ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1197

ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਅਪੁਨੇ ਠਾਕੁਰ ਕੀ ਹਉ ਚੇਰੀ ॥ ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥ ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥ ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥ ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥ ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥ ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥ ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੁਕਾਨੀ ॥੩॥ ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥ ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥ {ਪੰਨਾ 1197}

ਪਦ ਅਰਥ: ਠਾਕੁਰ ਕੀ = ਮਾਲਕ-ਪ੍ਰਭੂ ਦੀ। ਹਉ = ਮੈਂ। ਚੇਰੀ = ਦਾਸੀ। ਗਹੇ = ਫੜੇ। ਮਾਰਿ = ਮਾਰ ਕੇ। ਨਿਬੇਰੀ = ਮੁਕਾ ਦਿੱਤੀ ਹੈ।1। ਰਹਾਉ।

ਪੂਰਨ = ਸਭ ਵਿਚ ਵਿਆਪਕ। ਜੋਤਿ = ਚਾਨਣ ਦਾ ਸੋਮਾ। ਬੀਚਾਰੇ = ਬੀਚਾਰਿ, ਵਿਚਾਰ ਕੇ।1।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਹੀਨ = ਕਮਜ਼ੋਰ, ਨਿਰਬਲ। ਹੋਛੀ = ਥੋੜ੍ਹ-ਵਿਤੀ। ਮਨਿ = ਮਨ ਵਿਚ। ਤਨਿ = ਤਨ ਵਿਚ। ਸਰੀਰੇ = ਸਰੀਰ ਵਿਚ। ਰਾਤੀ = ਰੰਗੀ ਗਈ। ਧੀਰੇ = ਧੀਰਜ ਧਾਰਦਾ ਹੈ।2।

ਬੈਰਾਗਨਿ = ਵੈਰਾਗ ਵਾਲੀ, ਮਾਇਆ ਤੋਂ ਉਪਰਾਮ। ਸਮਾਨੀ = ਲੀਨ ਰਹਿੰਦੀ ਹੈ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ। ਲੋਕੁ = ਦੁਨੀਆ, ਜਗਤ। ਲੋੁਕਾਨੀ = ਜਗਤ ਦੀ। ਲੋੁਕਾਨੀ = {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਲੋਕਾਨੀ' ਹੈ, ਇਥੇ 'ਲੁਕਾਨੀ' ਪੜ੍ਹਨਾ ਹੈ} ਦੁਨੀਆ ਦੀ।3।

ਭੂਰ = ਬੀਤਿਆ ਹੋਇਆ ਸਮਾ, ਭੂਤ। ਭਵਿਖ = ਆਉਣ ਵਾਲਾ ਸਮਾ। ਅਧਾਰਾ = ਆਸਰਾ। ਨਾਮਿ = ਨਾਮ ਵਿਚ। ਸੋਹਾਗਨਿ = ਚੰਗੇ ਭਾਗਾਂ ਵਾਲੀ। ਭਤਾਰ = ਖਸਮ।4।

ਅਰਥ: ਜਦੋਂ ਦੀ ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਬਣ ਗਈ ਹਾਂ, ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ।1। ਰਹਾਉ।

ਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ, ਕਿ ਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ।1।

ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ (ਵਿਕਾਰ ਮੇਰੇ ਉਤੇ ਜ਼ੋਰ ਪਾਂਦੇ ਰਹੇ) , ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ। ਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ।2।

ਜਦੋਂ ਤੋਂ (ਠਾਕੁਰ-ਪ੍ਰਭੂ ਦੀ ਦਾਸੀ ਬਣ ਕੇ) ਮੈਂ ਹਉਮੈ ਤਿਆਗ ਕੇ ਮਾਇਆ-ਮੋਹ ਵਲੋਂ ਉਪਰਾਮ ਹੋ ਚੁਕੀ ਹਾਂ, ਤਦੋਂ ਤੋਂ ਮੇਰੀ ਸੁਰਤਿ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ; ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ।3।

ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ।

ਹੇ ਨਾਨਕ! (ਆਖ-) ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ।4।1।

ਸਾਰਗ ਮਹਲਾ ੧ ॥ ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥ ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥ ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥ ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥ ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥ ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥ ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥ ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥ ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥ {ਪੰਨਾ 1197}

ਪਦ ਅਰਥ: ਕਿਉ ਕਹੀਐ = ਕਿਹਾ ਨਹੀਂ ਜਾ ਸਕਦਾ, ਮਨ ਨੂੰ ਧੀਰਜ ਨਹੀਂ ਆਉਂਦੀ, ਜੀਵਨ ਸੁਖੀ ਨਹੀਂ ਹੋ ਸਕਦਾ। ਬਿਆਪੈ = ਜ਼ੋਰ ਪਾ ਲੈਂਦਾ ਹੈ, ਦਬਾ ਲੈਂਦਾ ਹੈ। ਜਿਹਵਾ = ਜੀਭ। ਸਾਦੁ = ਸੁਆਦ, ਮਿਠਾਸ। ਫੀਕੀ = ਫਿੱਕੇ ਬੋਲ ਬੋਲਣ ਵਾਲੀ। ਸੰਤਾਪੈ = ਦੁਖੀ ਕਰਦਾ ਹੈ। ਕਾਲੁ = ਮੌਤ (ਦਾ ਡਰ) ।1। ਰਹਾਉ।

