ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1181 ਬਸੰਤੁ ਮਹਲਾ ੫ ॥ ਜੀਅ ਪ੍ਰਾਣ ਤੁਮ੍ਹ੍ਹ ਪਿੰਡ ਦੀਨ੍ਹ੍ਹ ॥ ਮੁਗਧ ਸੁੰਦਰ ਧਾਰਿ ਜੋਤਿ ਕੀਨ੍ਹ੍ਹ ॥ ਸਭਿ ਜਾਚਿਕ ਪ੍ਰਭ ਤੁਮ੍ਹ੍ਹ ਦਇਆਲ ॥ ਨਾਮੁ ਜਪਤ ਹੋਵਤ ਨਿਹਾਲ ॥੧॥ ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ ਨਾਮੁ ਜਪਤ ਹੋਵਤ ਉਧਾਰ ॥ ਨਾਮੁ ਜਪਤ ਸੁਖ ਸਹਜ ਸਾਰ ॥ ਨਾਮੁ ਜਪਤ ਪਤਿ ਸੋਭਾ ਹੋਇ ॥ ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ ਜਾ ਕਾਰਣਿ ਇਹ ਦੁਲਭ ਦੇਹ ॥ ਸੋ ਬੋਲੁ ਮੇਰੇ ਪ੍ਰਭੂ ਦੇਹਿ ॥ ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ ਤੁਝ ਬਿਨੁ ਦੂਜਾ ਕੋਇ ਨਾਹਿ ॥ ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ ਜਿਉ ਭਾਵੈ ਤਿਉ ਰਾਖਿ ਲੇ ॥ ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ {ਪੰਨਾ 1181} ਪਦ ਅਰਥ: ਜੀਅ = ਜਿੰਦ। ਪਿੰਡੁ = ਸਰੀਰ। ਮੁਗਧ = ਮੂਰਖ। ਧਾਰਿ = ਧਾਰ ਕੇ, ਟਿਕਾ ਕੇ। ਸਭਿ = ਸਾਰੇ (ਜੀਵ) । ਜਾਚਿਕ = ਮੰਗਤੇ। ਨਿਹਾਲ = ਪ੍ਰਸੰਨ-ਚਿੱਤ।1। ਪ੍ਰੀਤਮ = ਹੇ ਪ੍ਰੀਤਮ! ਕਰਣ = ਜਗਤ। ਜੋਗ = ਸਮਰਥਾ ਵਾਲਾ। ਹਉ = ਮੈਂ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ।1। ਰਹਾਉ। ਉਧਾਰ = ਪਾਰ-ਉਤਾਰਾ। ਸਹਜ = ਆਤਮਕ ਅਡੋਲਤਾ। ਪਤਿ = ਇੱਜ਼ਤ। ਬਿਘਨੁ = ਰੁਕਾਵਟ।2। ਜਾ ਕਾਰਣਿ = ਜਾ ਬੋਲ ਕਾਰਣਿ, ਜਿਸ ਹਰਿ-ਨਾਮ ਦੀ ਖ਼ਾਤਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ। ਪ੍ਰਭ = ਹੇ ਪ੍ਰਭੂ! ਬਿਸ੍ਰਾਮੁ = ਟਿਕਾਣਾ। ਰਿਦੈ = ਹਿਰਦੇ ਵਿਚ। ਜਪੀ = ਜਪੀਂ, ਮੈਂ ਜਪਾਂ। ਪ੍ਰਭ = ਹੇ ਪ੍ਰਭੂ!।3। ਸਭੁ ਖੇਲੁ = ਸਾਰਾ ਜਗਤ-ਤਮਾਸ਼ਾ। ਸਮਾਹਿ = (ਸਾਰੇ ਜੀਵ) ਲੀਨ ਹੋ ਜਾਂਦੇ ਹਨ {ਬਹੁ-ਵਚਨ}।4। ਅਰਥ: ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਮੇਰੇ ਪ੍ਰੀਤਮ! ਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ।1। ਰਹਾਉ। ਹੇ ਪ੍ਰਭੂ! (ਸਭ ਜੀਵਾਂ ਨੂੰ) ਜਿੰਦ, ਪ੍ਰਾਣ, ਸਰੀਰ ਤੂੰ ਹੀ ਦਿੱਤੇ ਹਨ। ਆਪਣੀ ਜੋਤਿ ਤੂੰ (ਸਰੀਰਾਂ ਵਿਚ) ਟਿਕਾ ਕੇ ਮੂਰਖਾਂ ਨੂੰ ਸੋਹਣੇ ਬਣਾ ਦੇਂਦਾ ਹੈਂ। ਹੇ ਪ੍ਰਭੂ! ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈਂ। ਤੇਰਾ ਨਾਮ ਜਪਦਿਆਂ ਜੀਵ ਪ੍ਰਸੰਨ-ਚਿੱਤ ਹੋ ਜਾਂਦੇ ਹਨ।1। ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਜਗਤ ਤੋਂ) ਪਾਰ-ਉਤਾਰਾ ਹੁੰਦਾ ਹੈ, ਆਤਮਕ ਅਡੋਲਤਾ ਦੇ ਸ੍ਰੇਸ਼ਟ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ ਸੋਭਾ ਮਿਲਦੀ ਹੈ, (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੁਕਵਾਟ ਨਹੀਂ ਪੈਂਦੀ।2। ਹੇ ਮੇਰੇ ਪ੍ਰਭੂ! ਜਿਸ ਹਰਿ-ਨਾਮ ਦੇ ਜਪਣ ਵਾਸਤੇ (ਤੇਰੀ ਮਿਹਰ ਨਾਲ) ਇਹ ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ, ਉਹ ਹਰਿ-ਨਾਮ ਮੈਨੂੰ ਬਖ਼ਸ਼। (ਮੇਰਾ) ਇਹ (ਮਨ) ਸਾਧ ਸੰਗਤਿ ਵਿਚ ਟਿਕਾਣਾ ਪ੍ਰਾਪਤ ਕਰੀ ਰੱਖੇ। ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰਾ ਨਾਮ ਜਪਦਾ ਰਹਾਂ।3। ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰਾ) ਨਹੀਂ ਹੈ। ਇਹ ਸਾਰਾ ਜਗਤ-ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਸਾਰੇ ਜੀਵ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ। ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੇਰੀ) ਰੱਖਿਆ ਕਰ। ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।4। 4। ਬਸੰਤੁ ਮਹਲਾ ੫ ॥ ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ ਜਿਸਹਿ ਦੇਖਿ ਹਉ ਜੀਵਾ ਮਾਇ ॥ ਜਾ ਕੈ ਸਿਮਰਨਿ ਦੁਖੁ ਨ ਹੋਇ ॥ ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ ਜਾ ਕਉ ਖੋਜਹਿ ਸੁਰਿ ਨਰ ਦੇਵ ॥ ਮੁਨਿ ਜਨ ਸੇਖ ਨ ਲਹਹਿ ਭੇਵ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ ਜਾ ਕੇ ਭਗਤ ਆਨੰਦ ਮੈ ॥ ਜਾ ਕੇ ਭਗਤ ਕਉ ਨਾਹੀ ਖੈ ॥ ਜਾ ਕੇ ਭਗਤ ਕਉ ਨਾਹੀ ਭੈ ॥ ਜਾ ਕੇ ਭਗਤ ਕਉ ਸਦਾ ਜੈ ॥੩॥ ਕਉਨ ਉਪਮਾ ਤੇਰੀ ਕਹੀ ਜਾਇ ॥ ਸੁਖਦਾਤਾ ਪ੍ਰਭੁ ਰਹਿਓ ਸਮਾਇ ॥ ਨਾਨਕੁ ਜਾਚੈ ਏਕੁ ਦਾਨੁ ॥ ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ {ਪੰਨਾ 1181} ਪਦ ਅਰਥ: ਮੇਰੈ ਸੰਗਿ = ਮੇਰੇ ਨਾਲ। ਰਾਇ = ਰਾਜਾ, ਪਾਤਿਸ਼ਾਹ। ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਾਇ = ਹੇ ਮਾਂ! ਸਿਮਰਨਿ = ਸਿਮਰਨ ਦੀ ਰਾਹੀਂ। ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ। ਮੋਹਿ = ਮੈਨੂੰ। ਕਰਿ = ਕਰ ਕੇ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ ੁ ਉੱਡ ਗਿਆ ਹੈ}।1। ਪ੍ਰੀਤਮ = ਹੇ ਪ੍ਰੀਤਮ! ਪ੍ਰਾਨ ਅਧਾਰ ਮਨ = ਹੇ ਮੇਰੇ ਪ੍ਰਾਣਾਂ ਅਤੇ ਮਨ ਦੇ ਆਸਰੇ! ਜੀਉ = ਜਿੰਦ।