ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1185 ਬਸੰਤੁ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥ ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥ ਹਰਿ ਚੇਤਿ ਮਨ ਮੇਰੇ ॥ ਰਹਾਉ ॥ ਸਘਨ ਬਾਸੁ ਕੂਲੇ ॥ ਇਕਿ ਰਹੇ ਸੂਕਿ ਕਠੂਲੇ ॥ ਬਸੰਤ ਰੁਤਿ ਆਈ ॥ ਪਰਫੂਲਤਾ ਰਹੇ ॥੧॥ ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥ ਮਤੁ ਭਰਮਿ ਭੂਲਹੁ ਭੂਲਹੁ ॥ ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥ ਮਨ ਰੁਤਿ ਨਾਮ ਰੇ ॥ ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥ {ਪੰਨਾ 1185} ਪਦ ਅਰਥ: ਦੇਖੁ = (ਅੰਦਰ ਝਾਤੀ ਮਾਰ ਕੇ) ਵੇਖ। ਫੂਲ ਫੂਲ ਫੂਲੇ = ਫੁੱਲ ਹੀ ਫੁੱਲ ਖਿੜੇ ਹੋਏ ਹਨ, ਖਿੜਾਉ ਹੀ ਖਿੜਾਉ ਹੈ। ਅਹੰ = ਹਉਮੈ। ਤਿਆਗਿ = ਤਿਆਗ ਕੇ। ਪਾਗੇ = ਚੰਬੜਿਆ ਰਹੁ। ਸਭਾਗੇ = ਹੇ ਭਾਗਾਂ ਵਾਲੇ (ਮਨ) ! ਮਨ = ਹੇ ਮਨ!।1। ਰਹਾਉ। ਸਘਨ = ਸੰਘਣੀ ਛਾਂ ਵਾਲੇ। ਬਾਸੁ = ਸੁਗੰਧੀ। ਕੂਲੇ = ਨਰਮ, ਕੋਮਲ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰਹੇ ਸੂਕਿ = ਸੁੱਕੇ ਰਹਿੰਦੇ ਹਨ। ਕਠੂਲੇ = (ਸੁੱਕੀ) ਕਾਠ ਵਰਗੇ ਕਰੜੇ। ਬਸੰਤ ਰੁਤਿ = ਖੇੜੇ ਦੀ ਰੁਤ, ਮਨੁੱਖਾ ਜਨਮ ਜਿਸ ਵਿਚ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਫੂਲਤਾ ਰਹੇ = (ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਖਿੜਿਆ ਰਹਿੰਦਾ ਹੈ।1। ਅਬ = ਹੁਣ, ਮਨੁੱਖਾ ਜੀਵਨ ਮਿਲਣ ਤੇ। ਕਲੂ = ਕਾਲੁ, ਸਮਾ, ਨਾਮ ਬੀਜਣ ਦਾ ਸਮਾ। ਰੇ = ਹੇ ਭਾਈ! ਅਨ = {ANX} ਕੋਈ ਹੋਰ। ਅਨ ਰੂਤਿ ਨਾਹੀ = (ਮਨੁੱਖਾ ਜਨਮ ਤੋਂ ਬਿਨਾ ਨਾਮ ਬੀਜਣ ਦਾ) ਕੋਈ ਹੋਰ ਸਮਾ ਨਹੀਂ। ਮਤੁ = ਮਤਾਂ। ਭਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਮਤੁ ਭੂਲਹੁ = ਮਤਾਂ ਕੁਰਾਹੇ ਪੈ ਜਾਓ, ਕੁਰਾਹੇ ਨਾਹ ਪੈ ਜਾਣਾ। ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ (ਹੀ) । ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਲੇਖਾ = (ਨਾਮ ਦੀ ਪ੍ਰਾਪਤੀ ਦਾ) ਲੇਖ। ਮਨ = ਹੇ ਮਨ! ਕਹੇ = ਉਚਾਰਦਾ ਹੈ।