ਦਰਸੁ ਪ੍ਰੀਤਮ = ਪ੍ਰੀਤਮ ਦਾ ਦਰਸਨ। ਨ ਪਰਸੈ = ਨਹੀਂ ਪਰਸਦਾ, ਨਹੀਂ ਛੁੰਹਦਾ। ਮਾਨਿਆ = ਗਿੱਝ ਜਾਂਦਾ ਹੈ। ਰਸਿ = ਰਸ ਵਿਚ; ਅਨੰਦ ਵਿਚ। ਬਿਗਾਸੀ = ਬਿਗਾਸੈ, ਖਿੜਦਾ ਹੈ।1।

ਊਨਵਿ = ਝੁਕ ਕੇ, ਲਿਫ ਕੇ, ਨੀਵੇਂ ਹੋ ਕੇ। ਘਨਹਰੁ = ਬੱਦਲ। ਬੈਰਾਗੈ = ਵੈਰਾਗ ਵਿਚ, ਹੁਲਾਰੇ ਵਿਚ। ਤਰਵਰ = ਰੁੱਖ। ਬਿਰਖ = {vã = B} ਬਲਦ। ਬਿਹੰਗ = ਪੰਛੀ। ਭੁਇਅੰਗਮ = ਸੱਪ। ਘਰਿ = ਘਰ ਵਿਚ, ਹਿਰਦੇ ਵਿਚ। ਪਿਰੁ = ਪਤੀ। ਧਨ = ਇਸਤ੍ਰੀ। ਸੋਹਾਗੈ = ਸੁਹਾਗ ਮਾਣਦੀ ਹੈ, ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ।2।

ਕੁਚਿਲ = ਕੁਚੀਲ, ਗੰਦੀ ਰਹਤ-ਬਹਤ ਵਾਲੀ। ਕੁਰੂਪਿ = ਕੋਝੇ ਰੂਪ ਵਾਲੀ। ਕੁਨਾਰਿ = ਭੈੜੀ ਇਸਤ੍ਰੀ। ਕੁਲਖਨੀ = ਭੈੜੇ ਲਛੱਣਾਂ ਵਾਲੀ। ਸਹਜੁ = (ਮਿਲਾਪ ਦਾ) ਆਨੰਦ। ਰਸਨ = ਜੀਭ। ਤ੍ਰਿਪਤੀ = ਰੱਜੀ, ਚਸਕਿਆਂ ਵਲੋਂ ਪਰਤੀ।3।

ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ (ਦੇ ਮਿਲਾਪ) ਤੋਂ। ਸਹਜ ਸੁਹੇਲੀ = ਸਹਜ ਦਾ ਸੁਖ ਪਾਣ ਵਾਲੀ, ਅਡੋਲਤਾ ਦਾ ਆਨੰਦ ਮਾਣਨ ਵਾਲੀ। ਧੀਰੇ = ਧੀਰਜ ਫੜਦਾ ਹੈ।4।

ਅਰਥ: ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਸੁਖੀ ਜੀਵਨ ਨਹੀਂ ਜੀਊ ਸਕਦਾ, ਦੁੱਖ (ਸਦਾ ਇਸ ਦੇ ਮਨ ਉਤੇ) ਦਬਾਅ ਪਾਈ ਰੱਖਦਾ ਹੈ। (ਸਿਮਰਨ ਤੋਂ ਬਿਨਾ ਮਨੁੱਖ ਦੀ) ਜੀਭ ਵਿਚ (ਬੋਲਣ ਦੀ) ਮਿਠਾਸ ਨਹੀਂ ਪੈਦਾ ਹੁੰਦੀ, ਮਿਠਾਸ ਤੋਂ ਬਿਨਾ ਹੋਣ ਕਰਕੇ ਸਦਾ ਖਰ੍ਹਵੇ ਬੋਲ ਬੋਲਦੀ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾ ਮੌਤ ਦਾ ਡਰ (ਭੀ) ਦੁਖੀ ਕਰਦਾ ਰਹਿੰਦਾ ਹੈ।1। ਰਹਾਉ।

ਜਦੋਂ ਤਕ ਮਨੁੱਖ ਪ੍ਰੀਤਮ-ਪ੍ਰਭੂ ਦਾ ਦੀਦਾਰ ਨਹੀਂ ਕਰਦਾ, ਤਦ ਤਕ ਮਾਇਆ ਦੀ ਭੁੱਖ ਤ੍ਰੇਹ ਜ਼ੋਰ ਪਾਈ ਰੱਖਦੀ ਹੈ। ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ (ਤੇ ਇਉਂ ਖਿੜਦਾ ਹੈ, ਜਿਵੇਂ) ਕੌਲ ਫੁੱਲ ਜਲ ਦੇ ਆਨੰਦ ਵਿਚ ਖਿੜਦਾ ਹੈ।1।