1। ਰਹਾਉ। ਜਾ ਕਉ = ਜਿਸ (ਪਰਮਾਤਮਾ) ਨੂੰ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ। ਸੇਖ = ਸ਼ੇਸ਼ ਨਾਗ। ਨ ਲਹਹਿ = ਨਹੀਂ ਲੱਭ ਸਕਦੇ {ਬਹੁ-ਵਚਨ}। ਭੇਵ = ਭੇਤ। ਗਤਿ = ਹਾਲਤ। ਮਿਤਿ = ਮਾਪ। ਜਾ ਕੀ ਗਤਿ ਮਿਤਿ = ਜਿਸ ਦੀ ਆਤਮਕ ਉੱਚਤਾ ਅਤੇ ਜਿਸ ਦਾ ਵਡੱਪਣ। ਘਟਿ ਘਟਿ = ਹਰੇਕ ਸਰੀਰ ਵਿਚ।2। ਆਨੰਦ ਮੈ = ਆਨੰਦ ਮਯ, ਆਨੰਦ-ਸਰੂਪ, ਆਨੰਦ-ਭਰਪੂਰ। ਖੈ = ਨਾਸ, ਆਤਮਕ ਮੌਤ। ਭੈ = ਦੁਨੀਆ ਦੇ ਡਰ। ਜੈ = ਜਿੱਤ, ਵਿਕਾਰਾਂ ਦੇ ਟਾਕਰੇ ਤੇ ਜਿੱਤ।3। ਉਪਮਾ = ਵਡਿਆਈ, ਸਿਫ਼ਤਿ। ਰਹਿਓ ਸਮਾਇ = ਸਭ ਥਾਂ ਮੌਜੂਦ ਹੈ। ਜਾਚੈ = ਮੰਗਦਾ ਹੈ। ਦਾਨੁ = ਖ਼ੈਰ। ਮੋਹਿ = ਮੈਨੂੰ।4। ਅਰਥ: ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ! ਮੇਰੀ ਇਹ ਜਿੰਦ ਮੇਰੇ ਇਹ ਪ੍ਰਾਣ = ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।1। ਰਹਾਉ। ਹੇ ਮਾਂ! ਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ (ਉਂਞ ਤਾਂ ਹਰ ਵੇਲੇ) ਮੇਰੇ ਨਾਲ ਵੱਸਦਾ ਹੈ (ਪਰ ਮੈਨੂੰ ਦਿੱਸਦਾ ਨਹੀਂ) । ਹੇ ਮਾਂ! ਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ, ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ।1। ਹੇ ਮਾਂ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ, ਜਿਸ ਦਾ ਭੇਤ ਮੁਨੀ ਲੋਕ ਅਤੇ ਸ਼ੇਸ਼-ਨਾਗ ਭੀ ਨਹੀਂ ਪਾ ਸਕਦੇ, ਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ, ਹੇ ਮਾਂ! ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।2। ਹੇ ਮਾਂ! ਜਿਸ ਪਰਮਾਤਮਾ ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ, ਜਿਸ ਪਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ, ਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ, ਜਿਸ ਪਰਮਾਤਮਾ ਦੇ ਭਗਤਾਂ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਦਾ ਜਿੱਤ ਹੁੰਦੀ ਹੈ (ਉਹ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ) ।3। ਹੇ ਪ੍ਰਭੂ! ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ (ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ) । ਤੂੰ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਮਾਲਕ ਹੈਂ, ਤੂੰ ਹਰ ਥਾਂ ਮੌਜੂਦ ਹੈਂ। ਹੇ ਪ੍ਰਭੂ! (ਤੇਰੇ ਪਾਸੋਂ) ਇਕ ਖ਼ੈਰ ਮੰਗਦਾ ਹਾਂ = ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼।4।5। ਬਸੰਤੁ ਮਹਲਾ ੫ ॥ ਮਿਲਿ ਪਾਣੀ ਜਿਉ ਹਰੇ ਬੂਟ ॥ ਸਾਧਸੰਗਤਿ ਤਿਉ ਹਉਮੈ ਛੂਟ ॥ ਜੈਸੀ ਦਾਸੇ ਧੀਰ ਮੀਰ ॥ ਤੈਸੇ ਉਧਾਰਨ ਗੁਰਹ ਪੀਰ ॥੧॥ ਤੁਮ ਦਾਤੇ ਪ੍ਰਭ ਦੇਨਹਾਰ ॥ ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ ਜਿਸਹਿ ਪਰਾਪਤਿ ਸਾਧਸੰਗੁ ॥ ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ ਤੇ ਬੰਧਨ ਤੇ ਭਏ ਮੁਕਤਿ ॥ ਭਗਤ ਅਰਾਧਹਿ ਜੋਗ ਜੁਗਤਿ ॥੨॥ ਨੇਤ੍ਰ ਸੰਤੋਖੇ ਦਰਸੁ ਪੇਖਿ ॥ ਰਸਨਾ ਗਾਏ ਗੁਣ ਅਨੇਕ ॥ ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ ਸੇਵਕੁ ਲਾਗੋ ਚਰਣ ਸੇਵ ॥ ਆਦਿ ਪੁਰਖ ਅਪਰੰਪਰ ਦੇਵ ॥ ਸਗਲ ਉਧਾਰਣ ਤੇਰੋ ਨਾਮੁ ॥ ਨਾਨਕ ਪਾਇਓ ਇਹੁ ਨਿਧਾਨੁ ॥੪॥੬॥ {ਪੰਨਾ 1181} ਪਦ ਅਰਥ: ਮਿਲਿ = ਮਿਲ ਕੇ। ਬੂਟ = ਬੂਟੇ। ਛੂਟ = ਮੁੱਕ ਜਾਂਦੀ ਹੈ। ਦਾਸੇ = ਦਾਸ ਨੂੰ। ਧੀਰ = ਧੀਰਜ, ਹੌਸਲਾ, ਸਹਾਰਾ। ਮੀਰ = ਮਾਲਕ (ਦਾ) । ਗੁਰਹ ਪੀਰ = ਗੁਰੂ-ਪੀਰ। ਉਧਾਰਨ = ਪਾਰ-ਉਤਾਰੇ ਲਈ ਆਸਰਾ।1। ਦੇਨਹਾਰ = ਸਭ ਕੁਝ ਦੇ ਸਕਣ ਵਾਲੇ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਤਿਸੁ = ਉਸ (ਪਰਮਾਤਮਾ) ਨੂੰ।1। ਰਹਾਉ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਾਧ ਸੰਗੁ = ਗੁਰੂ ਦਾ ਸਾਥ। ਰੰਗੁ = ਪਿਆਰ। ਤੇ = ਉਹ ਮਨੁੱਖ {ਬਹੁ-ਵਚਨ}। ਤੇ = ਤੋਂ। ਬੰਧਨ ਤੇ = ਮਾਇਆ ਦੇ ਮੋਹ ਦੇ ਬੰਧਨਾਂ ਤੋਂ। ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਜੋਗ = ਮਿਲਾਪ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ।2। ਨੇਤ੍ਰ = ਅੱਖਾਂ। ਨੇਤ੍ਰ ਸੰਤੋਖੇ = ਅੱਖਾਂ ਨੂੰ (ਪਰਾਇਆ ਰੂਪ ਤੱਕਣ ਵਲੋਂ) ਸੰਤੋਖ ਆ ਜਾਂਦਾ ਹੈ। ਪੇਖਿ = ਵੇਖ ਕੇ। ਰਸਨਾ = ਜੀਭ। ਗਾਏ = ਗਾਂਦੀ ਹੈ। ਬੂਝੀ = ਮਿਟ ਜਾਂਦੀ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਆਘਾਨਾ = ਰੱਜ ਜਾਂਦਾ ਹੈ। ਹਰਿ ਰਸਹਿ ਸੁਆਦਿ = ਹਰਿ-ਨਾਮ-ਰਸ ਦੇ ਸੁਆਦ ਨਾਲ।3। ਆਦਿ = ਹੇ ਸਾਰੇ ਜਗਤ ਦੇ ਮੂਲ! ਪੁਰਖ = ਹੇ ਸਰਬ-ਵਿਆਪਕ! ਅਪਰੰਪਰ = ਹੇ ਪਰੇ ਤੋਂ ਪਰੇ! ਸਗਲ ਉਧਾਰਣ = ਸਾਰੇ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ। ਨਿਧਾਨੁ = ਖ਼ਜ਼ਾਨਾ।