ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1187

ਬਸੰਤੁ ਮਹਲਾ ੯ ॥ ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥ ਸਮ ਸੁਪਨੈ ਕੈ ਇਹੁ ਜਗੁ ਜਾਨੁ ॥ ਬਿਨਸੈ ਛਿਨ ਮੈ ਸਾਚੀ ਮਾਨੁ ॥੧॥ ਸੰਗਿ ਤੇਰੈ ਹਰਿ ਬਸਤ ਨੀਤ ॥ ਨਿਸ ਬਾਸੁਰ ਭਜੁ ਤਾਹਿ ਮੀਤ ॥੨॥ ਬਾਰ ਅੰਤ ਕੀ ਹੋਇ ਸਹਾਇ ॥ ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥ {ਪੰਨਾ 1187}

ਪਦ ਅਰਥ: ਕਹਾ ਭੂਲਿਓ = ਕਿੱਥੇ ਖੁੰਝਿਆ ਪਿਆ ਹੈਂ? ਰੇ = ਹੇ ਭਾਈ! ਲੋਭਿ = ਲੋਭ ਵਿਚ। ਲਾਗਿ = ਲੱਗ ਕੇ। ਨਾਹਿਨ = ਨਹੀਂ। ਅਜਹੁ = ਹੁਣ ਭੀ। ਜਾਗੁ = ਸੁਚੇਤ ਹੋ, ਸਿਆਣਾ ਬਣ।1। ਰਹਾਉ।

ਸਮ = ਬਰਾਬਰ। ਜਾਨੁ = ਸਮਝ। ਛਿਨ ਮਹਿ = ਇਕ ਛਿਨ ਵਿਚ। ਸਾਚੀ ਮਾਨੁ = ਇਹ ਗੱਲ ਸੱਚੀ ਮੰਨ।1।

ਸੰਗਿ = ਨਾਲ। ਨੀਤ = ਸਦਾ। ਨਿਸਿ = ਰਾਤ। ਬਾਸੁਰ = ਦਿਨ। ਭਜੁ ਤਾਹਿ = ਉਸ ਦਾ ਭਜਨ ਕਰਿਆ ਕਰ। ਮੀਤ = ਹੇ ਮਿੱਤਰ!।2।

ਬਾਰ ਅੰਤ ਕੀ = ਅੰਤ ਦੇ ਸਮੇ। ਸਹਾਇ = ਸਹਾਈ, ਮਦਦਗਾਰ। ਤਾ ਕੇ = ਉਸ (ਪ੍ਰਭੂ) ਦੇ।3।

ਅਰਥ: ਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ? ਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ।1। ਰਹਾਉ।

ਹੇ ਭਾਈ! ਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ। ਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ।1।

ਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ। ਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ।2।

ਹੇ ਨਾਨਕ! ਆਖ– (ਹੇ ਭਾਈ!) ਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ। ਤੂੰ (ਸਦਾ) ਉਸ ਦੇ ਗੁਣ ਗਾਇਆ ਕਰ।3।5।

ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ     ੴ ਸਤਿਗੁਰ ਪ੍ਰਸਾਦਿ ॥ ਜਗੁ ਕਊਆ ਨਾਮੁ ਨਹੀ ਚੀਤਿ ॥ ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥ ਮਨੂਆ ਡੋਲੈ ਚੀਤਿ ਅਨੀਤਿ ॥ ਜਗ ਸਿਉ ਤੂਟੀ ਝੂਠ ਪਰੀਤਿ ॥੧॥ ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥ ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥ ਘਰੁ ਬਾਲੂ ਕਾ ਘੂਮਨ ਘੇਰਿ ॥ ਬਰਖਸਿ ਬਾਣੀ ਬੁਦਬੁਦਾ ਹੇਰਿ ॥ ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥ ਸਰਬ ਜੋਤਿ ਨਾਮੈ ਕੀ ਚੇਰਿ ॥੨॥ ਸਰਬ ਉਪਾਇ ਗੁਰੂ ਸਿਰਿ ਮੋਰੁ ॥ ਭਗਤਿ ਕਰਉ ਪਗ ਲਾਗਉ ਤੋਰ ॥ ਨਾਮਿ ਰਤੋ ਚਾਹਉ ਤੁਝ ਓਰੁ ॥ ਨਾਮੁ ਦੁਰਾਇ ਚਲੈ ਸੋ ਚੋਰੁ ॥੩॥ ਪਤਿ ਖੋਈ ਬਿਖੁ ਅੰਚਲਿ ਪਾਇ ॥ ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥ ਜੋ ਕਿਛੁ ਕੀਨ੍ਹ੍ਹਸਿ ਪ੍ਰਭੁ ਰਜਾਇ ॥ ਭੈ ਮਾਨੈ ਨਿਰਭਉ ਮੇਰੀ ਮਾਇ ॥੪॥ ਕਾਮਨਿ ਚਾਹੈ ਸੁੰਦਰਿ ਭੋਗੁ ॥ ਪਾਨ ਫੂਲ ਮੀਠੇ ਰਸ ਰੋਗ ॥ ਖੀਲੈ ਬਿਗਸੈ ਤੇਤੋ ਸੋਗ ॥ ਪ੍ਰਭ ਸਰਣਾਗਤਿ ਕੀਨ੍ਹ੍ਹਸਿ ਹੋਗ ॥੫॥ ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥ ਮਾਟੀ ਫੂਲੀ ਰੂਪੁ ਬਿਕਾਰੁ ॥ ਆਸਾ ਮਨਸਾ ਬਾਂਧੋ ਬਾਰੁ ॥ ਨਾਮ ਬਿਨਾ ਸੂਨਾ ਘਰੁ ਬਾਰੁ ॥੬॥ ਗਾਛਹੁ ਪੁਤ੍ਰੀ ਰਾਜ ਕੁਆਰਿ ॥ ਨਾਮੁ ਭਣਹੁ ਸਚੁ ਦੋਤੁ ਸਵਾਰਿ ॥ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥ ਮੋਹਨਿ ਮੋਹਿ ਲੀਆ ਮਨੁ ਮੋਹਿ ॥ ਗੁਰ ਕੈ ਸਬਦਿ ਪਛਾਨਾ ਤੋਹਿ ॥ ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥ ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥ {ਪੰਨਾ 1187}

