ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1182

ਬਸੰਤੁ ਮਹਲਾ ੫ ॥ ਤਿਸੁ ਤੂ ਸੇਵਿ ਜਿਨਿ ਤੂ ਕੀਆ ॥ ਤਿਸੁ ਅਰਾਧਿ ਜਿਨਿ ਜੀਉ ਦੀਆ ॥ ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥ ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥ ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥ ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥ ਦੂਜੀ ਸੇਵਾ ਜੀਵਨੁ ਬਿਰਥਾ ॥ ਕਛੂ ਨ ਹੋਈ ਹੈ ਪੂਰਨ ਅਰਥਾ ॥ ਮਾਣਸ ਸੇਵਾ ਖਰੀ ਦੁਹੇਲੀ ॥ ਸਾਧ ਕੀ ਸੇਵਾ ਸਦਾ ਸੁਹੇਲੀ ॥੨॥ ਜੇ ਲੋੜਹਿ ਸਦਾ ਸੁਖੁ ਭਾਈ ॥ ਸਾਧੂ ਸੰਗਤਿ ਗੁਰਹਿ ਬਤਾਈ ॥ ਊਹਾ ਜਪੀਐ ਕੇਵਲ ਨਾਮ ॥ ਸਾਧੂ ਸੰਗਤਿ ਪਾਰਗਰਾਮ ॥੩॥ ਸਗਲ ਤਤ ਮਹਿ ਤਤੁ ਗਿਆਨੁ ॥ ਸਰਬ ਧਿਆਨ ਮਹਿ ਏਕੁ ਧਿਆਨੁ ॥ ਹਰਿ ਕੀਰਤਨ ਮਹਿ ਊਤਮ ਧੁਨਾ ॥ ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥ {ਪੰਨਾ 1182}

ਪਦ ਅਰਥ: ਸੇਵਿ = ਸੇਵਾ-ਭਗਤੀ ਕਰ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਜੀਉ = ਜਿੰਦ। ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਚਾਕਰੁ = ਦਾਸ। ਹੋਰਿ = ਜੇ ਤੂੰ ਬਣ ਜਾਏਂ। ਡਾਨੁ = ਡੰਨ, ਜਮਾਂ ਦਾ ਡੰਡ। ਪੋਤਦਾਰੀ = {ਪੋਤਹ = ਖ਼ਜ਼ਾਨਾ। ਪੋਤਹਦਾਰ = ਖ਼ਜ਼ਾਨਚੀ} ਖ਼ਜ਼ਨਾਚੀ ਦਾ ਕੰਮ।1।

ਏਵਡ ਭਾਗ = ਏਡੇ ਵੱਡੇ ਭਾਗ, ਬੜੀ ਕਿਸਮਤ। ਪਦੁ ਨਿਰਬਾਣੀ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਾਹ ਸਕੇ। ਨਿਰਬਾਣੀ = ਵਾਸਨਾ-ਰਹਿਤ।1। ਰਹਾਉ।

ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ। ਬਿਰਥਾ = ਵਿਅਰਥ। ਅਰਥਾ = ਲੋੜ, ਗ਼ਰਜ਼। ਖਰੀ = ਬਹੁਤ। ਦੁਹੇਲੀ = ਦੁਖਦਾਈ। ਸਾਧ = ਗੁਰੂ। ਸੁਹੇਲੀ = ਸੁਖ ਦੇਣ ਵਾਲੀ।2।

ਭਾਈ = ਹੇ ਭਾਈ! {ਸੰਬੋਧਨ}। ਗੁਰਹਿ = ਗੁਰੂ ਨੇ। ਊਹਾ = ਸਾਧ ਸੰਗਤਿ ਵਿਚ। ਜਪੀਐ = ਜਪੀਦਾ ਹੈ। ਪਾਰਗਰਾਮ = ਪਾਰ ਗਾਮਿਨ, ਪਾਰ ਗਾਮੀ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ।3।

ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ, ਆਤਮਕ ਜੀਵਨ ਦੀ ਸੂਝ। ਤਤੁ = ਸ੍ਰੇਸ਼ਟ ਵਿਚਾਰ। ਧਿਆਨ = ਸਮਾਧੀ। ਕੀਰਤਨ = ਸਿਫ਼ਤਿ-ਸਾਲਾਹ। ਧੁਨਾ = ਲਗਨ, ਸੁਰਤਿ। ਗੁਰ ਮਿਲਿ = ਗੁਰੂ ਨੂੰ ਮਿਲ ਕੇ।4।