4। ਅਰਥ: ਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ। ਹੇ ਭਾਈ! ਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ।1। ਰਹਾਉ। ਹੇ ਭਾਈ! ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ। ਹੇ ਭਾਈ! ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ, ਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ।1। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ। ਹੇ ਭਾਈ! (ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ। ਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ– ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ।2। ਹੇ ਭਾਈ! ਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ। (ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ, ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ।3। ਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ। ਹੇ ਨਾਨਕ! (ਆਖ– ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ, ਉਸ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।4।6। ਬਸੰਤੁ ਮਹਲਾ ੫ ॥ ਤੁਮ ਬਡ ਦਾਤੇ ਦੇ ਰਹੇ ॥ ਜੀਅ ਪ੍ਰਾਣ ਮਹਿ ਰਵਿ ਰਹੇ ॥ ਦੀਨੇ ਸਗਲੇ ਭੋਜਨ ਖਾਨ ॥ ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ ਹਉ ਕਛੂ ਨ ਜਾਨਉ ਤੇਰੀ ਸਾਰ ॥ ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥ ਜਾਪ ਨ ਤਾਪ ਨ ਕਰਮ ਕੀਤਿ ॥ ਆਵੈ ਨਾਹੀ ਕਛੂ ਰੀਤਿ ॥ ਮਨ ਮਹਿ ਰਾਖਉ ਆਸ ਏਕ ॥ ਨਾਮ ਤੇਰੇ ਕੀ ਤਰਉ ਟੇਕ ॥੨॥ ਸਰਬ ਕਲਾ ਪ੍ਰਭ ਤੁਮ੍ਹ੍ਹ ਪ੍ਰਬੀਨ ॥ ਅੰਤੁ ਨ ਪਾਵਹਿ ਜਲਹਿ ਮੀਨ ॥ ਅਗਮ ਅਗਮ ਊਚਹ ਤੇ ਊਚ ॥ ਹਮ ਥੋਰੇ ਤੁਮ ਬਹੁਤ ਮੂਚ ॥੩॥ ਜਿਨ ਤੂ ਧਿਆਇਆ ਸੇ ਗਨੀ ॥ ਜਿਨ ਤੂ ਪਾਇਆ ਸੇ ਧਨੀ ॥ ਜਿਨਿ ਤੂ ਸੇਵਿਆ ਸੁਖੀ ਸੇ ॥ ਸੰਤ ਸਰਣਿ ਨਾਨਕ ਪਰੇ ॥੪॥੭॥ {ਪੰਨਾ 1181-1182} ਪਦ ਅਰਥ: ਦੇ ਰਹੇ = (ਦਾਤਾਂ) ਦੇ ਰਿਹਾ ਹੈਂ। ਰਵਿ ਰਹੇ = ਮੌਜੂਦ ਹੈਂ, ਵਿਆਪਕ ਹੈਂ। ਖਾਨ = ਖਾਣ ਲਈ। ਮੋਹਿ ਨਿਰਗੁਨ = ਮੈਂ ਗੁਣ-ਹੀਨ ਨੇ। ਗੁਨੁ = ਉਪਕਾਰ। ਨ ਜਾਨ = ਨਹੀਂ ਸਮਝਿਆ।1। ਹਉ = ਹਉਂ, ਮੈਂ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਸਾਰ = ਕਦਰ। ਗਤਿ = ਉੱਚੀ ਆਤਮਕ ਅਵਸਥਾ। ਪ੍ਰਭ ਦਇਆਰ = ਹੇ ਦਇਆਲ ਪ੍ਰਭੂ!।1। ਰਹਾਉ। ਕਰਮ = (ਮਿਥੇ ਹੋਏ ਧਾਰਮਿਕ) ਕਰਮ। ਕੀਤਿ = ਕੀਤੇ। ਰੀਤਿ = (ਧਾਰਮਿਕ) ਰਸਮ। ਰਾਖਉਂ, ਮੈਂ ਰੱਖਦਾ ਹਾਂ। ਤਰਉ = ਤਰਉਂ, ਮੈਂ ਤਰਦਾ ਹਾਂ, ਮੈਂ ਪਾਰ ਲੰਘ ਜਾਵਾਂਗਾ। ਟੇਕ = ਆਸਰੇ।2। ਕਲਾ = ਸੱਤਿਆ, ਹੁਨਰ। ਪ੍ਰਬੀਨ = ਸਿਆਣਾ, ਪੂਰਨ। ਜਲਹਿ ਮੀਨ = ਜਲ ਦੀਆਂ ਮੱਛੀਆਂ। ਅਗਮ = ਅਪਹੁੰਚ। ਤੇ = ਤੋਂ। ਥੋਰੇ = ਥੋੜੇ ਵਿਤ ਵਾਲੇ, ਥੋੜ-ਵਿਤੇ। ਮੂਚ = ਵੱਡਾ, ਵੱਡੇ ਜਿਗਰੇ ਵਾਲਾ।3। ਤੂ = ਤੈਨੂੰ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗ਼ਨੀ, ਧਨਾਢ। ਤੂ = ਤੈਨੂੰ। ਧਨੀ = ਧਨ ਵਾਲੇ, ਦੌਲਤਮੰਦ। ਜਿਨਿ = ਜਿਸ ਨੇ, ਜਿਸ ਜਿਸ ਨੇ। ਨਾਨਕ = ਹੇ ਨਾਨਕ।4। ਅਰਥ: ਹੇ ਦਇਆਲ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ, (ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ।1। ਰਹਾਉ। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ, ਤੂੰ ਸਭਨਾਂ ਦੀ ਜਿੰਦ ਵਿਚ ਸਭਨਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ। ਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ, ਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ।1। ਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ; ਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ। ਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ, ਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ।2। ਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ (ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ। ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ। ਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ।3। ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਦੌਲਤਮੰਦ ਹਨ, ਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਧਨਾਢ ਹਨ। ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ, ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ।4।7। |
Sri Guru Granth Darpan, by Professor Sahib Singh |