ਪਦ ਅਰਥ: ਜਗੁ = ਜਗਤ, ਮਾਇਆ-ਵੇੜ੍ਹਿਆ ਜੀਵ। ਚੀਤਿ = ਚਿੱਤ ਵਿਚ। ਗਿਰੈ = ਡਿੱਗਦਾ ਹੈ। ਦੇਖੁ = (ਹੇ ਭਾਈ!) ਵੇਖ। ਭੀਤਿ = ਭਿੱਤੀ, ਚੋਗਾ। ਅਨੀਤਿ = ਬਦਨੀਤੀ। ਸਿਉ = ਨਾਲ। ਤੂਟੀ = ਟੁੱਟ ਜਾਂਦੀ ਹੈ, ਸਦਾ ਨਹੀਂ ਨਿਭਦੀ।1।

ਬਿਖੁ = ਜ਼ਹਰ। ਬਜਰੁ = ਕਰੜਾ। ਗੁਨ ਚਾਰੁ = ਗੁਣਾਂ ਵਾਲਾ ਆਚਾਰ (ਆਚਰਨ) ।1। ਰਹਾਉ।

ਬਾਲੂ = ਰੇਤ। ਬਰਖਸਿ = ਵਰਖਾ ਹੋਣ ਤੇ। ਬਾਣੀ = ਬਨਾਵਟ। ਹੇਰਿ = ਵੇਖ। ਤੇ = ਤੋਂ। ਧਰਿ = ਬਣਾ ਦੇਂਦਾ ਹੈ। ਫੇਰਿ = ਫੇਰ ਕੇ। ਨਾਮੈ ਕੀ = ਨਾਮ ਦੀ ਹੀ। ਚੇਰਿ = ਦਾਸੀ।2।

ਸਿਰਿਮੋਰੁ = ਸ਼ਿਰੋਮਣੀ। ਕਰਉ = ਮੈਂ ਕਰਾਂ। ਪਗ ਤੋਰ = ਤੇਰੀ ਚਰਨੀਂ। ਨਾਮਿ = ਨਾਮ ਵਿਚ। ਓਰੁ = ਪਾਸਾ, ਆਸਰਾ। ਦੁਰਾਇ = ਲੁਕਾ ਕੇ। ਚਲੈ = ਜੀਵਨ-ਪੰਧ ਤੇ ਤੁਰਦਾ ਹੈ।3।

ਪਤਿ = ਇੱਜ਼ਤ। ਅੰਚਲਿ ਪਾਇ = ਪੱਲੇ ਬੰਨ੍ਹ ਕੇ। ਕੀਨ੍ਹ੍ਹਸਿ = ਕਰਦਾ ਹੈ। ਮਾਇ = ਹੇ ਮਾਂ!।4।

ਕਾਮਨਿ = ਇਸਤ੍ਰੀ। ਸੁੰਦਰਿ = ਸੋਹਣੀ। ਖੀਲੈ = ਖੇਲਦੀ ਹੈ, ਖਿੱਲੀਆਂ ਪਾਂਦੀ ਹੈ। ਬਿਗਸੈ = ਖਿੜਦੀ ਹੈ, ਖ਼ੁਸ ਹੁੰਦੀ ਹੈ। ਤੇਤੋ = ਉਤਨਾ ਹੀ (ਵਧੀਕ) । ਕੀਨ੍ਹ੍ਹਸਿ = ਕਰਦਾ ਹੈ।5।

ਪਹਿਰਸਿ = ਪਹਿਨਦੀ ਹੈ। ਅਧਿਕੁ = ਬਹੁਤ। ਮਾਟੀ = ਮਿੱਟੀ ਦੀ ਮੂਰਤੀ, ਕਾਂਇਆਂ। ਫੂਲੀ = ਫੁੱਲਦੀ ਹੈ, ਮਾਣ ਕਰਦੀ ਹੈ। ਬਾਰੁ = ਦਰਵਾਜ਼ਾ (ਜਿਸ ਰਸਤੇ ਪ੍ਰਭੂ ਨੂੰ ਮਿਲ ਸਕੀਦਾ ਹੈ) । ਘਰੁ ਬਾਰੁ = ਹਿਰਦਾ।6।