2। ਅਰਥ: ਹੇ ਮੇਰੇ ਮਨ! (ਆਪਣੇ ਅੰਦਰੋਂ) ਹਉਮੈ ਦੂਰ ਕਰ, ਹਉਮੈ ਦੂਰ ਕਰ, (ਫਿਰ) ਵੇਖ (ਤੇਰੇ ਅੰਦਰ) ਫੁੱਲ ਹੀ ਫੁੱਲ ਖਿੜੇ ਹੋਏ ਹਨ (ਤੇਰੇ ਅੰਦਰ ਆਤਮਕ ਖਿੜਾਉ ਹੈ) । ਹੇ ਭਾਗਾਂ ਵਾਲੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਨਾਲ ਚੰਬੜਿਆ ਰਹੁ, ਪ੍ਰਭੂ ਨਾਲ ਜੁੜਿਆ ਰਹੁ। ਹੇ ਮੇਰੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਰਹਾਉ। ਹੇ ਮੇਰੇ ਮਨ! ਜਦੋਂ ਬਸੰਤ ਦਾ ਸਮਾ ਆਉਂਦਾ ਹੈ, (ਤਦੋਂ ਰੁੱਖ ਤਰਾਵਤ ਨਾਲ) ਸੰਘਣੀ ਛਾਂ ਵਾਲੇ, ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ, ਪਰ ਕਈ ਰੁੱਖ ਐਸੇ ਹੁੰਦੇ ਹਨ ਜੋ (ਬਸੰਤ ਆਉਣ ਤੇ ਭੀ) ਸੁੱਕੇ ਰਹਿੰਦੇ ਹਨ, ਤੇ, ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ (ਇਸ ਤਰ੍ਹਾਂ, ਹੇ ਮਨ! ਭਾਵੇਂ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਹੈ, ਫਿਰ ਭੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ) ਖਿੜਿਆ ਰਹਿ ਸਕਦਾ ਹੈ।1। ਹੇ ਮੇਰੇ ਮਨ! ਹੁਣ ਮਨੁੱਖਾ ਜਨਮ ਮਿਲਣ ਤੇ (ਨਾਮ ਬੀਜਣ ਦਾ) ਸਮਾ ਤੈਨੂੰ ਮਿਲਿਆ ਹੈ। (ਆਪਣੀ ਹਿਰਦੇ ਦੀ ਪੈਲੀ ਵਿਚ) ਸਿਰਫ਼ ਹਰਿ-ਨਾਮ ਬੀਜ, ਸਿਰਫ਼ ਹਰਿ-ਨਾਮ ਬੀਜ। (ਮਨੁੱਖਾ ਜੀਵਨ ਤੋਂ ਬਿਨਾ) ਕਿਸੇ ਹੋਰ ਜਨਮ ਵਿਚ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਜਾ ਸਕੇਗਾ, ਨਹੀਂ ਬੀਜਿਆ ਜਾ ਸਕੇਗਾ। ਹੇ ਮੇਰੇ ਮਨ! ਵੇਖੀਂ, (ਮਾਇਆ ਦੀ) ਭੱਜ-ਦੌੜ ਵਿਚ ਪੈ ਕੇ ਕਿਤੇ ਕੁਰਾਹੇ ਨਾਹ ਪੈ ਜਾਈਂ। ਹੇ ਮਨ! (ਇਹ ਮਨੁੱਖਾ ਜਨਮ ਹੀ) ਨਾਮ ਬੀਜਣ ਦਾ ਸਮਾ ਹੈ। (ਪਰ, ਹੇ ਮਨ!) ਗੁਰੂ ਨੂੰ ਮਿਲ ਕੇ ਹੀ ਹਰਿ-ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਧੁਰੋਂ ਨਾਮ ਦੀ ਪ੍ਰਾਪਤੀ ਦਾ) ਲੇਖ ਉੱਘੜਦਾ ਹੈ ਉਹ ਮਨੁੱਖ ਹੀ ਸਦਾ ਪਰਮਾਤਮਾ ਦੇ ਗੁਣ ਉਚਾਰਦਾ ਹੈ।2। 18। ਬਸੰਤੁ ਮਹਲਾ ੫ ਘਰੁ ੨ ਹਿੰਡੋਲ ੴ ਸਤਿਗੁਰ ਪ੍ਰਸਾਦਿ ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ {ਪੰਨਾ 1185} ਪਦ ਅਰਥ: ਹੋਇ ਇਕਤ੍ਰ = (ਸਾਧ ਸੰਗਤਿ ਵਿਚ) ਇਕੱਠੇ ਹੋ ਕੇ। ਭਾਈ = ਹੇ ਭਾਈ! ਦੁਬਿਧਾ = ਮੇਰ-ਤੇਰ, ਵਿਤਕਰੇ। ਲਿਵ ਲਾਇ = (ਪ੍ਰਭੂ-ਚਰਨਾਂ ਵਿਚ) ਸੁਰਤੀ ਜੋੜ ਕੇ। ਜੋੜੀ = ਜੋਟੀਦਾਰ, ਸਾਥੀ। ਹੋਵਹੁ ਜੋੜੀ = ਸਾਥੀ ਬਣੋ। ਹਰਿ ਨਾਮੈ ਕੇ ਜੋੜੀ = ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਫਾ ਵਿਛਾਇ = ਸਫਾ ਵਿਛਾ ਕੇ, ਚੌਪੜ ਵਾਲਾ ਕੱਪੜਾ ਵਿਛਾ ਕੇ। ਗੁਰਮੁਖਿ ਸਫਾ ਵਿਛਾਇ = ਗੁਰੂ ਦੀ ਸਰਨ ਪਏ ਰਹਿਣਾ = ਇਹ ਕਪੜਾ ਵਿਛਾ ਕੇ। ਬੈਸਹੁ = ਬੈਠੋ।1। ਇਨ ਬਿਧਿ = ਇਸ ਤਰੀਕੇ ਨਾਲ। ਪਾਸਾ ਢਾਲਹੁ = ਪਾਸਾ ਸੁੱਟੋ। ਅੰਤ ਕਾਲਿ = ਅਖ਼ੀਰਲੇ ਵਕਤ। ਪੀਰ = ਪੀੜ।1। ਰਹਾਉ। ਕਰਮ ਧਰਮ = ਧਰਮ ਦੇ ਕਰਮ, ਨੇਕ ਕੰਮ। ਸਾਜਹੁ = ਬਣਾਓ। ਸਤੁ = ਉੱਚਾ ਆਚਰਨ। ਸਾਰੀ = ਨਰਦ। ਐਸੀ = ਅਜਿਹੀ।