ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1192 ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ੴ ਸਤਿਗੁਰ ਪ੍ਰਸਾਦਿ ॥ ਸੁਣਿ ਸਾਖੀ ਮਨ ਜਪਿ ਪਿਆਰ ॥ ਅਜਾਮਲੁ ਉਧਰਿਆ ਕਹਿ ਏਕ ਬਾਰ ॥ ਬਾਲਮੀਕੈ ਹੋਆ ਸਾਧਸੰਗੁ ॥ ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥ ਤੇਰਿਆ ਸੰਤਾ ਜਾਚਉ ਚਰਨ ਰੇਨ ॥ ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥ ਗਨਿਕਾ ਉਧਰੀ ਹਰਿ ਕਹੈ ਤੋਤ ॥ ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥ ਬਿਪ੍ਰ ਸੁਦਾਮੇ ਦਾਲਦੁ ਭੰਜ ॥ ਰੇ ਮਨ ਤੂ ਭੀ ਭਜੁ ਗੋਬਿੰਦ ॥੨॥ ਬਧਿਕੁ ਉਧਾਰਿਓ ਖਮਿ ਪ੍ਰਹਾਰ ॥ ਕੁਬਿਜਾ ਉਧਰੀ ਅੰਗੁਸਟ ਧਾਰ ॥ ਬਿਦਰੁ ਉਧਾਰਿਓ ਦਾਸਤ ਭਾਇ ॥ ਰੇ ਮਨ ਤੂ ਭੀ ਹਰਿ ਧਿਆਇ ॥੩॥ ਪ੍ਰਹਲਾਦ ਰਖੀ ਹਰਿ ਪੈਜ ਆਪ ॥ ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥ ਜਿਨਿ ਜਿਨਿ ਸੇਵਿਆ ਅੰਤ ਬਾਰ ॥ ਰੇ ਮਨ ਸੇਵਿ ਤੂ ਪਰਹਿ ਪਾਰ ॥੪॥ {ਪੰਨਾ 1192} ਪਦ ਅਰਥ: ਸੁਣਿ = ਸੁਣ ਕੇ। ਸਾਖੀ = (ਗੁਰੂ ਦੀ) ਸਿੱਖਿਆ। ਮਨ = ਹੇ ਮਨ! ਜਪਿ ਪਿਆਰ = ਪਿਆਰ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ। ਉਧਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਕਹਿ = ਆਖ ਕੇ, ਸਿਮਰ ਕੇ। ਏਕ ਬਾਰ = ਇਕੋ ਵਾਰੀ, ਸਦਾ ਲਈ। ਸਾਧ ਸੰਗੁ = ਗੁਰੂ ਦੀ ਸੰਗਤਿ। ਕਉ = ਨੂੰ। ਨਿਸੰਗ = ਝਾਕਾ ਲਾਹ ਕੇ।1। ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਚਰਨ ਰੇਨ = ਚਰਨਾਂ ਦੀ ਧੂੜ। ਲੇ = ਲੈ ਕੇ। ਮਸਤਕਿ = ਮੱਥੇ ਉੱਤੇ। ਲਾਵਉ = ਲਾਵਉਂ, ਮੈਂ ਲਾਵਾਂ। ਕਰਿ ਕ੍ਰਿਪਾ ਦੇਨ = ਦੇਣ ਦੀ ਕਿਰਪਾ ਕਰ।1। ਰਹਾਉ। ਗਨਿਕਾ = ਵੇਸੁਆ। ਉਧਰੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ। ਕਹੈ– ਉਚਾਰਦਾ ਹੈ। ਤੋਤ = ਤੋਤਾ। ਗਜ = ਹਾਥੀ। ਗਜ ਇੰਦ੍ਰ = ਵੱਡਾ ਹਾਥੀ। ਕੀਓ = ਕਰ ਦਿੱਤਾ। ਮੋਖ = ਬੰਧਨਾਂ ਤੋਂ ਆਜ਼ਾਦ। ਬਿਪ੍ਰ = ਬ੍ਰਾਹਮਣ। ਦਾਲਦੁ = ਗਰੀਬੀ। ਭੰਜ = ਨਾਸ (ਕੀਤਾ) । ਭਜੁ = ਜਪਿਆ ਕਰ।2। ਬਧਿਕੁ = ਸ਼ਿਕਾਰੀ। ਉਧਾਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। ਖਮਿ = ਤੀਰ ਨਾਲ। ਖਮਿ ਪ੍ਰਹਾਰ = (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲਾ। ਕੁਬਿਜਾ = ਕੁੱਬੇ ਲੱਕ ਵਾਲੀ। ਅੰਗੁਸਟ = ਅੰਗੂਠਾ। ਅੰਗੁਸਟ ਧਾਰ = (ਕ੍ਰਿਸ਼ਨ ਜੀ ਦੇ) ਅੰਗੂਠੇ ਦੇ ਛੁਹਣ ਨਾਲ। ਦਾਸ = ਸੇਵਕ। ਦਾਸਤ ਭਾਇ = ਸੇਵਾ ਦੇ ਭਾਵ ਨਾਲ।3। ਪੈਜ = ਲਾਜ, ਇੱਜ਼ਤ। ਬਸਤ੍ਰ = ਕੱਪੜੇ। ਬਸਤ੍ਰ ਛੀਨਤ = ਬਸਤ੍ਰ ਖੋਹੇ ਜਾਣ ਵੇਲੇ। ਜਿਨਿ = ਜਿਸ ਨੇ। ਜਿਨਿ ਜਿਨਿ = ਜਿਸ ਜਿਸ ਨੇ। ਸੇਵਿਆ = ਸਰਨ ਲਈ, ਆਸਰਾ ਲਿਆ, ਭਗਤੀ ਕੀਤੀ। ਅੰਤ ਬਾਰ = ਅਖ਼ੀਰਲੇ ਸਮੇ। ਪਰਹਿ ਪਾਰ = ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ।4। ਅਰਥ: ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ।1। ਰਹਾਉ। ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ। ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਬਾਲਮੀਕ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ) । (ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ।1। ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ। (ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ। ਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ। ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ।2। ਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। (ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ। ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ। ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ।3। ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ। (ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ। ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ) । ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ।4। ਧੰਨੈ ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਰੇ ਮਨ ਤੂ ਭੀ ਹੋਹਿ ਦਾਸੁ ॥੫॥ ਜੈਦੇਵ ਤਿਆਗਿਓ ਅਹੰਮੇਵ ॥ ਨਾਈ ਉਧਰਿਓ ਸੈਨੁ ਸੇਵ ॥ ਮਨੁ ਡੀਗਿ ਨ ਡੋਲੈ ਕਹੂੰ ਜਾਇ ॥ ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥ ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥ ਸੇ ਤੈਂ ਲੀਨੇ ਭਗਤ ਰਾਖਿ ॥ ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥ ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥ ਕਬੀਰਿ ਧਿਆਇਓ ਏਕ ਰੰਗ ॥ ਨਾਮਦੇਵ ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥ {ਪੰਨਾ 1192} ਪਦ ਅਰਥ: ਧੰਨੈ = ਧੰਨੇ (ਭਗਤ) ਨੇ। ਸੇਵਿਆ = ਭਗਤੀ ਕੀਤੀ। ਬਾਲ ਬੁਧਿ = ਬਾਲਕਾਂ ਵਾਲੀ ਬੁੱਧੀ ਪ੍ਰਾਪਤ ਕਰ ਕੇ, ਵੈਰ-ਵਿਰੋਧ ਵਾਲਾ ਸੁਭਾਉ ਮਿਟਾ ਕੇ {ਛੋਟੇ ਬਾਲਾਂ ਦੇ ਅੰਦਰ ਇਹੀ ਖ਼ਾਸ ਸਿਫ਼ਤਿ ਹੈ ਕਿ ਉਹਨਾਂ ਦੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੁੰਦਾ}। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਿਧਿ = (ਆਤਮਕ ਜੀਵਨ ਵਿਚ) ਸਫਲਤਾ। ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸੁ = ਆਤਮਕ ਜੀਵਨ ਦਾ ਚਾਨਣ। ਹੋਹਿ = ਹੋ ਜਾ। ਦਾਸੁ = (ਪਰਮਾਤਮਾ ਦਾ) ਸੇਵਕ।