ਗਾਛਹੁ = ਜਾਓ (ਮੈਨੂੰ ਕੁਰਾਹੇ ਪਾਣ ਦੇ ਜਤਨ ਨਾਹ ਕਰੋ) । ਪੁਤ੍ਰੀ ਰਾਜ ਕੁਆਰਿ = ਹੇ ਪੁਤ੍ਰੀ! ਹੇ ਰਾਜ ਕੁਮਾਰੀ! ਹੇ ਮੇਰੀ ਜਿੰਦੇ! ਦੋਤੁ = ਅੰਮ੍ਰਿਤ ਵੇਲਾ, ਸਵੇਰਾ, ਦਿਨ। ਸਵਾਰਿ = ਸਵਾਰ ਕੇ, ਸੰਭਾਲ ਕੇ। ਅਧਾਰਿ = ਆਸਰੇ ਨਾਲ। ਤਿਆਸ = ਮਾਇਆ ਦੀ ਤ੍ਰਿਸ਼ਨਾ।7।

ਮੋਹਨਿ = ਮੋਹਨ ਨੇ। ਮਨੁ ਮੋਹਿ = ਮੇਰਾ ਮਨ। ਤੋਹਿ = (ਹੇ ਪ੍ਰਭੂ!) ਤੈਨੂੰ। ਠਾਢੇ = ਖਲੋਤੇ ਹੋਏ। ਦੁਆਰਿ = ਦਰ ਤੇ। ਨਾਮਿ = ਨਾਮ ਵਿਚ। ਕਿਰਪਾ ਧਾਰਿ = ਮੇਹਰ ਕਰ।8।

ਅਰਥ: (ਹੇ ਭਾਈ!) ਵੇਖ, ਜਿਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਮਾਇਆ-ਵੇੜ੍ਹਿਆ ਜੀਵ ਕਾਂ (ਦੇ ਸੁਭਾਵ ਵਾਲਾ) ਹੈ; ਪ੍ਰਭੂ ਦਾ ਨਾਮ ਭੁਲਾ ਕੇ (ਉਹ ਕਾਂ ਵਾਂਗ) ਚੋਗੇ ਤੇ ਡਿੱਗਦਾ ਹੈ, ਉਸ ਦਾ ਮਨ (ਮਾਇਆ ਵਲ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਚਿੱਤ ਵਿਚ (ਸਦਾ) ਖੋਟ ਹੀ ਹੁੰਦਾ ਹੈ। ਪਰ ਦੁਨੀਆ ਦੀ ਮਾਇਆ ਨਾਲ ਇਹ ਪ੍ਰੀਤਿ ਝੂਠੀ ਹੈ, ਕਦੇ ਤੋੜ ਨਹੀਂ ਚੜ੍ਹਦੀ।1।

(ਹੇ ਭਾਈ! ਕਾਮ ਤੇ ਕ੍ਰੋਧ (ਮਾਨੋ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ) , ਇਹ (ਮਾਨੋ) ਇਕ ਕਰੜਾ ਬੋਝ ਹੈ (ਜਿਸ ਦੇ ਹੇਠ ਆਤਮਕ ਜੀਵਨ ਘੁੱਟ ਕੇ ਮਰ ਜਾਂਦਾ ਹੈ) । ਗੁਣਾਂ ਵਾਲਾ ਆਚਰਨ (ਆਤਮਕ ਜੀਵਨ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਬਣ ਹੀ ਨਹੀਂ ਸਕਦਾ।1।

(ਹੇ ਭਾਈ!) ਵੇਖ, ਜਿਵੇਂ ਘੁੰਮਣ-ਘੇਰੀ ਵਿਚ ਰੇਤ ਦਾ ਘਰ ਬਣਿਆ ਹੋਇਆ ਹੋਵੇ, ਜਿਵੇਂ ਵਰਖਾ ਵੇਲੇ ਬੁਲਬੁਲਾ ਬਣ ਜਾਂਦਾ ਹੈ (ਤਿਵੇਂ ਇਸ ਸਰੀਰ ਦੀ ਪਾਂਇਆਂ ਹੈ, ਜਿਸ ਨੂੰ ਸਿਰਜਣਹਾਰ ਨੇ ਆਪਣੀ ਕੁਦਰਤਿ ਦਾ) ਚੱਕ ਘੁਮਾ ਕੇ (ਪਿਤਾ ਦੇ ਵੀਰਜ ਦੀ) ਬੂੰਦ ਮਾਤ੍ਰ ਤੋਂ ਰਚ ਦਿੱਤਾ ਹੈ (ਜਿਵੇਂ ਕੋਈ ਘੁਮਿਆਰ ਚੱਕ ਘੁਮਾ ਕੇ ਮਿੱਟੀ ਤੋਂ ਭਾਂਡਾ ਬਣਾ ਦੇਂਦਾ ਹੈ) । (ਸੋ, ਹੇ ਭਾਈ! ਜੇ ਤੂੰ ਆਤਮਕ ਮੌਤ ਤੋਂ ਬਚਣਾ ਹੈ ਤਾਂ ਆਪਣੀ ਜਿੰਦ ਨੂੰ) ਉਸ ਪ੍ਰਭੂ ਦੇ ਨਾਮ ਦੀ ਦਾਸੀ ਬਣਾ ਜਿਸ ਦੀ ਜੋਤਿ ਸਭ ਜੀਵਾਂ ਵਿਚ ਮੌਜੂਦ ਹੈ।2।

