ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1184 ਬਸੰਤੁ ਮਹਲਾ ੫ ਘਰੁ ੧ ਇਕ ਤੁਕੇ ੴ ਸਤਿਗੁਰ ਪ੍ਰਸਾਦਿ ॥ ਸਗਲ ਇਛਾ ਜਪਿ ਪੁੰਨੀਆ ॥ ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥ ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥ ਕਰਿ ਕਿਰਪਾ ਨਦਰਿ ਨਿਹਾਲਿਆ ॥ ਅਪਣਾ ਦਾਸੁ ਆਪਿ ਸਮ੍ਹ੍ਹਾਲਿਆ ॥੨॥ ਸੇਜ ਸੁਹਾਵੀ ਰਸਿ ਬਨੀ ॥ ਆਇ ਮਿਲੇ ਪ੍ਰਭ ਸੁਖ ਧਨੀ ॥੩॥ ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥ ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥ {ਪੰਨਾ 1184} ਪਦ ਅਰਥ: ਸਗਲ = ਸਾਰੀਆਂ। ਜਪਿ = (ਪ੍ਰਭੂ ਦਾ ਨਾਮ) ਜਪ ਕੇ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ। ਪ੍ਰਭਿ = ਪ੍ਰਭੂ ਨੇ। ਮੇਲੇ = ਮਿਲਾ ਲਏ। ਚਿਰੀ ਵਿਛੁੰਨਿਆ = ਚਿਰ ਦੇ ਵਿਛੁੜੇ ਹੋਇਆਂ ਨੂੰ।1। ਰਵਹੁ = ਸਿਮਰੋ। ਗੋਬਿੰਦੈ = ਗੋਬਿੰਦ (ਦੇ ਨਾਮ) ਨੂੰ। ਰਵਣ ਜੋਗੁ = ਸਿਮਰਨ-ਜੋਗ ਨੂੰ। ਜਿਤੁ = ਜਿਸ ਦੀ ਰਾਹੀਂ। ਜਿਤੁ ਰਵਿਐ = ਜਿਸ ਦਾ ਸਿਮਰਨ ਕੀਤਿਆਂ, ਜੇ ਉਸ ਦਾ ਸਿਮਰਨ ਕੀਤਾ ਜਾਏ। ਸੁਖ ਸਹਜ ਭੋਗੁ = ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ।1। ਰਹਾਉ। ਕਰਿ = ਕਰ ਕੇ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿਆ = ਤੱਕਿਆ, ਵੇਖਿਆ। ਸਮ੍ਹ੍ਹਾਲਿਆ = ਸੰਭਾਲ ਕੀਤੀ।2। ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਸਿ = (ਮਿਲਾਪ ਦੇ) ਸੁਆਦ ਨਾਲ। ਸੁਖ ਧਨੀ = ਸੁਖਾਂ ਦੇ ਮਾਲਕ।3। ਪੂਜਾਰਿਆ = ਪੁਜਾਰੀ ਬਣਾ ਲਿਆ।4। ਅਰਥ: ਹੇ ਭਾਈ! ਤੁਸੀ ਸਿਮਰਨ-ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ। ਜੇ (ਉਸ ਦਾ ਨਾਮ) ਸਿਮਰਿਆ ਜਾਏ, ਤਾਂ ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ (ਪ੍ਰਾਪਤ ਹੁੰਦਾ ਹੈ) ।1। ਰਹਾਉ। ਹੇ ਭਾਈ! (ਜਿਨ੍ਹਾਂ ਨੇ ਸਿਮਰਨ ਕੀਤਾ, ਉਹਨਾਂ) ਚਿਰ ਦੇ ਵਿਛੁੜੇ ਹੋਇਆਂ ਨੂੰ (ਭੀ) ਪ੍ਰਭੂ ਨੇ (ਆਪਣੇ ਚਰਨਾਂ ਦੇ ਨਾਲ) ਮਿਲਾ ਲਿਆ, (ਪਰਮਾਤਮਾ ਦਾ ਨਾਮ) ਜਪ ਕੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ।1। ਹੇ ਭਾਈ! ਪ੍ਰਭੂ ਨੇ ਆਪਣੇ ਦਾਸ ਦੀ (ਸਦਾ) ਆਪ ਸੰਭਾਲ ਕੀਤੀ ਹੈ। ਕਿਰਪਾ ਕਰ ਕੇ (ਪ੍ਰਭੂ ਨੇ ਆਪਣੇ ਦਾਸ ਨੂੰ ਸਦਾ) ਮਿਹਰ ਦੀ ਨਿਗਾਹ ਨਾਲ ਤੱਕਿਆ ਹੈ।2। ਹੇ ਭਾਈ! ਸੁਖਾਂ ਦੇ ਮਾਲਕ ਪ੍ਰਭੂ ਜੀ (ਜਿਸ ਮਨੁੱਖ ਨੂੰ) ਆ ਕੇ ਮਿਲ ਪੈਂਦੇ ਹਨ, (ਪ੍ਰਭੂ-ਮਿਲਾਪ ਦੇ) ਸੁਆਦ ਨਾਲ ਉਹਨਾਂ ਦੀ ਹਿਰਦਾ-ਸੇਜ ਸੋਹਣੀ ਬਣ ਜਾਂਦੀ ਹੈ।