ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1189

ਬਸੰਤੁ ਮਹਲਾ ੧ ॥ ਚੰਚਲੁ ਚੀਤੁ ਨ ਪਾਵੈ ਪਾਰਾ ॥ ਆਵਤ ਜਾਤ ਨ ਲਾਗੈ ਬਾਰਾ ॥ ਦੂਖੁ ਘਣੋ ਮਰੀਐ ਕਰਤਾਰਾ ॥ ਬਿਨੁ ਪ੍ਰੀਤਮ ਕੋ ਕਰੈ ਨ ਸਾਰਾ ॥੧॥ ਸਭ ਊਤਮ ਕਿਸੁ ਆਖਉ ਹੀਨਾ ॥ ਹਰਿ ਭਗਤੀ ਸਚਿ ਨਾਮਿ ਪਤੀਨਾ ॥੧॥ ਰਹਾਉ ॥ ਅਉਖਧ ਕਰਿ ਥਾਕੀ ਬਹੁਤੇਰੇ ॥ ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ ॥ ਬਿਨੁ ਹਰਿ ਭਗਤੀ ਦੂਖ ਘਣੇਰੇ ॥ ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥ ਰੋਗੁ ਵਡੋ ਕਿਉ ਬਾਂਧਉ ਧੀਰਾ ॥ ਰੋਗੁ ਬੁਝੈ ਸੋ ਕਾਟੈ ਪੀਰਾ ॥ ਮੈ ਅਵਗਣ ਮਨ ਮਾਹਿ ਸਰੀਰਾ ॥ ਢੂਢਤ ਖੋਜਤ ਗੁਰਿ ਮੇਲੇ ਬੀਰਾ ॥੩॥ ਗੁਰ ਕਾ ਸਬਦੁ ਦਾਰੂ ਹਰਿ ਨਾਉ ॥ ਜਿਉ ਤੂ ਰਾਖਹਿ ਤਿਵੈ ਰਹਾਉ ॥ ਜਗੁ ਰੋਗੀ ਕਹ ਦੇਖਿ ਦਿਖਾਉ ॥ ਹਰਿ ਨਿਰਮਾਇਲੁ ਨਿਰਮਲੁ ਨਾਉ ॥੪॥ ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥ ਗੁਰ ਮਹਲੀ ਸੋ ਮਹਲਿ ਬੁਲਾਵੈ ॥ ਮਨ ਮਹਿ ਮਨੂਆ ਚਿਤ ਮਹਿ ਚੀਤਾ ॥ ਐਸੇ ਹਰਿ ਕੇ ਲੋਗ ਅਤੀਤਾ ॥੫॥ ਹਰਖ ਸੋਗ ਤੇ ਰਹਹਿ ਨਿਰਾਸਾ ॥ ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥ ਆਪੁ ਪਛਾਣਿ ਰਹੈ ਲਿਵ ਲਾਗਾ ॥ ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥੬॥ ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ ॥ ਸਹਜਿ ਮਰਉ ਜੀਵਤ ਹੀ ਜੀਵਉ ॥ ਅਪਣੋ ਕਰਿ ਰਾਖਹੁ ਗੁਰ ਭਾਵੈ ॥ ਤੁਮਰੋ ਹੋਇ ਸੁ ਤੁਝਹਿ ਸਮਾਵੈ ॥੭॥ ਭੋਗੀ ਕਉ ਦੁਖੁ ਰੋਗ ਵਿਆਪੈ ॥ ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ ॥ ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥ ਨਾਨਕ ਰਾਮੁ ਰਵੈ ਹਿਤ ਚੀਤਾ ॥੮॥੪॥ {ਪੰਨਾ 1189}

