ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1177

ਬਸੰਤੁ ਹਿੰਡੋਲ ਮਹਲਾ ੩ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥ ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥ ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥ ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥ ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥ ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥ ਧੁਰਿ ਆਪੇ ਜਿਨ੍ਹ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥ ਧੂੜਿ ਤਿਨ੍ਹ੍ਹਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥ ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥ ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥ {ਪੰਨਾ 1177}

ਪਦ ਅਰਥ: ਵਿਟਹੁ = ਤੋਂ। ਵਾਰਿਆ = ਸਦਕੇ। ਭਾਈ = ਹੇ ਭਾਈ! ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ। ਸਾਲਾਹੀ = ਸਾਲਾਹੀ, ਮੈਂ ਸਲਾਹੁੰਦਾ ਹਾਂ। ਸਦ = ਸਦਾ। ਲਾਈ = ਲਾਈਂ, ਮੈਂ ਲਾਂਦਾ ਹਾਂ।1।

ਮਨ = ਹੇ ਮਨ! ਨਾਮਿ = ਨਾਮ ਵਿਚ। ਲਾਇ = ਜੋੜ। ਹਰਿਆ = ਆਤਮਕ ਜੀਵਨ ਵਾਲਾ। ਪਾਇ = ਪ੍ਰਾਪਤ ਕਰ ਕੇ।1। ਰਹਾਉ।

ਗੁਰਿ = ਗੁਰੂ ਨੇ। ਸੇ = ਉਹ {ਬਹੁ-ਵਚਨ}। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਰਸ। ਪੀਆਇ = ਮਿਲਾ ਕੇ। ਉਠਿ ਗਇਆ = ਨਾਸ ਹੋ ਗਿਆ। ਵੁਠਾ = ਵੱਸ ਪਿਆ। ਆਇ = ਆ ਕੇ। ਮਨਿ = ਮਨ ਵਿਚ।2।

ਧੁਰਿ = ਧੁਰ ਦਰਗਾਹ ਤੋਂ। ਨੋ = ਨੂੰ। ਬਖਸਿਓਨੁ = ਬਖ਼ਸ਼ਿਆ ਉਸ (ਪਰਮਾਤਮਾ) ਨੇ। ਸਬਦੇ = ਸ਼ਬਦ ਦੀ ਰਾਹੀਂ। ਲਇਅਨੁ = ਲਏ ਹਨ ਉਸ (ਪਰਮਾਤਮਾ) ਨੇ। ਅਘੁਲੀਐ = ਨਿਰਲੇਪ ਹੋ ਜਾਈਦਾ ਹੈ, ਮੁਕਤ ਹੋ ਜਾਈਦਾ ਹੈ। ਮੇਲਿ = ਮੇਲ ਕੇ।3।

ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ। ਮਨਿ = ਮਨ ਵਿਚ। ਤਨਿ = ਤਨ ਵਿਚ। ਸਦ = ਸਦਾ। ਸਬਦਿ = ਸ਼ਬਦਿ ਦੀ ਰਾਹੀਂ। ਮਿਲਾਵਾ = ਮਿਲਾਪ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ। ਹੇ ਭਾਈ! ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ।1। ਰਹਾਉ।

ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ।1।

ਹੇ ਭਾਈ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ) । ਹੇ ਭਾਈ! ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ।2।

ਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ। ਹੇ ਭਾਈ! ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤਿ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।3।

ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ। ਹੇ ਨਾਨਕ! (ਆਖ-) ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।4।1। 18।12। 18। 30।

ਵੇਰਵਾ:
ਮਹਲਾ 1 . . . . . .12
ਮਹਲਾ 3 . . . . . .18
. . ਜੋੜ . . . . . . . 30

ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ     ੴ ਸਤਿਗੁਰ ਪ੍ਰਸਾਦਿ ॥ ਜਿਉ ਪਸਰੀ ਸੂਰਜ ਕਿਰਣਿ ਜੋਤਿ ॥ ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥ ਏਕੋ ਹਰਿ ਰਵਿਆ ਸ੍ਰਬ ਥਾਇ ॥ ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥ ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥ ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥ ਏਕੋ ਏਕੁ ਰਹਿਆ ਭਰਪੂਰਿ ॥ ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥ ਏਕੋ ਏਕੁ ਵਰਤੈ ਹਰਿ ਲੋਇ ॥ ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥ {ਪੰਨਾ 1177}

ਪਦ ਅਰਥ: ਪਸਰੀ = ਖਿਲਰੀ ਹੋਈ। ਜੋਤਿ = ਚਾਨਣ। ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਓਤਿ ਪੋਤਿ = {Aoq = ਉਣਿਆ ਹੋਇਆ। pRoq = ਪ੍ਰੋਤਾ ਹੋਇਆ} ਤਾਣੇ ਪੇਟੇ ਵਾਂਗ।1।

