ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1190

ਬਸੰਤੁ ਮਹਲਾ ੧ ॥ ਦੁਬਿਧਾ ਦੁਰਮਤਿ ਅਧੁਲੀ ਕਾਰ ॥ ਮਨਮੁਖਿ ਭਰਮੈ ਮਝਿ ਗੁਬਾਰ ॥੧॥ ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥ ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥ ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥ ਪਸੂ ਭਏ ਅਭਿਮਾਨੁ ਨ ਜਾਈ ॥੨॥ ਲਖ ਚਉਰਾਸੀਹ ਜੰਤ ਉਪਾਏ ॥ ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥ ਸਗਲੀ ਭੂਲੈ ਨਹੀ ਸਬਦੁ ਅਚਾਰੁ ॥ ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥ ਗੁਰ ਕੇ ਚਾਕਰ ਠਾਕੁਰ ਭਾਣੇ ॥ ਬਖਸਿ ਲੀਏ ਨਾਹੀ ਜਮ ਕਾਣੇ ॥੫॥ ਜਿਨ ਕੈ ਹਿਰਦੈ ਏਕੋ ਭਾਇਆ ॥ ਆਪੇ ਮੇਲੇ ਭਰਮੁ ਚੁਕਾਇਆ ॥੬॥ ਬੇਮੁਹਤਾਜੁ ਬੇਅੰਤੁ ਅਪਾਰਾ ॥ ਸਚਿ ਪਤੀਜੈ ਕਰਣੈਹਾਰਾ ॥੭॥ ਨਾਨਕ ਭੂਲੇ ਗੁਰੁ ਸਮਝਾਵੈ ॥ ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥ {ਪੰਨਾ 1190}

ਪਦ ਅਰਥ: ਦੁਬਿਧਾ = ਦੁ-ਕਿਸਮਾ-ਪਨ, ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਅਧੁਲੀ = ਅੰਧੁਲੀ, ਅੰਨ੍ਹੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਮਝਿ = ਵਿਚ। ਗੁਬਾਰ = ਹਨੇਰਾ, ਅਗਿਆਨਤਾ ਦਾ ਹਨੇਰਾ।1।

ਅੰਧੁਲੀ ਮਤਿ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਮਤਿ। ਭਰਮੁ = ਭਟਕਣਾ।1। ਰਹਾਉ।

ਨ ਭਾਈ = ਪਸੰਦ ਨਹੀਂ ਆਉਂਦੀ।2।

ਸਿਰਜਿ = ਪੈਦਾ ਕਰ ਕੇ। ਸਮਾਏ = ਲੀਨ ਕਰ ਲੈਂਦਾ ਹੈ।3।

ਅਚਾਰੁ = ਆਚਾਰ, ਚੰਗਾ ਜੀਵਨ।4।

ਕਾਣੇ = ਮੁਥਾਜੀ।5।

ਭਾਇਆ = ਚੰਗਾ ਲੱਗਾ।6।

ਸਚਿ = ਸੱਚ ਦੀ ਰਾਹੀਂ, ਸਿਮਰਨ ਦੀ ਰਾਹੀਂ। ਪਤੀਜੈ = ਪ੍ਰਸੰਨ ਹੁੰਦਾ ਹੈ।7।

ਏਕੁ = ਇੱਕ ਪਰਮਾਤਮਾ। ਸਾਚਿ = ਸਦਾ-ਥਿਰ ਪ੍ਰਭੂ ਵਿਚ।8।

ਅਰਥ: ਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮਤਿ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ) । ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ।1। ਰਹਾਉ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) । ਉਹ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਭੈੜੀ ਮਤਿ ਦੇ ਪਿੱਛੇ ਲੱਗ ਕੇ ਹੀ ਕਾਰ ਕਰਦਾ ਹੈ।1।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮਤਿ ਪਸੰਦ ਨਹੀਂ ਆਉਂਦੀ (ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ।2।

ਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ, ਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ।3। ;

ਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ। ਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ।4।

ਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ। ਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ।5।

ਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ।6।

ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ, ਉਹ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।7।

ਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ ਸਮਝਾ ਸਕਦਾ ਹੈ। ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ।8।6।

ਬਸੰਤੁ ਮਹਲਾ ੧ ॥ ਆਪੇ ਭਵਰਾ ਫੂਲ ਬੇਲਿ ॥ ਆਪੇ ਸੰਗਤਿ ਮੀਤ ਮੇਲਿ ॥੧॥ ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥ ਆਪੇ ਕਵਲਾ ਕੰਤੁ ਆਪਿ ॥ ਆਪੇ ਰਾਵੇ ਸਬਦਿ ਥਾਪਿ ॥੨॥ ਆਪੇ ਬਛਰੂ ਗਊ ਖੀਰੁ ॥ ਆਪੇ ਮੰਦਰੁ ਥੰਮ੍ਹ੍ਹੁ ਸਰੀਰੁ ॥੩॥ ਆਪੇ ਕਰਣੀ ਕਰਣਹਾਰੁ ॥ ਆਪੇ ਗੁਰਮੁਖਿ ਕਰਿ ਬੀਚਾਰੁ ॥੪॥ ਤੂ ਕਰਿ ਕਰਿ ਦੇਖਹਿ ਕਰਣਹਾਰੁ ॥ ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥ ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥ ਤੂ ਆਪੇ ਕਰਤਾ ਕਰਣ ਜੋਗੁ ॥ ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥ ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥ ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥ {ਪੰਨਾ 1190}

ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਮੇਲਿ = ਮੇਲ ਵਿਚ।1।

ਐਸੀ = ਇਉਂ, ਇਸ ਤਰੀਕੇ ਨਾਲ। ਬਾਸੁ = ਸੁਗੰਧੀ। ਲੇ = ਲੈਂਦਾ ਹੈ। ਤਰਵਰ = ਰੁੱਖ।1। ਰਹਾਉ।

ਕਵਲਾ = ਲੱਛਮੀ। ਕੰਤੁ = (ਲੱਛਮੀ ਦਾ) ਖਸਮ। ਸਬਦਿ = (ਆਪਣੇ) ਹੁਕਮ ਨਾਲ। ਥਾਪਿ = ਪੈਦਾ ਕਰ ਕੇ।2।

ਬਛਰੂ = ਵੱਛਾ। ਖੀਰੁ = ਦੁੱਧ।3।

ਕਰਣਹਾਰੁ = ਸਭ ਕੁਝ ਕਰਨ ਦੇ ਸਮਰੱਥ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।4।

ਦੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ। ਦੇਇ = ਦੇ ਕੇ। ਅਧਾਰੁ = ਆਸਰਾ।5।

ਗੁਣ ਗਹੀਰੁ = ਗੁਣਾਂ ਦਾ ਡੂੰਘਾ (ਸਮੁੰਦਰ) । ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਹੀਰੁ = ਹੀਰਾ।6।

ਕਰਨਜੋਗੁ = ਸਭ ਕੁਝ ਕਰ ਸਕਣ ਵਾਲਾ। ਨਿਹਕੇਵਲੁ = ਵਾਸਨਾ-ਰਹਿਤ। ਰਾਜਨ = ਹੇ ਰਾਜਨ!।7।

ਧ੍ਰਾਪੇ = ਰੱਜ ਜਾਂਦਾ ਹੈ। ਸੁਆਦਿ = ਸੁਆਦ ਵਿਚ। ਬਾਦਿ = ਵਿਅਰਥ।8।

ਅਰਥ: (ਗੁਰਮੁਖਿ) ਭੌਰਾ ਇਸ ਤਰ੍ਹਾਂ (ਪ੍ਰਭੂ ਦੇ ਨਾਮ ਦੀ) ਸੁਗੰਧੀ ਲੈਂਦਾ ਹੈ ਕਿ ਉਸ ਨੂੰ ਜੰਗਲ ਦੇ ਸਾਰੇ ਰੁੱਖ ਹਰੇ ਤੇ ਫੁੱਲਾਂ ਨਾਲ ਲੱਦੇ ਹੋਏ ਦਿੱਸਦੇ ਹਨ (ਗੁਰਮੁਖਿ ਨੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਪ੍ਰਭੂ ਦੀ ਹੀ ਜੋਤਿ ਰੁਮਕਦੀ ਦਿੱਸਦੀ ਹੈ) ।1। ਰਹਾਉ।

(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪਰਮਾਤਮਾ ਆਪ ਹੀ (ਸੁਗੰਧੀ ਲੈਣ ਵਾਲਾ) ਭੌਰਾ ਹੈ, ਆਪ ਹੀ ਵੇਲ ਹੈ ਤੇ ਆਪ ਹੀ ਵੇਲਾਂ ਉਤੇ ਉੱਗੇ ਹੋਏ ਫੁੱਲ ਹੈ। ਆਪ ਹੀ ਸੰਗਤਿ ਹੈ ਆਪ ਹੀ ਸੰਗਤਿ ਵਿਚ ਸਤ ਸੰਗੀ ਮਿਤ੍ਰਾਂ ਨੂੰ ਇਕੱਠਾ ਕਰਦਾ ਹੈ।1।

(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਲੱਛਮੀ (ਮਾਇਆ) ਹੈ ਤੇ ਆਪ ਹੀ ਲੱਛਮੀ ਦਾ ਪਤੀ ਹੈ, ਪ੍ਰਭੂ ਆਪ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕੇ ਆਪ ਹੀ (ਦੁਨੀਆ ਦੇ ਪਦਾਰਥਾਂ ਨੂੰ) ਮਾਣ ਰਿਹਾ ਹੈ।2।

ਪ੍ਰਭੂ ਆਪ ਹੀ ਵੱਛਾ ਹੈ ਆਪ ਹੀ (ਗਾਂ ਦਾ) ਦੁੱਧ ਹੈ, ਪ੍ਰਭੂ ਆਪ ਹੀ ਮੰਦਰ ਹੈ ਆਪ ਹੀ (ਮੰਦਰ ਦਾ) ਥੰਮ੍ਹ ਹੈ, (ਆਪ ਹੀ ਜਿੰਦ ਹੈ ਤੇ) ਆਪ ਹੀ ਸਰੀਰ।3।

ਪ੍ਰਭੂ ਆਪ ਹੀ ਕਰਨ-ਜੋਗ ਕੰਮ ਹੈ, ਪ੍ਰਭੂ ਆਪ ਹੀ ਗੁਰੂ ਹੈ ਤੇ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ।4।

(ਗੁਰਮੁਖਿ ਪ੍ਰਭੂ-ਦਰ ਤੇ ਇਉਂ ਅਰਦਾਸ ਕਰਦਾ ਹੈ-) ਹੇ ਪ੍ਰਭੂ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਤੂੰ ਜੀਵ ਪੈਦਾ ਕਰ ਕੇ ਤੇ ਬੇਅੰਤ ਜੀਵਾਂ ਨੂੰ ਆਪਣੀ ਜੋਤਿ ਦਾ ਸਹਾਰਾ ਦੇ ਕੇ ਆਪ ਹੀ ਸਭ ਦੀ ਸੰਭਾਲ ਕਰਦਾ ਹੈਂ।5।

ਹੇ ਪ੍ਰਭੂ! ਤੂੰ ਗੁਣਾਂ ਦਾ ਸਰੋਵਰ ਹੈਂ, ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈਂ। ਤੇਰੀ ਕੋਈ ਖ਼ਾਸ ਕੁਲ ਨਹੀਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਤੂੰ ਸਭ ਤੋਂ ਸ੍ਰੇਸ਼ਟ ਹੀਰਾ ਹੈਂ।6।

(ਗੁਰਮੁਖਿ ਸਦਾ ਇਉਂ ਅਰਦਾਸ ਕਰਦਾ ਹੈ-) ਹੇ ਰਾਜਨ! ਤੂੰ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਤੇ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈਂ।

ਹੇ ਰਾਜਨ! ਤੂੰ ਪਵਿਤ੍ਰ-ਸਰੂਪ ਹੈਂ, ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ ਆਤਮਕ ਆਨੰਦ ਮਾਣਦਾ ਹੈ।7।

ਹੇ ਨਾਨਕ! ਜੇਹੜਾ ਭੀ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੁੰਦਾ ਹੈ ਉਹ ਮਾਇਆ ਵਲੋਂ ਰੱਜ ਜਾਂਦਾ ਹੈ, (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਬਿਨਾ ਪ੍ਰੀਤਮ ਗੁਰੂ ਦੀ ਸਰਨ ਤੋਂ ਬਿਨਾ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ।8।7।

ਬਸੰਤੁ ਹਿੰਡੋਲੁ ਮਹਲਾ ੧ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥ ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ ॥ ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥ ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥ ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥ ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥ ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥ ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥ ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥ {ਪੰਨਾ 1190-1191}

