ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1196

ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥ ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥ ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ ਪਾਰਿ ਉਤਾਰੇ ਕੇਸਵਾ ॥੩॥ ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥ {ਪੰਨਾ 1196}

ਪਦ ਅਰਥ: ਨੀਝਰ = {Skt. inBLØr = A spring, waterfall, mountain-torrent} ਝੀਲ, ਚਸ਼ਮਾ, ਪਹਾੜੀ ਨਦੀ। ਬਾਜੈ = ਵੱਜ ਰਹੀਆਂ ਹਨ, ਠਾਠਾਂ ਮਾਰ ਰਹੀਆਂ ਹਨ। ਕੇਸਵਾ = ਹੇ ਕੇਸ਼ਵ! ਹੇ ਪ੍ਰਭੂ! {ky_w: pR_Ôqw: siNq AÔX} ਹੇ ਲੰਮੇ ਕੇਸਾਂ ਵਾਲੇ!।1।

ਗੋੁਬਿੰਦੇ = {ਨੋਟ: ਅੱਖਰ 'ਗ' ਦੇ ਨਾਲ ਦੋ ਲਗਾਂ ਹਨ:ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ} ਹੇ ਗੋਬਿੰਦ! ਬਾਪ ਬੀਠਲਾ = ਹੇ ਬੀਠਲ ਪਿਤਾ! ਬੀਠੁਲ = {Skt. ivÕTl iv+ÔQl = One standing aloof} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।1। ਰਹਾਉ।

ਅਨਿਲ = {Ainiq Anyn eiq Ainl = That by means of which one breaths} ਹਵਾ। ਖੇਵਿ ਨ ਸਾਕਉ = ਚੱਪੂ ਨਹੀਂ ਲਗਾ ਸਕਦਾ। ਖੇਵਿ = {Skt. i˜p` = to throw, to steer. i˜pix = an oar, ਚੱਪੂ} ਚੱਪੂ ਲਾਣਾ। ਪਾਰੁ = ਪਾਰਲਾ ਬੰਨਾ।2।

ਮੋ ਕਉ = ਮੈਨੂੰ। ਉਤਾਰੇ = ਉਤਾਰਿ, ਲੰਘਾ।3।

ਤਰਿ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ।4।

ਅਰਥ: ਹੇ ਬੀਠਲ ਪਿਤਾ! ਹੇ ਗੋਬਿੰਦ! ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ।1। ਰਹਾਉ।

ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਇਸ ਸੰਸਾਰ-ਸਮੁੰਦਰ ਵਿਚ) ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ, ਮੇਰਾ ਸਰੀਰ ਇਹਨਾਂ ਵਿਚ ਡੁੱਬਦਾ ਜਾ ਰਿਹਾ ਹੈ।1।

ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈੌ) , ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ।2।

ਹੇ ਕੇਸ਼ਵ! ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ।3।

(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ– (ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ।4।1।2।

ਸ਼ਬਦ ਦਾ ਭਾਵ = ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ-ਇੱਕ ਤਰੀਕਾ ਹੈ– ਪਰਮਾਤਮਾ ਦੇ ਦਰ ਤੇ ਅਰਦਾਸ।

ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥ ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥ ਧੋਬੀ ਧੋਵੈ ਬਿਰਹ ਬਿਰਾਤਾ ॥ ਹਰਿ ਚਰਨ ਮੇਰਾ ਮਨੁ ਰਾਤਾ ॥੨॥ ਭਣਤਿ ਨਾਮਦੇਉ ਰਮਿ ਰਹਿਆ ॥ ਅਪਨੇ ਭਗਤ ਪਰ ਕਰਿ ਦਇਆ ॥੩॥੩॥ {ਪੰਨਾ 1196}

ਨੋਟ: 'ਸ਼ਬਦ' ਦਾ ਭਾਵ ਸਮੁੱਚੇ ਤੌਰ ਤੇ ਬੀਜ-ਰੂਪ ਵਿਚ 'ਰਹਾਉ' ਦੀ ਤੁਕ ਦੇ ਅੰਦਰ ਮਿਲਦਾ ਹੈ। ਸਾਰਾ ਸ਼ਬਦ 'ਰਹਾਉ' ਦੀ ਤੁਕ ਜਾਂ ਤੁਕਾਂ ਦੀ, ਮਾਨੋ, ਵਿਆਖਿਆ ਹੈ। 'ਰਹਾਉ' ਦੀ ਤੁਕ ਜਾਂ ਤੁਕਾਂ ਵਿਚ ਇੱਕ ਬੱਝਵਾਂ ਖ਼ਿਆਲ ਹੁੰਦਾ ਹੈ; ਇਸ 'ਬੰਦ' ਦੀਆਂ ਤੁਕਾਂ ਨੂੰ ਵੱਖੋ-ਵੱਖ ਕਰ ਕੇ ਪਹਿਲੇ ਜਾਂ ਅਗਲੇ 'ਬੰਦ' ਦੇ ਨਾਲ ਜੋੜਿਆਂ ਸ਼ਬਦ ਦੇ ਅਸਲੀ ਅਰਥਾਂ ਤੋਂ ਜ਼ਰੂਰ ਖੁੰਝ ਜਾਈਦਾ ਹੈ।

'ਰਹਾਉ' ਵਾਲੇ ਬੰਦ ਨੂੰ ਸਮੁੱਚੇ ਤੌਰ ਤੇ ਪੜ੍ਹਨਾ ਤੇ ਸਮਝਣਾ = ਇਹ ਹਰੇਕ ਸ਼ਬਦ ਦੇ ਭਾਵ ਨੂੰ ਠੀਕ ਤਰ੍ਹਾਂ ਵਿਚਾਰਨ ਲਈ ਅੱਤ ਜ਼ਰੂਰੀ ਹੈ। ਇਸ ਸ਼ਬਦ ਨੂੰ ਸਮਝਣ ਵਾਸਤੇ ਭੀ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ।

