ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1183

ਬਸੰਤੁ ਮਹਲਾ ੫ ॥ ਰਾਮ ਰੰਗਿ ਸਭ ਗਏ ਪਾਪ ॥ ਰਾਮ ਜਪਤ ਕਛੁ ਨਹੀ ਸੰਤਾਪ ॥ ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥ ਹਰਿ ਸਿਮਰਤ ਕਛੁ ਨਾਹਿ ਫੇਰ ॥੧॥ ਬਸੰਤੁ ਹਮਾਰੈ ਰਾਮ ਰੰਗੁ ॥ ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥ ਸੰਤ ਜਨੀ ਕੀਆ ਉਪਦੇਸੁ ॥ ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥ ਹਰਿ ਭਗਤਿਹੀਨ ਉਦਿਆਨ ਥਾਨੁ ॥ ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥ ਹਰਿ ਕੀਰਤਨ ਰਸ ਭੋਗ ਰੰਗੁ ॥ ਮਨ ਪਾਪ ਕਰਤ ਤੂ ਸਦਾ ਸੰਗੁ ॥ ਨਿਕਟਿ ਪੇਖੁ ਪ੍ਰਭੁ ਕਰਣਹਾਰ ॥ ਈਤ ਊਤ ਪ੍ਰਭ ਕਾਰਜ ਸਾਰ ॥੩॥ ਚਰਨ ਕਮਲ ਸਿਉ ਲਗੋ ਧਿਆਨੁ ॥ ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥ ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥ ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥ {ਪੰਨਾ 1183}

ਪਦ ਅਰਥ: ਰੰਗਿ = ਪ੍ਰੇਮ ਵਿਚ (ਜੁੜਿਆਂ) । ਜਪਤ = ਜਪਦਿਆਂ। ਸੰਤਾਪ = ਦੁੱਖ-ਕਲੇਸ਼। ਸਭਿ = ਸਾਰੇ। ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ। ਫੇਰ = ਜਨਮ ਮਰਨ ਦੇ ਗੇੜ।1।

ਹਮਾਰੈ = ਮੇਰੇ ਹਿਰਦੇ ਵਿਚ। ਰੰਗੁ = ਪਿਆਰ। ਬਸੰਤ = ਖਿੜਾਉ। ਸਿਉ = ਨਾਲ। ਸੰਗੁ = ਸਾਥ।1। ਰਹਾਉ।

ਜਨੀ = ਜਨਾਂ ਨੇ। ਜਹ = ਜਿੱਥੇ। ਧੰਨਿ = ਭਾਗਾਂ ਵਾਲਾ। ਉਦਿਆਨ = ਉਜਾੜ। ਪ੍ਰਸਾਦਿ = ਕਿਰਪਾ ਨਾਲ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ) । ਪਛਾਨੁ = ਸਮਝ ਲੈ।2।

ਰਸ = ਸੁਆਦ। ਰੰਗੁ = ਮੌਜ-ਬਹਾਰ। ਮਨ = ਹੇ ਮਨ! ਸੰਗੁ = ਝਿਜਕਿਆ ਕਰ। ਨਿਕਟਿ = ਨੇੜੇ। ਪੇਖੁ = ਵੇਖ। ਕਰਣਹਾਰ = ਸਭ ਕੁਝ ਕਰ ਸਕਣ ਵਾਲਾ। ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਸਾਰ = ਸਵਾਰਨ ਵਾਲਾ।3।

ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਬਾਛਉ = ਬਾਛਉਂ, ਮੈਂ ਮੰਗਦਾ ਹਾਂ। ਧੂਰਿ = ਚਰਨ-ਧੂੜ। ਜਪਿ = ਜਪੀਂ, ਮੈਂ ਜਪਦਾ ਰਹਾਂ।4।

ਅਰਥ: ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੰਤ ਜਨਾਂ ਨਾਲ (ਮੇਰਾ) ਸਦਾ ਸਾਥ ਬਣਿਆ ਰਹਿੰਦਾ ਹੈ, (ਹੁਣ) ਮੇਰੇ ਅੰਦਰ ਪਰਮਾਤਮਾ (ਦੇ ਨਾਮ) ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਗਿਆ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਪਿਆਰ ਵਿਚ (ਟਿਕਿਆਂ) ਸਾਰੇ ਪਾਪ ਮਿਟ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦੇ, ਗੋਬਿੰਦ ਦਾ ਨਾਮ ਜਪਦਿਆਂ (ਮਾਇਆ ਦੇ ਮੋਹ ਦੇ) ਸਾਰੇ ਹਨੇਰੇ ਮਿਟ ਜਾਂਦੇ ਹਨ, ਹਰਿ-ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ।1।