3। ਹੇ ਨਾਨਕ! (ਆਖ– ਹੇ ਭਾਈ!) ਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ, ਕੋਈ ਔਗੁਣ ਨਹੀਂ ਵਿਚਾਰਿਆ, (ਮਿਹਰ ਕਰ ਕੇ ਉਸ ਨੇ ਮੈਨੂੰ) ਆਪਣੇ ਚਰਨਾਂ ਦਾ ਪੁਜਾਰੀ ਬਣਾ ਲਿਆ ਹੈ।4।1।14। ਬਸੰਤੁ ਮਹਲਾ ੫ ॥ ਕਿਲਬਿਖ ਬਿਨਸੇ ਗਾਇ ਗੁਨਾ ॥ ਅਨਦਿਨ ਉਪਜੀ ਸਹਜ ਧੁਨਾ ॥੧॥ ਮਨੁ ਮਉਲਿਓ ਹਰਿ ਚਰਨ ਸੰਗਿ ॥ ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥ ਕਰਿ ਕਿਰਪਾ ਪ੍ਰਗਟੇ ਗੋੁਪਾਲ ॥ ਲੜਿ ਲਾਇ ਉਧਾਰੇ ਦੀਨ ਦਇਆਲ ॥੨॥ ਇਹੁ ਮਨੁ ਹੋਆ ਸਾਧ ਧੂਰਿ ॥ ਨਿਤ ਦੇਖੈ ਸੁਆਮੀ ਹਜੂਰਿ ॥੩॥ ਕਾਮ ਕ੍ਰੋਧ ਤ੍ਰਿਸਨਾ ਗਈ ॥ ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥ {ਪੰਨਾ 1184} ਪਦ ਅਰਥ: ਕਿਲਬਿਖ = ਪਾਪ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ ਧੁਨਾ = ਆਤਮਕ ਅਡੋਲਤਾ ਦੀ ਰੌ।1। ਮਉਲਿਓ = ਖਿੜ ਪੈਂਦਾ ਹੈ। ਕਰਿ = ਕਰ ਕੇ। ਸਾਧੂ = ਗੁਰੂ। ਭੇਟੇ = ਮਿਲਾਂਦਾ ਹੈ। ਰਾਤੌ = ਰੰਗਿਆ ਰਹਿੰਦਾ ਹੈ। ਰੰਗਿ = ਰੰਗ ਵਿਚ।1। ਰਹਾਉ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ । ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਲੜਿ = ਪੱਲੇ ਨਾਲ। ਲਾਇ = ਲਾ ਕੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।2। ਸਾਧ ਧੂਰਿ = ਗੁਰੂ ਦੇ ਚਰਨਾਂ ਦੀ ਧੂੜ। ਦੇਖੈ = ਵੇਖਦਾ ਹੈ {ਇਕ-ਵਚਨ}। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ।3। ਨਾਨਕ = ਹੇ ਨਾਨਕ!।4। ਅਰਥ: ਹੇ ਭਾਈ! ਪਰਮਾਤਮਾ ਮਿਹਰ ਕਰ ਕੇ ਜਿਸ ਸੇਵਕ ਨੂੰ ਗੁਰੂ ਮਿਲਾਂਦਾ ਹੈ, ਉਹ ਸੇਵਕ ਸਦਾ ਹਰਿ-ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿਚ (ਜੁੜ ਕੇ) ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।1। ਰਹਾਉ। ਹੇ ਭਾਈ! (ਕੋਈ ਭੀ ਮਨੁੱਖ ਹੋਵੇ, ਪਰਮਾਤਮਾ ਦੇ) ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌ ਪੈਦਾ ਹੋਈ ਰਹਿੰਦੀ ਹੈ।1। ਹੇ ਭਾਈ! ਮਿਹਰ ਕਰ ਕੇ ਗੋਪਾਲ-ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।2। ਹੇ ਭਾਈ! ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ, ਉਹ ਮਨੁੱਖ ਸੁਆਮੀ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।3। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ (ਉਸ ਦੇ ਅੰਦਰੋਂ) ਕਾਮ ਕ੍ਰੋਧ ਤ੍ਰਿਸ਼ਨਾ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ।4।2।15। ਬਸੰਤੁ ਮਹਲਾ ੫ ॥ ਰੋਗ ਮਿਟਾਏ ਪ੍ਰਭੂ ਆਪਿ ॥ ਬਾਲਕ ਰਾਖੇ ਅਪਨੇ ਕਰ ਥਾਪਿ ॥੧॥ ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥ ਸੋਗ ਸੰਤਾਪ ਕਟੇ ਪ੍ਰਭਿ ਆਪਿ ॥ ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥ ਜੋ ਜਨੁ ਤੇਰਾ ਜਪੇ ਨਾਉ ॥ ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥ ਨਾਨਕ ਭਗਤਾ ਭਲੀ ਰੀਤਿ ॥ ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥ {ਪੰਨਾ 1184} ਪਦ ਅਰਥ: ਮਿਟਾਏ = ਮਿਟਾਂਦਾ ਹੈ। ਬਾਲਕ = {ਬਹੁ-ਵਚਨ} ਬੱਚਿਆਂ ਨੂੰ। ਰਾਖੇ = ਰੱਖਦਾ ਹੈ, ਰਾਖੀ ਕਰਦਾ ਹੈ। ਕਰ = ਹੱਥ {ਬਹੁ-ਵਚਨ}। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਰ ਥਾਪਿ = ਹੱਥਾਂ ਨਾਲ ਥਾਪਣਾ ਦੇ ਕੇ।1। ਸਹਜ = ਆਤਮਕ ਅਡੋਲਤਾ। ਗ੍ਰਿਹਿ = (ਹਿਰਦੇ-) ਘਰ ਵਿਚ। ਸਦ ਬਸੰਤੁ = ਸਦਾ ਕਾਇਮ ਰਹਿਣ ਵਾਲਾ ਖਿੜਾਉ। ਕਲਿਆਣ ਰੂਪ ਹਰਿ ਮੰਤੁ = ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ। ਜਪਿ = ਜਪ ਕੇ।1। ਰਹਾਉ। ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼। ਪ੍ਰਭਿ = ਪ੍ਰਭੂ ਨੇ। ਕਉ = ਨੂੰ। ਜਾਪਿ = ਜਪਿਆ ਕਰ।2। ਜਪੇ = ਜਪਦਾ ਹੈ, ਜਪੈ। ਸਭਿ = ਸਾਰੇ। ਨਿਹਚਲ ਗੁਣ ਗਾਉ = ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ (ਕਰ ਕੇ) ।3। ਰੀਤਿ = ਮਰਯਾਦਾ।4। ਅਰਥ: ਹੇ ਭਾਈ! (ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ, ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! (ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ, ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ।1। ਹੇ ਭਾਈ! (ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ। ਹੇ ਭਾਈ! ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ।2। ਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ, ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ।3। ਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ, ਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ।4।3। 16। ਬਸੰਤੁ ਮਹਲਾ ੫ ॥ ਹੁਕਮੁ ਕਰਿ ਕੀਨ੍ਹ੍ਹੇ ਨਿਹਾਲ ॥ ਅਪਨੇ ਸੇਵਕ ਕਉ ਭਇਆ ਦਇਆਲੁ ॥