ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1198

ਸਾਰੰਗ ਮਹਲਾ ੪ ਘਰੁ ੧     ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥ ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥ ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥ ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥ ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥ ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥ ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥ ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥ ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥ {ਪੰਨਾ 1198}

ਪਦ ਅਰਥ: ਹਮ = ਅਸੀ, ਮੈਂ। ਧੂਰਿ = ਚਰਨਾਂ ਦੀ ਧੂੜ। ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਆਤਮਰਾਮੁ = ਪਰਮਾਤਮਾ। ਭਰਪੂਰਿ = ਸਰਬ-ਵਿਆਪਕ।1। ਰਹਾਉ।

ਪਾਈਐ = ਪ੍ਰਾਪਤ ਕਰ ਲਈਦੀ ਹੈ। ਕਿਲਵਿਖ = ਪਾਪ। ਸਭਿ = ਸਾਰੇ। ਆਤਮ ਜੋਤਿ = ਅੰਤਰ-ਆਤਮਾ, ਜਿੰਦ। ਪਰਫੂਲਿਤ = ਖਿੜੀ ਹੋਈ। ਪੁਰਖ ਨਿਰੰਜਨੁ = ਨਿਰਲੇਪ ਪ੍ਰਭੂ {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ}। ਹਜੂਰਿ = ਹਾਜ਼ਰ-ਨਾਜ਼ਰ।1।

ਵਡੈ ਭਾਗਿ = ਵੱਡੀ ਕਿਸਮਤ ਨਾਲ। ਅਠ ਸਠਿ = {8+60} ਅਠਾਹਠ। ਮਜਨੁ = ਇਸ਼ਨਾਨ। ਪਗ ਧੂਰਿ = ਚਰਨਾਂ ਦੀ ਧੂੜ। ਨਾਏ = ਨ੍ਹਾਇ, ਨ੍ਹਾ ਕੇ।2।

ਦੁਰਮਤਿ = ਖੋਟੀ ਮਤਿ। ਮਲੀਨ ਮਤਿ = (ਵਿਕਾਰਾਂ ਦੀ ਮੈਲ ਨਾਲ) ਮੈਲੀ ਹੋ ਚੁਕੀ ਮਤਿ। ਕੁਸੁਧੁ = {ਕੁ-ਸੁਧੁ} ਗੰਦਾ, ਮੈਲਾ। ਕੂਰੁ = ਕੂੜ। ਬਿਨੁ ਕਰਮਾ = (ਪ੍ਰਭੂ ਦੀ) ਮਿਹਰ ਤੋਂ ਬਿਨਾ। ਬਿਆਪਿ ਰਹਿਆ = ਫਸਿਆ ਰਹਿੰਦਾ ਹੈ। ਝੂਰਿ = ਝੁਰਦਾ ਹੈ।3।

ਦਇਆਲ = ਦਇਆਵਾਨ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਗ ਧੂਰਿ = ਚਰਨਾਂ ਦੀ ਧੂੜ। ਸੰਤੁ = ਗੁਰੂ। ਪਾਈਐ = ਲੱਭ ਲਈਦਾ ਹੈ। ਜਨੁ ਹਰਿ = ਹਰਿ ਜਨੁ, ਹਰੀ ਦਾ ਦਾਸ, ਗੁਰੂ। ਹਜੂਰਿ = ਅੰਗ-ਸੰਗ (ਵੱਸਦਾ) ।4।

ਅਰਥ: ਹੇ ਭਾਈ! ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ) । ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ।1। ਰਹਾਉ।

ਹੇ ਭਾਈ! ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ। (ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ।1।

ਹੇ ਭਾਈ! ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ) , ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ।2।

ਹੇ ਭਾਈ! ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮਤਿ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ। ਹੇ ਭਾਈ! ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤਿ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ।3।

ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।4।1।

ਸਾਰੰਗ ਮਹਲਾ ੪ ॥ ਗੋਬਿੰਦ ਚਰਨਨ ਕਉ ਬਲਿਹਾਰੀ ॥ ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥ ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥ ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥੧॥ ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ ਮਨਿ ਤਨਿ ਅਲਖ ਅਪਾਰੀ ॥ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥੨॥ ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥ ਤ੍ਰਿਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ॥੩॥ ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥ ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥੪॥੨॥ {ਪੰਨਾ 1198}

ਪਦ ਅਰਥ: ਕਉ = ਤੋਂ, ਨੂੰ। ਬਲਿਹਾਰੀ = ਕੁਰਬਾਨ, ਸਦਕੇ। ਭਵਜਲੁ = ਸੰਸਾਰ-ਸਮੁੰਦਰ। ਨ ਜਾਈ ਤਰਣਾ = ਪਾਰ ਨਹੀਂ ਲੰਘਿਆ ਜਾ ਸਕਦਾ। ਜਪਿ = ਜਪਿਆ ਕਰ। ਪਾਰਿ ਉਤਾਰੀ = ਪਾਰ ਲੰਘਾ ਲੈਂਦਾ ਹੈ।1। ਰਹਾਉ।

ਹਿਰਦੈ = ਹਿਰਦੇ ਵਿਚ। ਪ੍ਰਤੀਤਿ = ਸਰਧਾ। ਕੇਰੀ = ਦੀ। ਸੇਵਾ = ਭਗਤੀ। ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਾਲਾ। ਅਨਦਿਨੁ = ਹਰ ਰੋਜ਼। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ।1।

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਮੌਜੂਦ। ਸ੍ਰਬ ਠਾਈ = ਸਭਨੀਂ ਥਾਈਂ। ਮਨਿ = (ਹਰੇਕ ਦੇ) ਮਨ ਵਿਚ। ਤਨਿ = (ਹਰੇਕ ਦੇ) ਸਰੀਰ ਵਿਚ। ਅਲਖ = ਅਦ੍ਰਿਸ਼ਟ। ਅਪਾਰੀ = {ਅ-ਪਾਰ} ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ। ਕਿਰਪਾਲ = ਦਇਆਵਾਨ।2।

ਸਰਬ ਅੰਤਰਿ = ਹਰੇਕ ਦੇ ਅੰਦਰ। ਧਰਣੀ ਧਰ = ਧਰਤੀ ਦਾ ਆਸਰਾ ਪ੍ਰਭੂ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਜਲਤ = ਸੜ ਰਹੇ। ਨ ਬੂਝਹਿ = ਨਹੀਂ ਸਮਝਦੇ। ਜੂਐ = ਜੂਏ ਵਿਚ।3।

ਗਾਵਹਿ = ਗਾਂਦੇ ਹਨ। ਗੁਰਿ = ਗੁਰੂ ਨੇ। ਕਿੰਚਤ = ਥੋੜ੍ਹੀ ਜਿਤਨੀ ਭੀ। ਨਾਨਕ = ਹੇ ਨਾਨਕ! ਨਦਰਿ = ਮਿਹਰ ਦੀ ਨਿਗਾਹ। ਪੈਜ = ਇੱਜ਼ਤ, ਲਾਜ।4।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ। ਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਹੇ ਭਾਈ! (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ।1। ਰਹਾਉ।

ਹੇ ਭਾਈ! ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ (ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤਿ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ, ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ।1।

ਹੇ ਭਾਈ! (ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ।2।

ਹੇ ਭਾਈ! ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ। ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ।3।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਹੇ ਭਾਈ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ।4।2।

TOP OF PAGE

Sri Guru Granth Darpan, by Professor Sahib Singh