ਆਓ, ਹੁਣ 'ਰਹਾਉ' ਦੀਆਂ ਤੁਕਾਂ ਗਹੁ ਨਾਲ ਵੇਖੀਏ:

ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥1॥ਰਹਾਉ॥

ਲਫ਼ਜ਼ 'ਜੈਸੇ' ਯੋਜਕ (Conjunction) ਹੈ। ਇਹ ਦੱਸਦਾ ਹੈ ਕਿ ਇਹ ਪਹਿਲੀ ਤੁਕ ਆਪਣੇ ਆਪ ਵਿਚ ਸੰਪੂਰਣ ਵਾਕ ਨਹੀਂ ਹੈ; ਦੂਜੀ ਤੁਕ ਦੇ ਮੁੱਢ ਤੇ ਲਫ਼ਜ਼ 'ਤੈਸੇ' ਵਰਤਿਆਂ ਸੰਪੂਰਣ ਵਾਕ ਇਉਂ ਬਣੇਗਾ:

ਜੈਸੇ (ਧੂੜਿ ਮਣੀ ਗਾਡੀ ਨੂੰ) ਥ੍ਰੂਟਿਟਿ (ਆਖ ਆਖ ਕੇ) (ਹਿੱਕਣ ਵਾਲੀ) ਪਨਕਤ (ਵਲ) ਹਾਂਕਤੀ (ਹੈ) , (ਤੈਸੇ) ਲਾਡੁਲੀ ਸਰਿ ਧੋਵਨ ਚਾਲੀ।

ਇਹਨਾਂ ਤੁਕਾਂ ਨੂੰ ਠੀਕ ਠੀਕ ਸਮਝਣ ਵਾਸਤੇ ਪਾਠਕਾਂ ਦਾ ਧਿਆਨ ਇਕ ਹੋਰ ਜ਼ਰੂਰੀ ਪਾਸੇ ਦਿਵਾਉਣ ਦੀ ਲੋੜ ਹੈ। ਜਾਤ-ਪਾਤ ਦੇ ਭਰਮ ਨੇ ਸਾਡੇ ਦੇਸ ਦੇ ਇਤਿਹਾਸ ਉੱਤੇ ਇਕ ਖ਼ਾਸ ਬੜਾ ਭਾਰੀ ਅਸਰ ਕੀਤਾ ਹੈ। ਜਿਨ੍ਹਾਂ ਨੂੰ ਨੀਵੀਂ ਜਾਤ ਵਾਲੇ ਕਹਿ ਕੇ ਪੁਕਾਰਿਆ ਜਾਂਦਾ ਸੀ, ਤੇ ਕਈ ਤਰੀਕਿਆਂ ਨਾਲ ਜਿਨ੍ਹਾਂ ਦੀ ਨਿਰਾਦਰੀ ਕੀਤੀ ਜਾਂਦੀ ਸੀ, ਜਦੋਂ ਉਹਨਾਂ ਨੂੰ ਇਸ ਜੂਲੇ ਦੇ ਹੇਠੋਂ ਨਿਕਲਣ ਦਾ ਸਮਾ ਮਿਲਿਆ, ਉਹ ਛਾਲਾਂ ਮਾਰ ਕੇ ਉਸ ਸ਼ਾਹੀ ਝੰਡੇ ਹੇਠ ਜਾ ਟਿਕੇ ਜਿੱਥੇ ਉਹਨਾਂ ਨੂੰ ਧਰਮ-ਭਰਾ ਅਖਵਾਉਣ ਦਾ ਮਾਣ ਮਿਲ ਗਿਆ। ਜਦੋਂ ਅਸੀਂ ਆਪਣੀ ਧਰਤੀ ਵਲ ਧਿਆਨ ਮਾਰ ਕੇ ਵੇਖਦੇ ਹਾਂ, ਤਾਂ ਸਾਡੇ ਉਹ ਭਰਾ ਜਿਨ੍ਹਾਂ ਨੂੰ ਜੁਲਾਹੇ, ਚਮਾਰ (ਮੋਚੀ) , ਛੀਂਬੇ, ਨਾਈ, ਲੁਹਾਰ ਆਦਿਕ ਦਾ ਕੰਮ ਕਰਨ ਕਰਕੇ ਨੀਚ ਜਾਤ ਵਾਲਾ ਕਿਹਾ ਜਾਂਦਾ ਸੀ, ਉਹ ਭਾਰੀ ਗਿਣਤੀ ਵਿੱਚ ਇਸ ਪਾਸੇ ਨੂੰ ਛੱਡ ਗਏ ਦਿੱਸਦੇ ਹਨ। ਪਰ ਕਿਤੇ ਕਿਤੇ ਇਹੋ ਜਿਹੇ ਨਿਧੜਕ ਤੇ ਉੱਚ-ਆਤਮਾ ਭੀ ਸਨ ਜੋ ਆਪਣੇ ਧਰਮ-ਭਰਾਵਾਂ ਦੇ ਇਸ ਸਲੂਕ ਤੋਂ ਘਾਬਰੇ ਨਹੀਂ, ਸਗੋਂ ਉਹਨਾਂ ਦੇ ਕੁਰਖ਼ਤ ਤੇ ਕਰੜੇ ਬਚਨ ਸਹਾਰ ਕੇ ਭੀ ਉਸ ਭਾਗ-ਹੀਣ ਬਰਾਦਰੀ ਦਾ ਸੁਧਾਰ ਕਰਨ ਦਾ ਹੀ ਜਤਨ ਕਰਦੇ ਰਹੇ। ਦੇਸ ਦੀ ਇਸ ਭਾਈਚਾਰਕ ਦਸ਼ਾ ਦਾ ਥੋੜ੍ਹਾ ਜਿਹਾ ਨਮੂਨਾ ਕਬੀਰ ਜੀ ਆਪ ਪੇਸ਼ ਕਰਦੇ ਹਨ। ਉੱਚੀ ਜਾਤ ਵਾਲੇ ਉਹਨਾਂ ਨੂੰ ਗਾਲ੍ਹਾਂ ਤੱਕ ਕੱਢਣੋਂ ਭੀ ਫ਼ਰਕ ਨਹੀਂ ਕਰਦੇ, ਅੱਗੋਂ ਉਹ ਹੱਸ ਕੇ ਉਹਨਾਂ ਦੀਆਂ ਗਾਲ੍ਹਾਂ ਵਾਲੇ ਲਫ਼ਜ਼ਾਂ ਦੇ ਹੋਰ ਅਰਥ ਕਰ ਕੇ ਉਹਨਾਂ ਨੂੰ (ਸੁਮੱਤੇ) ਲਾਣ ਦਾ ਜਤਨ ਕਰਦੇ ਹਨ। ਵੇਖੋ:

ਗੋਂਡ ਕਬੀਰ ਜੀ ॥ ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੈ ਤਉ ਜਮ ਤੇ ਛੂਟੈ ॥ ਕੁਟਿ ਕੁਟਿ ਮਨੁ ਕਸਵਟੀ ਲਾਵੈ ॥ ਸੋ ਕੂਟਨੁ ਮੁਕਤਿ ਬਹੁ ਪਾਵੈ ॥1॥ ਕੂਟਨੁ ਕਿਸੈ ਕਹਹੁ ਸੰਸਾਰ ॥ ਸਗਲ ਬੋਲਨ ਕੇ ਮਾਹਿ ਬੀਚਾਰ ॥1॥ ਰਹਾਉ ॥ ਨਾਚਨੁ ਸੋਇ ਜੁ ਮਨ ਸਿਉ ਨਾਚੈ ॥ ਝੂਠਿ ਨ ਪਤੀਐ ਪਰਚੈ ਸਾਚੈ ॥ ਇਸੁ ਮਨ ਆਗੇ ਪੂਰੈ ਤਾਲ ॥ ਇਸੁ ਨਾਚਨ ਕੇ ਮਨ ਰਖਵਾਲ ॥2॥ ਬਜਾਰੀ ਸੋ ਜੁ ਬਜਾਰਹਿ ਸੋਧੈ ॥ ਪਾਂਚ ਪਲੀਤਹ ਕਉ ਪਰਬੋਧੈ ॥ ਨਉ ਨਾਇਕ ਕੀ ਭਗਤਿ ਪਛਾਨੈ ॥ ਸੋ ਬਾਜਾਰੀ ਹਮ ਗੁਰ ਮਾਨੇ ॥3॥ ਤਸਕਰੁ ਸੋਇ ਜਿ ਤਾਤਿ ਨ ਕਰੈ ॥ ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥ ਕਹੁ ਕਬੀਰ ਹਮ ਐਸੇ ਲਖਨ ॥ ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥4॥7॥10॥ {ਪੰਨਾ 872}

ਜਦੋਂ ਉਨ੍ਹਾਂ ਨੂੰ 'ਜੁਲਾਹਾ' 'ਜੁਲਾਹਾ' ਆਖ ਕੇ ਹੀ ਭਾਈਚਾਰਕ ਨੀਵਾਂਪਨ ਦੱਸਣ ਦੇ ਜਤਨ ਹੋਏ, ਤਾਂ ਆਪ ਨੇ ਆਖਿਆ: ਹੇ ਭਾਈ! ਰੱਬ ਆਪ ਜੁਲਾਹਾ ਹੈ, ਤੁਸੀ ਵਿਅਰਥ ਇਹਨਾਂ ਭੁਲੇਖਿਆਂ ਵਿੱਚ ਪੈ ਕੇ ਉਮਰ ਅਜਾਈਂ ਗੁਆ ਰਹੇ ਹੋ, ਕੁਝ ਜਨਮ-ਮਨੋਰਥ ਦੀ ਭੀ ਵਿਚਾਰ ਕਰੋ:

ਆਸਾ ਕਬੀਰ ਜੀ ॥ ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥ ਸਭੁ ਜਗੁ ਆਨਿ ਤਨਾਇਓ ਤਾਨਾਂ ॥1॥ਰਹਾਉ॥ ਜਬ ਤੁਮ ਸੁਨਿ ਲੇ ਬੇਦ ਪੁਰਾਨਾ ॥ ਤਬ ਹਮ ਇਤਨਕੁ ਪਸਰਿਓ ਤਾਨਾਂ ॥1॥ ਧਰਨਿ ਅਕਾਸ ਕੀ ਕਰਗਹ ਬਨਾਈ ॥ ਚੰਦੁ ਸੂਰਜ ਦੁਇ ਸਾਥ ਚਲਾਈ ॥2॥ ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾ ॥ ਜੋਲਾਹੇ ਘਰੁ ਅਪਨਾ ਚੀਨਾਂ ਘਟ ਹੀ ਰਾਮੁ ਪਛਾਨਾਂ ॥3॥ ਕਹਤੁ ਕਬੀਰੁ ਕਾਰਗਹ ਤੋਰੀ ॥ ਸੂਤੈ ਸੂਤ ਮਿਲਾਏ ਕੋਰੀ ॥4॥3॥36॥ {ਪੰਨਾ 484}