ਪਦ ਅਰਥ: ਚੰਚਲੁ = ਹਰ ਵੇਲੇ ਭਟਕਣ ਦੇ ਸੁਭਾਉ ਵਾਲਾ, ਕਦੇ ਨਾਹ ਟਿਕ ਸਕਣ ਵਾਲਾ। ਨ ਪਾਵੈ ਪਾਰਾ = (ਚੰਚਲਤਾ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ, ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ। ਆਵਤ ਜਾਤ = ਆਉਂਦੇ ਜਾਂਦੇ ਨੂੰ, ਭਟਕਦੇ ਨੂੰ। ਬਾਰਾ = ਦੇਰ। ਮਰੀਐ = ਮਰ ਜਾਈਦਾ ਹੈ, ਆਤਮਕ ਮੌਤ ਸਹੇੜ ਲਈਦੀ ਹੈ। ਕਰਤਾਰਾ = ਹੇ ਕਰਤਾਰ! ਕੋ = ਕੋਈ ਹੋਰ। ਸਾਰਾ = ਸੰਭਾਲ।1।

ਸਭ = ਸਾਰੀ ਲੁਕਾਈ। ਊਤਮ = (ਮੈਥੋਂ) ਚੰਗੀ। ਹੀਨਾ = ਮਾੜਾ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਪਤੀਨਾ = ਪਤੀਜ ਗਿਆ ਹੈ, ਗਿੱਝ ਗਿਆ ਹੈ।1। ਰਹਾਉ।

ਅਉਖਧ = ਦਵਾਈਆਂ, ਇਲਾਜ। ਕਿਉ ਚੂਕੇ = ਨਹੀਂ ਮੁੱਕ ਸਕਦਾ। ਦਾਤੇ = ਹੇ ਦਾਤਾਰ!।2।

ਰੋਗੁ = (ਚੰਚਲਤਾ ਦਾ) ਰੋਗ। ਧੀਰਾ = ਧੀਰਜ। ਸੋ = ਉਹ (ਗੁਰੂ) । ਗੁਰਿ = ਗੁਰੂ ਨੇ। ਬੀਰਾ = ਵੀਰ, ਸਤਸੰਗੀ।3।

ਰਹਾਉ = ਰਹਿੰਦਾ ਹਾਂ। ਕਹ ਦੇਖਿ = ਕਿਸ ਨੂੰ ਲੱਭ ਕੇ? ਨਿਰਮਾਇਲੁ = ਪਵਿਤ੍ਰ।4।

ਘਰਿ ਮਹਿ = ਹਿਰਦੇ ਵਿਚ। ਘਰ = ਪ੍ਰਭੂ ਦਾ ਟਿਕਾਣਾ। ਗੁਰ ਮਹਲੀ = ਵੱਡੇ ਟਿਕਾਣੇ ਵਾਲਾ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ। ਐਸੇ = ਇਸ ਤਰ੍ਹਾਂ, ਇਸ ਤਰੀਕੇ ਨਾਲ। ਅਤੀਤਾ = ਨਿਰਲੇਪ।5।

ਹਰਖ = ਖ਼ੁਸ਼ੀ। ਸੋਗ = ਗ਼ਮੀ। ਨਿਰਾਸਾ = ਉਪਰਾਮ। ਚਾਖਿ = ਚੱਖ ਕੇ। ਆਪੁ = ਆਪਣੇ ਆਪ ਨੂੰ।6।

ਸਚੁ = ਸਦਾ-ਥਿਰ ਰਹਿਣ ਵਾਲਾ। ਪੀਵਉ = ਮੈਂ ਪੀਂਦਾ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਮਰਉ = ਮੈਂ (ਵਿਕਾਰਾਂ ਵਲੋਂ) ਮਰ ਜਾਂਦਾ ਹਾਂ, ਹਟ ਜਾਂਦਾ ਹਾਂ। ਜੀਵਤ ਹੀ = ਜੀਊਂਦਾ ਹੀ, ਦੁਨੀਆ ਦੀ ਕਿਰਤ-ਕਾਰ ਕਰਦਾ ਹੀ। ਜੀਵਉ = ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।7।

ਦੁਖੁ ਰੋਗ = ਰੋਗਾਂ ਦਾ ਦੁੱਖ। ਵਿਆਪੈ = ਜ਼ੋਰ ਪਾਂਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਜਾਪੈ = ਜਾਪਦਾ ਹੈ, ਦਿੱਸਦਾ ਹੈ। ਤੇ = ਤੋਂ। ਅਤੀਤਾ = ਨਿਰਲੇਪ। ਹਿਤ = ਪ੍ਰੇਮ।8।

