ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1188 ਬਸੰਤੁ ਮਹਲਾ ੧ ॥ ਦਰਸਨ ਕੀ ਪਿਆਸ ਜਿਸੁ ਨਰ ਹੋਇ ॥ ਏਕਤੁ ਰਾਚੈ ਪਰਹਰਿ ਦੋਇ ॥ ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥ ਗੁਰਮੁਖਿ ਬੂਝੈ ਏਕ ਸਮਾਇ ॥੧॥ ਤੇਰੇ ਦਰਸਨ ਕਉ ਕੇਤੀ ਬਿਲਲਾਇ ॥ ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ ॥ ਬੇਦ ਵਖਾਣਿ ਕਹਹਿ ਇਕੁ ਕਹੀਐ ॥ ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥ ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥੨॥ ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥ ਏਕੁ ਨਿਰਾਲਮੁ ਅਕਥ ਕਹਾਣੀ ॥ ਏਕੋ ਸਬਦੁ ਸਚਾ ਨੀਸਾਣੁ ॥ ਪੂਰੇ ਗੁਰ ਤੇ ਜਾਣੈ ਜਾਣੁ ॥੩॥ ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥ ਅਨਹਦਿ ਰਾਤਾ ਏਕ ਲਿਵ ਤਾਰ ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥ ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥ ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ॥੬॥ ਏਕਾ ਭਗਤਿ ਏਕੋ ਹੈ ਭਾਉ ॥ ਬਿਨੁ ਭੈ ਭਗਤੀ ਆਵਉ ਜਾਉ ॥ ਗੁਰ ਤੇ ਸਮਝਿ ਰਹੈ ਮਿਹਮਾਣੁ ॥ ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥ ਇਤ ਉਤ ਦੇਖਉ ਸਹਜੇ ਰਾਵਉ ॥ ਤੁਝ ਬਿਨੁ ਠਾਕੁਰ ਕਿਸੈ ਨ ਭਾਵਉ ॥ ਨਾਨਕ ਹਉਮੈ ਸਬਦਿ ਜਲਾਇਆ ॥ ਸਤਿਗੁਰਿ ਸਾਚਾ ਦਰਸੁ ਦਿਖਾਇਆ ॥੮॥੩॥ {ਪੰਨਾ 1188} ਪਦ ਅਰਥ: ਏਕਤੁ = ਇੱਕ (ਪਰਮਾਤਮਾ) ਵਿਚ ਹੀ। ਪਰਹਰਿ = ਤਿਆਗ ਕੇ। ਦੋਇ = ਦ੍ਵੈਤ, ਕਿਸੇ ਹੋਰ ਆਸਰੇ ਦੀ ਝਾਕ। ਮਥਿ = ਰਿੜਕ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਏਕ ਸਮਾਇ = ਇੱਕ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।1। ਕੇਤੀ = ਬੇਅੰਤ ਲੁਕਾਈ। ਬਿਲਲਾਇ = ਤਰਲੇ ਲੈਂਦੀ ਹੈ। ਚੀਨਸਿ = ਪਛਾਣਦਾ ਹੈ। ਮਿਲਾਇ = ਮਿਲਿ, ਮਿਲ ਕੇ।1। ਰਹਾਉ। ਵਖਾਣਿ = ਵਖਾਣ ਕੇ, ਵਿਆਖਿਆ ਕਰ ਕੇ। ਕਹੀਐ = ਸਿਮਰਨਾ ਚਾਹੀਦਾ ਹੈ। ਕਿਨਿ = ਕਿਸ ਨੇ? ਜਿਨਿ = ਜਿਸ ਪ੍ਰਭੂ ਨੇ। ਕਲਾ = (ਕੋਈ ਦਿੱਸਦਾ) ਵਸੀਲਾ। ਧਰਿ = ਧਰਤੀ। ਗਗਨੁ = ਆਕਾਸ਼। ਧਰੀਆ = ਟਿਕਾਇਆ ਹੈ।2। ਧੁਨਿ = ਰੌ, ਲਗਨ। ਬਾਣੀ = ਸਿਫ਼ਤਿ-ਸਾਲਾਹ। ਨਿਰਾਲਮੁ = {inr` AwlMb} ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨੀਸਾਣੁ = ਪਰਵਾਨਾ, ਰਾਹਦਾਰੀ। ਤੇ = ਤੋਂ, ਪਾਸੋਂ। ਜਾਣੁ = ਸੁਜਾਨ ਮਨੁੱਖ।3। ਦ੍ਰਿੜੈ = ਪੱਕਾ ਕਰਦਾ ਹੈ, ਹਿਰਦੇ ਵਿਚ ਟਿਕਾਂਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਜੁਗਿ ਜੁਗਿ = ਹਰੇਕ ਜੁਗ ਵਿਚ। ਅਨਹਦਿ = ਅਬਿਨਾਸੀ ਪ੍ਰਭੂ ਵਿਚ। ਰਾਤਾ = ਮਸਤ। ਅਲਖ = ਅਦ੍ਰਿਸ਼ਟ।4। ਸਾਰੁ = ਮੂਲ, ਤੱਤ। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਏਕੰਕਾਰੁ = ਇਕ ਆਪ ਹੀ ਆਪ।5। ਮੂਰਤਿ = ਸਰੂਪ। ਸਾਚਾ = ਸਦਾ-ਥਿਰ ਰਹਿਣ ਵਾਲਾ। ਤਿਥੈ = ਉਸ ਪ੍ਰਭੂ ਦੀ ਹਜ਼ੂਰੀ ਵਿਚ। ਨਿਬੜੈ = ਨਿੱਬੜਦਾ ਹੈ, ਚੱਲਦਾ ਹੈ। ਸਾਚੀ = ਸਦਾ ਇਕ-ਰਸ ਰਹਿਣ ਵਾਲੀ, ਸੱਚੀ। ਕਰਣੀ = ਆਚਰਨ। ਪਤਿ = ਇੱਜ਼ਤ। ਪਰਵਾਣੁ = ਕਬੂਲ।6। ਭਾਉ = ਪ੍ਰੇਮ। ਆਵਉ ਜਾਉ = ਜੰਮਣ ਮਰਨ (ਬਣਿਆ ਰਹਿੰਦਾ ਹੈ) । ਤੇ = ਤੋਂ। ਸਮਝਿ = ਸਿੱਖਿਆ ਲੈ ਕੇ। ਮਿਹਮਾਣੁ = ਪਰਾਹੁਣਾ। ਰਸਿ = ਰਸ ਵਿਚ।7। ਇਤ ਉਤ = ਲੋਕ ਪਰਲੋਕ ਵਿਚ। ਦੇਖਉ = ਮੈਂ ਵੇਖਦਾ ਹਾਂ। ਸਹਜੇ = ਸਹਜ ਵਿਚ, ਆਤਮਕ ਅਡੋਲਤਾ ਵਿਚ। ਰਾਵਉ = ਮੈਂ ਸਿਮਰਦਾ ਹਾਂ। ਠਾਕੁਰ = ਹੇ ਠਾਕੁਰ! ਸਬਦਿ = ਸ਼ਬਦ ਦੀ ਰਾਹੀਂ। ਸਤਿਗੁਰਿ = ਗੁਰੂ ਨੇ।