ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1199

ਸਾਰਗ ਮਹਲਾ ੪ ॥ ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥ ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥ ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥ ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥ ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹ੍ਹਿਆ ਓਇ ਪਾਵਹਿ ਮੋਖ ਦੁਆਰੇ ॥੨॥ ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥ ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥ ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥ ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥ ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥ ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥ {ਪੰਨਾ 1199}

ਪਦ ਅਰਥ: ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਗੁਰਮੁਖਿ ਮਨੁ = ਗੁਰੂ ਦਾ ਮਨ। ਮਾਨਿਆ = ਪਤੀਜ ਜਾਂਦਾ ਹੈ। ਕਾਜ = ਸਾਰੇ ਕੰਮ। ਸਵਾਰੇ = (ਗੁਰੂ) ਸਵਾਰ ਦੇਂਦਾ ਹੈ।1। ਰਹਾਉ।

ਦੀਨ = ਨਿਮਾਣੇ। ਨਿਵਾਰੇ = ਦੂਰ ਕਰ ਦੇਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਗੁਰ ਆਗੈ = ਗੁਰੂ ਦੀ ਹਜ਼ੂਰੀ ਵਿਚ, ਗੁਰੂ ਦੇ ਸਨਮੁਖ ਰਹਿ ਕੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।1।

ਹਿਰਦੈ = ਹਿਰਦੇ ਵਿਚ। ਨਾਮੁ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਗਾਵਹਿ = ਗਾਂਦੇ ਹਨ। ਬੀਚਾਰੇ = ਬੀਚਾਰਿ, ਮਨ ਵਿਚ ਵਸਾ ਕੇ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਚੀਨ੍ਹ੍ਹਿਆ = ਪਛਾਣ ਲਿਆ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਮੋਖ ਦੁਆਰੇ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਰਸਤਾ।2।

ਅਚਲੁ = ਅਡੋਲ-ਚਿੱਤ। ਅਚਲਾ ