ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1191 ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥ ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥ ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥ ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥ ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥ ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥ ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥ ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥ {ਪੰਨਾ 1191} ਪਦ ਅਰਥ: ਕਾਂਇਆ = ਸਰੀਰ। ਨਗਰਿ = ਨਗਰ ਵਿਚ। ਕਾਂਇਆ ਨਗਰਿ = ਸਰੀਰ-ਨਗਰ ਵਿਚ। ਬਾਲਕੁ = ਅੰਞਾਣ ਮਨ। ਖਿਨੁ ਪਲੁ = ਰਤਾ ਭਰ ਸਮੇ ਲਈ ਭੀ। ਥਿਰੁ = ਅਡੋਲ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰਿ = ਕਰ ਕੇ। ਬਾਰੰ ਬਾਰ = ਮੁੜ ਮੁੜ। ਭਰਮਾਈ = ਭਟਕਦਾ ਫਿਰਦਾ ਹੈ।1। ਠਾਕੁਰ = ਹੇ ਮਾਲਕ! ਇਕਤੁ ਘਰਿ = ਇੱਕ ਟਿਕਾਣੇ ਤੇ। ਆਣੁ = ਲਿਆ, ਟਿਕਾ ਦੇ। ਤ = ਤਦੋਂ। ਪਾਈਐ = ਮਿਲਦਾ ਹੈ। ਭਜੁ = ਸਿਮਰਿਆ ਕਰ। ਨੀਸਾਣੁ = (ਪ੍ਰਭੂ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ, ਪਰਵਾਨਾ।1। ਰਹਾਉ। ਮਿਰਤਕੁ = ਮੁਰਦਾ। ਮੜਾ = ਮੜ੍ਹ, ਮਿੱਟੀ ਦਾ ਢੇਰ। ਸਭੁ ਜਗੁ = ਸਾਰਾ ਜਗਤ। ਜਿਤੁ = ਜਿਸ ਵਿਚ, ਜੇ ਇਸ ਵਿਚ। ਗੁਰਿ = ਗੁਰੂ ਨੇ। ਉਦਕੁ = ਜਲ, ਪਾਣੀ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ। ਰਸਿਆ = ਤਰਾਵਤ ਵਾਲਾ।2। ਨਿਰਖਤ ਨਿਰਖਤ = ਚੰਗੀ ਤਰ੍ਹਾਂ ਵੇਖਦਿਆਂ ਵੇਖਦਿਆਂ। ਸਭੁ = ਸਾਰਾ। ਗੁਰਮੁਖਿ = ਗੁਰੂ ਨੇ। ਚਲਤੁ = ਤਮਾਸ਼ਾ। ਬਾਹਰੁ = ਬਾਹਰਲਾ ਪਾਸਾ, ਦੁਨੀਆ, ਜਗਤ। ਖੋਜਿ = ਢੂੰਢ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਘਰਿ = ਹਿਰਦੇ-ਘਰ ਵਿਚ।3। ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ, ਮਹਾ ਕੰਗਾਲ। ਦਇਆਲ = ਦਇਆਵਾਨ। ਬਿਦਰ = ਕ੍ਰਿਸ਼ਨ ਜੀ ਦਾ ਪ੍ਰਸਿੱਧ ਭਗਤ। ਇਹ ਵਿਆਸ ਦਾ ਪੁੱਤਰ ਸੀ। ਕ੍ਰਿਸ਼ਨ ਜੀ ਦੁਰਜੋਧਨ ਦੇ ਮਹਲਾਂ ਵਿਚ ਜਾਣ ਦੇ ਥਾਂ ਭਗਤ ਬਿਦਰ ਦੇ ਘਰ ਗਏ ਸਨ। "ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ। " ਭਾਵਨੀ = ਸਰਧਾ। ਧਾਰਿ = ਧਾਰ ਕੇ। ਆਗੈ = (ਘਰ ਪਹੁੰਚਣ ਤੋਂ) ਪਹਿਲਾਂ ਹੀ। ਦਾਲਦੁ = ਗਰੀਬੀ। ਭੰਜਿ = ਦੂਰ ਕਰ ਕੇ, ਨਾਸ ਕਰ ਕੇ।4। ਅਰਥ: ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ) । ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ) । (ਇਸ ਵਾਸਤੇ, ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ।1। ਰਹਾਉ। ਹੇ ਭਾਈ! ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ। (ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ।1। ਹੇ ਭਾਈ! ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਹੇ ਭਾਈ! ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ।2। ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਪਰ ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ।3। ਹੇ ਭਾਈ! ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ। ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ।4। ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥ ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥ ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥ ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥ ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥ ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥ ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥ {ਪੰਨਾ 1191} ਪਦ ਅਰਥ: ਕੀ = ਦੀ, ਦੀ ਰਾਹੀਂ, ਦੇ ਕਾਰਨ। ਪੈਜ = ਇੱਜ਼ਤ। ਵਡੇਰੀ = ਬਹੁਤ ਵੱਡੀ। ਠਾਕੁਰਿ = ਠਾਕੁਰ ਨੇ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਰਹਿ = {ਬਹੁ-ਵਚਨ} ਕਰਨ। ਬਖੀਲੀ = (ਨਾਮ ਜਪਣ ਵਾਲੇ ਦੀ) ਨਿੰਦਿਆ, ਚੁਗ਼ਲੀ।5। ਜਨ = ਪਰਮਾਤਮਾ ਦਾ ਭਗਤ। ਉਸਤਤਿ = ਸੋਭਾ। ਦਿਸਿ = ਪਾਸਾ। ਦਹਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ। ਸਾਕਤੁ = {ਇਕ-ਵਚਨ} ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਖਵਿ ਨ ਸਕੈ = ਸਹਾਰ ਨਹੀਂ ਸਕਦਾ। ਘਰਿ = ਹਿਰਦੇ-ਘਰ ਵਿਚ। ਲੂਕੀ = ਚੁਆਤੀ।6। ਮਿਲਿ = ਮਿਲ ਕੇ। ਪਾਵੈ = ਹਾਸਲ ਕਰਦਾ ਹੈ। ਪਰਗਾਸਾ = ਚਾਨਣ। ਪ੍ਰੀਤਮ ਪਿਆਰੇ = ਪ੍ਰੀਤਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਜੋ = ਜਿਹੜੇ। ਹੋਵਹਿ = {ਬਹੁ-ਵਚਨ} ਹੁੰਦੇ ਹਨ। ਦਾਸਨਿ ਦਾਸਾ = ਦਾਸਾਂ ਦੇ ਦਾਸ।7। ਆਪੇ = (ਪ੍ਰਭੂ) ਆਪ ਹੀ। ਅਪਰੰਪਰੁ ਕਰਤਾ = ਬੇਅੰਤ ਪਰਮਾਤਮਾ। ਮੇਲਿ = (ਗੁਰੂ ਦੀ) ਸੰਗਤਿ ਵਿਚ। ਮਿਲਾਵੈ = ਮਿਲਾਂਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਜਲਹਿ = ਜਲ ਵਿਚ ਹੀ।8। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ। ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ।5। ਹੇ ਭਾਈ! ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ।6। ਹੇ ਭਾਈ! (ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ। ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।7। ਹੇ ਭਾਈ! (ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ। ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ। ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤਿ ਵਿਚ (ਲਿਆ) ਜੋੜਦਾ ਹੈ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ।8।1।9। |
Sri Guru Granth Darpan, by Professor Sahib Singh |