ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1186

ਬਸੰਤੁ ਹਿੰਡੋਲ ਮਹਲਾ ੫ ॥ ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥ ਪਿਤਾ ਪਾਰਬ੍ਰਹਮ ਪ੍ਰਭ ਧਨੀ ॥ ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥ ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥ ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥ ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥ {ਪੰਨਾ 1186}

ਪਦ ਅਰਥ: ਮੂਲੁ = ਜਗਤ ਦਾ ਮੂਲ-ਪ੍ਰਭੂ। ਆਪੁ = ਆਪਣਾ ਆਪ। ਭਰਮਿ = ਭਟਕਣਾ ਵਿਚ। ਬਿਆਪੀ = ਫਸੀ ਹੋਈ। ਅਹੰਮਨੀ = ਹਉਮੈ (ਦੇ ਕਾਰਨ) ।1।

ਪ੍ਰਭ = ਹੇ ਪ੍ਰਭੂ! ਧਨੀ = ਮਾਲਕ। ਮੋਹਿ = ਮੈਨੂੰ। ਮੋਹਿ ਨਿਰਗੁਨੀ = ਮੈਨੂੰ ਗੁਣ-ਹੀਨ ਨੂੰ।1। ਰਹਾਉ।

ਓਪਤਿ = ਉਤਪੱਤੀ। ਪਰਲਉ = ਨਾਸ। ਤੇ = ਤੋਂ। ਹਰਿ ਜਨੀ = ਹਰੀ ਦੇ ਜਨਾਂ ਨੇ।2।

ਨਾਮ ਰੰਗਿ = ਨਾਮ ਦੇ ਪਿਆਰ ਵਿਚ। ਰਾਤੇ = ਰੰਗੇ ਹੋਏ। ਕਲਿ ਮਹਿ = ਮਨੁੱਖਾ ਜਨਮ ਵਿਚ ਜਿੱਥੇ ਬੇਅੰਤ ਵਿਕਾਰ ਹੱਲੇ ਕਰਦੇ ਰਹਿੰਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗਨੀਂ, ਮੈਂ ਗਿਣਦਾ ਹਾਂ।3।

ਤਰੀਐ = ਪਾਰ ਲੰਘਿਆ ਜਾ ਸਕਦਾ ਹੈ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ।4।

ਅਰਥ: ਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ! ਮੈਨੂੰ ਗੁਣ-ਹੀਨ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।1। ਰਹਾਉ।

ਹੇ ਭਾਈ! ਹਉਮੈ ਦੇ ਕਾਰਨ (ਜੀਵ ਦੀ ਬੁੱਧੀ ਮਾਇਆ ਦੀ ਖ਼ਾਤਰ) ਦੌੜ-ਭੱਜ ਵਿਚ ਫਸੀ ਰਹਿੰਦੀ ਹੈ, (ਤਾਹੀਏਂ ਜੀਵ ਆਪਣੇ) ਮੂਲੁ-ਪ੍ਰਭੂ ਨਾਲ ਸਾਂਝ ਨਹੀਂ ਪਾਂਦਾ, ਅਤੇ ਆਪਣੇ ਆਪ ਨੂੰ ਭੀ ਨਹੀਂ ਸਮਝਦਾ।1।

ਹੇ ਭਾਈ! ਸੰਤ ਜਨਾਂ ਨੇ ਤਾਂ ਇਹੀ ਵਿਚਾਰਿਆ ਹੈ ਕਿ ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ।2।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ।3।

ਹੇ ਨਾਨਕ! (ਆਖ– ਹੇ ਭਾਈ!) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੋਰ ਕੋਈ ਹੀਲਾ ਨਹੀਂ ਸੁੱਝਦਾ (ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ) ।4।3। 21।

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਸੰਤੁ ਹਿੰਡੋਲ ਮਹਲਾ ੯ ॥ ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥ ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥ ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥ {ਪੰਨਾ 1186}

ਨੋਟ: ਇਹ ਸ਼ਬਦ 'ਬਸੰਤ' ਅਤੇ 'ਹਿੰਡੋਲ' ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ।

