ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1180 ਬਸੰਤੁ ਮਹਲਾ ੫ ਘਰੁ ੧ ਦੁਤੁਕੇ ੴ ਸਤਿਗੁਰ ਪ੍ਰਸਾਦਿ ॥ ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥ ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥ {ਪੰਨਾ 1180} ਪਦ ਅਰਥ: ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ। ਕਰਿ = ਕਰ ਕੇ। ਆਜੁ = ਅੱਜ, ਹੁਣ ਜਦੋਂ ਕਿ ਮੈਂ ਪ੍ਰਭੂ ਦੇ ਗੁਣ ਗਾਏ ਹਨ। ਹਮਾਰੈ = ਮੇਰੇ ਹਿਰਦੇ ਵਿਚ। ਮੰਗਲਚਾਰ = ਮੰਗਲਾਚਾਰ, ਆਨੰਦ ਦਾ ਸਮਾ। ਮਹਾ = ਬੜਾ। ਲਥੀ = ਲਹਿ ਗਈ ਹੈ, ਦੂਰ ਹੋ ਗਈ ਹੈ। ਭੇਟੇ = ਮਿਲ ਪਏ ਹਨ।1। ਹਮਾਰੈ ਗ੍ਰਿਹਿ = ਮੇਰੇ ਹਿਰਦੇ-ਘਰ ਵਿਚ। ਬਸੰਤ = ਖਿੜਾਉ, ਖ਼ੁਸ਼ੀ, ਆਤਮਕ ਆਨੰਦ। ਪ੍ਰਭ ਬੇਅੰਤ = ਹੇ ਬੇਅੰਤ ਪ੍ਰਭੂ!।1। ਰਹਾਉ। ਹਮਾਰੈ = ਮੇਰੇ ਹਿਰਦੇ ਵਿਚ। ਫਾਗ = ਫੱਗਣ ਦਾ ਮਹੀਨਾ, ਫੱਗਣ ਮਹੀਨੇ ਦਾ ਤਿਉਹਾਰ, ਹੋਲੀ। ਪ੍ਰਭ ਸੰਗੀ = ਪ੍ਰਭੂ ਦੇ ਸੰਗੀ-ਸਾਥੀ, ਸੰਤ ਜਨ। ਮਿਲਿ = ਮਿਲ ਕੇ। ਸੰਤ ਸੇਵ = ਸੰਤ ਜਨਾਂ ਦੀ ਸੇਵਾ। ਅਤਿ = ਬਹੁਤ ਗੂੜ੍ਹਾ। ਰੰਗੁ ਦੇਵ = ਪ੍ਰਭੂ ਦੇਵ ਦੇ ਪਿਆਰ ਦਾ ਰੰਗ।2। ਮਉਲਿਓ = ਖਿੜ ਪਿਆ ਹੈ, ਆਤਮਕ ਜੀਵਨ ਵਾਲਾ ਬਣ ਗਿਆ ਹੈ। ਅਨੂਪ = ਸੋਹਣਾ। ਸੂਕੈ ਨਾਹੀ = ਆਤਮਕ ਜੀਵਨ ਦੀ ਤਰਾਵਤ ਮੁੱਕਦੀ ਨਹੀਂ। ਛਾਵ ਧੂਪ = ਸੁਖਾਂ ਦੁੱਖਾਂ ਵੇਲੇ। ਸਗਲੀ ਰੂਤੀ = ਸਾਰੀਆਂ ਰੁੱਤਾਂ ਵਿਚ, ਹਰ ਸਮੇ। ਹਰਿਆ = ਆਤਮਕ ਜੀਵਨ ਵਾਲਾ। ਗੁਰ ਮਿਲੇ ਦੇਵ = ਗੁਰਦੇਵ ਜੀ ਮਿਲ ਪਏ ਹਨ। ਸਦ ਬਸੰਤ = ਸਦਾ ਆਤਮਕ ਖਿੜਾਉ।3। ਬਿਰਖੁ = ਰੁੱਖ। ਜਮਿਓ ਹੈ– ਉੱਗ ਪਿਆ ਹੈ। ਪਾਰਜਾਤ ਬਿਰਖੁ = ਪਾਰਜਾਤ ਰੁੱਖ, ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗ ਦਾ ਰੁੱਖ। ਭਾਂਤਿ = ਕਈ ਕਿਸਮਾਂ ਦੇ। ਤ੍ਰਿਪਤਿ ਅਘਾਨੇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਗਾਇ = ਗਾ ਕੇ। ਧਿਆਇ = ਸਿਮਰ ਕੇ।4। ਅਰਥ: ਹੇ ਬੇਅੰਤ ਪ੍ਰਭੂ! ਜਦੋਂ ਤੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! (ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ, ਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ, ਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। (ਹੇ ਭਾਈ! ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਇਸ ਵਾਸਤੇ) ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ।1। ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ, ਪ੍ਰਭੂ ਦੇ ਸੰਤ ਜਨ (ਸਾਧ ਸੰਗਤਿ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ। (ਹੇ ਭਾਈ! ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ।2। ਹੇ ਭਾਈ! (ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ। ਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ। (ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ।3। ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰ ਕੇ, ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।4।1। ਬਸੰਤੁ ਮਹਲਾ ੫ ॥ ਹਟਵਾਣੀ ਧਨ ਮਾਲ ਹਾਟੁ ਕੀਤੁ ॥ ਜੂਆਰੀ ਜੂਏ ਮਾਹਿ ਚੀਤੁ ॥ ਅਮਲੀ ਜੀਵੈ ਅਮਲੁ ਖਾਇ ॥ ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥ ਅਪਨੈ ਰੰਗਿ ਸਭੁ ਕੋ ਰਚੈ ॥ ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥ ਮੇਘ ਸਮੈ ਮੋਰ ਨਿਰਤਿਕਾਰ ॥ ਚੰਦ ਦੇਖਿ ਬਿਗਸਹਿ ਕਉਲਾਰ ॥ ਮਾਤਾ ਬਾਰਿਕ ਦੇਖਿ ਅਨੰਦ ॥ ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥ ਸਿੰਘ ਰੁਚੈ ਸਦ ਭੋਜਨੁ ਮਾਸ ॥ ਰਣੁ ਦੇਖਿ ਸੂਰੇ ਚਿਤ ਉਲਾਸ ॥ ਕਿਰਪਨ ਕਉ ਅਤਿ ਧਨ ਪਿਆਰੁ ॥ ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥ ਸਰਬ ਰੰਗ ਇਕ ਰੰਗ ਮਾਹਿ ॥ ਸਰਬ ਸੁਖਾ ਸੁਖ ਹਰਿ ਕੈ ਨਾਇ ॥ ਤਿਸਹਿ ਪਰਾਪਤਿ ਇਹੁ ਨਿਧਾਨੁ ॥ ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥ {ਪੰਨਾ 1180} ਪਦ ਅਰਥ: ਹਟਵਾਣੀ = ਹੱਟੀ ਵਾਲਾ, ਦੁਕਾਨਦਾਰ। ਹਾਟੁ = ਹੱਟ। ਕੀਤੁ = ਕਰਦਾ ਹੈ। ਮਾਹਿ = ਵਿਚ। ਅਮਲੀ = ਅਫੀਮੀ। ਖਾਇ = ਖਾ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਸਿਮਰ ਕੇ।1। ਅਪਨੈ ਰੰਗਿ = ਆਪਣੇ ਮਨ-ਭਾਉਂਦੇ ਸੁਆਦ ਵਿਚ। ਸਭੁ ਕੋ = ਹਰੇਕ ਜੀਵ। ਰਚੈ = ਮਸਤ ਰਹਿੰਦਾ ਹੈ। ਜਿਤੁ = ਜਿਸ (ਰੰਗ) ਵਿਚ। ਪ੍ਰਭਿ = ਪ੍ਰਭੂ ਨੇ। ਤਿਤੁ = ਉਸ (ਰੰਗ) ਵਿਚ।