ਜਦੋਂ ਬੱਦਲ ਝੁਕ ਝੁਕ ਕੇ ਗੱਜਦਾ ਹੈ ਤੇ ਵਰ੍ਹਦਾ ਹੈ ਤਦੋਂ ਕੋਇਲ ਮੋਰ ਰੁੱਖ ਬਲਦ ਪੰਛੀ ਸੱਪ (ਆਦਿਕ) ਹੁਲਾਰੇ ਵਿਚ ਆਉਂਦੇ ਹਨ, (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਪਤੀ-ਪ੍ਰਭੂ ਆ ਵੱਸਦਾ ਹੈ ਉਹ ਜੀਵ-ਇਸਤ੍ਰੀ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ।2।

(ਪਰ ਜਿਸ ਜੀਵ-ਇਸਤ੍ਰੀ ਨੇ) ਪਤੀ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਗੰਦੀ ਰਹਤ-ਬਹਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੀ ਰਹਿੰਦੀ ਹੈ। ਜਿਸ ਦੀ ਜੀਭ ਪ੍ਰਭੂ ਦੇ ਆਨੰਦ ਦੇ ਰੰਗ ਵਿਚ (ਰਚ ਕੇ) ਚਸਕਿਆਂ ਵਲੋਂ ਨਹੀਂ ਪਰਤੀ, ਉਹ ਜੀਵ-ਇਸਤ੍ਰੀ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿਚ ਹੀ ਗ੍ਰਸੀ ਰਹਿੰਦੀ ਹੈ।3।

ਹੇ ਨਾਨਕ! ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਨ ਵਾਲੀ ਜੀਵ-ਇਸਤ੍ਰੀ ਦਾ ਮਨ ਪ੍ਰਭੂ ਦਾ ਦੀਦਾਰ ਕਰ ਕੇ ਧੀਰਜਵਾਨ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੀ, ਉਸ ਦੇ ਨਾਹ ਮਨ ਨੂੰ ਤੇ ਨਾਹ ਤਨ ਨੂੰ ਕੋਈ ਦੁਖ-ਕਲੇਸ਼ ਵਿਆਪਦਾ ਹੈ।4।2।

ਸਾਰਗ ਮਹਲਾ ੧ ॥ ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥ ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥ ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥ ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥ ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥ ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥ ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥ ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥ ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥ ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥ {ਪੰਨਾ 1197-1198}

ਪਦ ਅਰਥ: ਸਤਿਗੁਰ ਬਚਨਿ = ਗੁਰੂ ਦੇ ਉਪਦੇਸ਼ ਵਿਚ। ਮਾਨਿਆ = ਪਤੀਜ ਗਿਆ ਹੈ। ਪ੍ਰਾਨ ਅਧਾਰਾ = ਜ਼ਿੰਦਗੀ ਦਾ ਆਸਰਾ।1। ਰਹਾਉ।

ਇਨ ਬਿਧਿ = ਇਸ ਤਰੀਕੇ ਨਾਲ। ਹਰਿ ਵਰ ਮਿਲੀਐ = ਹਰੀ-ਪਤੀ ਨੂੰ ਮਿਲੀਦਾ ਹੈ। ਕਾਮਨਿ = ਹੇ ਜੀਵ-ਇਸਤ੍ਰੀ! ਸੋਹਾਗੁ = ਚੰਗਾ ਭਾਗ। ਧਨ = ਜੀਵ-ਇਸਤ੍ਰੀ। ਸਹਸਾ = ਭਰਮ। ਬੀਚਾਰੀ = ਵਿਚਾਰਵਾਨ।1।

ਹਿੰਸਾ = ਨਿਰਦਇਤਾ। ਸਹਜਿ = ਅਡੋਲ ਅਵਸਥਾ ਵਿਚ। ਰਵੈ = ਮਾਣਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰੰਗਿ = ਪ੍ਰੇਮ ਵਿਚ।2।

ਜਾਰਉ = ਮੈਂ ਸਾੜ ਦਿਆਂ। ਦੁਬਿਧਾ = ਮੇਰ-ਤੇਰ। ਬਿਕਾਰੀ = ਵਿਕਾਰਾਂ ਦੇ।3।

ਹਿਤ = ਪਿਆਰ। ਕੌ = ਨੂੰ, ਦੀ ਖ਼ਾਤਰ। ਹਿਤ ਕੌ = ਪ੍ਰੇਮ ਪੈਦਾ ਕਰਨ ਦੀ ਖ਼ਾਤਰ। ਦੁਰੈ ਨ = ਨਹੀਂ ਲੁਕਦੀ, ਗੁੱਝੀ ਨਹੀਂ ਰਹਿੰਦੀ। ਲਾਲ ਪਿਆਰੀ = ਪ੍ਰਭੂ ਦੀ ਪਿਆਰੀ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।4।

ਅਰਥ: ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ (ਕਿ) ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ।1। ਰਹਾਉ।

ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ। ਗੁਰੂ ਦੀ ਮਤਿ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ।1।

ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ, ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ।2।

ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ। ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ) , ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ।3।

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ। ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ।4।3।

TOP OF PAGE

Sri Guru Granth Darpan, by Professor Sahib Singh