ਇਸੇ ਹੀ ਦਲੇਰੀ ਨਾਲ ਰਵਿਦਾਸ ਜੀ ਨੇ ਇਸ ਭਾਈਚਾਰਕ ਵਿਗਾੜ ਦਾ ਟਾਕਰਾ ਕੀਤਾ। ਜਦੋਂ ਉੱਚੀ ਜਾਤ ਵਾਲਿਆਂ ਹਉਮੈ ਵਿਚ ਆ ਕੇ ਆਖਿਆ: ਵੇਖੋ, ਓਇ ਯਾਰੋ! ਜੁੱਤੀਆਂ ਗੰਢਣ ਵਾਲਾ ਚਮਰੱਟਾ ਹੋ ਕੇ ਸਾਨੂੰ ਧਰਮ-ਉਪਦੇਸ਼ ਸੁਣਾਂਦਾ ਜੇ; ਤਦੋਂ ਆਪ ਨੇ ਧੀਰਜ ਨਾਲ ਉਹਨਾਂ ਨੂੰ ਸਮਝਾਇਆ = ਭਾਈ! ਜਗਤ ਵਿਚ ਕੋਈ ਵਿਰਲਾ ਭਾਗਾਂ ਵਾਲਾ ਹੈ ਜਿਹੜਾ ਚਮਿਆਰ ਨਹੀਂ ਹੈ, ਨਹੀਂ ਤਾਂ ਸਾਰੇ ਜੀਵ ਜੁੱਤੀਆਂ ਗੰਢਣ ਦੇ ਆਹਰੇ ਲੱਗੇ ਪਏ ਹਨ। ਮੇਰੇ ਉੱਤੇ ਤਾਂ ਦਾਤੇ ਨੇ ਮਿਹਰ ਕੀਤੀ ਹੈ, ਮੈਂ ਤਾਂ ਜੁੱਤੀ ਗੰਢਣ ਦਾ ਕੰਮ ਛੱਡ ਬੈਠਾ ਹਾਂ, ਤੁਸੀ ਆਪਣਾ ਫ਼ਿਕਰ ਕਰੋ। ਵੇਖੋ ਖਾਂ, ਇਹ ਸਰੀਰ ਰੂਪ ਜੁੱਤੀ ਤੁਹਾਨੂੰ ਮਿਲੀ ਹੈ, ਦਿਨ ਰਾਤ ਇਸੇ ਨੂੰ ਗੰਢਦੇ-ਤ੍ਰੁਪਦੇ ਰਹਿੰਦੇ ਹੋ, ਕਿ ਮਤਾਂ ਕਿਤੇ ਇਹ ਜੁੱਤੀ ਛੇਤੀ ਨਾ ਟੁੱਟ ਜਾਏ। ਇਹ ਲੋਭ ਲਾਲਚ ਤੇ ਜਗਤ ਦਾ ਮੋਹ ਇਸ ਸਰੀਰ-ਜੁੱਤੀ ਦੇ ਗਾਂਢੇ-ਤ੍ਰੋਪੇ ਹੀ ਹਨ, ਹੋਰ ਕੀਹ ਹੈ?

ਸੋਰਠਿ ਰਵਿਦਾਸ ਜੀ ॥ ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥1॥ਰਹਾਉ॥ ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥1॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ ਗਾਂਠੇ ਜਾਇ ਪਹੂਚਾ ॥2॥ ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ ਨਾਹੀ ਕਾਮਾ ॥3॥7॥ {ਪੰਨਾ 659}

ਨਾਮਦੇਵ ਜੀ ਭੀ ਇਸ ਮੈਦਾਨ ਵਿੱਚ ਪਿੱਛੇ ਨਹੀਂ ਰਹੇ। ਜਦੋਂ ਇਹਨਾਂ ਨੂੰ ਭੀ ਇਹੀ ਬੋਲੀ ਮਾਰੀ ਗਈ ਕਿ ਹੈਂ ਤਾਂ ਤੂੰ ਕੱਪੜੇ ਰੰਗਣ ਵਾਲਾ ਤੇ ਸੀਊਣ ਵਾਲਾ ਛੀਂਬਾ ਹੀ; ਤਾਂ ਆਪ ਉੱਤਰ ਦੇਂਦੇ ਹਨ– ਭਾਈ! ਜੇ ਤੁਸੀ ਭੀ ਇਹੋ ਜਿਹਾ ਰੰਗਣਾ ਤੇ ਸੀਊਣਾ ਸਿੱਖ ਲਵੋ, ਤਾਂ ਜਾਤ-ਪਾਤ ਦੇ ਹੋਛੇ ਵਹਿਮ ਤਾਂ ਨਾਹ ਨਾ ਰਹਿਣ:

ਆਸਾ ਨਾਮਦੇਉ ਜੀ ॥ ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥1॥ ਕਹਾ ਕਰਉ ਜਾਤੀ ਕਹਾ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥1॥ਰਹਾਉ॥ ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ ॥2॥ ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥3॥ ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਿਉ ਲਾਗਾ ॥4॥3॥ {ਪੰਨਾ 485}