ਹੇ ਪ੍ਰਭੂ! ਤੂੰ ਸਾਰੇ ਜੀਵ ਪੈਦਾ ਕਰ ਕੇ ਸਭ ਦੇ ਸਿਰ ਤੇ ਸ਼ਿਰੋਮਣੀ ਹੈਂ, ਗੁਰੂ ਹੈਂ। ਮੇਰੀ ਇਹ ਤਾਂਘ ਹੈ ਕਿ ਮੈਂ ਤੇਰੀ ਭਗਤੀ ਕਰਾਂ, ਮੈਂ ਤੇਰੇ ਚਰਨੀਂ ਲੱਗਾ ਰਹਾਂ, ਤੇਰੇ ਨਾਮ-ਰੰਗ ਵਿਚ ਰੰਗਿਆ ਰਹਾਂ ਤੇ ਤੇਰਾ ਹੀ ਪੱਲਾ ਫੜੀ ਰੱਖਾਂ। ਜੇਹੜਾ ਮਨੁੱਖ ਤੇਰੇ ਨਾਮ ਨੂੰ (ਆਪਣੀ ਜਿੰਦ ਤੋਂ) ਦੂਰ ਦੂਰ ਰੱਖ ਕੇ (ਜੀਵਨ-ਪੰਧ ਵਿਚ) ਤੁਰਦਾ ਹੈ ਉਹ ਤੇਰਾ ਚੋਰ ਹੈ।3।

ਹੇ ਮੇਰੀ ਮਾਂ! ਜੇਹੜਾ ਮਨੁੱਖ (ਵਿਕਾਰਾਂ ਦੀ) ਜ਼ਹਰ ਹੀ ਪੱਲੇ ਬੰਨ੍ਹਦਾ ਹੈ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ, ਪਰ ਜੇਹੜਾ ਬੰਦਾ ਸਦਾ-ਥਿਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦੇ ਦੇਸ ਵਿਚ ਇੱਜ਼ਤ ਨਾਲ ਜਾਂਦਾ ਹੈ। (ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਪ੍ਰਭੂ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ (ਕਿਸੇ ਹੋਰ ਦਾ ਉਸ ਦੀ ਰਜ਼ਾ ਵਿਚ ਕੋਈ ਦਖ਼ਲ ਨਹੀਂ) , ਤੇ ਜੇਹੜਾ ਬੰਦਾ ਉਸ ਦੇ ਡਰ-ਅਦਬ ਵਿਚ ਰਹਿਣ ਗਿੱਝ ਜਾਂਦਾ ਹੈ ਉਹ (ਇਸ ਜੀਵਨ-ਸਫ਼ਰ ਵਿਚ ਕਾਮ ਕ੍ਰੋਧ ਆਦਿਕ ਵਲੋਂ) ਬੇ-ਫ਼ਿਕਰ ਹੋ ਕੇ ਤੁਰਦਾ ਹੈ।4।

ਸੁੰਦਰ ਜੀਵ-ਇਸਤ੍ਰੀ ਦੁਨੀਆ ਦੇ ਚੰਗੇ ਪਦਾਰਥਾਂ ਦਾ ਭੋਗ ਲੋੜਦੀ ਹੈ, ਪਰ ਇਹ ਪਾਨ ਫੁੱਲ ਮਿੱਠੇ ਪਦਾਰਥਾਂ ਦੇ ਸੁਆਦ = ਇਹ ਸਭ ਹੋਰ ਹੋਰ ਵਿਕਾਰ ਤੇ ਰੋਗ ਹੀ ਪੈਦਾ ਕਰਦੇ ਹਨ। ਜਿਤਨਾ ਹੀ ਵਧੀਕ ਉਹ ਇਹਨਾਂ ਭੋਗਾਂ ਵਿਚ ਖਿੱਲੀਆਂ ਮਾਰਦੀ ਹੈ ਤੇ ਖ਼ੁਸ਼ ਹੁੰਦੀ ਹੈ ਉਤਨਾ ਹੀ ਵਧੀਕ ਦੁੱਖ-ਰੋਗ ਵਿਆਪਦਾ ਹੈ। ਪਰ ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਸਰਨ ਆ ਜਾਂਦੀ ਹੈ (ਉਹ ਰਜ਼ਾ ਵਿਚ ਤੁਰਦੀ ਹੈ ਉਸ ਨੂੰ ਨਿਸ਼ਚਾ ਹੁੰਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।5।