ਅਰਥ: ਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ। (ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ।1। ਰਹਾਉ।

ਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ, (ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ। (ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ।1।

ਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ, ਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ।

ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।2।

(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ। (ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ। (ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ। ਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤਿ ਮਿਲਾ ਦਿੱਤੀ।3।

(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ। (ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ) ।

ਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ? ਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ।4।

ਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ, ਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ ਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ, ਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ।5।

(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ।

ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮਤਿ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ।6।

(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ, (ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ।

ਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ = ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ। ਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।7।

ਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ। ਪਰ, ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ।8।4।

ਬਸੰਤੁ ਮਹਲਾ ੧ ਇਕ ਤੁਕੀਆ ॥ ਮਤੁ ਭਸਮ ਅੰਧੂਲੇ ਗਰਬਿ ਜਾਹਿ ॥ ਇਨ ਬਿਧਿ ਨਾਗੇ ਜੋਗੁ ਨਾਹਿ ॥੧॥ ਮੂੜ੍ਹ੍ਹੇ ਕਾਹੇ ਬਿਸਾਰਿਓ ਤੈ ਰਾਮ ਨਾਮ ॥ ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ ॥ ਗੁਰ ਪੂਛਿ ਤੁਮ ਕਰਹੁ ਬੀਚਾਰੁ ॥ ਜਹ ਦੇਖਉ ਤਹ ਸਾਰਿਗਪਾਣਿ ॥੨॥ ਕਿਆ ਹਉ ਆਖਾ ਜਾਂ ਕਛੂ ਨਾਹਿ ॥ ਜਾਤਿ ਪਤਿ ਸਭ ਤੇਰੈ ਨਾਇ ॥੩॥ ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥ ਚਲਤੀ ਬਾਰ ਤੇਰੋ ਕਛੂ ਨਾਹਿ ॥੪॥ ਪੰਚ ਮਾਰਿ ਚਿਤੁ ਰਖਹੁ ਥਾਇ ॥ ਜੋਗ ਜੁਗਤਿ ਕੀ ਇਹੈ ਪਾਂਇ ॥੫॥ ਹਉਮੈ ਪੈਖੜੁ ਤੇਰੇ ਮਨੈ ਮਾਹਿ ॥ ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥੬॥ ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥ ਅੰਤ ਕਾਲਿ ਮੂੜੇ ਚੋਟ ਖਾਹਿ ॥੭॥ ਗੁਰ ਸਬਦੁ ਬੀਚਾਰਹਿ ਆਪੁ ਜਾਇ ॥ ਸਾਚ ਜੋਗੁ ਮਨਿ ਵਸੈ ਆਇ ॥੮॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥ ਗੁਣ ਨਾਨਕੁ ਬੋਲੈ ਭਲੀ ਬਾਣਿ ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥ {ਪੰਨਾ 1189}

ਇਕ ਤੁਕੀਆ = ਉਹ ਅਸਟਪਦੀਆਂ ਜਿਨ੍ਹਾਂ ਦੇ ਹਰੇਕ ਬੰਦ ਵਿਚ ਇਕ ਇਕ ਤੁਕ ਹੈ।

ਪਦ ਅਰਥ: ਭਸਮ = ਸੁਆਹ। ਅੰਧੂਲੇ = ਹੇ ਅੰਧੁਲੇ! ਹੇ ਅਕਲੋਂ ਅੰਨ੍ਹੇ! ਮਤੁ ਗਰਬਿ ਜਾਹਿ = ਮਤਾਂ ਤੂੰ ਅਹੰਕਾਰ ਵਿਚ ਆ ਜਾਏਂ। ਗਰਬਿ = ਅਹੰਕਾਰ ਵਿਚ। ਗਰਬਿ ਜਾਹ = ਤੂੰ ਅਹੰਕਾਰਿਆ ਜਾਏਂ। ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਜੋਗੁ = ਪਰਮਾਤਮਾ ਨਾਲ ਮਿਲਾਪ।1।