ਰਵਿਆ = ਮੌਜੂਦ ਹੈ। ਸ੍ਰਬ = {svL}। ਸ੍ਰਬ ਥਾਇ = ਸਾਰੇ ਥਾਂ ਵਿਚ। ਸਬਦੀ = ਸ਼ਬਦ ਦੀ ਰਾਹੀਂ। ਮਿਲੀਐ = ਮਿਲਿਆ ਜਾ ਸਕਦਾ ਹੈ। ਮਾਇ = ਹੇ ਮਾਂ!।1। ਰਹਾਉ।

ਘਟਿ = ਸਰੀਰ। ਘਟਿ ਘਟਿ ਅੰਤਰਿ = ਹਰੇਕ ਸਰੀਰ ਦੇ ਅੰਦਰ। ਏਕੋ = ਇਕ ਆਪ ਹੀ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਗਟੁ ਹੋਇ = ਪਰਤੱਖ ਦਿੱਸ ਪੈਂਦਾ ਹੈ।2।

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਲੋਭੀ = ਲਾਲਚੀ। ਜਾਣਹਿ = ਜਾਣਦੇ ਹਨ, ਸਮਝਦੇ ਹਨ {ਬਹੁ-ਵਚਨ}।3।

ਲੋਇ = ਜਗਤ ਵਿਚ {ਅਧਿਕਰਣ ਕਾਰਕ, ਇਕ-ਵਚਨ}। ਏਕੋੁ = {ਅੱਖਰ 'ਕ' ਦੇ ਨਾਲ ਦੋ ਲਗਾਂ
ਹਨ:ੋ ਅਤੇ ੁ । ਅਸਲ ਲਫ਼ਜ਼ 'ਏਕੁ' ਹੈ, ਇੱਥੇ 'ਏਕੋ' ਪੜ੍ਹਨਾ ਹੈ}। ਸੁ = ਉਹ ਕੁਝ।4।

ਅਰਥ: ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ।1। ਰਹਾਉ।

ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ, ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ।1।

ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ। ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ।2।

ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ।3।

ਹੇ ਨਾਨਕ! ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ। ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ।4।1।

ਬਸੰਤੁ ਮਹਲਾ ੪ ॥ ਰੈਣਿ ਦਿਨਸੁ ਦੁਇ ਸਦੇ ਪਏ ॥ ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥ ਹਰਿ ਹਰਿ ਚੇਤਿ ਸਦਾ ਮਨ ਮੇਰੇ ॥ ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥ ਮਨਮੁਖ ਫਿਰਿ ਫਿਰਿ ਹਉਮੈ ਮੁਏ ॥ ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥ ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥ ਜਨਮ ਮਰਣ ਦੋਊ ਦੁਖ ਭਾਗੇ ॥੩॥ ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥ {ਪੰਨਾ 1177}

ਪਦ ਅਰਥ: ਰੈਣਿ = ਰਾਤ। ਦੁਇ = ਦੋਵੇਂ। ਸਦੇ = ਸੱਦੇ {ਲਫ਼ਜ਼ 'ਸੱਦਾ' ਤੋਂ ਬਹੁ-ਵਚਨ = ਮੌਤ ਦਾ ਸਨੇਹਾ}। ਸਦੇ ਪਏ = ਸੱਦੇ ਪਏ, ਮੌਤ ਦੇ ਸੁਨੇਹੇ ਮਿਲ ਰਹੇ ਹਨ। ਮਨ = ਹੇ ਮਨ! ਅੰਤਿ = ਅੰਤ ਨੂੰ, ਆਖ਼ਰ ਨੂੰ, ਅੰਤ ਵੇਲੇ। ਰਖਿ ਲੀਏ = ਰੱਖਿਆ ਕਰਦਾ ਹੈ।1।

ਚੇਤਿ = ਚੇਤੇ ਕਰ। ਸਭੁ = ਸਾਰਾ। ਦੂਖ = ਸਾਰੇ ਦੁੱਖ। ਭੰਜਿ = ਨਾਸ ਕਰ ਕੇ। ਗੁਰਮਤਿ = ਗੁਰੂ ਦੀ ਮਤਿ ਲੈ ਕੇ। ਕੇਰੇ = ਦੇ।1। ਰਹਾਉ।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਏ = ਆਤਮਕ ਮੌਤ ਸਹੇਹੜਦੇ ਹਨ। ਕਾਲਿ = ਕਾਲ ਨੇ। ਦੈਤਿ = ਦੈਂਤ ਨੇ। ਸੰਘਾਰੇ = ਮਾਰ ਦਿੱਤੇ। ਜਮਪੁਰਿ = ਜਮ ਦੀ ਪੁਰੀ ਵਿਚ।2।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਲਿਵ = ਲਗਨ। ਭਾਗੇ = ਦੂਰ ਹੋ ਜਾਂਦੇ ਹਨ।3।

ਕਉ = ਨੂੰ। ਤੁਠਾ = ਦਇਆਵਾਨ ਹੋਇਆ। ਬਨਵਾਰੀ = ਪਰਮਾਤਮਾ।4।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ। (ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।1। ਰਹਾਉ।

ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ) । ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ।1।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ। ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ।2।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ (ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ।3।

ਹੇ ਭਾਈ! ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ) । ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ।4।2।

TOP OF PAGE

Sri Guru Granth Darpan, by Professor Sahib Singh