ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1179 ਬਸੰਤੁ ਹਿੰਡੋਲ ਮਹਲਾ ੪ ॥ ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥ ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥ ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥ ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥ ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥ ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥੨॥ ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥ ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥੩॥ ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥ ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥ {ਪੰਨਾ 1179} ਪਦ ਅਰਥ: ਭਰਮਿ ਭਰਮਿ = ਭਟਕ ਭਟਕ ਕੇ। ਧਾਵੈ = ਦੌੜਦਾ ਫਿਰਦਾ ਹੈ। ਤਿਲੁ = ਰਤਾ ਭਰ ਭੀ। ਘਰਿ = ਘਰ ਵਿਚ, ਸਰੀਰ-ਘਰ ਵਿਚ, ਇਕ ਟਿਕਾਣੇ ਤੇ, ਅਡੋਲਤਾ ਵਿਚ। ਵਾਸਾ = ਨਿਵਾਸ। ਨਹ ਪਾਈਐ = ਨਹੀਂ ਪਾਇਆ ਜਾ ਸਕਦਾ। ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਲਾ ਲੋਹੇ ਦਾ ਕੁੰਡਾ ਜੋ ਮਹਾਵਤ ਦੇ ਹੱਥ ਵਿਚ ਫੜਿਆ ਹੁੰਦਾ ਹੈ। ਦਾਰੂ = ਦਵਾਈ। ਸਿਰਿ = ਸਿਰ ਉੱਤੇ। ਧਾਰਿਓ = ਧਰਿਆ, ਰੱਖਿਆ। ਘਰਿ = ਘਰ ਵਿਚ। ਮੰਦਰਿ = ਮੰਦਰ ਵਿਚ। ਆਣਿ = ਲਿਆ ਕੇ। ਵਸਾਈਐ = ਵਸਾਇਆ ਜਾ ਸਕਦਾ ਹੈ।1। ਗੋਬਿੰਦ ਜੀਉ = ਹੇ ਪ੍ਰਭੂ ਜੀ! {ਸੰਬੋਧਨ}। ਮੇਲਿ = ਮਿਲਾ। ਧਿਆਈਐ = ਧਿਆਇਆ ਜਾ ਸਕਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ = ਜੁੜੀ ਹੋਈ ਸੁਰਤਿ।1। ਰਹਾਉ। ਘਰਿ = ਹਿਰਦੇ-ਘਰ ਵਿਚ। ਭ੍ਰਮਿਆ = ਭਟਕਦਾ ਰਿਹਾ। ਓਡਾ = ਸੇਂਘਾ ਜੋ ਧਰਤੀ ਨੂੰ ਸੁੰਘ ਕੇ ਹੀ ਦੱਸ ਦੇਂਦਾ ਹੈ ਕਿ ਇਥੇ ਪੁਰਾਣਾ ਖੂਹ ਮਿੱਟੀ ਹੇਠ ਦੱਬਿਆ ਪਿਆ ਹੈ। ਕੂਪੁ = ਖੂਹ। ਗੁਹਜ = ਲੁਕਿਆ ਹੋਇਆ। ਖਿਨ = ਤੁਰਤ। ਸਤਿਗੁਰਿ = ਗੁਰੂ ਦੀ ਰਾਹੀਂ। ਵਸਤੁ = ਨਾਮ-ਪਦਾਰਥ। ਲਹਾਈਐ = ਲੱਭ ਲਈਦਾ ਹੈ।2। ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸਾਧੁ = ਸਾਧੇ ਹੋਏ ਮਨ ਵਾਲਾ। ਤੇ = ਉਹ ਮਨੁੱਖ {ਬਹੁ-ਵਚਨ}। ਧ੍ਰਿਗੁ = ਫਿਟਕਾਰ-ਜੋਗ। ਪੁੰਨਿ = ਕੀਤੇ ਹੋਏ ਭਲੇ ਕੰਮ ਦੇ ਕਾਰਨ। ਬਦਲੈ = ਦੀ ਖ਼ਾਤਰ।3। ਮਧੁ ਸੂਦਨ = {'ਮਧੁ' ਰਾਖ਼ਸ਼ ਨੂੰ ਮਾਰਨ ਵਾਲਾ} ਹੇ ਦੁਸ਼ਟ-ਦਮਨ ਪਰਮਾਤਮਾ! ਕਰਿ = ਕਰ ਕੇ। ਨਿਰਬਾਣ ਪਦੁ = ਉਹ ਆਤਮਕ ਅਵਸਥਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ਆਤਮਕ ਦਰਜਾ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ।4। ਅਰਥ: ਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤਿ ਵਿਚ ਮਿਲਾ। (ਸਾਧ ਸੰਗਤਿ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ। ਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤਿ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।1। ਰਹਾਉ। ਹੇ ਭਾਈ! (ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸ੍ਵੈ ਸਰੂਪ ਵਿਚ) ਟਿਕ ਨਹੀਂ ਸਕਦਾ। (ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ। ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ।1। ਹੇ ਭਾਈ! (ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ। (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ। ਹੇ ਭਾਈ! ਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ।2। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ) । ਹੇ ਭਾਈ! (ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ।3। ਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ। ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਖ– ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।4। 4।6। ਬਸੰਤੁ ਹਿੰਡੋਲ ਮਹਲਾ ੪ ॥ ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥ ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੁੰਞੁ ॥੧॥ ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥ ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥ ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਞੁ ॥ ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮ੍ਹ੍ਹ ਦੀਨ ਦਇਆਲ ਦੁਖ ਭੰਞੁ ॥੨॥ ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥ ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥੩॥ ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥ ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥ {ਪੰਨਾ 1179} ਪਦ ਅਰਥ: ਆਵਣ ਜਾਣੁ = ਜਨਮ ਮਰਨ ਦਾ ਗੇੜ। ਬਿਖਿਆ = ਮਾਇਆ (ਦੇ ਮੋਹ ਦੇ ਕਾਰਨ) । ਦੇਹ = ਸਰੀਰ। ਮਨਮੁਖ ਦੇਹ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਸਰੀਰ। ਸੁੰਞੀ = (ਕਾਇਆਂ ਨਾਮ ਤੋਂ) ਸੱਖਣੀ। ਸੁੰਞੁ = (ਨਾਮ ਵਲੋਂ) ਸੱਖਣਾ-ਪਨ। ਜਮਿ = ਜਮ ਨੇ। ਕਾਲਿ = ਕਾਲ ਨੇ, ਮੌਤ ਨੇ, ਆਤਮਕ ਮੌਤ ਨੇ। ਸਲੁੰਞੁ = ਕੇਸਾਂ ਸਮੇਤ, ਕੇਸਾਂ ਤੋਂ।1। ਗੋਬਿੰਦ ਜੀਉ = ਹੇ ਗੋਬਿੰਦ ਜੀ! {ਸੰਬੋਧਨ}। ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਮਮਤਾ = ਅਪਣੱਤ। ਮੁੰਞੁ = ਦੂਰ ਕਰ। ਮਿਲਿ = ਮਿਲ ਕੇ। ਭੁੰਞੁ = ਮੈਂ ਭੁੰਚਾਂ, ਮੈਂ ਮਾਣਾਂ।1। ਰਹਾਉ। ਸਤ ਸੰਗਤਿ ਸਾਧ = ਗੁਰੂ ਦੀ ਸਤ ਸੰਗਤਿ। ਕਰਿ = ਕਰ ਕੇ। ਸਾਧੂ = ਗੁਰੂ। ਪੰਞੁ = ਮੈਂ ਪਿਆ ਰਹਾਂ। ਪ੍ਰਭ = ਹੇ ਪ੍ਰਭੂ! ਦੁਖ ਭੰਞੁ = ਦੁੱਖਾਂ ਦਾ ਨਾਸ ਕਰਨ ਵਾਲਾ।2। ਉਸਤਤਿ = ਸਿਫ਼ਤਿ-ਸਾਲਾਹ। ਰਿਦ ਅੰਤਰਿ = (ਮੇਰੇ) ਹਿਰਦੇ ਵਿਚ। ਸੁਆਮੀ = ਹੇ ਸੁਆਮੀ! ਬੁਧਿ = (ਮੇਰੀ) ਅਕਲ। ਲੰਞੁ = ਰੌਸ਼ਨ ਹੋ ਜਾਏ। ਹਰਿ ਨਾਮੈ = ਹਰਿ-ਨਾਮ ਵਿਚ। ਵਿਟਹੁ = ਤੋਂ। ਘੁਮਿ ਵੰਞੁ = ਮੈਂ ਸਦਕੇ ਜਾਂਦਾ ਹਾਂ।3। ਪੂਰਿ = ਪੂਰੇ ਕਰ। ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਲੰਞੁ = (ਆਤਮਕ) ਚਾਨਣ। ਮਨਿ = ਮਨ ਵਿਚ। ਤਨਿ = ਤਨ ਵਿਚ। ਗੁਰਿ = ਗੁਰੂ ਨੇ। ਹਰਿ ਭੰਞੁ = ਹਰਿ-ਭਜਨ, ਹਰਿ-ਨਾਮ।4। ਅਰਥ: ਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ। ਹੇ ਹਰੀ! ਸਾਧ ਸੰਗਤਿ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ। (ਮਿਹਰ ਕਰ) ਮੈਂ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ।1। ਰਹਾਉ। ਹੇ ਭਾਈ! ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ। ਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ। ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ।1। ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤਿ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ। ਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ। ਹੇ ਪ੍ਰਭੂ ਜੀ! ਤੁਸੀ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀ ਸਾਡੇ ਦੁੱਖ ਨਾਸ ਕਰਨ ਵਾਲੇ ਹੋ।2। ਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤਿ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ। (ਮਿਹਰ ਕਰ) ਤੇਰੀ ਸਾਧ ਸੰਗਤਿ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ।3। ਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ) । ਹੇ ਦਾਸ ਨਾਨਕ! (ਆਖ– ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ।4।5।7। 37।
ਵੇਰਵਾ ਸ਼ਬਦਾਂ ਦਾ: |
Sri Guru Granth Darpan, by Professor Sahib Singh |