ਮੂੜੇ = ਹੇ ਮੂਰਖ! ਕਾਹੇ = ਕਾਹਦੇ ਵਾਸਤੇ? ਕਿਉਂ? ਅੰਤ ਕਾਲਿ = ਅਖ਼ੀਰਲੇ ਸਮੇ।1। ਰਹਾਉ।

ਪੂਛਿ = ਪੁੱਛ ਕੇ, ਸਿੱਖਿਆ ਲੈ ਕੇ। ਦੇਖਉ = ਮੈਂ ਵੇਖਦਾ ਹਾਂ। ਸਾਰਿਗ ਪਾਣਿ = ਉਹ ਪਰਮਾਤਮਾ ਜਿਸ ਦੇ ਹੱਥ ਵਿਚ ਧਨੁਖ ਹੈ। ਸਾਰਿਗ = ਧਨਖ। ਪਾਣਿ = ਹੱਥ।2।

ਆਖਾ = ਮੈਂ ਆਖਾਂ, ਮਾਣ ਕਰਾਂ। ਕਿਆ ਹਉ ਆਖਾ = ਮੈਂ ਕੀਹ ਮਾਣ ਕਰ ਸਕਦਾ ਹਾਂ? ਪਤਿ = ਇੱਜ਼ਤ। ਤੇਰੈ ਨਾਇ = ਤੇਰੇ ਨਾਮ ਵਿਚ (ਲੀਨ ਹੋਣਾ) ।3।

ਦਰਬੁ = ਧਨ। ਦੇਖਿ = ਵੇਖ ਕੇ। ਚਲਤੀ ਬਾਰ = ਸੰਸਾਰ ਤੋਂ ਕੂਚ ਕਰਨ ਵੇਲੇ।4।

ਪੰਚ = ਕਾਮਾਦਿਕ ਪੰਜੇ ਵਿਕਾਰ। ਥਾਇ = ਥਾਂ ਵਿਚ, ਵੱਸ ਵਿਚ। ਪਾਂਇ = ਨੀਂਹ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ।5।

ਪੈਖੜੁ = ਢੰਗਾ, ਪਸ਼ੂ ਦੇ ਪਿਛਲੇ ਪੈਰਾਂ ਨਾਲ ਬੱਧਾ ਹੋਇਆ ਰੱਸਾ ਜੋ ਉਸ ਨੂੰ ਦੌੜਨ ਨਹੀਂ ਦੇਂਦਾ। ਮੁਕਤਿ ਜਾਹਿ = ਵਿਕਾਰਾਂ ਤੋਂ ਸੁਤੰਤਰ ਹੋ ਸਕੇਂ।6।

ਮਤ = ਮਤਾਂ ਕਿਤੇ। ਜਮ ਵਸਿ = ਜਮਾਂ ਦੇ ਵੱਸ ਵਿਚ। ਪਾਹਿ = ਪੈ ਜਾਏਂ। ਚੋਟ = ਮਾਰ-ਕੁਟਾਈ।7।

ਆਪੁ = ਆਪਾ-ਭਾਵ। ਸਾਚ ਜੋਗੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਮਿਲਾਪ।8।

ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ। ਮੂੜੇ = ਹੇ ਮੂਰਖ!।9।

ਗੁਣ ਬਾਣਿ = ਗੁਣਾਂ ਵਾਲੀ ਬਾਣੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਭਲੀ = ਚੰਗੀ, ਸੋਹਣੀ। ਸੁਜਾਖਾ = ਵੇਖ ਸਕਣ ਵਾਲੀਆਂ ਅੱਖਾਂ ਵਾਲਾ।10।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ? ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ।1। ਰਹਾਉ।

ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ) ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ।1।

ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ) । ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ।2।

ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ। ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ) ।3।

(ਹੇ ਭਾਈ! ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ। ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ।4।

(ਹੇ ਭਾਈ!) ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ। ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ।5।

ਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ। ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ।6।

(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ, ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ।7।

(ਹੇ ਭਾਈ!) ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ। (ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ।8।

ਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ (ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ।9।

ਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ (ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ।10।5।

TOP OF PAGE

Sri Guru Granth Darpan, by Professor Sahib Singh