ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1195 ਬਸੰਤੁ ਹਿੰਡੋਲੁ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ {ਪੰਨਾ 1195} ਪਦ ਅਰਥ: ਜੂਠੀ = ਅਪਵਿੱਤਰ। ਫਲ ਲਾਗੇ = ਲੱਗੇ ਹੋਏ ਫਲ, ਬਾਲ-ਬੱਚੇ। ਆਵਹਿ = ਜੰਮਦੇ ਹਨ। ਜਾਹਿ = ਮਰ ਜਾਂਦੇ ਹਨ। ਅਭਾਗੇ = ਬਦ-ਨਸੀਬ। ਜੂਠੇ = ਅਪਵਿੱਤਰ ਹੀ।1। ਪੰਡਿਤ = ਹੇ ਪੰਡਿਤ! ਕਵਨੁ ਠਾਉ = ਕਿਹੜਾ ਥਾਂ? ਬੈਸਿ = ਬੈਠ ਕੇ। ਹਉ = ਮੈਂ।1। ਰਹਾਉ। ਜਿਹਬਾ = ਜੀਭ। ਬੋਲਤ = ਬਚਨ ਜੋ ਬੋਲੇ ਜਾਂਦੇ ਹਨ। ਕਰਨ = ਕੰਨ। ਸਭਿ = ਸਾਰੇ। ਜੂਠਿ = ਅਪਵਿੱਤ੍ਰਤਾ। ਲੂਠੇ = ਹੇ ਸੜੇ ਹੋਏ! ਅਗਨਿ ਕੇ ਲੂਠੇ = ਹੇ ਅੱਗ ਨਾਲ ਸੜੇ ਹੋਏ। ਬ੍ਰਹਮ ਅਗਨਿ = ਬ੍ਰਾਹਮਣ ਹੋਣ ਦੇ ਅਹੰਕਾਰ ਦੀ ਅੱਗ।2। ਬੈਸਿ = ਬੈਠ ਕੇ। ਪਰੋਸਨ ਲਾਗਾ = (ਭੋਜਨ) ਵਰਤਾਉਣ ਲੱਗਾ, ਵੰਡਣ ਲੱਗਾ।3। ਗੋਬਰ = ਗੋਹਾ (ਜਿਸ ਨਾਲ ਚੌਕੇ ਵਿਚ ਪੋਚਾ ਦਿੱਤਾ ਜਾਂਦਾ ਹੈ) । ਕਾਰਾ = ਚੌਕੇ ਦੀਆਂ ਬਾਹਰਲੀਆਂ ਲਕੀਰਾਂ। ਕਹਿ = ਕਹੇ, ਆਖਦਾ ਹੈ। ਤੇਈ = ਉਹੀ।4। ਅਰਥ: ਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ, ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ) ?।1। ਰਹਾਉ। ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ; (ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ।1। (ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ, (ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ।2। ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ, ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ।3। ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ। ਕਬੀਰ ਆਖਦਾ ਹੈ– ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ।4।1।7। ਸ਼ਬਦ ਦਾ ਭਾਵ: ਤ੍ਰਿਗੁਣੀ ਮਾਇਆ ਦੇ ਅਸਰ ਹੇਠ ਪ੍ਰਭੂ ਨੂੰ ਵਿਸਾਰ ਕੇ ਜੀਵ ਅਪਵਿੱਤਰ ਬਣੇ ਰਹਿੰਦੇ ਹਨ, ਹਰ ਥਾਂ ਮਾਇਆ ਦਾ ਪ੍ਰਭਾਵ ਹੈ। ਲਕੀਰਾਂ ਕੱਢ ਕੇ ਚੌਕੇ ਬਣਾਇਆਂ ਪਵਿਤ੍ਰਤਾ ਨਹੀਂ ਬਣ ਸਕਦੀ। ਸਿਰਫ਼ ਉਹੀ ਬੰਦੇ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ। ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195} ਪਦ ਅਰਥ: ਕਤ = ਹੋਰ ਕਿੱਥੇ? ਰੇ = ਹੇ ਭਾਈ! ਰੰਗੁ = ਮੌਜ। ਘਰ = ਹਿਰਦੇ-ਰੂਪ ਰ ਵਿਚ ਹੀ। ਨ ਚਲੈ-ਭਟਕਦਾ ਨਹੀਂ ਹੈ। ਪੰਗੁ = ਪਿੰਗਲਾ, ਜੋ ਹਿੱਲ ਜੁਲ ਨਹੀਂ ਸਕਦਾ, ਥਿਰ।1। ਰਹਾਉ। ਦਿਵਸ = ਦਿਨ। ਉਮੰਗ = ਚਾਹ, ਤਾਂਘ, ਖ਼ਾਹਸ਼। ਘਸਿ = ਘਸਾ ਕੇ। ਚੋਆ = ਅਤਰ। ਬਹੁ = ਕਈ। ਸੁਗੰਧ = ਸੁਗੰਧੀਆਂ। ਬ੍ਰਹਮ ਠਾਇ = ਠਾਕੁਰ ਦੁਆਰੇ, ਮੰਦਰ ਵਿਚ।1। ਜੋਇ = ਢੂੰਡ ਕੇ, ਖੋਜ ਕੇ। ਤਹ = ਉਥੇ। ਜਲ ਪਖਾਨ = (ਤੀਰਥਾਂ ਤੇ) ਪਾਣੀ, (ਮੰਦਰਾਂ ਵਿਚ) ਪੱਥਰ। ਸਮਾਨ = ਇੱਕੋ ਜਿਹਾ। ਊਹਾਂ = ਤੀਰਥਾਂ ਤੇ ਮੰਦਰਾਂ ਵਲ। ਤਉ = ਤਾਂ ਹੀ। ਜਉ = ਜੇ। ਈਹਾਂ = ਇਥੇ ਹਿਰਦੇ ਵਿਚ।2। ਬਲਿਹਾਰੀ ਤੋਰ = ਤੈਥੋਂ ਸਦਕੇ। ਜਿਨਿ = ਜਿਸ ਨੇ। ਬਿਕਲ = ਕਠਨ। ਭ੍ਰਮ = ਵਹਿਮ, ਭੁਲੇਖੇ। ਮੋਰ = ਮੇਰੇ। ਰਾਮਾਨੰਦ ਸੁਆਮੀ = ਰਾਮਾਨੰਦ ਦਾ ਪ੍ਰਭੂ। ਰਮਤ = ਸਭ ਥਾਂ ਮੌਜੂਦ ਹੈ। ਕੋਟਿ = ਕ੍ਰੋੜਾਂ। ਕਰਮ = (ਕੀਤੇ ਹੋਏ ਮੰਦੇ) ਕੰਮ।3।1। ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ।1। ਰਹਾਉ। ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।