ਅਰਥ: ਹੇ ਭਾਈ! ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ, ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ। ਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ। ਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ। (ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ।1।

ਹੇ ਭਾਈ! (ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ। ਹੇ ਭਾਈ! ਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ। ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ।2।

ਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ, ਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤਿ ਕਰਿਆ ਕਰ। ਸਾਧ ਸੰਗਤਿ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ, ਸਾਧ ਸੰਗਤਿ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ।3।

ਹੇ ਭਾਈ! ਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸ੍ਰੇਸ਼ਟ ਵਿਚਾਰ ਹੈ। ਪਰਮਾਤਮਾ ਵਿਚ ਸੁਰਤਿ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ। ਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ।4।8।

ਬਸੰਤੁ ਮਹਲਾ ੫ ॥ ਜਿਸੁ ਬੋਲਤ ਮੁਖੁ ਪਵਿਤੁ ਹੋਇ ॥ ਜਿਸੁ ਸਿਮਰਤ ਨਿਰਮਲ ਹੈ ਸੋਇ ॥ ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥ ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥ ਰਾਮ ਰਾਮ ਬੋਲਿ ਰਾਮ ਰਾਮ ॥ ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥ ਜਿਸ ਕੇ ਧਾਰੇ ਧਰਣਿ ਅਕਾਸੁ ॥ ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥ ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥ ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥ ਸਗਲ ਧਰਮ ਮਹਿ ਊਤਮ ਧਰਮ ॥ ਕਰਮ ਕਰਤੂਤਿ ਕੈ ਊਪਰਿ ਕਰਮ ॥ ਜਿਸ ਕਉ ਚਾਹਹਿ ਸੁਰਿ ਨਰ ਦੇਵ ॥ ਸੰਤ ਸਭਾ ਕੀ ਲਗਹੁ ਸੇਵ ॥੩॥ ਆਦਿ ਪੁਰਖਿ ਜਿਸੁ ਕੀਆ ਦਾਨੁ ॥ ਤਿਸ ਕਉ ਮਿਲਿਆ ਹਰਿ ਨਿਧਾਨੁ ॥ ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥ ਨਾਨਕ ਜਨ ਹਰਿ ਹਰਿ ਧਿਆਇ ॥੪॥੯॥ {ਪੰਨਾ 1182}

ਪਦ ਅਰਥ: ਜਿਸ ਬੋਲਤੁ = ਜਿਸ ਹਰਿ-ਨਾਮ ਨੂੰ ਉਚਾਰਦਿਆਂ। ਹੋਇ = ਹੋ ਜਾਂਦਾ ਹੈ {ਇਕ-ਵਚਨ}। ਨਿਰਮਲ ਸੋਇ = ਬੇ-ਦਾਗ਼ ਸੋਭਾ। ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼। ਲਹੈ– (ਮਨੁੱਖ) ਪ੍ਰਾਪਤ ਕਰ ਲੈਂਦਾ ਹੈ।1।

ਬੋਲਿ = ਉਚਾਰਿਆ ਕਰ, ਸਿਮਰਿਆ ਕਰ। ਕੇ = ਦੇ। ਕਾਮ = ਵਾਸਨਾ।1। ਰਹਾਉ।

ਜਿਸ ਕੇ = {ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਧਾਰੇ = ਟਿਕਾਏ ਹੋਏ। ਧਰਣਿ = ਧਰਤੀ। ਘਟਿ ਘਟਿ = ਹਰੇਕ ਸਰੀਰ ਵਿਚ। ਪ੍ਰਗਾਸੁ = ਨੂਰ, ਚਾਨਣ। ਪਤਿਤ = ਵਿਕਾਰੀ, ਵਿਕਾਰਾਂ ਵਿਚ ਡਿੱਗਾ ਹੋਇਆ। ਅੰਤ ਕਾਲਿ = ਅਖ਼ੀਰ ਦੇ ਵੇਲੇ। ਕਾਲਿ = ਸਮੇ ਵਿਚ। ਨ ਰੋਇ = ਨਹੀਂ ਰੋਂਦਾ।2।