ਹੇ ਭਾਈ! ਸੰਤ ਜਨਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ ਉਹ ਦੇਸ ਭਾਗਾਂ ਵਾਲਾ ਹੈ ਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ। ਹੇ ਭਾਈ! ਗੁਰੂ ਦੀ ਕਿਰਪਾ ਨਾਲ (ਤੂੰ ਉਸ ਪਰਮਾਤਮਾ ਨੂੰ) ਹਰੇਕ ਸਰੀਰ ਵਿਚ ਵੱਸਦਾ ਸਮਝ।2।

ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹੀ ਦੁਨੀਆ ਦੇ ਰਸਾਂ ਭੋਗਾਂ ਦੀ ਮੌਜ-ਬਹਾਰ ਸਮਝ। ਹੇ ਮਨ! ਪਾਪ ਕਰਦਿਆਂ ਸਦਾ ਝਿਜਕਿਆ ਕਰ। ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ (ਆਪਣੇ) ਨੇੜੇ ਵੱਸਦਾ ਵੇਖ। ਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸੰਵਾਰਨ ਵਾਲਾ ਹੈ।3।

ਹੇ ਭਾਈ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਮਨੁੱਖ ਉੱਤੇ) ਬਖ਼ਸ਼ਸ਼ ਕੀਤੀ, ਉਸ ਦੀ ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ। ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਹੇ ਸੁਆਮੀ! (ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ ਤੈਨੂੰ) ਸਦਾ ਅੰਗ-ਸੰਗ ਸਮਝ ਕੇ ਜਪਦਾ ਰਹਾਂ।4।11।

ਬਸੰਤੁ ਮਹਲਾ ੫ ॥ ਸਚੁ ਪਰਮੇਸਰੁ ਨਿਤ ਨਵਾ ॥ ਗੁਰ ਕਿਰਪਾ ਤੇ ਨਿਤ ਚਵਾ ॥ ਪ੍ਰਭ ਰਖਵਾਲੇ ਮਾਈ ਬਾਪ ॥ ਜਾ ਕੈ ਸਿਮਰਣਿ ਨਹੀ ਸੰਤਾਪ ॥੧॥ ਖਸਮੁ ਧਿਆਈ ਇਕ ਮਨਿ ਇਕ ਭਾਇ ॥ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥ ਅਪਣੇ ਜਨ ਪ੍ਰਭਿ ਆਪਿ ਰਖੇ ॥ ਦੁਸਟ ਦੂਤ ਸਭਿ ਭ੍ਰਮਿ ਥਕੇ ॥ ਬਿਨੁ ਗੁਰ ਸਾਚੇ ਨਹੀ ਜਾਇ ॥ ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥ ਕਿਰਤੁ ਓਨ੍ਹ੍ਹਾ ਕਾ ਮਿਟਸਿ ਨਾਹਿ ॥ ਓਇ ਅਪਣਾ ਬੀਜਿਆ ਆਪਿ ਖਾਹਿ ॥ ਜਨ ਕਾ ਰਖਵਾਲਾ ਆਪਿ ਸੋਇ ॥ ਜਨ ਕਉ ਪਹੁਚਿ ਨ ਸਕਸਿ ਕੋਇ ॥੩॥ ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥ ਅਖੰਡ ਪੂਰਨ ਜਾ ਕੋ ਪ੍ਰਤਾਪੁ ॥ ਗੁਣ ਗੋਬਿੰਦ ਨਿਤ ਰਸਨ ਗਾਇ ॥ ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥ {ਪੰਨਾ 1183}

ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਨਿਤ ਨਵਾ = ਸਦਾ ਨਵਾਂ, ਸਦਾ ਸੋਹਣਾ। ਤੇ = ਤੋਂ, ਦੀ ਰਾਹੀਂ। ਚਵਾ = ਚਵਾਂ, ਮੈਂ ਉਚਾਰਦਾ ਹਾਂ। ਜਾ ਕੈ ਸਿਮਰਣਿ = ਜਿਸ ਦੀ ਸਿਮਰਨ ਦੀ ਰਾਹੀਂ। ਸੰਤਾਪ = ਦੁੱਖ-ਕਲੇਸ਼।1।

ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਇਕ ਮਨਿ = ਇਕਾਗ੍ਰ ਮਨ ਨਾਲ। ਇਕ ਭਾਇ = ਅਨੰਨ ਪਿਆਰ ਨਾਲ। ਸਾਚੈ ਸਾਹਿਬਿ = ਸਦਾ ਕਾਇਮ ਰਹਿਣ ਵਾਲੇ ਮਾਲਕ ਨੇ। ਕੰਠਿ = ਗਲ ਨਾਲ। ਲਾਇ = ਲਾ ਕੇ।1। ਰਹਾਉ।

ਜਨ = ਦਾਸ, ਸੇਵਕ {ਬਹੁ-ਵਚਨ}। ਪ੍ਰਭਿ = ਪ੍ਰਭੂ ਨੇ। ਦੁਸਟ ਦੂਤ = ਚੰਦਰੇ ਵੈਰੀ। ਸਭਿ = ਸਾਰੇ। ਭ੍ਰਮਿ = ਭਟਕ ਭਟਕ ਕੇ। ਥਕੇ = ਹਾਰ ਗਏ। ਜਾਇ = ਥਾਂ। ਦੇਸ ਦਿਸੰਤਰਿ = ਦੇਸ ਦੇਸ ਅੰਤਰਿ, ਹੋਰ ਹੋਰ ਦੇਸ ਵਿਚ। ਰਹੇ ਧਾਇ = ਦੌੜ ਦੌੜ ਕੇ ਥੱਕ ਗਏ।2।

ਕਿਰਤੁ = ਕੀਤਾ ਹੋਇਆ ਕੰਮ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਖਾਹਿ = ਖਾਂਦੇ ਹਨ। ਸੋਇ = ਉਹ (ਪ੍ਰਭੂ) ਹੀ। ਪਹੁਚਿ ਨ ਸਕਸਿ = ਬਰਾਬਰੀ ਨਹੀਂ ਕਰ ਸਕਦਾ।3।

ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ। ਅਖੰਡ = ਅਤੁੱਟ। ਪੂਰਨ = ਮੁਕੰਮਲ। ਜਾ ਕੋ = ਜਿਸ (ਪਰਮਾਤਮਾ) ਦਾ। ਰਸਨ = ਜੀਭ ਨਾਲ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਧਿਆਨ ਧਰ ਕੇ।4।

ਅਰਥ: ਹੇ ਭਾਈ! ਮੈਂ ਪੂਰੇ ਗੁਰੂ ਦੀ ਸਦਾ ਸਰਨ ਪਿਆ ਰਹਿੰਦਾ ਹਾਂ (ਉਸ ਦੀ ਮਿਹਰ ਨਾਲ) ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ (ਮੈਨੂੰ) ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ, (ਹੁਣ) ਮੈਂ ਇਕਾਗ੍ਰ ਮਨ ਨਾਲ ਉਸੇ ਦੇ ਪਿਆਰ ਵਿਚ ਟਿਕ ਕੇ ਉਸ ਖਸਮ-ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾਂ।1। ਰਹਾਉ।

ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ) ਸਦਾ ਹੀ ਨਵਾਂ ਹੈ। ਗੁਰੂ ਦੀ ਮਿਹਰ ਨਾਲ ਮੈਂ ਸਦਾ (ਉਸ ਦਾ ਨਾਮ) ਉਚਾਰਦਾ ਹਾਂ। ਹੇ ਭਾਈ! (ਜਿਵੇਂ) ਮਾਪੇ (ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ) ਪ੍ਰਭੂ ਜੀ ਸਦਾ (ਮੇਰੇ) ਰਾਖੇ ਹਨ (ਉਹ ਪ੍ਰਭੂ ਐਸਾ ਹੈ) ਕਿ ਉਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ।1।

