ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1178 ਬਸੰਤੁ ਹਿੰਡੋਲ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥ ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥ ਮਾਧੋ ਸਾਧੂ ਜਨ ਦੇਹੁ ਮਿਲਾਇ ॥ ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥ ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥ ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥ ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥ ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥ ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥ ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥ {ਪੰਨਾ 1178} ਪਦ ਅਰਥ: ਰਤਨ = ਸ੍ਰੇਸ਼ਟ ਆਤਮਕ ਗੁਣ। ਕੋਠੜੀ = ਸੋਹਣਾ ਜਿਹਾ ਕੋਠਾ, ਸੋਹਣਾ ਜਿਹਾ ਖ਼ਜ਼ਾਨਾ। ਰਤਨ ਕੋਠੜੀ = ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ। ਗੜ = ਕਿਲ੍ਹਾ। ਮੰਦਰਿ = ਮੰਦਰ ਵਿਚ। ਗੜ ਮੰਦਰਿ = ਸਰੀਰ-ਕਿਲ੍ਹੇ ਵਿਚ, ਸਰੀਰ-ਮੰਦਰ ਵਿਚ। ਲੁਕਾਨੀ = ਗੁਪਤ ਹੈ। ਖੋਜੀਐ = ਖੋਜ ਕੀਤੀ ਜਾ ਸਕਦੀ ਹੈ, ਭਾਲੀ ਜਾ ਸਕਦੀ ਹੈ। ਮਿਲਿ = (ਗੁਰੂ ਨੂੰ) ਮਿਲ ਕੇ। ਜੋਤੀ = ਪ੍ਰਭੂ ਦੀ ਜੋਤਿ ਵਿਚ।1। ਮਾਧੋ = ਹੇ ਮਾਇਆ ਦੇ ਖਸਮ! ਹੇ ਪ੍ਰਭੂ! ਸਾਧੂ = ਗੁਰੂ। ਸਭਿ = ਸਾਰੇ। ਨਾਸਹਿ = ਦੂਰ ਹੋ ਜਾਂਦੇ ਹਨ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਇ = ਪ੍ਰਾਪਤ ਕਰ ਲੈਂਦਾ ਹੈ।1। ਰਹਾਉ। ਪੰਚ ਚੋਰ = ਕਾਮਾਦਿਕ ਪੰਜ ਚੋਰ। ਲਾਗੇ = ਲੱਗੇ ਹੋਏ ਹਨ, ਸੰਨ੍ਹ ਲਾ ਰਹੇ ਹਨ। ਹਿਰਿਆ = ਚੁਰਾ ਲਿਆ ਹੈ। ਖੋਜ = ਖੁਰਾ, ਨਿਸ਼ਾਨ। ਪਕਰੇ = ਫੜੇ ਜਾਂਦੇ ਹਨ। ਉਬਰਿਆ = ਬਚ ਜਾਂਦਾ ਹੈ।2। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਰਿਦ = ਹਿਰਦਾ। ਪੁਰਖ ਪਤਿ = ਸਭ ਮਨੁੱਖਾਂ ਦਾ ਪਤੀ, ਸਭ ਮਨੁੱਖਾਂ ਨਾਲੋਂ ਸ੍ਰੇਸ਼ਟ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ।3। ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਾਈ = ਧਰਤੀ ਦਾ ਖਸਮ। ਸਾਧੁ = ਗੁਰੂ। ਅੰਤਰਿ = ਅੰਦਰ, ਵਿਚ। ਹਿਰਦੈ = ਹਿਰਦੇ ਵਿਚ। ਗਾਵੈ = ਗਾਂਦਾ ਹੈ।4। ਅਰਥ: ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ। ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।1। ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ। ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ। (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।1। ਹੇ ਭਾਈ! (ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ। ਜਦੋਂ ਕੋਈ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ।2। ਹੇ ਭਾਈ! ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ) । ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ।3। ਹੇ ਨਾਨਕ! ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।4।1।3। ਨੋਟ: ਸਿਰ-ਲੇਖ ਅਨੁਸਾਰ ਇਹ ਸ਼ਬਦ ਬਸੰਤ ਅਤੇ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ। ਬਸੰਤੁ ਮਹਲਾ ੪ ਹਿੰਡੋਲ ॥ ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥ ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥ ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥ ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥ ਤੁਮ੍ਹ੍ਹਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥ ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥ ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥ ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ਹ੍ਹ ਹਰਿ ਧਾਰਿਓ ਹਰਿ ਉਰਛੇ ॥੩॥ ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥ ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥ {ਪੰਨਾ 1178} ਪਦ ਪੁਰਖ: ਪੁਰਖ = ਸਰਬ-ਵਿਆਪਕ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ। ਕੀਰੇ = ਕੀੜੇ। ਕਿਰਮ = ਨਿੱਕੇ ਨਿੱਕੇ ਕੀੜੇ। ਤੁਮਨਛੇ = ਤੇਰੇ (ਪੈਦਾ ਕੀਤੇ ਹੋਏ) । ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਬਨਛੇ = ਬਾਂਛੇ, ਲੋਚਦੇ ਹਾਂ।1। ਮੇਲਿ = ਮਿਲਾ। ਕ੍ਰਿਪਛੇ = ਕਿਰਪਾ। ਕਿਲਵਿਖ = ਪਾਪ। ਮਿਲਿ = ਮੇਲਿ, ਮਿਲਾ ਕੇ {ਸਾਧਾਰਨ ਤੌਰ ਤੇ 'ਮਿਲਿ' ਦਾ ਅਰਥ ਹੈ 'ਮਿਲ ਕੇ'}। ਹਨਛੇ = ਹੱਛੇ, ਪਵਿੱਤਰ ਜੀਵਨ ਵਾਲੇ।1। ਰਹਾਉ। ਜਾਤਿ ਅਵਿਜਾਤਾ = ਉੱਚੀ ਜਾਤਿ ਦਾ ਚਾਹੇ ਨੀਵੀਂ ਜਾਤਿ ਦਾ। ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ। ਪਵੀਛੇ = ਪਵਿੱਤਰ। ਪਤਿਤ ਪਵੀਛੇ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਤੇ = ਤੋਂ। ਸਗਲ ਭਵਨ ਤੇ = ਸਾਰੇ ਭਵਨਾਂ ਤੋਂ। ਊਪਰਿ = ਉੱਚਾ। ਦਿਨਛੇ = ਦਿੱਤੀ। ਸੋਭਾ = ਵਡਿਆਈ।2। ਅਜਾਤਿ = ਨੀਵੀਂ ਜਾਤਿ। ਸਭਿ ਮਾਨਸ = ਸਾਰੇ ਮਨੋਰਥ। ਤਿਨਛੇ = ਉਹਨਾਂ ਦੇ। ਪੂਰੇ = ਪੂਰਨ ਕਰਦਾ ਹੈ। ਸੋ = ਉਹ {ਬਹੁ-ਵਚਨ}। ਧੰਨਿ = ਭਾਗਾਂ ਵਾਲੇ। ਪੂਰੇ = ਗੁਣਾਂ ਨਾਲ ਪੂਰਨ। ਉਰਛੇ = ਹਿਰਦੇ ਵਿਚ।3। ਢੀਂਢ = ਨੀਚ। ਢੀਮ = ਮਿੱਟੀ ਦਾ ਢੇਲਾ। ਮਿਲਛੇ = ਮਿਲ। ਪ੍ਰਭ = ਹੇ ਪ੍ਰਭੂ! ਤੂਠੇ = ਦਇਆਵਾਨ ਹੋਏ।4। ਅਰਥ: ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤਿ ਵਿਚ ਮਿਲਾ। ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ। ਹੇ ਪ੍ਰਭੂ! (ਮੈਨੂੰ ਸਾਧ-) ਸੰਗਤਿ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ।1। ਰਹਾਉ। ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ।1। ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ, ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ। ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ।2। ਹੇ ਭਾਈ! ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਹੇ ਭਾਈ! ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ।3। ਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ। ਹੇ ਹਰੀ! ਮਿਹਰ ਕਰ, ਸਾਨੂੰ ਮਿਲ। ਹੇ ਦਾਸ ਨਾਨਕ! (ਆਖ-) ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ।4।2।4। ਬਸੰਤੁ ਹਿੰਡੋਲ ਮਹਲਾ ੪ ॥ ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥ ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥ ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥ ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥ ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥ ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥ ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥ ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥ ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ਹ੍ਹ ਪੈਜ ਰਖਹੁ ਅਪਨੀਧੇ ॥ ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥੪॥੩॥੫॥ {ਪੰਨਾ 1178-1179} ਪਦ ਅਰਥ: ਮਨੂਆ = ਅੰਞਾਣਾ ਮਨ। ਰਹਿ ਨ ਸਕੈ = ਧੀਰਜ ਨਹੀਂ ਕਰ ਸਕਦਾ। ਨਾਮ ਰਸਿ = ਨਾਮ ਦੇ ਸੁਆਦ ਵਿਚ। ਗੀਧੇ = ਗਿੱਝ ਗਿਆ ਹੈ। ਬਾਰਿਕੁ = ਛੋਟਾ ਬਾਲ। ਰਸਕਿ = ਸੁਆਦ ਨਾਲ। ਥਨਿ ਮਾਤਾ = ਮਾਂ ਦੇ ਥਣ ਉੱਤੇ। ਥਨਿ ਕਾਢੇ = ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਿਆ ਜਾਏ। ਬਿਲਲ ਬਿਲੀਧੇ = ਵਿਲਕਣ ਲੱਗ ਪੈਂਦਾ ਹੈ।1। ਗੋਬਿੰਦ ਜੀਉ = ਹੇ ਗੋਬਿੰਦ ਜੀ! {ਸੰਬੋਧਨ}। ਬੀਧੇ = ਵਿੱਝ ਗਏ ਹਨ। ਵਡੈ ਭਾਗਿ = ਵੱਡੀ ਕਿਸਮਤ ਨਾਲ। ਸੀਧੇ = ਸਿੱਧ ਹੋ ਗਿਆ ਹੈ, ਲੱਭ ਪਿਆ ਹੈ।1। ਰਹਾਉ। ਜੇਤੇ = ਜਿਤਨੇ ਭੀ। ਹੈ– ਹੈਂ {ਬਹੁ-ਵਚਨ}। ਸਾਸ ਸਾਸ = ਸਾਰੇ ਸਾਹ। ਬਿਰਹਿ = ਬਿਰਹੋਂ ਵਿਚ, ਪਿਆਰ-ਭਰੇ ਵਿਛੋੜੇ ਵਿਚ। ਬੀਧੇ = ਵਿੱਝੇ ਹੋਏ ਹਨ। ਸੁਕਲੀਧੇ = ਸੁੱਕ ਜਾਂਦਾ ਹੈ।2। ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ} ਪਵਿੱਤਰ। ਨਰਹਰਿ = ਪਰਮਾਤਮਾ। ਉਪਦੇਸਿ ਗੁਰੂ = ਗੁਰੂ ਨੇ ਆਪਣੇ ਉਪਦੇਸ਼ ਨਾਲ। ਪ੍ਰੀਧੇ = ਪ੍ਰੋਸ ਰੱਖਿਆ, ਸਾਹਮਣੇ ਵਿਖਾ ਦਿੱਤਾ। ਨਿਕਸੀ = ਨਿਕਲ ਗਈ, ਦੂਰ ਹੋ ਗਈ। ਜਲਿ = ਜਲ ਨਾਲ। ਅੰਮ੍ਰਿਤਿ ਜਲਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਨੀਧੇ = ਨਾਤੇ, ਆਤਮਕ ਇਸ਼ਨਾਨ ਕੀਤਾ।3। ਹਮਰੇ = ਅਸਾਂ ਜੀਵਾਂ ਦੇ। ਠਾਕੁਰ = ਹੇ ਠਾਕੁਰ! ਬਿਚਰਹੁ = ਵਿਚਾਰੋ। ਪੈਜ = ਇੱਜ਼ਤ, ਲਾਜ। ਅਪਨੀਧੇ = ਆਪਣੇ ਦਾਸ ਦੀ। ਹਰਿ = ਹੇ ਹਰੀ! ਭਾਵੈ = ਜੇ ਤੈਨੂੰ ਚੰਗਾ ਲੱਗੇ। ਬਿਨਉ = {ivnX} ਬੇਨਤੀ, ਅਰਜ਼ੋਈ। ਪਵੀਧੇ = ਪਿਆ ਹੈ।4। ਅਰਥ: ਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ। ਹੇ ਭਾਈ! ਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ। (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ।1। ਰਹਾਉ। ਹੇ ਭਾਈ! (ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ; ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ।1। ਹੇ ਭਾਈ! ਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ। ਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ।2। ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ। ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ। (ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ।3। ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ। ਹੇ ਦਾਸ ਨਾਨਕ! (ਆਖ-) ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਤੇਰੀ ਸਰਨ ਪਿਆਂ ਹਾਂ।4।3।5। |
Sri Guru Granth Darpan, by Professor Sahib Singh |