ਪਦ ਅਰਥ: ਸਾਧੋ = ਹੇ ਸੰਤ ਜਨੋ! ਮਿਥਿਆ = ਨਾਸ-ਵੰਤ। ਤਨੁ = ਸਰੀਰ। ਜਾਨੋ = ਸਮਝੋ। ਯਾ ਭੀਤਰਿ = ਇਸ (ਸਰੀਰ) ਵਿਚ। ਬਸਤੁ ਹੈ– ਵੱਸਦਾ ਹੈ। ਸਾਚੋ = ਸਦਾ ਕਾਇਮ ਰਹਿਣ ਵਾਲਾ। ਤਾਹਿ = ਉਸ (ਪਰਮਾਤਮਾ) ਨੂੰ।1।

ਸੰਪਤਿ = ਧਨ। ਸੰਪਤਿ ਸੁਪਨੇ ਕੀ = ਉਹ ਧਨ ਜੋ ਮਨੁੱਖ ਕਈ ਵਾਰੀ ਸੁਪਨੇ ਵਿਚ ਲੱਭ ਲੈਂਦਾ ਹੈ। ਦੇਖਿ = ਵੇਖ ਕੇ। ਕਹਾ = ਕਿੱਥੇ? ਕਿਉਂ? ਐਡਾਨੋ = ਆਕੜਦਾ ਹੈਂ, ਅਹੰਕਾਰ ਕਰਦਾ ਹੈਂ। ਸੰਗਿ ਤਿਹਾਰੈ = ਤੇਰੇ ਨਾਲ। ਚਾਲੈ = ਚੱਲਦਾ। ਤਾਹਿ = ਉਸ (ਧਨ) ਨਾਲ। ਲਪਟਾਨੋ = ਚੰਬੜਿਆ ਹੋਇਆ ਹੈਂ।1।

ਉਸਤਤਿ = (ਮਨੁੱਖ ਦੀ) ਖ਼ੁਸ਼ਾਮਦ। ਨਿੰਦਾ = ਚੁਗ਼ਲੀ। ਪਰਹਰਿ = ਦੂਰ ਕਰ, ਛੱਡ ਦੇ। ਕੀਰਤਿ = ਸਿਫ਼ਤਿ-ਸਾਲਾਹ। ਉਰਿ = ਹਿਰਦੇ ਵਿਚ। ਆਨੋ = ਲਿਆਓ, ਵਸਾਓ। ਪੂਰਨੁ = ਵਿਆਪਕ।2।

ਅਰਥ: ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ। ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ।1। ਰਹਾਉ।

ਹੇ ਭਾਈ! ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ? ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ?।1।

ਹੇ ਭਾਈ! ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ = ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ।2।1।

ਬਸੰਤੁ ਮਹਲਾ ੯ ॥ ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥ ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਫਾਸ ॥੧॥ ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥ ਤੇ ਭਵ ਸਾਗਰ ਉਤਰੇ ਪਾਰਿ ॥੨॥ ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥ {ਪੰਨਾ 1186}

ਪਦ ਅਰਥ: ਪਾਪੀ ਕਾਮੁ = ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ। ਹੀਐ ਮੈ = (ਮਨੁੱਖ ਦੇ) ਹਿਰਦੇ ਵਿਚ। ਬਸਾਇ = ਟਿਕਿਆ ਰਹਿੰਦਾ ਹੈ। ਯਾ ਤੇ = ਇਸ ਕਾਰਨ। ਗਹਿਓ ਨ ਜਾਇ = ਫੜਿਆ ਨਹੀਂ ਜਾ ਸਕਦਾ।1। ਰਹਾਉ।

ਜੰਗਮ = ਸ਼ਿਵ-ਉਪਾਸਕ ਸਾਧੂ ਜੋ ਆਪਣੇ ਸਿਰ ਉਤੇ ਮੋਰ ਦੇ ਖੰਭ ਬੰਨ੍ਹ ਕੇ ਟੱਲੀਆਂ ਵਜਾਂਦੇ ਹੱਟੀ ਹੱਟੀ ਮੰਗਦੇ ਫਿਰਦੇ ਹਨ। ਅਰੁ = ਅਉਰੁ, ਅਤੇ। ਪਰਿ = ਉਤੇ। ਡਾਰੀ = ਸੁੱਟੀ ਹੋਈ ਹੈ। ਫਾਸ = ਫਾਹੀ।1।