ਜਿਸ ਸ਼ਬਦ ਦਾ ਹੁਣ ਅਰਥ ਕਰ ਰਹੇ ਹਾਂ, ਇਸ ਵਿਚ ਭੀ ਨਾਮਦੇਵ ਜੀ ਉੱਪਰ-ਵਰਗੇ ਖ਼ਿਆਲ ਸਾਮ੍ਹਣੇ ਰੱਖ ਕੇ ਸੁਲੱਖਣੇ ਰੱਬੀ ਧੋਬੀ ਦਾ ਉਪਕਾਰ ਬਿਆਨ ਕਰ ਰਹੇ ਹਨ। ਮੁੜ ਸ਼ਬਦ ਦੀਆਂ "ਰਹਾਉ" ਦੀਆਂ ਤੁਕਾਂ ਨੂੰ ਪੜ੍ਹੀਏ:

ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥1॥ਰਹਾਉ॥

ਧੋਬੀ ਸਵੇਰੇ ਉੱਠ ਕੇ ਕੱਪੜੇ ਧੋਣ ਲਈ ਕਿਸੇ ਨੇੜੇ ਦੇ ਸਰ ਆਦਿਕ ਉੱਤੇ ਜਾਂਦਾ ਹੈ। ਉਸ ਦੀ ਧੋਬਣ ਘਰ ਦਾ ਕੰਮ-ਕਾਜ ਸੰਭਾਲ ਕੇ ਬਾਕੀ ਰਹਿੰਦੇ ਕੱਪੜੇ ਗੱਡੀ ਆਦਿਕ ਤੇ ਲੱਦ ਲੈਂਦੀ ਹੈ ਤੇ ਉਹ ਭੀ ਆਪਣੇ ਧੋਬੀ ਪਾਸ ਉਸੇ ਸਰ ਤੇ ਚਲੀ ਜਾਂਦੀ ਹੈ।

ਜਗਤ ਦੇ ਜੀਵਾਂ ਦੇ ਮਨ, ਮਾਨੋ, ਵਿਕਾਰਾਂ ਤੇ ਹਉਮੈ ਦੀ ਮੈਲ ਨਾਲ ਮੈਲੇ ਹੋਏ ਹੋਏ ਕੱਪੜੇ ਹਨ; ਜਿਵੇਂ ਧੋਬਣ ਕੱਪੜੇ ਧੁਆਉਣ ਲਈ ਪਾਣੀ ਦੇ ਘਾਟ ਵਲ ਮੈਲੇ ਕੱਪੜਿਆਂ ਦੀ ਗੱਡੀ ਨੂੰ ਹਿੱਕਦੀ ਜਾਂਦੀ ਹੈ, ਇਸੇ ਤਰ੍ਹਾਂ ਕੋਈ ਲਾਡੁਲੀ (ਪ੍ਰੇਮਣ) ਜੀਵ-ਇਸਤ੍ਰੀ ਗੁਰੂ-ਧੋਬੀ ਦੇ ਸਰ ਤੇ ਜਾਂਦੀ ਹੈ। ਧੋਬੀ ਹੋਣ ਵਿਚ ਕਿਹੜਾ ਮਿਹਣਾ ਹੈ?

"ਰਹਾਉ" ਦੀਆਂ ਤੁਕਾਂ ਦਾ ਵਾਰਤਕ-ਰੂਪ (Prose order) ਤਾਂ ਪਹਿਲਾਂ ਦਿੱਤਾ ਗਿਆ ਹੈ, ਇਹਨਾਂ ਲਫ਼ਜ਼ਾਂ ਵਿਚ ਕੇਵਲ ਇਕ ਲਫ਼ਜ਼ "ਪਨਕਤ" ਦਾ ਅਰਥ ਸਮਝਣਾ ਜ਼ਰੂਰੀ ਹੈ, ਬਾਕੀ ਦੀ ਤੁਕ ਸਾਫ਼ ਹੋ ਜਾਇਗੀ।

ਇਹ ਅਸੀਂ ਵੇਖ ਚੁਕੇ ਹਾਂ ਕਿ ਇਸ ਸ਼ਬਦ ਵਿਚ ਨਾਮਦੇਵ ਜੀ ਆਪਣੇ ਧੋਬੀ-ਪਨ ਦਾ ਜ਼ਿਕਰ ਕਰ ਕੇ ਸੁਲੱਖਣੇ ਧੋਬੀ ਦੀ ਵਡਿਆਈ ਕਰ ਰਹੇ ਹਨ। ਧੋਬੀ ਦੇ ਨਾਲ ਸਧਾਰਨ ਹੀ ਪਾਣੀ ਦੇ ਘਾਟ ਦਾ ਸੰਬੰਧ ਹੈ। ਸੋ 'ਪਨਕਤ' ਅਸਲ ਵਿਚ 'ਪਨਘਟ' (ਪਾਨੀ ਦੀ ਘਾਟ) ਹੈ। ਅੱਖਰ ਕ, ਖ, ਗ, ਘ ਦਾ ਉੱਚਾਰਣ-ਅਸਥਾਨ ਇੱਕੋ ਹੀ (ਸੰਘ) ਹੈ, ਸਮਾਸੀ ਸ਼ਬਦ ਵਿਚ 'ਘ' ਦਾ ਉਚਾਰਣ ਰਤਾ ਔਖਾ ਹੋਣ ਕਰਕੇ 'ਕ' ਵਰਤਿਆ ਗਿਆ ਹੈ। 'ਟ' ਤੋਂ 'ਤ' ਬਣ ਜਾਣਾ ਭੀ ਬੜੀ ਸਧਾਰਨ ਗੱਲ ਹੈ, ਬੱਚੇ 'ਰੋਟੀ' ਦੇ ਥਾਂ 'ਲੋਤੀ' ਆਖ ਲੈਂਦੇ ਹਨ।