ਜੇਹੜੀ ਜੀਵ-ਇਸਤ੍ਰੀ ਸੋਹਣਾ ਸੋਹਣਾ ਕੱਪੜਾ ਪਹਿਨਦੀ ਹੈ ਵਧੀਕ ਵਧੀਕ ਸ਼ਿੰਗਾਰ ਕਰਦੀ ਹੈ, ਆਪਣੀ ਕਾਂਇਆਂ ਨੂੰ ਵੇਖ ਵੇਖ ਕੇ ਫੁੱਲ ਫੁੱਲ ਬਹਿੰਦੀ ਹੈ, ਉਸ ਦਾ ਰੂਪ ਉਸ ਨੂੰ ਹੋਰ ਹੋਰ ਵਿਕਾਰ ਵਲ ਪ੍ਰੇਰਦਾ ਹੈ, ਦੁਨੀਆ ਦੀਆਂ ਆਸਾਂ ਤੇ ਖ਼ਾਹਸ਼ਾਂ ਉਸ ਦੇ (ਦਸਵੇਂ) ਦਰਵਾਜ਼ੇ ਨੂੰ ਬੰਦ ਕਰ ਦੇਂਦੀਆਂ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦਾ ਹਿਰਦਾ-ਘਰ ਸੁੰਞਾ ਹੀ ਰਹਿੰਦਾ ਹੈ।6।

ਹੇ ਜਿੰਦੇ! ਉੱਠ ਉੱਦਮ ਕਰ, ਤੂੰ ਸਾਰੇ ਜਗਤ ਦੇ ਰਾਜੇ-ਪ੍ਰਭੂ ਦੀ ਅੰਸ ਹੈਂ, ਤੂੰ ਰਾਜ-ਪੁਤ੍ਰੀ ਹੈਂ, ਤੂੰ ਰਾਜ-ਕੁਮਾਰੀ ਹੈਂ, ਅੰਮ੍ਰਿਤ ਵੇਲੇ ਦੀ ਸੰਭਾਲ ਕਰ ਕੇ ਨਿਤ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰ। ਪ੍ਰਭੂ ਦੇ ਪ੍ਰੇਮ ਦੇ ਆਸਰੇ ਰਹਿ ਕੇ ਉਸ ਪ੍ਰੀਤਮ ਦੀ ਸੇਵਾ-ਭਗਤੀ ਕਰ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੀ ਤ੍ਰਿਸ਼ਨਾ ਨੂੰ ਦੂਰ ਕਰ ਇਹ ਤ੍ਰਿਸ਼ਨਾ ਜ਼ਹਰ ਹੈ ਜੋ ਤੇਰੇ ਆਤਮਕ ਜੀਵਨ ਨੂੰ ਮਾਰ ਦੇਵੇਗੀ।7।

ਹੇ ਨਾਨਕ! (ਅਰਦਾਸ ਕਰ ਤੇ ਆਖ-) ਤੈਂ ਮੋਹਨ ਨੇ (ਆਪਣੇ ਕੌਤਕਾਂ ਨਾਲ) ਮੇਰਾ ਮਨ ਮੋਹ ਲਿਆ ਹੈ, (ਮੇਹਰ ਕਰ ਤਾ ਕਿ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਤੈਨੂੰ ਪਛਾਣ ਸਕਾਂ। ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਤੇ ਖਲੋਤੇ (ਬੇਨਤੀ ਕਰਦੇ ਹਾਂ) , ਕਿਰਪਾ ਕਰ, ਤੇਰੇ ਨਾਮ ਵਿਚ ਜੁੜ ਕੇ ਅਸੀਂ ਸੰਤੋਖ ਧਾਰਨ ਕਰ ਸਕੀਏ।8।1।