੧॥ ਗੁਰਿ ਪੂਰੈ ਸਭੁ ਪੂਰਾ ਕੀਆ ॥ ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥ ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥ ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥ ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥ ਗੁਰ ਪੂਰੇ ਕੀ ਸਰਣੀ ਪਰੇ ॥੩॥ ਆਪਿ ਕਰਹਿ ਆਪਿ ਕਰਣੈਹਾਰੇ ॥ ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥ {ਪੰਨਾ 1184-1185} ਪਦ ਅਰਥ: ਹੁਕਮੁ ਕਰਿ = ਹੁਕਮ ਦੇ ਕੇ। ਨਿਹਾਲ = ਪ੍ਰਸੰਨ-ਚਿੱਤ। ਸੇਵਕ ਕਉ = ਸੇਵਕਾਂ ਉਤੇ। ਦਇਆਲੁ = ਦਇਆਵਾਨ।1। ਗੁਰਿ ਪੂਰੈ = ਪੂਰੇ ਗੁਰੂ ਨੇ। ਸਭੁ = ਹਰੇਕ ਕੰਮ। ਪੂਰਾ ਕੀਆ = ਸਿਰੇ ਚਾੜ੍ਹ ਦਿੱਤਾ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਿਦ ਮਹਿ = ਹਿਰਦੇ ਵਿਚ।1। ਰਹਾਉ। ਕਰਮੁ = ਚੰਗਾ ਕੰਮ। ਪਕਰਿ = ਫੜ ਕੇ। ਭਵਜਲੁ = ਸੰਸਾਰ-ਸਮੁੰਦਰ। ਨਿਸਤਾਰਿਓ = ਪਾਰ ਲੰਘਾ ਦਿੱਤਾ।2। ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ, ਦੂਰ ਕਰ ਕੇ।3। ਕਰਹਿ = ਤੂੰ ਕਰਦਾ ਹੈਂ, ਕਰਹਿਂ। ਕਰਣੈਹਾਰੇ = ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਕਰਿ = ਕਰ ਕੇ। ਉਧਾਰੇ = ਉਧਾਰਿ, ਪਾਰ ਲੰਘਾ ਲੈ।4। ਅਰਥ: ਹੇ ਭਾਈ! ਪੂਰੇ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ (ਜਿਸ ਮਨੁੱਖ ਦੇ) ਹਿਰਦੇ ਵਿਚ ਵਸਾ ਦਿੱਤਾ, (ਉਸ ਮਨੁੱਖ ਦਾ ਉਸ ਨੇ) ਹਰੇਕ ਕੰਮ ਸਿਰੇ ਚਾੜ੍ਹ ਦਿੱਤਾ (ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ) ।1। ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਉੱਤੇ (ਸਦਾ) ਦਇਆਵਾਨ ਹੁੰਦਾ ਹੈ, ਆਪਣੇ ਹੁਕਮ ਅਨੁਸਾਰ ਉਹਨਾਂ ਨੂੰ ਪ੍ਰਸੰਨ-ਚਿੱਤ ਰੱਖਦਾ ਹੈ।1। ਹੇ ਭਾਈ! (ਗੁਰੂ ਨੇ) ਮੇਰਾ (ਭੀ) ਕੋਈ (ਚੰਗਾ) ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ, ਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ।2। ਹੇ ਭਾਈ! ਜਿਹੜੇ ਭੀ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ, ਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ।3। ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ। ਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।4। 4। 17। |
Sri Guru Granth Darpan, by Professor Sahib Singh |