1। ਰਹਾਉ। ਮੇਘ = ਬੱਦਲ। ਨਿਰਤਿਕਾਰ = {nãq` = to dance} ਨਾਚ, ਪੈਲ। ਦੇਖਿ = ਵੇਖ ਕੇ। ਬਿਗਸਹਿ = ਖਿੜਦੀਆਂ ਹਨ। ਕਉਲਾਰ = ਕੰਮੀਆਂ । ਹਰਿ ਜਨ = ਪਰਮਾਤਮਾ ਦੇ ਭਗਤ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}। ਜਪਿ = ਜਪ ਕੇ।2। ਸਿੰਘ = ਸ਼ੇਰ। ਰੁਚੈ = ਖ਼ੁਸ਼ ਹੁੰਦਾ ਹੈ। ਸਦ = ਸਦਾ। ਰਣੁ = ਜੁੱਧ। ਸੂਰ = ਸੂਰਮਾ। ਉਲਾਸ = ਹੁਲਾਰਾ, ਜੋਸ਼। ਕਿਰਪਨ = ਕੰਜੂਸ, ਸ਼ੂਮ। ਆਧਾਰੁ = ਆਸਰਾ।3। ਸਰਬ = ਸਾਰੇ। ਇਕ ਰੰਗ ਮਾਹਿ = ਇਕ ਨਾਮ ਰੰਗ ਵਿਚ। ਨਾਇ = ਨਾਮ ਵਿਚ। ਹਰਿ ਕੇ ਨਾਇ = ਹਰੀ ਦੇ ਨਾਮ ਵਿਚ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਮਨੁੱਖ) ਨੂੰ ਹੀ। ਨਿਧਾਨੁ = (ਨਾਮ-) ਖ਼ਜ਼ਾਨਾ। ਕਰੇ ਦਾਨ = ਖੈਰ ਪਾਂਦਾ ਹੈ।4। ਅਰਥ: ਹੇ ਭਾਈ! ਹਰੇਕ ਜੀਵ ਆਪੋ ਆਪਣੇ ਮਨ-ਭਾਉਂਦੇ ਸੁਆਦ ਵਿਚ ਮਸਤ ਰਹਿੰਦਾ ਹੈ, (ਪਰ) ਪ੍ਰਭੂ ਨੇ (ਹੀ) ਜਿਸ (ਸੁਆਦ) ਵਿਚ ਲਾਇਆ ਹੈ, ਉਸ ਉਸ (ਸੁਆਦ) ਵਿਚ (ਹਰੇਕ ਜੀਵ) ਲੱਗਾ ਰਹਿੰਦਾ ਹੈ।1। ਰਹਾਉ। ਹੇ ਭਾਈ! (ਜਿਵੇਂ ਕੋਈ) ਦੁਕਾਨਦਾਰ (ਆਪਣੇ ਮਨ-ਪਸੰਦ ਦੇ) ਮਾਲ-ਧਨ ਦੀ ਦੁਕਾਨ ਚਲਾਂਦਾ ਹੈ, (ਜਿਵੇਂ ਕਿਸੇ) ਜੁਆਰੀਏ ਦਾ ਮਨ ਜੂਏ ਵਿਚ ਮਗਨ ਰਹਿੰਦਾ ਹੈ, ਜਿਵੇਂ ਕੋਈ ਅਫੀਮੀ ਅਫੀਮ ਖਾ ਕੇ ਸੁਖ ਪ੍ਰਤੀਤ ਕਰਦਾ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹੈ।1। ਹੇ ਭਾਈ! ਘਟਾਂ ਚੜ੍ਹਦੀਆਂ ਹਨ ਤਾਂ ਮੋਰ ਪੈਲਾਂ ਪਾਂਦੇ ਹਨ, ਚੰਦ ਨੂੰ ਵੇਖ ਕੇ ਕੰਮੀਆਂ ਖਿੜਦੀਆਂ ਹਨ, (ਆਪਣੇ) ਬੱਚੇ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ ਹੈ, ਤਿਵੇਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਭਗਤ ਆਤਮਕ ਹੁਲਾਰੇ ਵਿਚ ਆਉਂਦੇ ਹਨ।2। ਹੇ ਭਾਈ! ਮਾਸ ਦਾ ਭੋਜਨ ਮਿਲੇ ਤਾਂ ਸ਼ੇਰ ਸਦਾ ਖ਼ੁਸ਼ ਹੁੰਦਾ ਹੈ, ਜੁੱਧ ਵੇਖ ਕੇ ਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਹੈ, ਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ। (ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ।3। ਪਰ, ਹੇ ਭਾਈ! (ਦੁਨੀਆ ਦੇ) ਸਾਰੇ ਸੁਆਦ ਪਰਮਾਤਮਾ ਦੇ ਨਾਮ ਦੇ ਸੁਆਦ ਦੇ ਵਿਚ ਹੀ ਆ ਜਾਂਦੇ ਹਨ (ਨਾਮ-ਰਸ ਨਾਲੋਂ ਘਟੀਆ ਹਨ) । ਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿਚ ਹੀ ਹਨ। ਹੇ ਨਾਨਕ! ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਨੂੰ ਗੁਰੂ ਦੇਂਦਾ ਹੈ।4।2। ਬਸੰਤੁ ਮਹਲਾ ੫ ॥ ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥ ਗ੍ਰਿਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥ ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥ ਗਿਆਨੁ ਕਮਾਈਐ ਪੂਛਿ ਜਨਾਂ ॥ ਸੋ ਤਪਸੀ ਜਿਸੁ ਸਾਧਸੰਗੁ ॥ ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥ ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥ ਸੋ ਸੁਖੀਆ ਜਿਸੁ ਭ੍ਰਮੁ ਗਇਆ ॥ ਸੋ ਇਕਾਂਤੀ ਜਿਸੁ ਰਿਦਾ ਥਾਇ ॥ ਸੋਈ ਨਿਹਚਲੁ ਸਾਚ ਠਾਇ ॥੩॥ ਏਕਾ ਖੋਜੈ ਏਕ ਪ੍ਰੀਤਿ ॥ ਦਰਸਨ ਪਰਸਨ ਹੀਤ ਚੀਤਿ ॥ ਹਰਿ ਰੰਗ ਰੰਗਾ ਸਹਜਿ ਮਾਣੁ ॥ ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥ {ਪੰਨਾ 1180} ਪਦ ਅਰਥ: ਬਸੰਤੁ = ਖਿੜਾਉ। ਮੰਗਲੁ = ਆਨੰਦ, ਖ਼ੁਸ਼ੀ। ਤਿਸ ਕੈ = ਉਸ (ਮਨੁੱਖ) ਦੇ ਹਿਰਦੇ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕਾਮੁ = ਕੰਮ। ਸਦ = ਸਦਾ। ਰਿਦੈ = ਹਿਰਦੇ ਵਿਚ।1। ਗ੍ਰਿਹਿ ਤਾ ਕੇ = ਉਸ ਮਨੁੱਖ ਦੇ ਹਿਰਦੇ ਵਿਚ। ਗਨੀ = ਗਨੀਂ, ਮੈਂ ਗਿਣਦਾ ਹਾਂ, ਮੈਂ ਸਮਝਦਾ ਹਾਂ। ਜਾ ਕੈ = ਜਿਸ ਦੇ ਹਿਰਦੇ ਵਿਚ। ਕੀਰਤਨੁ = ਸਿਫ਼ਤਿ-ਸਾਲਾਹ। ਧੁਨੀ = ਧੁਨਿ, ਲਗਨ, ਪਿਆਰ।1। ਰਹਾਉ। ਮਉਲਿ = ਖਿੜਿਆ ਰਹੁ। ਮਨਾ = ਹੇ ਮਨ! ਗਿਆਨੁ = ਆਤਮਕ ਜੀਵਨ ਦੀ ਸੂਝ। ਪੂਛਿ ਜਨਾਂ = ਸੰਤ ਜਨਾਂ ਤੋਂ ਪੁੱਛ ਕੇ। ਸਾਧ ਸੰਗੁ = ਗੁਰੂ ਦਾ ਸੰਗ। ਧਿਆਨੀ = ਜੁੜੇ ਮਨ ਵਾਲਾ। ਗੁਰਹਿ ਰੰਗੁ = ਗੁਰੂ ਦਾ ਪਿਆਰ।2। ਸੇ = ਉਹ ਮਨੁੱਖ {ਬਹੁ-ਵਚਨ}। ਭਉ = (ਪਰਮਾਤਮਾ ਦਾ) ਡਰ। ਸੋ = ਉਹ ਮਨੁੱਖ {ਇਕ-ਵਚਨ}। ਭ੍ਰਮੁ = ਭਟਕਣਾ। ਇਕਾਂਤੀ = ਇਕਾਂਤ ਥਾਂ ਵਿਚ ਰਹਿਣ ਵਾਲਾ। ਰਿਦਾ = ਹਿਰਦਾ। ਥਾਇ = ਇਕ ਥਾਂ ਤੇ, ਸ਼ਾਂਤ। ਨਿਹਚਲੁ = ਅਡੋਲ-ਚਿੱਤ। ਸਾਚ ਠਾਇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ। ਠਾਇ = ਥਾਂ ਵਿਚ।