ਬਸੰਤੁ ਮਹਲਾ ੧ ॥ ਮਨੁ ਭੂਲਉ ਭਰਮਸਿ ਆਇ ਜਾਇ ॥ ਅਤਿ ਲੁਬਧ ਲੁਭਾਨਉ ਬਿਖਮ ਮਾਇ ॥ ਨਹ ਅਸਥਿਰੁ ਦੀਸੈ ਏਕ ਭਾਇ ॥ ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥ ਮਨੁ ਭੂਲਉ ਸਮਝਸਿ ਸਾਚ ਨਾਇ ॥ ਗੁਰ ਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ ॥ ਮਨੁ ਭੂਲਉ ਭਰਮਸਿ ਭਵਰ ਤਾਰ ॥ ਬਿਲ ਬਿਰਥੇ ਚਾਹੈ ਬਹੁ ਬਿਕਾਰ ॥ ਮੈਗਲ ਜਿਉ ਫਾਸਸਿ ਕਾਮਹਾਰ ॥ ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥ ਮਨੁ ਮੁਗਧੌ ਦਾਦਰੁ ਭਗਤਿਹੀਨੁ ॥ ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥ ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥ ਸਭਿ ਦੂਖ ਸਖਾਈ ਗੁਣਹ ਬੀਨ ॥੩॥ ਮਨੁ ਚਲੈ ਨ ਜਾਈ ਠਾਕਿ ਰਾਖੁ ॥ ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥ ਤੂ ਆਪੇ ਸੁਰਤਾ ਆਪਿ ਰਾਖੁ ॥ ਧਰਿ ਧਾਰਣ ਦੇਖੈ ਜਾਣੈ ਆਪਿ ॥੪॥ ਆਪਿ ਭੁਲਾਏ ਕਿਸੁ ਕਹਉ ਜਾਇ ॥ ਗੁਰੁ ਮੇਲੇ ਬਿਰਥਾ ਕਹਉ ਮਾਇ ॥ ਅਵਗਣ ਛੋਡਉ ਗੁਣ ਕਮਾਇ ॥ ਗੁਰ ਸਬਦੀ ਰਾਤਾ ਸਚਿ ਸਮਾਇ ॥੫॥ ਸਤਿਗੁਰ ਮਿਲਿਐ ਮਤਿ ਊਤਮ ਹੋਇ ॥ ਮਨੁ ਨਿਰਮਲੁ ਹਉਮੈ ਕਢੈ ਧੋਇ ॥ ਸਦਾ ਮੁਕਤੁ ਬੰਧਿ ਨ ਸਕੈ ਕੋਇ ॥ ਸਦਾ ਨਾਮੁ ਵਖਾਣੈ ਅਉਰੁ ਨ ਕੋਇ ॥੬॥ ਮਨੁ ਹਰਿ ਕੈ ਭਾਣੈ ਆਵੈ ਜਾਇ ॥ ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥ ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥ ਦੂਖ ਸੂਖ ਸਭ ਤਿਸੁ ਰਜਾਇ ॥੭॥ ਤੂ ਅਭੁਲੁ ਨ ਭੂਲੌ ਕਦੇ ਨਾਹਿ ॥ ਗੁਰ ਸਬਦੁ ਸੁਣਾਏ ਮਤਿ ਅਗਾਹਿ ॥ ਤੂ ਮੋਟਉ ਠਾਕੁਰੁ ਸਬਦ ਮਾਹਿ ॥ ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥ {ਪੰਨਾ 1187-1188}

ਪਦ ਅਰਥ: ਭਰਮਸਿ = ਭਟਕਦਾ ਹੈ। ਆਇ ਜਾਇ = ਆਉਂਦਾ ਹੈ ਜਾਂਦਾ ਹੈ, ਦੌੜ-ਭੱਜ ਕਰਦਾ ਹੈ। ਅਤਿ = ਬਹੁਤ। ਲੁਬਧ = ਲਾਲਚੀ। ਲੁਭਾਨਉ = ਲਾਲਚ ਵਿਚ ਫਸਿਆ ਹੋਇਆ ਹੈ। ਬਿਖਮ ਮਾਇ = ਔਖੀ ਮਾਇਆ, ਉਹ ਮਾਇਆ ਜਿਸ ਤੋਂ ਬਚਣਾ ਬਹੁਤ ਔਖਾ ਹੈ। ਏਕ ਭਾਇ = ਇਕ ਪਰਮਾਤਮਾ ਦੇ ਪਿਆਰ ਵਿਚ। ਮੀਨ = ਮੱਛੀ। ਕੰਠਿ = ਗਲ ਵਿਚ।1।

ਸਾਚਿ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) । ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ। ਸਹਜ ਭਾਇ = ਅਡੋਲਤਾ ਦੇ ਭਾਵ ਵਿਚ।1। ਰਹਾਉ।

ਭਵਰ ਤਾਰ = ਭੌਰੇ ਦੀ ਤਰ੍ਹਾਂ। ਬਿਲ = ਇੰਦੇ। ਬਿਰਥੇ ਬਿਕਾਰ = ਵਿਅਰਥ ਵਿਕਾਰ। ਮੈਗਲ = ਹਾਥੀ {mdkl}। ਕਾਮਹਾਰ = ਕਾਮਾਤੁਰ, ਕਾਮ-ਅਧੀਨ। ਕੜਿ = ਕੜ ਕੇ, ਬੰਨ੍ਹ ਕੇ। ਬੰਧਨਿ = ਬੰਧਨ ਨਾਲ, ਰੱਸੇ (ਸੰਗਲ) ਨਾਲ। ਸੀਸ ਮਾਰ = ਸਿਰ ਤੇ ਮਾਰ।2।

ਮੁਗਧੌ = ਮੂਰਖ। ਦਾਦਰੁ = ਡੱਡੂ। ਦਰਿ ਭ੍ਰਸਟ = ਦਰ ਤੋਂ ਡਿੱਗਾ ਹੋਇਆ। ਬੀਨੁ = ਬਿਨੁ, ਸੱਖਣਾ। ਗੁਣਹ ਬੀਨ = ਗੁਣਾਂ ਤੋਂ ਖ਼ਾਲੀ।3।

ਠਾਕਿ = ਰੋਕ ਕੇ। ਸਾਸੁ = ਇਤਬਾਰ। ਸੁਰਤਾ = ਧਿਆਨ ਰੱਖਣ ਵਾਲਾ। ਰਾਖੁ = ਰਾਖਾ। ਧਾਰਿ = ਧਰ ਕੇ, ਪੈਦਾ ਕਰ ਕੇ। ਧਾਰਣ = ਧਰਣੀ, ਧਰਤੀ।4।