ਊਤਮ = ਸ੍ਰੇਸ਼ਟ। ਕੈ ਉਪਰਿ = ਦੇ ਉੱਤੇ, ਤੋਂ ਵਧੀਆ। ਚਾਹਹਿ = ਤਾਂਘਦੇ ਹਨ {ਬਹੁ-ਵਚਨ}। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}।3।

ਆਦਿ ਪੁਰਖਿ = ਆਦਿ ਪੁਰਖ ਨੇ, ਸਭ ਦੇ ਮੂਲ ਤੇ ਸਰਬ-ਵਿਆਪਕ ਪ੍ਰਭੂ ਨੇ। ਨਿਧਾਨੁ = ਨਾਮ-ਖ਼ਜ਼ਾਨਾ। ਤਿਸ ਕਉ, ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ ਸੰਬੰਧਕ 'ਕਉ' ਅਤੇ 'ਕੀ' ਦੇ ਕਾਰਨ}। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਵਡੱਪਣ।4।

ਅਰਥ: ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ। ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ।1। ਰਹਾਉ।

ਹੇ ਭਾਈ! (ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ, ਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ, ਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ (ਡਰਾ ਨਹੀਂ ਸਕਦਾ) ਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ।1।

ਹੇ ਭਾਈ! (ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ, ਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ, ਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ, (ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ।2।

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ, ਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ। ਹੇ ਭਾਈ! (ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ। ਹੇ ਭਾਈ! ਸਾਧ ਸੰਗਤਿ ਦੀ ਸੇਵਾ ਕਰਿਆ ਕਰ (ਸਾਧ ਸੰਗਤਿ ਵਿਚੋਂ ਹੀ ਨਾਮ-ਸਿਮਰਨ ਦੀ ਦਾਤਿ ਮਿਲਦੀ ਹੈ) ।3।

ਹੇ ਭਾਈ! ਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤਿ ਬਖ਼ਸ਼ੀ, ਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ। ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।4।9।

ਬਸੰਤੁ ਮਹਲਾ ੫ ॥ ਮਨ ਤਨ ਭੀਤਰਿ ਲਾਗੀ ਪਿਆਸ ॥ ਗੁਰਿ ਦਇਆਲਿ ਪੂਰੀ ਮੇਰੀ ਆਸ ॥ ਕਿਲਵਿਖ ਕਾਟੇ ਸਾਧਸੰਗਿ ॥ ਨਾਮੁ ਜਪਿਓ ਹਰਿ ਨਾਮ ਰੰਗਿ ॥੧॥ ਗੁਰ ਪਰਸਾਦਿ ਬਸੰਤੁ ਬਨਾ ॥ ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥ ਸਮਰਥ ਸੁਆਮੀ ਕਾਰਣ ਕਰਣ ॥ ਮੋਹਿ ਅਨਾਥ ਪ੍ਰਭ ਤੇਰੀ ਸਰਣ ॥ ਜੀਅ ਜੰਤ ਤੇਰੇ ਆਧਾਰਿ ॥ ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥ ਭਵ ਖੰਡਨ ਦੁਖ ਨਾਸ ਦੇਵ ॥ ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥ ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥ ਤੇਰਾ ਦੀਆ ਸਭਿ ਜੰਤ ਖਾਹਿ ॥੩॥ ਅੰਤਰਜਾਮੀ ਪ੍ਰਭ ਦਇਆਲ ॥ ਅਪਣੇ ਦਾਸ ਕਉ ਨਦਰਿ ਨਿਹਾਲਿ ॥ ਕਰਿ ਕਿਰਪਾ ਮੋਹਿ ਦੇਹੁ ਦਾਨੁ ॥ ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥ {ਪੰਨਾ 1182-1183}

ਪਦ ਅਰਥ: ਭੀਤਰਿ = ਅੰਦਰ, ਵਿਚ। ਪਿਆਸ = ਤਾਂਘ। ਗੁਰਿ = ਗੁਰੂ ਨੇ। ਦਇਆਲਿ = ਦਇਆਲ ਨੇ। ਕਿਲਵਿਖ = ਪਾਪ। ਸਾਧ ਸੰਗਿ = ਸਾਧ ਸੰਗਤਿ ਵਿਚ। ਨਾਮ = ਰੰਗਿ = ਨਾਮ ਦੇ ਪਿਆਰ ਵਿਚ।1।

ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਬਸੰਤੁ = ਖਿੜਾਉ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਹਿਰਦੈ = ਹਿਰਦੇ ਵਿਚ। ਉਰਿ = {ars`} ਛਾਤੀ ਵਿਚ। ਜਸੁ = ਸਿਫ਼ਤਿ ਸਾਲਾਹ।1। ਰਹਾਉ।

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਕਾਰਣ ਕਰਣ = ਹੇ ਕਰਣ ਦੇ ਕਾਰਨ! ਹੇ ਜਗਤ ਦੇ ਮੂਲ! ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਆਧਾਰਿ = ਆਸਰੇ ਵਿਚ। ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ! ਲੇਹਿ ਨਿਸਤਾਰਿ = ਪਾਰ ਲੰਘਾ ਲੈ।2।

ਭਵ ਖੰਡਨ = ਹੇ ਜਨਮ ਮਰਨ ਦਾ ਗੇੜ ਕੱਟਣ ਵਾਲੇ। ਦੇਵ = ਹੇ ਪ੍ਰਕਾਸ਼-ਰੂਪ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਤਾ ਕੀ = ਉਸ (ਪਰਮਾਤਮਾ) ਦੀ। ਸੇਵ = ਭਗਤੀ। ਧਰਣਿ = ਧਰਤੀ। ਜਾ ਕੀ = ਜਿਸ (ਪਰਮਾਤਮਾ) ਦੀ। ਕਲਾ = ਸੱਤਿਆ। ਸਭਿ = ਸਾਰੇ। ਖਾਹਿ = ਖਾਂਦੇ ਹਨ {ਬਹੁ-ਵਚਨ}। ਨਿਹਾਲਿ = ਵੇਖ।3।

ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਕਉ = ਨੂੰ। ਨਦਰਿ = ਮਿਹਰ ਦੀ ਨਿਗਾਹ। ਕਰਿ = ਕਰ ਕੇ। ਮੋਹਿ = ਮੈਨੂੰ। ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰੇ।4।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ। (ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ। ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ।1। ਰਹਾਉ।

ਹੇ ਭਾਈ! ਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ। (ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ। ਗੁਰੂ ਦੀ ਸੰਗਤਿ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ।1।

ਹੇ ਸਭ ਤਾਕਤਾਂ ਦੇ ਮਾਲਕ! ਹੇ ਸੁਆਮੀ! ਹੇ ਜਗਤ ਦੇ ਮੂਲ! ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ! ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ, ਮਿਹਰ ਕਰ ਕੇ (ਇਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।2।

ਹੇ ਜਨਮ ਮਰਨ ਦਾ ਗੇੜ ਕੱਟਣ ਵਾਲੇ! ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਹੇ ਚਾਨਣ-ਰੂਪ! ਸਾਰੇ ਜੀਵ ਤੇਰਾ ਦਿੱਤਾ (ਅੰਨ) ਖਾਂਦੇ ਹਨ। ਹੇ ਭਾਈ! ਧਰਤੀ ਅਤੇ ਆਕਾਸ਼ ਜਿਸ (ਪਰਮਾਤਮਾ) ਦੀ ਸੱਤਿਆ ਦੇ ਆਸਰੇ ਟਿਕੇ ਹੋਏ ਹਨ, ਦੈਵੀ ਗੁਣਾਂ ਵਾਲੇ ਮਨੁੱਖ ਅਤੇ ਮੁਨੀ ਲੋਕ ਉਸ ਦੀ ਸੇਵਾ-ਭਗਤੀ ਕਰਦੇ ਹਨ।3।

ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਦਇਆਲ ਪ੍ਰਭੂ! ਆਪਣੇ ਦਾਸ ਨੂੰ ਮਿਹਰ ਦੀ ਨਿਗਾਹ ਨਾਲ ਵੇਖ। ਮਿਹਰ ਕਰ ਕੇ ਮੈਨੂੰ (ਇਹ) ਦਾਨ ਦੇਹ ਕਿ (ਤੇਰਾ ਦਾਸ) ਨਾਨਕ ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰੇ।4।10।

TOP OF PAGE

Sri Guru Granth Darpan, by Professor Sahib Singh