1। (ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।2। ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।3।1। ਨੋਟ: ਭਗਤ ਰਾਮਾਨੰਦ ਜਾਤੀ ਦੇ ਬ੍ਰਾਹਮਣ ਸਨ। ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏ ਭੁਲੇਖਿਆਂ ਦਾ ਇਸ ਸ਼ਬਦ ਵਿਚ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੇ ਮੂਰਤੀ-ਪੂਜਾ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ। ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। ਜ਼ਰੂਰੀ ਨੋਟ: ਇਸ ਸ਼ਬਦ ਦਾ ਭਾਵ ਨਿਰੋਲ ਤੌਰ ਤੇ ਗੁਰਮਤਿ ਨਾਲ ਮਿਲਦਾ ਹੈ। ਪਰ ਫਿਰ ਭੀ ਭਗਤ-ਬਾਣੀ ਦੇ ਵਿਰੋਧੀ ਸੱਜਣ ਆਪਣੀ ਕਿਤਾਬ ਵਿਚ ਭਗਤ ਰਾਮਾਨੰਦ ਜੀ ਬਾਰੇ ਇਉਂ ਲਿਖਦੇ ਹਨ: "ਭਗਤ ਰਾਮਾਨੰਦ ਜੀ ਮੂਰਤੀ ਪੂਜਕ ਅਤੇ ਵੇਦਾਂਤ ਮਤ ਦੇ ਪੱਕੇ ਸ਼ਰਧਾਲੂ ਸਨ। ਇਹਨਾਂ ਨੇ ਕਾਂਸ਼ੀ ਵਿਚ ਆ ਕੇ ਛੂਤ-ਛਾਤ ਦੇ ਆਸ਼ੇ ਦੀ ਵਿਰਾਗੀ ਮਤ ਦੀ ਨਈ ਸ਼ਾਖ਼ ਚਲਾਈ। ਗੁਸਾਈਂ ਜੀ ਨੇ ਕਰਮ ਕਾਂਡ ਵਿਚ ਕਾਫ਼ੀ ਸਮਾ ਬਿਰਤੀ ਰੱਖੀ, ਜੰਞੂ ਤਿਲਕ ਆਦਿ ਚਿੰਨ੍ਹਾਂ ਦੇ ਤਾਂ ਅਖ਼ੀਰ ਤੱਕ ਪਾਬੰਦ ਰਹੇ। " ਇਸ ਤੋਂ ਅੱਗੇ ਭਗਤ ਜੀ ਦਾ ਇਹ ਸ਼ਬਦ ਲਿਖ ਕੇ ਫਿਰ ਇਉਂ ਆਖਦੇ ਹਨ: "ਉਕਤ ਸ਼ਬਦ ਵਿਚ ਵੇਦਾਂਤ ਮਤ ਦੀ ਝਲਕ ਹੈ, ਪਰ ਸਨ ਆਪ ਵੈਰਾਗੀ। ਮੰਦਰ ਦੀ ਪੂਜਾ ਦਾ ਜ਼ਿਕਰ ਉਲਟਾ ਹੈ, ਇਸ ਤੋਂ ਹੈਰਾਨੀ ਹੁੰਦੀ ਹੈ ਕਿ ਇਹ ਸ਼ਬਦ ਆਪ ਦੇ ਮਤ ਦੇ ਵਿਰੁੱਧ ਕਿਉਂ ਹੈ ਆਪ ਦੀ ਕ੍ਰਿਆ ਕਰਮ ਕਾਂਡ ਸੀ। " ਅਤੇ "ਗੁਸਾਈਂ ਜੀ ਹਮੇਸ਼ਾ ਪੀਲੇ ਬਸਤਰ ਰੱਖਦੇ ਸਨ, ਇਹ ਵਿਸ਼ਨੂੰ ਜੀ ਦਾ ਰੰਗ ਮੰਨਿਆ ਗਿਆ ਹੈ। " ਸ਼ਬਦ ਦੇ ਲਫ਼ਜ਼ "ਰਾਮਾਨੰਦ ਸੁਆਮੀ" ਨੂੰ ਇਸ ਸੱਜਣ ਜੀ ਨੇ ਸਮਝਣ ਦੀ ਕੋਸ਼ਸ਼ ਨਹੀਂ ਕੀਤੀ, ਜਾਂ ਖੰਡਨ ਕਰਨ ਦੇ ਜੋਸ਼ ਵਿਚ ਜਾਣ ਬੁੱਝ ਕੇ ਸਮਝਣਾ ਨਹੀਂ ਚਾਹੁੰਦੇ ਸਨ, ਸੋ ਇਹਨਾਂ ਲਫ਼ਜ਼ਾਂ ਬਾਰੇ ਲਿਖਦੇ ਹਨ: "ਭਗਤ ਜੀ ਨੇ ਆਪਣੇ ਆਪ ਨੂੰ ਸੁਆਮੀ ਕਰ ਕੇ ਲਿਖਿਆ ਹੈ, ਪਤਾ ਨਹੀਂ ਕਿਸ ਖ਼ਿਆਲ ਨਾਲ? ਹੋ ਸਕਦਾ ਹੈ ਕਿ ਇਹ ਸ਼ਬਦ ਉਹਨਾਂ ਦੇ ਕਿਸੇ ਚੇਲੇ ਦੀ ਰਚਨਾ ਹੋਵੇ। ਕੀ ਸਾਰੀ ਆਯੂ ਅੰਦਰ ਰਾਮਾਨੰਦ ਜੀ ਨੇ ਇਕ ਸ਼ਬਦ ਉਚਾਰਨ ਕੀਤਾ?" ਆਉ, ਹੁਣ ਇਹਨਾਂ ਇਤਰਾਜ਼ਾਂ ਨੂੰ ਗਹੁ ਨਾਲ ਵਿਚਾਰੀਏ। ਇਹ ਇਤਰਾਜ਼ ਦੋ ਹਿੱਸਿਆਂ ਵਿਚ ਵੰਡੇ ਜਾ ਸਕਦੇ ਹਨ, ਇਕ ਉਹ ਜੋ ਭਗਤ ਜੀ ਦੇ ਇਸ ਸ਼ਬਦ ਦੇ ਵਿਰੁੱਧ ਕੀਤੇ ਗਏ ਹਨ, ਤੇ, ਦੂਜੇ ਉਹ ਜੋ ਉਹਨਾਂ ਦੇ ਜੀਵਨ ਵਿਰੁੱਧ ਹਨ। ਸ਼ਬਦ ਦੇ ਵਿਰੁੱਧ ਹੇਠ-ਲਿਖੇ ਇਤਰਾਜ਼ ਹਨ– (1) ਉਕਤ ਸ਼ਬਦ ਵਿਚ ਵੇਦਾਂਤ ਦੀ ਝਲਕ ਹੈ। (2) ਮੰਦਰ ਦੀ ਪੂਜਾ ਦਾ ਜ਼ਿਕਰ ਉਲਟਾ ਹੈ, ਇਸ ਤੋਂ ਹੈਰਾਨੀ ਹੁੰਦੀ ਹੈ ਕਿ ਇਹ ਸ਼ਬਦ ਆਪ ਦੇ ਮਤ ਦੇ ਵਿਰੁੱਧ ਕਿਉਂ ਹੈ। (3) ਭਗਤ ਜੀ ਨੇ ਆਪਣੇ ਆਪ ਨੂੰ ਸੁਆਮੀ ਕਰ ਕੇ ਲਿਖਿਆ ਹੈ, ਪਤਾ ਨਹੀਂ ਕਿਸ ਖ਼ਿਆਲ ਨਾਲ? ਹੋ ਸਕਦਾ ਹੈ ਕਿ ਇਹ ਸ਼ਬਦ ਉਹਨਾਂ ਦੇ ਕਿਸੇ ਚੇਲੇ ਦੀ ਰਚਨਾ ਹੋਵੇ। (4) ਕੀ ਸਾਰੀ ਆਯੂ ਅੰਦਰ ਰਾਮਾਨੰਦ ਜੀ ਨੇ ਇਕੋ ਸ਼ਬਦ ਉਚਾਰਨ ਕੀਤਾ? ਇਹਨਾਂ ਇਤਰਾਜ਼ਾਂ ਉਤੇ ਵਿਚਾਰ: (1) ਜੇ ਇਸ ਸ਼ਬਦ ਵਿਚ ਵੇਦਾਂਤ ਦੀ ਝਲਕ ਹੈ, ਤਾਂ ਉਹ ਹੇਠ-ਲਿਖੀਆਂ ਤੁਕਾਂ ਵਿਚ ਹੀ ਹੋ ਸਕਦੀ ਹੋਵੇਗੀ: (ੳ) ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ। (ਅ) ਤੂ ਪੂਰਿ ਰਹਿਓ ਹੈ ਸਭ ਸਮਾਨ। (ੲ) ਰਾਮਾਨੰਦ ਸੁਆਮੀ ਰਮਤ ਬ੍ਰਹਮ। ਪਾਠਕ ਸੱਜਣ ਆਪ ਹੀ ਈਮਾਨਦਾਰੀ ਨਾਲ ਵੇਖ ਲੈਣ ਕਿ ਇਹਨਾਂ ਤੁਕਾਂ ਵਿਚ ਕਿਹੜਾ ਖ਼ਿਆਲ ਗੁਰਮਤਿ ਦੇ ਉਲਟ ਹੈ। (2) ਰਾਮਾਨੰਦ ਜੀ ਤਾਂ ਆਪਣਾ ਮਤ ਇਸ ਸ਼ਬਦ ਵਿਚ ਇਹ ਦੱਸ ਰਹੇ ਹਨ ਕਿ ਤੀਰਥਾਂ ਦੇ ਇਸ਼ਨਾਨ ਅਤੇ ਮੂਰਤੀ-ਪੂਜਾ ਨਾਲ ਮਨ ਦੇ ਭਰਮ ਕੱਟੇ ਨਹੀਂ ਜਾ ਸਕਦੇ। ਪਰ ਜਿਨ੍ਹਾਂ ਲੋਕਾਂ ਨੇ ਭਗਤ ਜੀ ਦੇ ਆਪਣੇ ਲਫ਼ਜ਼ਾਂ ਉਤੇ ਇਤਬਾਰ ਨਹੀਂ ਕਰਨਾ, ਉਹਨਾਂ ਨਾਲ ਕਿਸੇ ਵਿਚਾਰ ਤੋਂ ਕੋਈ ਲਾਭ ਨਹੀਂ ਨਿਕਲ ਸਕਦਾ। (3) ਤੁਕ "ਰਾਮਾਨੰਦ ਸੁਆਮੀ ਰਮਤ ਬ੍ਰਹਮ" ਤੋਂ ਇਤਰਾਜ਼ ਕਰਨ ਵਾਲੇ ਸੱਜਣ ਨੇ ਸਮਝਿਆ ਹੈ ਕਿ ਭਗਤ ਰਾਮਾਨੰਦ ਜੀ ਨੇ ਆਪਣੇ ਆਪ ਨੂੰ 'ਸੁਆਮੀ' ਆਖਿਆ ਹੈ। ਫਿਰ ਆਪੇ ਹੀ ਅੰਦਾਜ਼ਾ ਲਾਂਦੇ ਹਨ ਕਿ ਇਹ ਸ਼ਬਦ ਉਹਨਾਂ ਦੇ ਕਿਸੇ ਚੇਲੇ ਦਾ ਹੋਵੇਗਾ। ਜੇ ਉਹ ਸੱਜਣ ਜਾਣ ਬੁੱਝ ਕੇ ਭੋਲੇ ਨਹੀਂ ਬਣ ਰਹੇ, ਤਾਂ ਇਸ ਤੁਕ ਦਾ ਅਰਥ ਇਉਂ ਹੈ– ਰਾਮਾਨੰਦ ਦਾ ਸੁਆਮੀ ਬ੍ਰਹਮ ਹਰ ਥਾਂ ਰਮਿਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਭੀ ਸਾਰਗ ਰਾਗ ਦੇ ਸ਼ਬਦ ਨੰ: 136 ਵਿਚ ਅਕਾਲ-ਪੁਰਖ ਦੇ ਦਰਸ਼ਨ ਦੀ ਤਾਂਘ ਕਰਦਿਆਂ ਇਉਂ ਆਖਿਆ ਹੈ: ਨਾਨਕ ਸੁਆਮੀ ਗਰਿ ਮਿਲੇ, ਹਉ ਗੁਰ ਮਨਾਉਗੀ। ਨਾਨਕ ਸੁਆਮੀ = ਨਾਨਕ ਦਾ ਸੁਆਮੀ; ਇਸੇ ਤਰ੍ਹਾਂ ਰਾਮਾਨੰਦ ਸੁਆਮੀ = ਰਾਮਾਨੰਦ ਦਾ ਸੁਆਮੀ। ਗੁਰਬਾਣੀ ਦਾ ਵਿਆਕਰਣ ਥੋੜਾ ਕੁ ਭੀ ਜਾਣਨ ਵਾਲਾ ਸੱਜਣ ਸਮਝ ਲਏਗਾ ਕਿ ਇਥੇ ਲਫ਼ਜ਼ 'ਨਾਨਕ' ਸੰਬੰਧ ਕਾਰਕ ਇਕ-ਵਚਨ ਹੈ। ਇਸੇ ਤਰ੍ਹਾਂ ਧਨਾਸਰੀ ਰਾਗ ਦੇ ਛੰਤ ਵਿਚ ਗੁਰੂ ਨਾਨਕ ਦੇਵ ਜੀ ਆਖਦੇ ਹਨ: ਨਾਨਕ ਸਾਹਿਬੁ ਅਗਮ ਅਗੋਚਰੁ, ਜੀਵਾ ਸਚੀ ਨਾਈ ॥ ਨਾਨਕ ਸਾਹਿਬੁ ਅਵਰੁ ਨ ਦੂਜਾ, ਨਾਮਿ ਤੇਰੈ ਵਡਿਆਈ ॥ ਅਤੇ ਇਥੇ ਦੋਹਾਂ ਤੁਕਾਂ ਵਿਚ "ਨਾਨਕ ਸਾਹਿਬੁ" ਦਾ ਅਰਥ ਹੈ "ਨਾਨਕ ਦਾ ਸਾਹਿਬ"। ਸਿੱਖ ਧਰਮ ਦਾ ਕੋਈ ਅੰਞਾਣ ਵਿਰੋਧੀ ਹੀ ਇਹ ਆਖੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਇਥੇ ਆਪਣੇ ਆਪ ਨੂੰ "ਸਾਹਿਬੁ" ਆਖਿਆ ਹੈ। (4) ਇਹ ਇਤਰਾਜ਼ ਕੋਈ ਵਜ਼ਨਦਾਰ ਨਹੀਂ ਜਾਪਦਾ। ਜੇ ਰਾਮਾਨੰਦ ਜੀ ਨੇ ਸਾਰੀ ਉਮਰ ਵਿਚ ਸਿਰਫ਼ ਇਹੀ ਸ਼ਬਦ ਉਚਾਰਿਆ ਹੋਵੇ, ਤਾਂ ਇਸ ਸ਼ਬਦ ਦੀ ਸੱਚਾਈ ਕਿਸੇ ਭੀ ਹਾਲਤ ਵਿਚ ਘਟ ਨਹੀਂ ਜਾਂਦੀ। ਹੋ ਸਕਦਾ ਹੈ ਕਿ ਉਹਨਾਂ ਸਾਰੀ ਉਮਰ ਸਿਰਫ਼ ਉਤਨੇ ਹੀ ਪਰਚਾਰ ਤੇ ਜ਼ੋਰ ਦਿੱਤਾ ਹੋਵੇ ਜਿਸ ਦਾ ਸ਼ਬਦ ਵਿਚ ਜ਼ਿਕਰ ਹੈ। ਇਹ ਤਿੰਨ ਬੰਦ ਨਿਕੇ ਜਿਹੇ ਜਾਪਦੇ ਹਨ, ਪਰ ਧਿਆਨ ਨਾਲ ਵੇਖੋ ਇਹਨਾਂ ਵਿਚ ਕਿਤਨੀ ਕੁ ਸੱਚਾਈ ਭਰੀ ਪਈ ਹੈ– (ੳ) ਮੰਦਰ ਵਿਚ ਜਾ ਕੇ ਕਿਸੇ ਪੱਥਰ ਦੀ ਮੂਰਤੀ ਨੂੰ ਚੋਆ ਚੰਦਨ ਲਾ ਕੇ ਪੂਜਣ ਦੀ ਲੋੜ ਨਹੀਂ। (ਅ) ਤੀਰਥਾਂ ਤੇ ਨ੍ਹਾਤਿਆਂ ਮਨ ਦੇ ਭਰਮ ਕੱਟੇ ਨਹੀਂ ਜਾਣੇ। (ੲ) ਗੁਰੂ ਦੀ ਸਰਨ ਆਉ। ਗੁਰੂ ਹੀ ਦੱਸਦਾ ਹੈ ਕਿ (ਸ) ਪਰਮਾਤਮਾ ਹਿਰਦੇ-ਮੰਦਰ ਵਿਚ ਵੱਸ ਰਿਹਾ ਹੈ। (ਹ) ਤੇ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ। (ਕ) ਗੁਰੂ ਦਾ ਸ਼ਬਦ ਹੀ ਕ੍ਰੋੜਾਂ ਕਰਮਾਂ ਦੇ ਸੰਸਕਾਰ ਨਾਸ ਕਰਨ ਦੇ ਸਮਰੱਥ ਹੈ। ਜੇ ਬਾਣੀ ਉਚਾਰਨੀ ਹੀ ਕਿਸੇ ਮਹਾਂ ਪੁਰਖ ਦੀ ਆਤਮਕ ਉੱਚਤਾ ਦਾ ਮਾਪ ਬਣਾਵਾਂਗੇ, ਤਾਂ ਭਾਰੀ ਉਕਾਈ ਖਾ ਜਾਵਾਂਗੇ। ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕੋਈ ਭੀ ਸ਼ਬਦ ਨਹੀਂ ਸੀ ਉਚਾਰਿਆ। ਗੁਰੂ ਅੰਗਦ ਸਾਹਿਬ ਸੰਨ 1539 ਤੋਂ ਸੰਨ 1552 ਤਕ 13 ਸਾਲ ਦੇ ਕਰੀਬ ਗੁਰਿਆਈ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ, 150 ਮਹੀਨਿਆਂ ਤੋਂ ਵਧੀਕ ਬਣੇ। ਪਰ ਉਹਨਾਂ ਦੇ ਸ਼ਲੋਕ 150 ਭੀ ਨਹੀਂ ਹਨ। ਸ਼ਲੋਕ ਭੀ ਆਮ ਤੌਰ ਤੇ ਦੋ ਦੋ ਤੁਕਾਂ ਦੇ ਹਨ। ਜੇ ਇਉਂ ਹੀ ਹਿਸਾਬ ਲਾਣਾ ਹੈ ਤਾਂ ਗੁਰੂ ਅੰਗਦ ਸਾਹਿਬ ਨੇ ਇਕ ਇਕ ਮਹੀਨੇ ਵਿਚ ਦੋ ਦੋ ਤੁਕਾਂ ਭੀ ਨਾਹ ਉਚਾਰੀਆਂ। ਪਰ ਘੱਟ ਬਾਣੀ ਉਚਾਰਨ ਨਾਲ ਅਸੀਂ ਉਹਨਾਂ ਵਿਚ ਤੇ ਗੁਰੂ ਨਾਨਕ ਪਾਤਿਸ਼ਾਹ ਵਿਚ ਕੋਈ ਵਿੱਥ ਕੋਈ ਫ਼ਰਕ ਨਹੀਂ ਮੰਨ ਸਕਦੇ। ਇਤਰਾਜ਼ ਕਰਨ ਵਾਲੇ ਸੱਜਣ ਨੂੰ ਸ਼ਬਦ ਵਿਚ ਤਾਂ ਕੋਈ ਖ਼ਾਸ ਇਤਰਾਜ਼ ਵਾਲੀ ਗੱਲ ਲੱਭ ਨਹੀਂ ਸਕੀ, ਜ਼ਿਆਦਾ ਜ਼ੋਰ ਉਹ ਇਸੇ ਗੱਲ ਉਤੇ ਦੇਈ ਗਏ ਹਨ ਕਿ ਰਾਮਾਨੰਦ ਜੀ ਵੈਰਾਗੀ ਸਨ, ਤਿਲਕ ਜੰਞੂ ਵਰਤਦੇ ਸਨ, ਛੂਤ ਛਾਤ ਦੇ ਹਾਮੀ ਸਨ, ਪੀਲੇ ਕੱਪੜੇ ਪਾਂਦੇ ਸਨ ਇਤਿਆਦਿਕ। ਪਰ ਸਿੱਖ-ਇਤਿਹਾਸ ਅਨੁਸਾਰ ਬਾਬਾ ਲਹਿਣਾ ਜੀ ਦੇਵੀ ਦੇ ਭਗਤ ਸਨ, ਹਰ ਸਾਲ ਪੈਰੀਂ ਘੁੰਘਰੂ ਬੰਨ੍ਹ ਕੇ ਦੇਵੀ ਦੇ ਦਰਸ਼ਨ ਨੂੰ ਜਾਂਦੇ ਸਨ; ਦੇਵੀ ਦੇ ਭਗਤ ਵਾਸਤੇ ਛੂਤ-ਛਾਤ ਦਾ ਹਾਮੀ ਹੋਣਾ ਅੱਤ ਜ਼ਰੂਰੀ ਹੈ, ਗਲ ਵਿਚ ਦੇਵੀ ਦਾ ਮੌਲੀ ਦਾ ਅੱਟਾ ਭੀ ਪਾਂਦੇ ਸਨ, ਘਰ ਆ ਕੇ ਨੌਰਾਤਿਆਂ ਵਿਚ ਦੇਵੀ ਦੀਆਂ ਕੰਞਕਾਂ ਬਿਠਾਂਦੇ ਸਨ, ਜੰਞੂ ਤਾਂ ਜ਼ਰੂਰੀ ਹੈ ਹੀ ਸੀ। (ਗੁਰੂ) ਅਮਰ ਦਾਸ ਜੀ 19 ਸਾਲ ਹਰ ਸਾਲ ਤੀਰਥਾਂ ਤੇ ਜਾਂਦੇ ਰਹੇ, ਬ੍ਰਾਹਮਣਾਂ ਦੇ ਦੱਸੇ ਹੋਰ ਕਰਮ ਕਾਂਡ ਭੀ ਕਰਦੇ ਸਨ। ਕੀ ਸਿੱਖ ਧਰਮ ਦੇ ਵਿਰੋਧੀ ਅਸਾਨੂੰ ਇਹੀ ਕਹਾਣੀਆਂ ਸੁਣਾ ਸੁਣਾ ਕੇ ਆਖੀ ਜਾਣਗੇ, ਤੇ ਕੀ ਅਸਾਂ ਭੀ ਇਹ ਮੰਨ ਲੈਣਾ ਹੈ ਕਿ ਇਹਨਾਂ ਗੁਰੂ ਸਾਹਿਬਾਨ ਦੀ ਬਾਣੀ ਇਹਨਾਂ ਦੇ ਜੀਵਨ ਦੇ ਉਲਟ ਸੀ? ਭਗਤ ਰਾਮਾਨੰਦ ਜੀ ਕਦੇ ਵੈਰਾਗੀ ਮਤ ਦੇ ਹੋਣਗੇ, ਤਿਲਕ ਜੰਞੂ ਵਰਤਦੇ ਹੋਣਗੇ, ਛੂਤ-ਛਾਤ ਦੇ ਭੀ ਹਾਮੀ ਹੋਣਗੇ, ਹੋਰ ਭੀ ਕਈ ਗੱਲਾਂ ਆਖ ਲਈਆਂ ਜਾਣ। ਪਰ ਅਸਾਂ ਇਹ ਵੇਖਣਾ ਹੈ ਕਿ ਗੁਰੂ ਦੇ ਦਰ ਤੇ ਆ ਕੇ ਭਗਤ ਰਾਮਾਨੰਦ ਜੀ ਕੀਹ ਬਣ ਗਏ। ਉਹ ਆਪ ਆਖਦੇ ਹਨ– (ੳ) "ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ, (ਅ) ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ, (ੲ) ਗੁਰ ਕਾ ਸਬਦੁ ਕਾਟੈ ਕੋਟਿ ਕਰਮ। ਸੋ, ਜਿਵੇਂ ਬਾਬਾ ਲਹਿਣਾ ਜੀ ਤੇ (ਗੁਰੂ) ਅਮਰਦਾਸ ਜੀ ਦਾ ਜੀਵਨ ਗੁਰੂ-ਦਰ ਤੇ ਆ ਕੇ ਗੁਰਮਤਿ ਦੇ ਅਨੁਕੂਲ ਹੋ ਗਿਆ, ਤਿਵੇਂ ਰਾਮਾਨੰਦ ਜੀ ਦਾ ਜੀਵਨ ਗੁਰੂ ਪਾਸ ਆ ਕੇ ਗੁਰਮਤਿ ਦੇ ਅਨੁਸਾਰ ਹੋ ਗਿਆ। ਬਸੰਤੁ ਬਾਣੀ ਨਾਮਦੇਉ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ {ਪੰਨਾ 1195} ਪਦ ਅਰਥ: ਸੰਕਟਵੈ = ਸੰਕਟ ਦੇਵੇ। ਭਜੈ = ਨੱਠ ਜਾਏ, ਛੱਡ ਜਾਏ। ਚਿਰੰਕਾਲ = ਬਹੁਤ ਸਮਾ। ਲਜੈ = ਲਾਜ ਲਾਂਦਾ ਹੈ, ਬਦਨਾਮ ਕਰਾਂਦਾ ਹੈ।1। ਹਸੈ = ਠੱਠਾ ਕਰੇ। ਹੀਅਰੇ = ਹਿਰਦੇ ਵਿਚ।1। ਰਹਾਉ। ਧਨਹਿ = ਧਨ ਦੀ ਖ਼ਾਤਰ। ਪ੍ਰਾਨੀ = ਜੀਵ, ਬੰਦਾ। ਮਾਂਡੈ = ਠਾਨ ਲੈਂਦਾ ਹੈ। ਮਰਨੁ ਮਾਂਡੈ = ਮਰਨਾ ਠਾਨ ਲੈਂਦਾ ਹੈ, ਮਰਨ ਤੇ ਤੁਲ ਪੈਂਦਾ ਹੈ।2। ਸੰਸਾਰ ਕੇ = ਦੁਨੀਆ ਨੂੰ ਪਤਿਆਉਣ ਵਾਲੇ। ਨਾਮਾ = ਹੇ ਨਾਮਦੇਵ! ਤ = ਤਦੋਂ ਹੀ।3। ਅਰਥ: ਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ, ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।1। ਰਹਾਉ। ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ, (ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ।1। ਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ, ਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ।2। ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ = ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ; ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ।3।1। ਭਾਵ: ਪ੍ਰੀਤ ਦਾ ਸਰੂਪ = ਚਾਹੇ ਕਸ਼ਟ ਆਉਣ, ਚਾਹੇ ਲੋਕ ਠੱਠਾ ਕਰਨ, ਭਗਤ ਜਨ ਪ੍ਰਭੂ ਦੀ ਭਗਤੀ ਨਹੀਂ ਤਿਆਗਦੇ। |
Sri Guru Granth Darpan, by Professor Sahib Singh |