ਕਹਉ = ਮੈਂ ਆਖਾਂ। ਬਿਰਥਾ = {ÒXQw} ਦੁੱਖ, ਪੀੜਾ। ਮਾਇ = ਹੇ ਮਾਂ! ਕਮਾਇ = ਵਿਹਾਝ ਕੇ। ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।5।

ਉਤਮ = ਸ੍ਰੇਸ਼ਟ। ਧੋਇ = ਧੋ ਕੇ। ਬੰਧਿ ਨ ਸਕੈ = ਬੰਨ੍ਹ ਨਹੀਂ ਸਕਦਾ।6।

ਭਾਣੈ = ਰਜ਼ਾ ਵਿਚ। ਆਵੈ ਜਾਇ = ਭਟਕਦਾ ਹੈ। ਹੁਕਮਿ = ਹੁਕਮ ਵਿਚ।7।

ਅਗਾਹਿ = ਅਗਾਧ। ਸਲਾਹਿ = ਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ।8।

ਅਰਥ: (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਮਨ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ ਹੀ) ਆਪਣੀ ਭੁੱਲ ਨੂੰ ਸਮਝਦਾ ਹੈ। (ਜਦੋਂ ਮਨ) ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਇਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕਦਾ ਹੈ) ।1। ਰਹਾਉ।

(ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭਟਕਦਾ ਹੈ (ਮਾਇਆ ਦੀ ਖ਼ਾਤਰ ਹੀ) ਦੌੜ-ਭੱਜ ਕਰਦਾ ਰਹਿੰਦਾ ਹੈ, ਬੜਾ ਲਾਲਚੀ ਹੋਇਆ ਰਹਿੰਦਾ ਹੈ, ਉਸ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ, ਜਿਸ ਦੀ ਫਾਹੀ ਵਿਚੋਂ ਨਿਕਲਣਾ ਬਹੁਤ ਔਖਾ ਹੈ। (ਜਿਤਨਾ ਚਿਰ ਮਨ ਮਾਇਆ ਦੇ ਅਧੀਨ ਰਹਿੰਦਾ ਹੈ, ਤਦ ਤਕ) ਇਹ ਕਦੇ ਟਿਕਵੀਂ ਹਾਲਤ ਵਿਚ ਨਹੀਂ ਦਿੱਸਦਾ, ਇਕ ਪ੍ਰਭੂ ਦੇ ਪ੍ਰੇਮ ਵਿਚ (ਮਗਨ) ਨਹੀਂ ਦਿੱਸਦਾ। ਜਿਵੇਂ ਮੱਛੀ (ਭਿੱਤੀ ਦੇ ਲਾਲਚ ਵਿਚ) ਆਪਣੇ ਗਲ ਕੁੰਡੀ ਪਵਾ ਲੈਂਦੀ ਹੈ, (ਤਿਵੇਂ ਮਨ ਮਾਇਆ ਦੀ ਗ਼ੁਲਾਮੀ ਵਿਚ ਆਪਣੇ ਆਪ ਨੂੰ ਫਸਾ ਲੈਂਦਾ ਹੈ) ।1।

(ਮਾਇਆ ਦੇ ਪ੍ਰਭਾਵ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭੌਰੇ ਵਾਂਗ ਭਟਕਦਾ ਹੈ, ਮਨ ਇੰਦ੍ਰਿਆਂ ਦੀ ਰਾਹੀਂ ਬਹੁਤੇ ਵਿਅਰਥ ਵਿਕਾਰ ਕਰਨੇ ਚਾਹੁੰਦਾ ਹੈ, ਇਹ ਮਨ ਕਾਮਾਤੁਰ ਹਾਥੀ ਵਾਂਗ ਫਸਦਾ ਹੈ ਜੋ ਸੰਗਲ ਨਾਲ ਕੜ ਕੇ ਬੰਨ੍ਹਿਆ ਜਾਂਦਾ ਹੈ ਤੇ ਸਿਰ ਉਤੇ ਚੋਟਾਂ ਸਹਾਰਦਾ ਹੈ।2।

ਮੂਰਖ ਮਨ ਭਗਤੀ ਤੋਂ ਵਾਂਜਿਆ ਰਹਿੰਦਾ ਹੈ, (ਇਹ ਮੂਰਖ ਮਨ, ਮਾਨੋ) ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ) । (ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, (ਮਾਨੋ) ਸਰਾਪਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ। ਜੇਹੜਾ ਮਨੁੱਖ ਨਾਮ ਤੋਂ ਖ਼ਾਲੀ ਹੈ ਉਸ ਦੀ ਨਾਹ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ ਨਾਹ ਚੰਗੀ ਕੁਲ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ, ਉਹ ਆਤਮਕ ਗੁਣਾਂ ਤੋਂ ਵਾਂਜਿਆ ਰਹਿੰਦਾ ਹੈ, ਸਾਰੇ ਦੁਖ ਹੀ ਦੁਖ ਉਸ ਦੇ ਸਾਥੀ ਬਣੇ ਰਹਿੰਦੇ ਹਨ।3।