2। ਉਠਿ = ਉੱਠ ਕੇ। ਪਰਭਾਤੇ = ਅੰਮ੍ਰਿਤ ਵੇਲੇ। ਇਸਨਾਨੁ = ਹਰਿ-ਨਾਮ ਵਿਚ ਆਤਮਕ ਇਸ਼ਨਾਨ। ਸੋਏ = ਸੁੱਤੇ ਹੋਏ ਭੀ। ਬਿਖੜੇ = ਔਖੇ। ਲੰਘਾਵੈ = ਪਾਰ ਲੰਘਾਂਦਾ ਹੈ, ਜਿਤਾਂਦਾ ਹੈ। ਸਹਜ = ਆਤਮਕ ਅਡੋਲਤਾ। ਸੇਤੀ = ਨਾਲ। ਘਰਿ = ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ।3। ਆਪੇ = ਆਪ ਹੀ। ਖੇਲੈ = ਜਗਤ-ਖੇਡ ਖੇਡਦਾ ਹੈ। ਰਚਨੁ ਰਚਾਇਆ = ਰਚਨਾ ਰਚੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਿਣਿ = ਜਿੱਤ ਕੇ।4। ਅਰਥ: ਹੇ ਵੀਰ! ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ, ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ) । (ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ।1। ਰਹਾਉ। ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤਿ ਵਿਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ। ਗੁਰੂ ਦੀ ਸਰਨ ਪਏ ਰਹਿਣਾ = ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤਿ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ।1। ਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ। (ਇਸ ਨਰਦ ਦੀ ਬਰਕਤਿ ਨਾਲ) ਤੁਸੀ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ। ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ (ਪਸੰਦ ਆਉਂਦੀ ਹੈ) ।2। ਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ, ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ। (ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।3। ਹੇ ਦਾਸ ਨਾਨਕ! (ਆਖ– ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ। ਇਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ।4।1। 19। ਨੋਟ: ਸਿਰਲੇਖ ਅਨੁਸਾਰ ਇਹ ਸ਼ਬਦ ਅਤੇ ਇਸ ਦੇ ਅਗਲੇ ਦੋਵੇਂ ਸ਼ਬਦ ਬਸੰਤ ਅਤੇ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣ ਦੀ ਹਿਦਾਇਤ ਹੈ। ਇਹ ਸਿਰਲੇਖ ਗਹੁ ਨਾਲ ਵੇਖਣਾ। ਇਸੇ ਤਰ੍ਹਾਂ ਦਾ ਹੀ ਸਿਰਲੇਖ ਹੈ ਬਾਣੀ 'ਓਅੰਕਾਰੁ' ਦਾ। ਜਿਵੇਂ ਇਥੇ 'ਬਸੰਤ' ਅਤੇ 'ਹਿੰਡੋਲ' ਦੋ ਲਫ਼ਜ਼ ਇਕੱਠੇ ਹਨ, ਤਿਵੇਂ ਉਥੇ 'ਰਾਮਕਲੀ' ਅਤੇ 'ਦਖਣੀ' ਦੋਵੇਂ ਇਕੱਠੇ ਹਨ। ਬਾਣੀ ਦਾ ਨਾਮ ਸਿਰਫ਼ 'ਓਅੰਕਾਰੁ' ਹੈ। ਬਸੰਤੁ ਮਹਲਾ ੫ ਹਿੰਡੋਲ ॥ ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥ ਤੇਰਿਆ ਭਗਤਾ ਕਉ ਬਲਿਹਾਰਾ ॥ ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥ ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥ ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥ ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥ ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥ {ਪੰਨਾ 1185-1186} ਪਦ ਅਰਥ: ਤੂ ਹੈ– ਤੂੰ ਹੀ। ਜਾਣਹਿ = (ਤੂੰ) ਜਾਣਦਾ ਹੈਂ। ਜਾਣੈ = ਜਾਣਦਾ ਹੈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ ਦਾ ੁ ਉੱਡ ਗਿਆ ਹੈ}। ਕਰਹਿ = (ਤੂੰ) ਕਰਦਾ ਹੈਂ। ਸੋਈ = ਉਹੀ ਮਨੁੱਖ।1। ਕਉ = ਨੂੰ, ਤੋਂ। ਬਲਿਹਾਰਾ = ਸਦਕੇ। ਸੁਹਾਵਾ = ਸੋਹਣਾ। ਪ੍ਰਭ = ਹੇ ਪ੍ਰਭੂ! ਰੰਗ = ਚੋਜ-ਤਮਾਸ਼ੇ। ਆਪਾਰਾ = ਬੇਅੰਤ।1। ਰਹਾਉ। ਸੇਵਾ = ਭਗਤੀ। ਤੁਝ ਤੇ = ਤੈਥੋਂ, ਤੇਰੀ ਪ੍ਰੇਰਨਾ ਨਾਲ। ਤੁਧੁ ਭਾਵੈ = (ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ। ਰੰਗੁ = ਪ੍ਰੇਮ-ਰੰਗ।2। ਦਾਨਾ = ਸਿਆਣਾ। ਕੋ = ਕੋਈ। ਸਮਰਥੁ = ਸਭ ਤਾਕਤਾਂ ਦਾ ਮਾਲਕ। ਕਿਆ ਜਾਣਾ = ਮੈਂ ਕੀਹ ਜਾਣਦਾ ਹਾਂ?।3। ਮਹਲੁ = ਟਿਕਾਣਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਜੀਵਾਂ ਦੇ ਗਿਆਨ-ਇੰਦ੍ਰਿਆਂ ਤੋਂ ਪਰੇ। ਬਿਖਮੁ = ਔਖਾ। ਭਾਣਾ = ਰਜ਼ਾ। ਦੁਆਰੈ = (ਤੇਰੇ) ਦਰ ਤੇ। ਮੁਗਧ = ਮੂਰਖ। ਅਜਾਣਾ = ਅੰਞਾਣ।4। ਅਰਥ: ਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ। (ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ) । ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ।1। ਰਹਾਉ। ਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ। ਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ।1। ਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ। ਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ।2। ਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) ।3। ਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ। ਹੇ ਨਾਨਕ! ਆਖ– (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ।4।2। 20। |
Sri Guru Granth Darpan, by Professor Sahib Singh |