ਹੇ ਭਾਈ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹੈ (ਸੇਵਕਾਂ ਦੇ) ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ। (ਸੇਵਕਾਂ ਨੂੰ) ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ। (ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ) ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ (ਵਾਪਰਦਾ ਹੈ) ।2।

ਹੇ ਭਾਈ! (ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ) ਉਹਨਾਂ ਮਨੁੱਖਾਂ ਦਾ (ਇਹ) ਕੀਤਾ ਹੋਇਆ ਕੰਮ (ਕੀਤੇ ਇਹਨਾਂ ਕੰਮਾਂ ਦਾ ਸੰਸਕਾਰ-ਸਮੂਹ ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ। ਆਪਣੇ ਕੀਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ। ਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ। ਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ।3।

ਹੇ ਭਾਈ! ਜਿਸ ਪ੍ਰਭੂ ਦਾ ਅਤੁੱਟ ਅਤੇ ਪੂਰਨ ਪਰਤਾਪ ਹੈ, ਉਸ ਨੇ (ਉਚੇਚਾ) ਜਤਨ ਕਰ ਕੇ ਆਪਣੇ ਸੇਵਕਾਂ ਦੀ ਸਦਾ ਆਪ ਰਾਖੀ ਕੀਤੀ ਹੈ। ਹੇ ਭਾਈ! ਉਸ ਗੋਬਿੰਦ ਦੇ ਗੁਣ ਸਦਾ ਆਪਣੀ ਜੀਭ ਨਾਲ ਗਾਇਆ ਕਰ। ਨਾਨਕ (ਭੀ) ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ।4।12।

ਬਸੰਤੁ ਮਹਲਾ ੫ ॥ ਗੁਰ ਚਰਣ ਸਰੇਵਤ ਦੁਖੁ ਗਇਆ ॥ ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥ ਸਰਬ ਮਨੋਰਥ ਪੂਰਨ ਕਾਮ ॥ ਜਪਿ ਜੀਵੈ ਨਾਨਕੁ ਰਾਮ ਨਾਮ ॥੧॥ ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥ ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥ ਕਾਮ ਕ੍ਰੋਧ ਗੁਰ ਸਬਦਿ ਨਾਸਿ ॥ ਭੈ ਬਿਨਸੇ ਨਿਰਭੈ ਪਦੁ ਪਾਇਆ ॥ ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥ ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥ ਹਰਿ ਜਪਿ ਜਪਿ ਹੋਈ ਪੂਰਨ ਆਸ ॥ ਜਲਿ ਥਲਿ ਮਹੀਅਲਿ ਰਵਿ ਰਹਿਆ ॥ ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥ ਅਸਟ ਸਿਧਿ ਨਵ ਨਿਧਿ ਏਹ ॥ ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥ ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥ ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥ {ਪੰਨਾ 1183-1184}

ਪਦ ਅਰਥ: ਸਰੇਵਤ = ਹਿਰਦੇ ਵਿਚ ਵਸਾਂਦਿਆਂ, ਸਿਮਰਦਿਆਂ। ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ। ਸਰਬ = ਸਾਰੇ। ਮਨੋਰਥ = ਲੋੜਾਂ, ਮੁਰਾਦਾਂ। ਕਾਮ = ਕੰਮ। ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ।1।

ਸਾ = ਉਹ {ਇਸਤ੍ਰੀ ਲਿੰਗ}। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਚਿਤਿ = ਚਿੱਤ ਵਿਚ। ਬਿਲਲਾਂਤੀ = ਵਿਲਕਦੀ। ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਵੈ = ਜੰਮਦਾ ਮਰਦਾ ਰਹਿੰਦਾ ਹੈ।1। ਰਹਾਉ।

ਸੇ = ਉਹ ਮਨੁੱਖ {ਬਹੁ-ਵਚਨ}। ਰਾਸਿ = ਸਰਮਾਇਆ, ਪੂੰਜੀ। ਸਬਦਿ = ਸ਼ਬਦ ਦੀ ਰਾਹੀਂ। ਭੈ = ਸਾਰੇ ਡਰ। ਪਦੁ = ਆਤਮਕ ਦਰਜਾ। ਨਿਰਭੈ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਡਰ ਪੋਹ ਨਾਹ ਸਕੇ। ਮਿਲਿ = ਮਿਲ ਕੇ। ਨਾਨਕਿ = ਨਾਨਕ ਨੇ।2।

ਪ੍ਰਭਿ = ਪ੍ਰਭੂ ਨੇ। ਜਪਿ = ਜਪ ਕੇ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।3।

ਅਸਟ = ਅੱਠ। ਸਿਧਿ = ਸਿੱਧੀਆਂ, ਸਿੱਧਾਂ ਵਾਲੀਆਂ ਆਤਮਕ ਤਾਕਤਾਂ। ਨਵਨਿਧਿ = ਨੌ ਖ਼ਜ਼ਾਨੇ। ਕਰਮਿ = ਮਿਹਰ ਨਾਲ। ਪ੍ਰਭ = ਹੇ ਪ੍ਰਭੂ! ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}। ਕਮਲ ਪ੍ਰਗਾਸ = ਹਿਰਦਾ ਖਿੜ ਪੈਂਦਾ ਹੈ।4।

ਅਰਥ: ਹੇ ਭਾਈ! (ਮਨੁੱਖ ਵਾਸਤੇ) ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸਦਾ ਹੈ। ਗੁਰੂ ਦੀ ਸਰਨ ਤੋਂ ਬਿਨਾ (ਲੁਕਾਈ) ਵਿਲਕਦੀ ਦਿੱਸਦੀ ਹੈ। ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।1। ਰਹਾਉ।

ਹੇ ਭਾਈ! (ਜਿਸ ਮਨੁੱਖ ਉਤੇ) ਪਾਰਬ੍ਰਹਮ ਪ੍ਰਭੂ ਨੇ ਮਿਹਰ ਕੀਤੀ, ਗੁਰੂ ਦੇ ਚਰਨ ਹਿਰਦੇ ਵਿਚ ਵਸਾਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਹੇ ਭਾਈ! ਨਾਨਕ (ਭੀ) ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ।1।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਨਾਮ-ਸਰਮਾਇਆ ਮੌਜੂਦ ਹੈ ਉਹ ਧਨ ਵਾਲੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ। ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਉਹ ਐਸਾ ਆਤਮਕ ਦਰਜਾ ਪ੍ਰਾਪਤ ਕਰ ਲੈਂਦੇ ਹਨ ਜਿੱਥੇ ਕੋਈ ਡਰ ਪੋਹ ਨਹੀਂ ਸਕਦਾ। ਹੇ ਭਾਈ! ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ।2।

ਹੇ ਭਾਈ! ਪਰਮਾਤਮਾ ਨੇ ਜਿਸ ਮਨੁੱਖ ਦਾ ਟਿਕਾਣਾ ਸਾਧ ਸੰਗਤਿ ਵਿਚ ਬਣਾ ਦਿੱਤਾ ਹੈ, ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਉਹ ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈ। ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸੇ ਦਾ ਸਿਮਰਨ ਕੀਤਾ ਹੈ।3।

ਹੇ ਭਾਈ! ਇਹ ਹਰਿ-ਨਾਮ ਹੀ (ਸਿੱਧਾਂ ਦੀਆਂ) ਅੱਠ ਆਤਮਕ ਤਾਕਤਾਂ ਹੈ (ਕੁਬੇਰ ਦੇ) ਨੌ ਖ਼ਜ਼ਾਨੇ ਹੈ। ਜਿਸ ਮਨੁੱਖ ਨੂੰ ਪ੍ਰਭੂ ਇਹ ਨਾਮ ਦੇਂਦਾ ਹੈ ਉਸੇ ਨੂੰ ਉਸ ਦੀ ਮਿਹਰ ਨਾਲ ਮਿਲਦਾ ਹੈ। ਹੇ ਨਾਨਕ! (ਆਖ-) ਹੇ ਪ੍ਰਭੂ! ਤੇਰੇ ਦਾਸ (ਤੇਰਾ ਨਾਮ) ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਗੁਰੂ ਨੂੰ ਮਿਲ ਕੇ (ਨਾਮ ਦੀ ਬਰਕਤਿ ਨਾਲ ਉਹਨਾਂ ਦਾ) ਹਿਰਦਾ-ਕੌਲ ਖਿੜਿਆ ਰਹਿੰਦਾ ਹੈ।4।13।

TOP OF PAGE

Sri Guru Granth Darpan, by Professor Sahib Singh