ਪਦ ਅਰਥ: ਨਉ = ਨੌ ਖੰਡ। ਸਤ = ਸੱਤ ਦੀਪ। ਚਉਦਹ = ਚੌਦਾਂ ਭਵਨ। ਤੀਨਿ = ਤਿੰਨ ਲੋਕ (ਸੁਰਗ, ਮਾਤ, ਪਾਤਾਲ) । ਚਾਰਿ = ਚਾਰ ਜੁੱਗ। ਕਰਿ = ਬਣਾ ਕੇ, ਪੈਦਾ ਕਰ ਕੇ। ਮਹਲਤਿ = ਹਵੇਲੀ ਸ੍ਰਿਸ਼ਟੀ। ਚਾਰਿ = ਚਾਰ ਖਾਣੀਆਂ ਦੀ ਰਾਹੀਂ। ਬਹਾਲੀ = ਵਸਾ ਦਿੱਤੀ। ਚਾਰੇ ਦੀਵੇ = ਚਾਰ ਹੀ ਦੀਵੇ (ਵੇਦ ਚਾਰ) । ਚਹੁ ਹਥਿ = ਚਾਰ ਹੀ ਜੁਗਾਂ ਦੇ ਹੱਥ ਵਿਚ। ਏਕਾ ਏਕਾ ਵਾਰੀ = ਆਪੋ ਆਪਣੀ ਵਾਰੀ।1।

ਮਿਹਰਵਾਨ = ਹੇ ਮਿਹਰਵਾਨ ਪ੍ਰਭੂ! ਮਧੁਸੂਦਨ = ਹੇ ਮਧੁ-ਦੈਂਤ ਨੂੰ ਮਾਰਨ ਵਾਲੇ! ਮਾਧੌ = ਹੇ ਮਾਇਆ ਦੇ ਪਤੀ! {ਮਾ = ਮਾਇਆ। ਧਵ = ਖਸਮ}। ਸਕਤਿ = ਤਾਕਤ, ਸਮਰੱਥਾ।1। ਰਹਾਉ।

ਘਰਿ ਘਰਿ = ਹਰੇਕ ਸਰੀਰ ਵਿਚ। ਪਾਵਕੁ = ਅੱਗ, (ਤੇਰੀ) ਜੋਤਿ। ਧਰਮੁ = ਧਰਮਰਾਜ। ਸਿਕਦਾਰੀ = ਸਰਦਾਰੀ। ਇਕ ਵੇਰਾ = ਇਕੋ ਵਾਰੀ। ਭਾਗੁ = ਹਰੇਕ ਜੀਵ ਦੀ ਪ੍ਰਾਰਬਧ। ਭੰਡਾਰੀ = ਭੰਡਾਰਾ ਵੰਡਣ ਵਾਲਾ।2।

ਨਾਸਾਬੂਰ = ਨਾ ਸਾਬੂਰ, ਬੇ-ਸਬਰਾ, ਸਿਦਕ-ਹੀਣ। ਫਿਰਿ = ਮੁੜ ਮੁੜ। ਨਾਰਦੁ = ਮਨ। ਅਧੇਰਾ = ਹਨੇਰਾ। ਬੰਦੀਖਾਨਾ = ਕੈਦ-ਖ਼ਾਨਾ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ।3।

ਪੂੰਜੀ = (ਲੱਬ-ਗ੍ਰਸੇ ਜੀਵ ਦਾ) ਸਰਮਾਇਆ। ਮੁਦਗਰ ਮਾਰ = ਮੁਦਗਰਾਂ ਦੀ ਮਾਰ, ਮੁਹਲਿਆਂ ਦੀ ਮਾਰ। ਕੋੁਟਵਾਰੀ = ਕੋਤਵਾਲੀ {ਨੋਟ: ਅੱਖਰ 'ਕ' ਦੇ ਨਾਲ ਦੋ ਲਗਾਂ ਹਨ: ੋ ਤੇ ੁ। ਅਸਲ ਲਫ਼ਜ਼ 'ਕੋਟਵਾਰੀ' ਹੈ, ਇਥੇ 'ਕੁਟਵਾਰੀ' ਪੜ੍ਹਨਾ ਹੈ}। ਭਾਵੈ = ਜੇ ਤੈਨੂੰ ਭਾਵੈ।4।