ਸੋ, ਇਹ ਸਾਰਾ ਲਫ਼ਜ਼ 'ਪਨਕਤ' ਵਰਤੋਂ ਵਿਚ ਆ ਗਿਆ ਹੈ। ਇਸ ਦਾ ਸੰਬੰਧ ਭੀ ਸਾਫ਼ ਢੁੱਕਦਾ ਹੈ।

'ਤ' = ਵਰਗ ਤੋਂ 'ਟ' = ਵਰਗ ਅਤੇ 'ਟ' = ਵਰਗ ਤੋਂ 'ਤ' = ਵਰਗ ਬਣ ਜਾਣ ਦੀਆਂ ਹੋਰ ਭੀ ਮਿਸਾਲਾਂ ਮਿਲਦੀਆਂ ਹਨ:

ਸੰਸਕ੍ਰਿਤ ਪ੍ਰਾਕ੍ਰਿਤ ਪੰਜਾਬੀ

ਸੁਖਦ ਸੁਹਦ ਸੁਹੰਢਣਾ

ਸਥਾਨ ਠਾਣ ਠਾਉਂ, ਥਾਂ

ਵਰਤੁਲ ਵਟੁਅ ਬਟੂਆ

ਧ੍ਰਿਸ਼ਟ ਢੀਠ

ਦੰਡ: ਡੰਡਾ

ਇਸ ਸ਼ਬਦ ਵਿਚ ਧੋਬੀ ਦੀ ਕਿਰਤ ਦਾ ਜ਼ਿਕਰ ਕਰ ਕੇ ਆਤਮਕ ਉਪਦੇਸ਼ ਦੇਣ ਦੇ ਕਾਰਨ ਕਵਿਤਾ ਦਾ ਸ਼ਲੇਸ਼ ਅਲੰਕਾਰ ਭੀ ਵਰਤਿਆ ਹੋਇਆ ਹੈ।

ਲਫ਼ਜ਼ 'ਧੂੜਿਮਣੀ ਗਾਡੀ' ਨੂੰ 'ਧੋਬਣ' ਦੇ ਨਾਲ ਵਰਤਣ ਵੇਲੇ ਇਸ ਦਾ ਅਰਥ ਕਰਨਾ ਹੈ 'ਮੈਲੇ ਕੱਪੜਿਆਂ ਦੀ ਭਰੀ ਹੋਈ ਗੱਡੀ'; ਜਦੋਂ ਇਸ ਨੂੰ 'ਧੋਬੀ'-ਗੁਰੂ ਦੇ ਨਾਲ ਵਰਤਾਂਗੇ, ਤਾਂ 'ਲਾਡੁਲੀ' ਪ੍ਰੇਮਣ ਜੀਵ-ਇਸਤ੍ਰੀ ਦੇ ਨਾਲ ਇਸ ਦਾ ਅਰਥ ਹੋਵੇਗਾ 'ਇਹ ਮਿੱਟੀ ਦੀ ਗੱਡੀ, ਸਰੀਰ'।

ਅਰਥ: (ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ, ਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ 'ਲਾਡੁਲੀ' ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ।1।

ਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ 'ਥ੍ਰੂਟਿਟਿ' ਆਖ ਆਖ ਕੇ ਹਿੱਕਦੀ ਹੈ, ਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ।1। ਰਹਾਉ।

ਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ; (ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ।2।

ਨਾਮਦੇਵ ਆਖਦਾ ਹੈ– ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ, ਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ।3।

ਬਸੰਤੁ ਬਾਣੀ ਰਵਿਦਾਸ ਜੀ ਕੀ     ੴ ਸਤਿਗੁਰ ਪ੍ਰਸਾਦਿ ॥ ਤੁਝਹਿ ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ ਊਭਿ ਜਾਹਿ ॥ ਗਰਬਵਤੀ ਕਾ ਨਾਹੀ ਠਾਉ ॥ ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥ ਤੂ ਕਾਂਇ ਗਰਬਹਿ ਬਾਵਲੀ ॥ ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥ ਜੈਸੇ ਕੁਰੰਕ ਨਹੀ ਪਾਇਓ ਭੇਦੁ ॥ ਤਨਿ ਸੁਗੰਧ ਢੂਢੈ ਪ੍ਰਦੇਸੁ ॥ ਅਪ ਤਨ ਕਾ ਜੋ ਕਰੇ ਬੀਚਾਰੁ ॥ ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥ ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥ ਠਾਕੁਰੁ ਲੇਖਾ ਮਗਨਹਾਰੁ ॥ ਫੇੜੇ ਕਾ ਦੁਖੁ ਸਹੈ ਜੀਉ ॥ ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥ ਸਾਧੂ ਕੀ ਜਉ ਲੇਹਿ ਓਟ ॥ ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥ ਕਹਿ ਰਵਿਦਾਸ ਜੋੁ ਜਪੈ ਨਾਮੁ ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥ {ਪੰਨਾ 1196}

ਪਦ ਅਰਥ: ਤੁਝਹਿ = ਤੈਨੂੰ। ਪਹਿਰਾਵਾ = (ਸਰੀਰ ਦਾ) ਠਾਠ, ਪੁਸ਼ਾਕ। ਊਭਿ ਜਾਹਿ = ਆਕੜਦੀ ਹੈਂ। ਗਰਬਵਤੀ = ਅਹੰਕਾਰਨ। ਠਾਉ = ਥਾਂ। ਗਰਦਨਿ = ਧੌਣ। ਲਵੈ ਕਾਉ = ਕਾਂ ਲਉਂਦਾ ਹੈ।1।

ਕਾਂਇ = ਕਿਉਂ? ਕਾਹਦੇ ਲਈ? ਗਰਬਹਿ = ਅਹੰਕਾਰ ਕਰਦੀ ਹੈਂ। ਖੂੰਬਰਾਜੁ = ਵੱਡੀ ਖੁੰਬ। ਖਰੀ = ਵਧੀਕ। ਉਤਾਵਲੀ = ਕਾਹਲੀ, ਛੇਤੀ ਜਾਣ ਵਾਲੀ।1। ਰਹਾਉ।

ਕੁਰੰਕ = ਹਰਨ। ਤਨਿ = ਸਰੀਰ ਵਿਚ। ਸੁਗੰਧ = ਕਸਤੂਰੀ। ਅਪ = ਆਪਣਾ। ਜਮ ਕੰਕਰੁ = {Skt. Xm ikzkr = ਜਮ ਕਿੰਕਰ} ਜਮ ਦੂਤ।2।

ਕਲਤ੍ਰ = ਇਸਤ੍ਰੀ। ਫੇੜੇ = ਕੀਤੇ (ਮੰਦੇ) ਕਰਮ। ਪਾਛੇ = (ਜਿੰਦ ਦੇ ਨਿਕਲ ਜਾਣ) ਪਿਛੋਂ। ਪੀਉ = ਪਿਆਰਾ। ਪੁਕਾਰਹਿ = ਤੂੰ ਵਾਜਾਂ ਮਾਰੇਂਗੀ।3।

ਸਾਧੂ = ਗੁਰੂ। ਓਟ = ਆਸਰਾ। ਕੋਟਿ = ਕ੍ਰੋੜਾਂ। ਜੋਨਿ ਕਾਮੁ = ਜੂਨਾਂ ਨਾਲ ਵਾਸਤਾ।4।

ਅਰਥ: ਹੇ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ? ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ।1। ਰਹਾਉ।

(ਹੇ ਕਾਇਆਂ!) ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ, (ਇਸ ਆਕੜ ਵਿਚ) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ। (ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ) , ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ।1।

(ਹੇ ਕਾਇਆਂ!) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ) , ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ) । ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ) , ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ।2।

(ਹੇ ਕਾਇਆਂ!) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ (ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ (ਭਾਵ) , ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ। (ਹੇ ਕਾਇਆਂ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ?।3।

(ਹੇ ਕਾਇਆਂ!) ਜੇ ਤੂੰ ਗੁਰੂ ਦਾ ਆਸਰਾ ਲਏਂ, ਤੇਰੇ ਕ੍ਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ। ਰਵਿਦਾਸ ਆਖਦਾ ਹੈ– ਜੋ ਮਨੁੱਖ ਨਾਮ ਜਪਦਾ ਹੈ, ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ।4।1।

ਭਾਵ: ਸਰੀਰ ਆਦਿਕ ਦਾ ਮਾਣ ਕੂੜਾ ਹੈ। ਇਥੇ ਸਦਾ ਨਹੀਂ ਬੈਠ ਰਹਿਣਾ।

ਬਸੰਤੁ ਕਬੀਰ ਜੀਉ     ੴ ਸਤਿਗੁਰ ਪ੍ਰਸਾਦਿ ॥ ਸੁਰਹ ਕੀ ਜੈਸੀ ਤੇਰੀ ਚਾਲ ॥ ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥ ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥ ਚਾਕੀ ਚਾਟਹਿ ਚੂਨੁ ਖਾਹਿ ॥ ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥ ਛੀਕੇ ਪਰ ਤੇਰੀ ਬਹੁਤੁ ਡੀਠਿ ॥ ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥ ਕਹਿ ਕਬੀਰ ਭੋਗ ਭਲੇ ਕੀਨ ॥ ਮਤਿ ਕੋਊ ਮਾਰੈ ਈਂਟ ਢੇਮ ॥੪॥੧॥ {ਪੰਨਾ 1196}

ਨੋਟ: ਕਿਸੇ ਸਾਖੀ ਦੇ ਵਰਤਣ ਦੀ ਤਾਂ ਲੋੜ ਹੀ ਨਹੀਂ। ਕੁੱਤੇ ਦਾ ਸੁਭਾ ਹਰ ਕੋਈ ਜਾਣਦਾ ਹੈ; ਜਦੋਂ ਕਿਸੇ ਬੂਹੇ ਤੇ ਟੁਕੜੇ ਦੀ ਖ਼ਾਤਰ ਜਾਂਦਾ ਹੈ ਤਾਂ ਬੜਾ ਗਰੀਬੜਾ ਜਿਹਾ ਬਣ ਕੇ। ਪਰ ਜੇ ਕੋਈ ਘਰ ਸੁੰਞਾ ਮਿਲ ਜਾਏ, ਪਹਿਲਾਂ ਚੱਕੀ ਜਾ ਚੱਟਦਾ ਹੈ; ਉੱਥੋਂ ਤਸੱਲੀ ਨਾਹ ਹੋਵੇ, ਤਾਂ ਛਿੱਕੇ ਵਲ ਬੜੀ ਹਸਰਤ ਨਾਲ ਤੱਕਦਾ ਹੈ; ਜੋ ਕੁਝ ਘਰ ਵਿਚੋਂ ਖਾਣ ਨੂੰ ਮਿਲੇ, ਕੁਝ ਖਾਂਦਾ ਹੈ ਕੁਝ ਵਿਗਾੜਦਾ ਹੈ; ਚੱਕੀ ਚੱਟਣ ਪਿਛੋਂ ਜਾਂਦਾ ਹੋਇਆ ਥੋੜੇ ਜਿਹੇ ਲਾਲਚ ਪਿੱਛੇ ਪਰੋਲਾ ਭੀ ਲੈ ਭੱਜਦਾ ਹੈ।