8। ਅਰਥ: ਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸਨ ਵਾਸਤੇ ਤਰਲੇ ਲੈਂਦੀ ਹੈ, ਪਰ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਤੇਰੇ ਸਰੂਪ ਨੂੰ) ਪਛਾਣਦਾ ਹੈ।1। ਰਹਾਉ। ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ, ਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ। (ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।1। ਵੇਦ ਆਦਿਕ ਧਰਮ-ਪੁਸਤਕ ਭੀ ਵਿਆਖਿਆ ਕਰ ਕੇ ਇਹੀ ਆਖਦੇ ਹਨ ਕਿ ਇਕ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜੋ ਬੇਅੰਤ ਹੈ ਤੇ ਜਿਸ ਦਾ ਅੰਤ ਕਿਸੇ ਜੀਵ ਨੇ ਨਹੀਂ ਲੱਭਾ। ਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ, ਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ।2। ਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ ਸਮਝ ਲੈਂਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਲਗਨ ਹੀ ਅਸਲ ਗਿਆਨ ਹੈ ਤੇ ਅਸਲ ਧਿਆਨ (ਜੋੜਨਾ) ਹੈ। ਇਕ ਪਰਮਾਤਮਾ ਹੀ ਐਸਾ ਹੈ ਜਿਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਸ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ (ਮਨੁੱਖ ਦੇ ਪਾਸ ਇਸ ਜੀਵਨ-ਪੰਧ ਵਿਚ) ਸੱਚਾ ਪਰਵਾਨਾ ਹੈ।3। ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ, ਉਹੀ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ; ਉਹ ਮਨੁੱਖ ਇਕ-ਤਾਰ ਸੁਰਤਿ ਜੋੜ ਕੇ ਅਬਿਨਾਸੀ ਪ੍ਰਭੂ ਵਿਚ ਮਸਤ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ।4। (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇਕ ਤਖ਼ਤ ਹੈ, ਉਹ ਪਾਤਿਸ਼ਾਹ ਸਭ ਥਾਵਾਂ ਵਿਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ। ਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ, ਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ।5। (ਇਹ ਸਾਰਾ ਸੰਸਾਰ ਉਸੇ) ਇਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਦਰਗਾਹ ਵਿਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ। ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ ਉਸ ਨੂੰ ਸੱਚੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿਚ ਉਹ ਕਬੂਲ ਹੁੰਦਾ ਹੈ।6। (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ) ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਇਕੋ ਇਕ ਸਹੀ ਜੀਵਨ-ਰਾਹ ਹੈ। ਜੇਹੜਾ ਮਨੁੱਖ ਭਗਤੀ ਤੋਂ ਸੱਖਣਾ ਹੈ ਪ੍ਰਭੂ ਦੇ ਡਰ-ਅਦਬ ਤੋਂ ਖ਼ਾਲੀ ਹੈ ਉਸ ਨੂੰ ਜੰਮਣ ਮਰਨ ਦਾ ਗੇੜ ਮਿਲਿਆ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ ਤੇ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦਾ ਹੈ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।7। ਹੇ ਠਾਕੁਰ! ਮੈਂ (ਗੁਰੂ ਦੀ ਕਿਰਪਾ ਨਾਲ) ਏਧਰ ਓਧਰ (ਹਰ ਥਾਂ) ਤੈਨੂੰ ਹੀ (ਵਿਆਪਕ) ਵੇਖਦਾ ਹਾਂ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਤੈਨੂੰ ਸਿਮਰਦਾ ਹਾਂ, ਤੈਥੋਂ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤਿ ਨਹੀਂ ਜੋੜਦਾ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਸਾੜ ਲਈ ਹੈ, ਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿਕੇ ਰਹਿਣ ਵਾਲਾ ਦਰਸਨ ਕਰਾ ਦਿੱਤਾ ਹੈ।8।3। |
Sri Guru Granth Darpan, by Professor Sahib Singh |