ਆਦਿ ਪੁਰਖ ਕਉ = ਉਸ ਨੂੰ ਜਿਸ ਨੂੰ ਪਹਿਲਾਂ ਹਿੰਦੂ-ਧਰਮ ਦੇ ਜ਼ੋਰ ਵੇਲੇ 'ਆਦਿ ਪੁਰਖ' ਆਖਿਆ ਜਾਂਦਾ ਸੀ। ਅਲਹੁ ਕਹੀਐ = ਹੁਣ 'ਅੱਲਾ' ਆਖਿਆ ਜਾ ਰਿਹਾ ਹੈ ਮੁਸਲਮਾਨੀ ਰਾਜ ਵਿਚ। ਸੇਖਾਂ ਵਾਰੀ = ਮੁਸਲਮਾਨਾਂ (ਦੀ ਰਾਜ ਕਰਨ) ਦੀ ਵਾਰੀ (ਆ ਗਈ ਹੈ) । ਦੇਵਲ = {dyv-AwlX} ਦੇਵਤਿਆਂ ਦੇ ਮੰਦਰ। ਕਰੁ = ਟੈਕਸ, ਡੰਨ। ਕੀਰਤਿ = ਰਿਵਾਜ।5।

ਕੂਜਾ = ਕੂਜ਼ਾ, ਲੋਟਾ। ਨਿਵਾਜ = ਨਿਮਾਜ਼। ਮੁਸਲਾ = ਮੁਸੱਲਾ। ਨੀਲ ਰੂਪ = ਨੀਲਾ ਰੂਪ, ਨੀਲੇ ਰੰਗ ਦੇ ਕੱਪੜੇ। ਬਨਵਾਰੀ = ਜਗਤ ਦਾ ਮਾਲਕ ਪ੍ਰਭੂ। ਘਰਿ ਘਰਿ = ਹਰੇਕ ਘਰ ਵਿਚ। ਮੀਆ = (ਲਫ਼ਜ਼ ਪਿਤਾ ਦੀ ਥਾਂ ਪਿਉ ਵਾਸਤੇ ਲਫ਼ਜ਼) 'ਮੀਆਂ'। ਅਵਰ = ਹੋਰ ਹੀ।6।

ਮੀਰ = ਪਾਤਿਸ਼ਾਹ। ਮਹੀ ਪਤਿ = ਧਰਤੀ ਦਾ ਖਸਮ {ਮਹੀ = ਧਰਤੀ}। ਕੁਦਰਤਿ = ਤਾਕਤ, ਵਟਕ, ਪੇਸ਼। ਚਾਰੇ ਕੁੰਟ = ਚਹੁ ਕੂਟਾਂ ਦੇ ਜੀਵ।7।

ਕਿਛੁ ਦਿਹਾੜੀ = ਥੋੜੀ ਕੁ ਮਜ਼ਦੂਰੀ ਵਜੋਂ। ਲਾਹਾ = ਲਾਭ। ਨਾਮੁ ਮੇਕਾ ਘੜੀ ਸਮ੍ਹ੍ਹਾਲੀ = ਜੇ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਚੇਤੇ ਕਰੇ।8।

ਅਰਥ: ਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ।1। ਰਹਾਉ।

(ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ, ਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ।1।

ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ, (ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ।2।

(ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ। ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ।3।

(ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ। ਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ।4।

ਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) 'ਆਦਿ ਪੁਰਖ' ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ। ਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ।5।

ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ) , ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ। ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ 'ਪਿਤਾ' ਦੇ ਥਾਂ) ਲਫ਼ਜ਼ 'ਮੀਆਂ' ਪ੍ਰਧਾਨ ਹੈ।6।

ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ) ? ਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤਿ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲਫ਼ਿਾਂ ਦੱਸ ਸਕਦੇ ਹਨ।7।

(ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ। ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।8।1।8।

ਨੋਟ: ਇਹ ਅਸ਼ਟਪਦੀ 'ਘਰੁ 2' ਦੀ ਹੈ। ਪਹਿਲੀਆਂ 7 ਅਸ਼ਟਪਦੀਆਂ 'ਘਰੁ 1' ਦੀਆਂ ਹਨ। ਕੁੱਲ ਜੋੜ 8 ਹੈ।

ਨੋਟ: ਇਹ ਅਸ਼ਟਪਦੀ ਰਾਗ ਬਸੰਤ ਅਤੇ ਰਾਗ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਈ ਜਾਣੀ ਹੈ।

TOP OF PAGE

Sri Guru Granth Darpan, by Professor Sahib Singh