ਇਹੀ ਹਾਲ ਲਾਲਚ ਨਾਲ ਹਲਕੇ ਹੋਏ ਮਨੁੱਖ ਦਾ ਹੈ; ਵੇਖਣ ਨੂੰ ਸੁਹਣੀ ਸ਼ਕਲ, ਸ਼ਰਫ਼ਿਾਂ ਵਾਲਾ ਪਹਿਰਾਵਾ, ਪਰ "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ"। ਆਪਣੀ ਕੀਤੀ ਕਮਾਈ ਤੇ ਸੰਤੋਖ ਨਹੀਂ ਬਣਦਾ, ਬਿਗਾਨਾ ਧਨ ਵੇਖ ਕੇ ਜੀ ਲਲਚਾਂਦਾ ਹੈ; ਨਿੱਤ ਜੋੜਨ ਦੀ ਤਾਂਘ, ਨਿੱਤ ਜੋੜਨ ਦੀ ਖਿੱਚ। ਆਪਣੇ ਘਰ ਸੌਖਾ ਭੀ ਹੋਵੇ ਤਾਂ ਭੀ ਆਪਣੇ ਤੋਂ ਅਮੀਰਾਂ ਨੂੰ ਵੇਖ ਕੇ ਮਨ ਵਿਚ ਸਾੜਾ। ਸਾਰੀ ਉਮਰ ਭੋਗਾਂ ਵਿਚ ਗੁਜ਼ਰਨੀ, ਕਈਆਂ ਨਾਲ ਬਖੇੜੇ, ਕਈਆਂ ਨਾਲ ਝਗੜੇ ਸਹੇੜਨੇ। ਤੇ ਭੋਗਾਂ ਦਾ ਅੰਤ? ਕਈ ਰੋਗ।

ਸੋ, ਮਨੁੱਖ ਨੂੰ ਕੁੱਤੇ ਨਾਲ ਉਪਮਾ ਦੇਂਦੇ ਹਨ, ਤੇ ਸਮਝਾਉਂਦੇ ਹਨ ਕਿ ਸੰਤੋਖ ਵਿਚ ਜੀਊ, ਨਹੀਂ ਤਾਂ ਇਸ ਲਾਲਚ ਦਾ ਅੰਤ ਖ਼ੁਆਰੀ ਹੁੰਦਾ ਹੈ।

ਪਦ ਅਰਥ: ਸੁਰਹ = {Skt. suriB} ਗਾਂ। ਚਾਲ = ਤੋਰ। ਪੂੰਛਟ = ਪੂਛਲ। ਝਮਕ = ਚਮਕਦੇ। ਬਾਲ = ਵਾਲ।1।

ਇਸ ਘਰ ਮਹਿ ਹੈ– (ਭਾਵ,) ਜੋ ਕੁਝ ਤੈਨੂੰ ਆਪਣੀ ਕਮਾਈ ਵਿਚੋਂ ਮਿਲਦਾ ਹੈ।1। ਰਹਾਉ।

ਚੂਨੁ ਆਟਾ। ਚੀਥਰਾ = ਪਰੋਲਾ। ਕਹਾਂ = ਕਿੱਥੇ?।2।

ਪਰ = ਉੱਤੇ। ਡੀਠਿ = ਨਜ਼ਰ, ਨਿਗਾਹ। ਮਤੁ = ਮਤਾਂ। ਪੀਠਿ = ਲੱਕ ਉੱਤੇ।3।

ਭਲੇ = ਚੰਗੇ ਚੰਗੇ। ਕੀਨੁ = ਕੀਤੇ ਹਨ। ਮਤਿ = ਮਤਾਂ। ਕੋਊ...ਢੇਮ = ਕਿਤੇ ਖ਼ੁਆਰੀ ਹੋਵੇ।4।

ਅਰਥ: (ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ। ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ।1। ਰਹਾਉ।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥

(ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ, ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ (ਹੇ ਕੁੱਤਾ-ਸੁਭਾਉ ਜੀਵ! ਸ਼ਰਫ਼ਿਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ) ।1।

(ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ, ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? (ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈਂ ਇਹ ਤਾਂ ਭਲਾ ਵਰਤੀ; ਪਰ ਜੋੜ ਜੋੜ ਕੇ ਆਖ਼ਰ ਨਾਲ ਕੀਹ ਲੈ ਜਾਇਂਗਾ?) ।2।

(ਹੇ ਸੁਆਨ!) ਤੂੰ ਛਿੱਕੇ ਵਲ ਬੜਾ ਤੱਕ ਰਿਹਾ ਹੈਂ, ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। (ਜੇ ਜੀਵ! ਬਿਗਾਨੇ ਘਰਾਂ ਵਲ ਤੱਕਦਾ ਹੈਂ; ਇਸ ਵਿਚੋਂ ਉਪਾਧੀ ਹੀ ਨਿਕਲੇਗੀ) ।3।

ਕਬੀਰ ਆਖਦਾ ਹੈ– (ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ, ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। (ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ।4।1।

ਸ਼ਬਦ ਦਾ ਭਾਵ: ਸੰਤੋਖ-ਹੀਨਤਾ ਖ਼ੁਆਰ ਕਰਦੀ ਹੈ।

TOP OF PAGE

Sri Guru Granth Darpan, by Professor Sahib Singh