇਕ ਜੀਵ। ਆਖਿ = ਆਖ ਕੇ। ਵਖਾਣੈ = ਦੱਸਦਾ ਹੈ। ਏਕੋ ਏਕੁ = ਪਰਮਾਤਮਾ ਇਕ ਆਪ ਹੀ ਆਪ ਹੈ। ਏਕੋ ਜਾਣੈ = ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।3। ਕਹਤ ਨਾਨਕੁ = ਨਾਨਕ ਆਖਦਾ ਹੈ। ਸਾਹਿਬ ਤੇ = ਮਾਲਕ-ਪ੍ਰਭੂ ਤੋਂ, ਮਾਲਕ ਦੀ ਪ੍ਰੇਰਨਾ ਨਾਲ।4। ਅਰਥ: ਹੇ (ਮੇਰੇ) ਮੂਰਖ ਮਨ! ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ। ਤਦੋਂ ਹੀ, ਹੇ ਮੇਰੇ ਮਨ! ਤੂੰ ਆਨੰਦ ਮਾਣ ਸਕੇਂਗਾ।1। ਰਹਾਉ। ਹੇ ਭਾਈ! (ਜਿਵੇਂ ਜਦੋਂ) ਬਸੰਤ ਚੜ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ, (ਤਿਵੇਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਇਹ ਮਨ (ਆਤਮਕ ਜੀਵਨ ਨਾਲ) ਹਰਾ-ਭਰਾ ਹੋ ਜਾਂਦਾ ਹੈ।1। ਹੇ ਭਾਈ! (ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ) ਗੋਬਿੰਦ ਦਾ ਨਾਮ ਹਾਸਲ ਕਰ ਲਿਆ, ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ, ਉਸ ਦਾ ਇਹ ਮਨ ਖਿੜ ਪੈਣ ਨਾਲ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ।2। ਹੇ ਭਾਈ! ਉਂਞ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ (ਸਭ ਥਾਈਂ) ਪਰਮਾਤਮਾ ਆਪ ਹੀ ਆਪ ਹੈ, ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤਦੋਂ ਹੀ ਉਸ ਨਾਲ ਡੂੰਘੀ ਸਾਂਝ ਪਾਂਦਾ ਹੈ।3। ਹੇ ਭਾਈ! ਨਾਨਕ ਆਖਦਾ ਹੈ– (ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ) ਮਨੁੱਖ 'ਮੈਂ, ਮੈਂ' ਨਹੀਂ ਕਰਦਾ (ਤਦੋਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ) ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵਲੋਂ ਪ੍ਰੇਰਨਾ ਹੁੰਦੀ ਹੈ।4।14। ਬਸੰਤੁ ਮਹਲਾ ੩ ॥ ਸਭਿ ਜੁਗ ਤੇਰੇ ਕੀਤੇ ਹੋਏ ॥ ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥ ਹਰਿ ਜੀਉ ਆਪੇ ਲੈਹੁ ਮਿਲਾਇ ॥ ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥ ਮਨਿ ਬਸੰਤੁ ਹਰੇ ਸਭਿ ਲੋਇ ॥ ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥ ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥ ਰਾਮ ਨਾਮੁ ਰਾਖੈ ਉਰ ਧਾਰੇ ॥੩॥ ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥ ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥ {ਪੰਨਾ 1176} ਪਦ ਅਰਥ: ਸਭਿ = ਸਾਰੇ। ਭੇਟੈ = ਮਿਲਦਾ ਹੈ।1। ਹਰਿ ਜੀਉ = ਹੇ ਪ੍ਰਭੂ ਜੀ! {ਸੰਬੋਧਨ}। ਆਪੇ = ਤੂੰ ਆਪ ਹੀ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਚ ਨਾਮਿ = (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ।1। ਰਹਾਉ। ਮਨਿ = ਮਨ ਵਿਚ। ਬਸੰਤੁ = ਸਦਾ ਖਿੜੇ ਰਹਿਣ ਵਾਲਾ ਪ੍ਰਭੂ। ਸਭਿ = ਸਾਰੇ। ਲੋਇ = ਜਗਤ ਵਿਚ। ਫਲਹਿ = ਉਹ ਫਲਦੇ ਹਨ। ਫੁਲੀਅਹਿ = ਉਹਨਾਂ ਨੂੰ ਫੁੱਲ ਲੱਗਦੇ ਹਨ, ਉਹ ਪ੍ਰਫੁਲਤ ਹੁੰਦੇ ਹਨ। ਨਾਮਿ = ਨਾਮ ਦੀ ਰਾਹੀਂ।2। ਸਦਾ ਬਸੰਤੁ = ਸਦਾ ਹੀ ਆਤਮਕ ਖਿੜਾਉ। ਉਰ = ਹਿਰਦਾ।3। ਹਰਿਆ = ਆਤਮਕ ਜੀਵਨ ਨਾਲ ਭਰਪੂਰ। ਬਿਰਖੁ = ਰੁੱਖ। ਸੋਇ = ਉਹ ਮਨੁੱਖ।4। ਅਰਥ: ਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ।1। ਰਹਾਉ। ਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ (ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ। ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ) ਗੁਰੂ ਮਿਲ ਪੈਂਦਾ ਹੈ (ਉਸ ਦੇ ਅੰਦਰ ਨਾਮ ਜਪਣ ਵਾਲੀ) ਮਤਿ ਅਕਲ ਪੈਦਾ ਹੋ ਜਾਂਦੀ ਹੈ।1। ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵੱਸਦਾ ਹੈ, ਉਹ ਸਾਰੇ ਹੀ ਇਸ ਜਗਤ ਵਿਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਦੁਨੀਆ ਵਿਚ ਭੀ ਕਾਮਯਾਬ ਹੁੰਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ (ਭੀ) ਬਣਿਆ ਰਹਿੰਦਾ ਹੈ।2। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ, ਉਸ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ।3। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵੱਸਦਾ ਹੈ, ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਨਾਨਕ! ਇਹ ਸਰੀਰ (ਮਾਨੋ) ਰੁੱਖ ਹੈ, (ਜਿਸ ਦੇ ਮਨ ਵਿਚ ਬਸੰਤ ਆ ਜਾਂਦੀ ਹੈ) ਉਸ ਮਨੁੱਖ ਦਾ ਇਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ।4।15। ਬਸੰਤੁ ਮਹਲਾ ੩ ॥ ਤਿਨ੍ਹ੍ਹ ਬਸੰਤੁ ਜੋ ਹਰਿ ਗੁਣ ਗਾਇ ॥ ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥ ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥ ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥ ਮਾਇਆ ਮੂਠਾ ਸਦਾ ਬਿਲਲਾਇ ॥੨॥ ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥ ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥ ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥ ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥ {ਪੰਨਾ 1176} ਪਦ ਅਰਥ: ਬਸੰਤੁ = ਆਤਮਕ ਖਿੜਾਉ। ਜੋ = ਜਿਹੜਾ ਜਿਹੜਾ ਮਨੁੱਖ {ਇਕ-ਵਚਨ}। ਗਾਇ = ਗਾਂਦਾ ਹੈ {ਇਕ-ਵਚਨ}। ਪੂਰੈ ਭਾਗਿ = ਵੱਡੀ ਕਿਸਮਤ ਨਾਲ। ਕਰਾਇ = ਕਰਾਂਦਾ ਹੈ।1। ਧੰਧੈ = ਧੰਧੇ ਵਿਚ। ਬਾਂਧਾ = ਬੱਝਾ ਹੋਇਆ। ਮੂਠਾ = ਠੱਗਿਆ ਹੋਇਆ, ਲੁੱਟਿਆ ਹੋਇਆ। ਬਿਲਲਾਇ = ਵਿਲਕਦਾ ਹੈ, ਦੁਖੀ ਹੁੰਦਾ ਹੈ।2। ਛੂਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ। ਜਾ = ਜਦੋਂ। ਭੇਟੈ = ਮਿਲਦਾ ਹੈ। ਜਮ ਕਾਲ = ਮੌਤ, ਆਤਮਕ ਮੌਤ। ਫੇਟੈ = ਸੱਟ ਹੇਠ, ਮਾਰ ਵਿਚ।3। ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਦੇਂਦਾ ਹੈ।4। ਅਰਥ: ਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਮਾਇਆ ਦੇ ਮੋਹ ਵਿਚ (ਫਸ ਕੇ) ਮੇਰ-ਤੇਰ ਵਿਚ (ਫਸ ਕੇ) ਆਤਮਕ ਮੌਤ ਸਹੇੜ ਲੈਂਦਾ ਹੈ (ਉਸ ਮਨੁੱਖ ਦੇ) ਇਸ ਮਨ ਨੂੰ ਆਤਮਕ ਖਿੜਾਉ ਦੀ ਛੁਹ ਹਾਸਲ ਨਹੀਂ ਹੁੰਦੀ।1। ਰਹਾਉ। ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਬਣਿਆ ਰਹਿੰਦਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਵੱਡੀ ਕਿਸਮਤ ਨਾਲ ਪਰਮਾਤਮਾ (ਆਪ ਹੀ ਜੀਵ ਪਾਸੋਂ) ਭਗਤੀ ਕਰਾਂਦਾ ਹੈ।1। ਹੇ ਭਾਈ! ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਧੇ ਵਿਚ ਬੱਝਾ ਰਹਿੰਦਾ ਹੈ (ਤੇ ਇਸ ਹਾਲਤ ਵਿਚ ਟਿਕਿਆ ਰਹਿ ਕੇ) ਕਰਮ ਕਮਾਂਦਾ ਹੈ, ਮਾਇਆ (ਦਾ ਮੋਹ) ਉਸ ਦੇ ਆਤਮਕ ਜੀਵਨ ਨੂੰ ਲੁੱਟ ਲੈਂਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ।2। ਹੇ ਭਾਈ! ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ (ਮਾਇਆ ਦੇ ਮੋਹ ਦੇ ਪੰਜੇ ਵਿਚੋਂ) ਬਚ ਨਿਕਲਦਾ ਹੈ। ਫਿਰ ਉਹ ਆਤਮਕ ਮੌਤ ਦੀ ਮਾਰ ਦੇ ਕਾਬੂ ਨਹੀਂ ਆਉਂਦਾ।3। ਪਰ, ਹੇ ਭਾਈ! (ਮਾਇਆ ਦੇ ਮੋਹ ਵਿਚੋਂ ਨਿਕਲਣਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਮਨੁੱਖ ਨੂੰ) ਗੁਰੂ ਨੇ (ਮਾਇਆ ਦੇ ਪੰਜੇ ਵਿਚੋਂ) ਛਡਾ ਲਿਆ, ਉਸ ਦਾ ਇਹ ਮਨ (ਮਾਇਆ ਦੇ ਮੋਹ ਤੋਂ) ਬਚ ਗਿਆ। ਹੇ ਨਾਨਕ! ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦੇਂਦਾ ਹੈ।4। 16। ਬਸੰਤੁ ਮਹਲਾ ੩ ॥ ਬਸੰਤੁ ਚੜਿਆ ਫੂਲੀ ਬਨਰਾਇ ॥ ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥ ਇਨ ਬਿਧਿ ਇਹੁ ਮਨੁ ਹਰਿਆ ਹੋਇ ॥ ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥ ਸਤਿਗੁਰ ਬਾਣੀ ਸਬਦੁ ਸੁਣਾਏ ॥ ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥ ਫਲ ਫੂਲ ਲਾਗੇ ਜਾਂ ਆਪੇ ਲਾਏ ॥ ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥ ਆਪਿ ਬਸੰਤੁ ਜਗਤੁ ਸਭੁ ਵਾੜੀ ॥ ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥ {ਪੰਨਾ 1176-1177} ਪਦ ਅਰਥ: ਚੜਿਆ = ਸ਼ੁਰੂ ਹੁੰਦਾ ਹੈ। ਫੂਲੀ = ਖਿੜ ਪੈਂਦੀ ਹੈ। ਬਨਰਾਇ = ਬਨਸਪਤੀ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ'}। ਫੂਲਹਿ = ਪ੍ਰਫੁਲਤ ਹੁੰਦੇ ਹਨ, ਖਿੜ ਪੈਂਦੇ ਹਨ, ਆਤਮਕ ਜੀਵਨ ਵਾਲੇ ਹੋ ਜਾਂਦੇ ਹਨ। ਲਾਇ = ਲਾ ਕੇ, ਜੋੜ ਕੇ।1। ਇਨ੍ਹ੍ਹ ਬਿਧਿ = ਇਸ ਤਰੀਕੇ ਨਾਲ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਹਰਿਆ = ਆਤਮਕ ਜੀਵਨ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਧੋਇ = ਧੋ ਕੇ।1। ਰਹਾਉ। ਸਤਿਗੁਰ ਬਾਣੀ = ਗੁਰੂ ਦੀ ਬਾਣੀ। ਸੁਣਾਏ = (ਆਪਣੇ ਆਪ ਨੂੰ) ਸੁਣਾਂਦਾ ਹੈ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ) ।2। ਜਾ = ਜਦੋਂ। ਆਪੇ = ਪ੍ਰਭੂ ਆਪ ਹੀ। ਮੂਲਿ = ਜਗਤ ਦੇ ਮੁੱਢ ਵਿਚ। ਤਾਂ = ਤਦੋਂ ਹੀ।3। ਸਭੁ = ਸਾਰਾ। ਵਾੜੀ = ਬਗੀਚਾ। ਪੂਰੈ ਭਾਗਿ = ਵੱਡੀ ਕਿਸਮਤ ਨਾਲ। ਨਿਰਾਲੀ = (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ।4। ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ, ਇਸ ਤਰੀਕੇ ਨਾਲ (ਉਸ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।1। ਰਹਾਉ। ਹੇ ਭਾਈ! (ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ (ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ।1। ਹੇ ਭਾਈ! ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ।2। ਹੇ ਭਾਈ! (ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ। (ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ।3। ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ। ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ।4। 17। |
Sri Guru Granth Darpan, by Professor Sahib Singh |