ਜਿਹਿ = ਜਿਸ ਨੇ। ਜਿਹਿ ਜਿਹਿ = ਜਿਸ ਜਿਸ ਨੇ। ਸਮ੍ਹ੍ਹਾਰਿ = ਸੰਭਾਲਿਆ ਹੈ, ਹਿਰਦੇ ਵਿਚ ਵਸਾਇਆ ਹੈ। ਤੇ = ਉਹ ਮਨੁੱਖ {ਬਹੁ-ਵਚਨ}। ਭਵ ਸਾਗਰ = ਸੰਸਾਰ-ਸਮੁੰਦਰ। ਕੋ = ਦਾ।2।

ਦੀਜੈ = ਦੇਹ। ਰਹੈ ਗਾਇ = ਗਾਂਦਾ ਰਹੇ।3।

ਅਰਥ: ਹੇ ਭਾਈ! ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ, ਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ।1। ਰਹਾਉ।

ਹੇ ਭਾਈ! ਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ) = ਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ।1।

ਹੇ ਭਾਈ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ।2।

ਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ– ਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ।3।2।

ਬਸੰਤੁ ਮਹਲਾ ੯ ॥ ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥ ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥ ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥ {ਪੰਨਾ 1186}

ਪਦ ਅਰਥ: ਮਾਈ = ਹੇ ਮਾਂ! ਪਾਇਓ = (ਗੁਰੂ ਪਾਸੋਂ) ਲੱਭ ਲਿਆ ਹੈ। ਧਾਵਨ ਤੇ = (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ। ਛੂਟਿਓ = ਬਚ ਗਿਆ ਹੈ। ਕਰਿ = ਕਰ ਕੇ। ਬਿਸਰਾਮੁ = ਟਿਕਾਣਾ। ਕਰਿ ਬਿਸਰਾਮੁ = ਨਾਮ-ਧਨ ਵਿਚ ਟਿਕਾਣਾ ਬਣਾ ਕੇ।1। ਰਹਾਉ।

ਮਾਇਆ ਮਮਤਾ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ। ਤਨ ਤੇ = (ਮੇਰੇ) ਸਰੀਰ ਤੋਂ। ਨਿਰਮਲ ਗਿਆਨੁ = ਨਿਰਮਲ ਪ੍ਰਭੂ ਦਾ ਗਿਆਨ, ਸੁੱਧ-ਸਰੂਪ ਪਰਮਾਤਮਾ ਨਾਲ ਜਾਣ-ਪਛਾਣ। ਪਰਸਿ ਨ ਸਾਕੈ = (ਮੈਨੂੰ) ਛੁਹ ਨਹੀਂ ਸਕਦੇ, ਮੇਰੇ ਨੇੜੇ ਨਹੀਂ ਢੁਕਦੇ, ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਗਹੀ = ਫੜੀ।1।

ਸੰਸਾ = ਸਹਸਾ, ਸਹਿਮ। ਚੂਕਾ = ਮੁੱਕ ਗਿਆ ਹੈ। ਰਤਨੁ ਨਾਮੁ = ਅਮੋਲਕ ਹਰਿ-ਨਾਮ। ਜਬ = ਜਦੋਂ। ਮਨ ਤੇ = ਮਨ ਤੋਂ। ਨਿਜ = ਆਪਣਾ, ਆਪਣੇ ਨਾਲ ਸਦਾ ਟਿਕੇ ਰਹਿਣ ਵਾਲਾ।2।

ਜਾ ਕਉ = ਜਿਸ (ਮਨੁੱਖ) ਉੱਤੇ। ਦਇਆਲੁ = ਦਇਆਵਾਨ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਸੋ = ਉਹ ਮਨੁੱਖ {ਇਕ-ਵਚਨ}। ਗਾਵੈ = ਗਾਂਦਾ ਹੈ। ਸੰਪੈ = ਧਨ। ਇਹ ਬਿਧਿ ਕੀ ਸੰਪੈ = ਇਸ ਤਰ੍ਹਾਂ ਦਾ ਧਨ। ਕੋਊ = ਕੋਈ ਵਿਰਲਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।3।