3। ਖੋਜੈ = ਭਾਲਦਾ ਹੈ। ਪਰਸਨ = ਛੁਹ। ਹੀਤ = ਹਿਤ, ਤਾਂਘ, ਪਿਆਰ। ਚੀਤਿ = ਚਿੱਤ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਕੁਰਬਾਣੁ = ਸਦਕੇ।4। ਅਰਥ: ਹੇ ਭਾਈ! ਮੈਂ ਤਾਂ ਉਸ ਮਨੁੱਖ ਦੇ ਹਿਰਦੇ ਵਿਚ ਖਿੜਾਉ (ਪੈਦਾ ਹੋਇਆ) ਸਮਝਦਾ ਹਾਂ, ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਹੋਈ ਹੈ, ਜਿਸ ਦੇ ਹਿਰਦੇ ਵਿਚ ਪਰਮਾਤਮਾ (ਦੇ ਨਾਮ) ਦੀ ਲਗਨ ਹੈ।1। ਰਹਾਉ। ਹੇ ਭਾਈ! ਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ। ਹੇ ਭਾਈ! ਉਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਇਕ ਹਰਿ-ਨਾਮ ਸਿਮਰਨ ਦਾ ਸਦਾ ਆਹਰ ਰਹਿੰਦਾ ਹੈ। ਉਸ ਮਨੁੱਖ ਨੂੰ ਖਿੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ।1। ਹੇ ਮੇਰੇ ਮਨ! ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤ ਪਾ ਕੇ ਸਦਾ ਖਿੜਿਆ ਰਹੁ। ਹੇ ਮਨ! ਸੰਤ ਜਨਾਂ ਨੂੰ ਪੁੱਛ ਕੇ ਆਤਮਕ ਜੀਵਨ ਦੀ ਸੂਝ ਹਾਸਲ ਕਰੀਦੀ ਹੈ। ਹੇ ਭਾਈ! (ਅਸਲ) ਤਪਸ੍ਵੀ ਉਹ ਮਨੁੱਖ ਹੈ ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਸਦਾ ਜੁੜੀ ਸੁਰਤਿ ਵਾਲਾ ਜਾਣੋ, ਜਿਸ ਦੇ ਅੰਦਰ ਗੁਰ (-ਚਰਨਾਂ) ਦਾ ਪਿਆਰ ਹੈ।2। ਹੇ ਭਾਈ! ਉਹ ਬੰਦੇ (ਦੁਨੀਆ ਦੇ) ਡਰਾਂ ਤੋਂ ਉਤਾਂਹ ਹਨ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਵੱਸਦਾ ਹੈ। ਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ। ਸਿਰਫ਼ ਉਹ ਮਨੁੱਖ ਇਕਾਂਤ ਥਾਂ ਵਿਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ (ਇਕ ਥਾਂ ਟਿਕਿਆ ਹੋਇਆ ਹੈ) । ਉਹੀ ਮਨੁੱਖ ਅਡੋਲ ਚਿੱਤ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ 3। ਹੇ ਦਾਸ ਨਾਨਕ! (ਆਖ– ਹੇ ਭਾਈ!) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ, ਜਿਹੜਾ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਭਾਲਦਾ ਹੈ, ਜਿਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ ਹੈ, ਜਿਸ ਦੇ ਚਿੱਤ ਵਿਚ ਇਕ ਪ੍ਰਭੂ ਦੇ ਦਰਸਨ ਦੀ ਛੁਹ ਦੀ ਤਾਂਘ ਹੈ, ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਮਾਣਦਾ ਹੈ।4।3। |
Sri Guru Granth Darpan, by Professor Sahib Singh |