5। ਅਹੰਮੇਵ = ਹਉਮੈ, ਅਹੰਕਾਰ। ਉਧਰਿਓ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਸੇਵ = ਭਗਤੀ (ਕਰ ਕੇ) । ਮਨੁ = (ਸੈਣ ਦਾ) ਮਨ। ਡੀਗਿ = ਡਿੱਗ ਕੇ। ਕਹੂੰ ਜਾਇ = ਕਿਸੇ ਭੀ ਥਾਂ। ਮਨ = ਹੇ ਮਨ! ਤਰਸਹਿ = ਪਾਰ ਲੰਘ ਜਾਹਿਂਗਾ। ਪਾਇ = ਪਾ ਕੇ, ਪੈ ਕੇ।6। ਜਿਹ = ਜਿਨ੍ਹਾਂ ਉੱਤੇ। ਅਨੁਗ੍ਰਹੁ = ਕਿਰਪਾ। ਠਾਕੁਰਿ = ਤੈਂ ਠਾਕੁਰ ਨੇ। ਸੇ = ਉਹ ਮਨੁੱਖ {ਬਹੁ-ਵਚਨ}। ਰਾਖਿ ਲੀਨੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ। ਇਹ ਬਿਧਿ = ਇਹ ਤਰੀਕਾ। ਦੇਖਿ = ਵੇਖ ਕੇ।7। ਏਕ ਰੰਗ = ਇੱਕ ਦੇ ਪਿਆਰ ਵਿਚ ਟਿਕ ਕੇ। ਬਸਹਿ = (ਹਰਿ ਜੀ) ਵੱਸਦੇ ਹਨ। ਸੰਗਿ = ਨਾਲ। ਅਨੂਪ = ਉਪਮਾ-ਰਹਿਤ, ਸੋਹਣਾ, ਸੁੰਦਰ। ਨਾਨਕ = ਹੇ ਨਾਨਕ! ਗੁਰਦੇਵ = ਸਤਿਗੁਰੂ।8। ਅਰਥ: ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ। ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ। ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ। ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ।5। ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ। ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, (ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ। ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ।6। ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ, ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ, ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ। ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ।7। ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ। ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ। ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ। (ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ) । ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ।8।1। ਬਸੰਤੁ ਮਹਲਾ ੫ ॥ ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ ਹਰਿ ਸਿਮਰਨ ਬਿਨੁ ਨਰਕਿ ਪਾਹਿ ॥ ਭਗਤਿ ਬਿਹੂਨਾ ਖੰਡ ਖੰਡ ॥ ਬਿਨੁ ਬੂਝੇ ਜਮੁ ਦੇਤ ਡੰਡ ॥੧॥ ਗੋਬਿੰਦ ਭਜਹੁ ਮੇਰੇ ਸਦਾ ਮੀਤ ॥ ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥ ਸੰਤੋਖੁ ਨ ਆਵਤ ਕਹੂੰ ਕਾਜ ॥ ਧੂੰਮ ਬਾਦਰ ਸਭਿ ਮਾਇਆ ਸਾਜ ॥ ਪਾਪ ਕਰੰਤੌ ਨਹ ਸੰਗਾਇ ॥ ਬਿਖੁ ਕਾ ਮਾਤਾ ਆਵੈ ਜਾਇ ॥੨॥ ਹਉ ਹਉ ਕਰਤ ਬਧੇ ਬਿਕਾਰ ॥ ਮੋਹ ਲੋਭ ਡੂਬੌ ਸੰਸਾਰ ॥ ਕਾਮਿ ਕ੍ਰੋਧਿ ਮਨੁ ਵਸਿ ਕੀਆ ॥ ਸੁਪਨੈ ਨਾਮੁ ਨ ਹਰਿ ਲੀਆ ॥੩॥ ਕਬ ਹੀ ਰਾਜਾ ਕਬ ਮੰਗਨਹਾਰੁ ॥ ਦੂਖ ਸੂਖ ਬਾਧੌ ਸੰਸਾਰ ॥ ਮਨ ਉਧਰਣ ਕਾ ਸਾਜੁ ਨਾਹਿ ॥ ਪਾਪ ਬੰਧਨ ਨਿਤ ਪਉਤ ਜਾਹਿ ॥੪॥ {ਪੰਨਾ 1192} ਪਦ ਅਰਥ: ਭ੍ਰਮੇ = ਭਟਕਦੇ ਹਨ। ਮਾਹਿ = ਵਿਚ। ਨਰਕਿ = ਨਰਕ ਵਿਚ। ਪਾਹਿ = ਪੈਂਦੇ ਹਨ। ਬਿਹੂਨਾ = ਸੱਖਣਾ। ਖੰਡ ਖੰਡ = ਟੋਟੇ ਟੋਟੇ। ਡੰਡ = ਸਜ਼ਾ।1। ਮੇਰੇ ਮੀਤ = ਹੇ ਮੇਰੇ ਮਿੱਤਰ! ਸਾਚ ਸਬਦ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ।1। ਰਹਾਉ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਕਹੂੰ ਕਾਜ = ਕਿਸੇ ਭੀ ਕੰਮਾਂ ਵਿਚ। ਧੂੰਮ ਬਾਦਰ = ਧੂੰਏਂ ਦੇ ਬੱਦਲ। ਸਭਿ ਸਾਜ = ਸਾਰੇ ਤਮਾਸ਼ੇ। ਸੰਗਾਇ = ਸੰਗਦਾ, ਸ਼ਰਮ ਕਰਦਾ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਮਾਤਾ = ਮਸਤ। ਆਵੈ ਜਾਇ = ਜੰਮਦਾ ਮਰਦਾ ਰਹਿੰਦਾ ਹੈ।2। ਹਉ ਹਉ = ਮੈਂ ਮੈਂ। ਕਰਤ = ਕਰਦਿਆਂ। ਬਧੇ = ਵਧਦੇ ਜਾਂਦੇ ਹਨ। ਕਾਮਿ = ਕਾਮ-ਵਾਸਨਾ ਨੇ। ਕ੍ਰੋਧਿ = ਕ੍ਰੋਧ ਨੇ। ਵਸਿ = ਵੱਸ ਵਿਚ, ਕਾਬੂ ਵਿਚ। ਸੁਪਨੈ = ਸੁਪਨੇ ਵਿਚ, ਕਦੇ ਭੀ।3। ਕਬ ਹੀ = ਕਦੇ। ਮੰਗਨਹਾਰੁ = ਮੰਗਤਾ। ਬਾਧੌ = ਬੱਝਾ ਹੋਇਆ। ਉਧਰਣ ਕਾ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾਣ ਦਾ। ਸਾਜੁ = ਉੱਦਮ। ਬੰਧਨ = ਫਾਹੀਆਂ। ਪਉਤ ਜਾਹਿ = ਪੈਂਦੇ ਜਾਂਦੇ ਹਨ।4। ਅਰਥ: ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ।1। ਰਹਾਉ। ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮਨੁੱਖ ਨਰਕ ਵਿਚ ਪਏ ਰਹਿੰਦੇ ਹਨ, ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ। ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ। ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ।1। ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਸੇ ਭੀ ਕੰਮਾਂ ਵਿਚ (ਉਸ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ। (ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ) । (ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।2। ਹੇ ਭਾਈ! ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਮੈਂ ਮੈਂ ਕਰਦਿਆਂ ਉਸ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ, ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ। ਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ।3। ਹੇ ਭਾਈ! (ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ, ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ। ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ। ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ।4। |
Sri Guru Granth Darpan, by Professor Sahib Singh |