ਅਰਥ: ਹੇ (ਮੇਰੀ) ਮਾਂ! (ਜਦੋਂ ਦਾ ਗੁਰੂ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦਾ ਨਾਮ-ਧਨ ਹਾਸਲ ਕੀਤਾ ਹੈ, ਮੇਰਾ ਮਨ (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ ਬਚ ਗਿਆ ਹੈ, (ਹੁਣ ਮੇਰਾ ਮਨ ਨਾਮ-ਧਨ ਵਿਚ) ਟਿਕਾਣਾ ਬਣਾ ਕੇ ਬਹਿ ਗਿਆ ਹੈ।1। ਰਹਾਉ।

ਹੇ ਮੇਰੀ ਮਾਂ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ) ਸੁੱਧ-ਸਰੂਪ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ਹੈ (ਜਿਸ ਕਰਕੇ) ਮੇਰੇ ਸਰੀਰ ਵਿਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ। (ਜਦੋਂ ਤੋਂ ਮੈਂ) ਭਗਵਾਨ ਦੀ ਭਗਤੀ ਹਿਰਦੇ ਵਿਚ ਵਸਾਈ ਹੈ ਲੋਭ ਅਤੇ ਮੋਹ ਇਹ ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ।1।

ਹੇ ਮੇਰੀ ਮਾਂ! ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ, ਮੇਰਾ ਜਨਮਾਂ ਜਨਮਾਂਤਰਾਂ ਦਾ ਸਹਿਮ ਦੂਰ ਹੋ ਗਿਆ ਹੈ; ਮੇਰੇ ਮਨ ਵਿਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ, ਹੁਣ ਮੈਂ ਉਸ ਆਨੰਦ ਵਿਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ।2।

ਹੇ ਮਾਂ! ਕਿਰਪਾ ਦਾ ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਹੇ ਨਾਨਕ! ਆਖ– (ਹੇ ਮਾਂ) ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ।3। 3।

ਬਸੰਤੁ ਮਹਲਾ ੯ ॥ ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ {ਪੰਨਾ 1186-1187}

ਪਦ ਅਰਥ: ਮਨ = ਹੇ ਮਨ! ਕਹਾ = ਕਹਾਂ? ਕਿਉਂ? ਤਨੁ = ਸਰੀਰ। ਬਿਨਸੈ = ਨਾਸ ਹੁੰਦਾ ਹੈ। ਜਮ ਸਿਉ = ਜਮਾਂ ਨਾਲ। ਕਾਮੁ = ਕੰਮ, ਵਾਹ, ਵਾਸਤਾ। ਪਰੇ = ਪੈਂਦਾ ਹੈ।1। ਰਹਾਉ।

ਪਹਾਰ = ਪਹਾੜ। ਤੈ = ਤੂੰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਨਿਆ = ਮੰਨ ਲਿਆ ਹੈ। ਕਿਹ ਬਿਚਾਰਿ = ਕੀਹ ਵਿਚਾਰ ਕੇ? ਕੀਹ ਸਮਝ ਕੇ?।1।

ਦਾਰਾ = ਇਸਤ੍ਰੀ। ਸੰਪਤਿ = ਸੰਪੱਤੀ, ਧਨ-ਪਦਾਰਥ। ਗ੍ਰੇਹ = ਘਰ। ਸੰਗਿ = ਨਾਲ। ਕਛੁ = ਕੋਈ ਭੀ ਚੀਜ਼।2।

ਇਕ = ਸਿਰਫ਼। ਕਹੁ = ਆਖ। ਨਾਨਕ = ਹੇ ਨਾਨਕ! ਭਜੁ ਤਿਹ = ਉਸ ਪਰਮਾਤਮਾ ਦਾ ਭਜਨ ਕਰ। ਏਕ ਰੰਗਿ = ਇੱਕ ਦੇ ਪਿਆਰ ਵਿਚ (ਜੁੜ ਕੇ) ।3।

ਅਰਥ: ਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ? (ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ।1। ਰਹਾਉ।

ਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ) । ਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ?।1।

ਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ = ਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।2।

ਹੇ ਨਾਨਕ! ਆਖ– (ਹੇ ਭਾਈ!) ਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ (ਇਸ ਵਾਸਤੇ) ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ।3।4।

TOP OF PAGE

Sri Guru Granth Darpan, by Professor Sahib Singh