ਹੇ ਭਾਈ! ਇਹ ਮਨ ਚੰਚਲ ਹੈ, ਇਸ ਨੂੰ ਰੋਕ ਕੇ ਰੱਖ ਤਾਕਿ ਇਹ (ਵਿਕਾਰਾਂ ਦੇ ਪਿੱਛੇ) ਭਟਕਦਾ ਨਾਹ ਫਿਰੇ। ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਨਾਹ ਕਿਤੇ ਇੱਜ਼ਤ ਮਿਲਦੀ ਹੈ ਨਾਹ ਕੋਈ ਇਤਬਾਰ ਕਰਦਾ ਹੈ।

ਸ੍ਰਿਸ਼ਟੀ ਰਚ ਕੇ ਪਰਮਾਤਮਾ ਆਪ ਹੀ (ਇਸ ਦੀਆਂ ਲੋੜਾਂ ਭੀ) ਜਾਣਦਾ ਹੈ (ਇਸ ਵਾਸਤੇ, ਹੇ ਭਾਈ! ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਤੂੰ ਆਪ ਹੀ (ਸਾਡੀਆਂ ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈਂ, ਤੇ ਆਪ ਹੀ ਸਾਡਾ ਰਾਖਾ ਹੈਂ।4।

ਹੇ ਮਾਂ! ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ ਜਾ ਕੇ ਆਖਾਂ? ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾਂਦਾ ਹੈ, ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ, ਸੋ, ਮੈਂ ਗੁਰੂ ਦੇ ਦਰ ਤੇ ਹੀ ਦਿਲ ਦਾ ਦੁੱਖ ਕਹਿ ਸਕਦਾ ਹਾਂ। ਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।5।

ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੀ) ਮਤਿ ਸ੍ਰੇਸ਼ਟ ਹੋ ਜਾਂਦੀ ਹੈ, ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ, ਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ, ਕੋਈ (ਵਿਕਾਰ) ਉਸ ਨੂੰ ਕਾਬੂ ਨਹੀਂ ਕਰ ਸਕਦਾ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਕੋਈ ਹੋਰ (ਸ਼ੁਗ਼ਲ ਉਸ ਨੂੰ ਆਪਣੇ ਵਲ ਖਿੱਚ) ਨਹੀਂ ਪਾ ਸਕਦਾ।6।

(ਪਰ ਜੀਵ ਦੇ ਕੀਹ ਵੱਸ? ਇਸ ਮਨ ਦੀ ਕੋਈ ਪੇਸ਼ ਨਹੀਂ ਜਾ ਸਕਦੀ) ਇਹ ਮਨ ਪਰਮਾਤਮਾ ਦੇ ਭਾਣੇ ਅਨੁਸਾਰ (ਮਾਇਆ ਦੇ ਮੋਹ ਵਿਚ) ਭਟਕਦਾ ਫਿਰਦਾ ਹੈ, ਉਹ ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵੱਸਦਾ ਹੈ (ਉਸ ਦੀ ਰਜ਼ਾ ਦੇ ਉਲਟ) ਕੋਈ ਹੀਲ-ਹੁੱਜਤ ਕੀਤੀ ਨਹੀਂ ਜਾ ਸਕਦੀ। ਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿਚ ਹੀ ਬੱਝੀ ਰਹਿੰਦੀ ਹੈ। (ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ।7।

ਹੇ ਪ੍ਰਭੂ! ਤੂੰ ਅਭੁੱਲ ਹੈਂ, ਗ਼ਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ। (ਤੇਰੀ ਰਜ਼ਾ ਅਨੁਸਾਰ) ਗੁਰੂ ਜਿਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਉਸ ਮਨੁੱਖ ਦੀ ਮਤਿ ਭੀ ਅਗਾਧ (ਡੂੰਘੀ) ਹੋ ਜਾਂਦੀ ਹੈ (ਭਾਵ, ਉਹ ਭੀ ਡੂੰਘੀ ਸਮਝ ਵਾਲਾ ਹੋ ਜਾਂਦਾ ਹੈ ਤੇ ਕੋਈ ਉਕਾਈ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) । ਹੇ ਪ੍ਰਭੂ! ਤੂੰ ਵੱਡਾ (ਪਾਲਣਹਾਰ) ਮਾਲਕ ਹੈਂ ਤੇ ਗੁਰੂ ਦੇ ਸ਼ਬਦ ਵਿਚ ਵੱਸਦਾ ਹੈਂ (ਭਾਵ, ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਤੇਰਾ ਦਰਸਨ ਹੋ ਜਾਂਦਾ ਹੈ) ।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਨਾਨਕ ਦਾ ਮਨ (ਉਸ ਦੀ ਯਾਦ ਵਿਚ) ਗਿੱਝ ਗਿਆ ਹੈ।8।2।

TOP OF PAGE

Sri Guru Granth Darpan, by Professor Sahib Singh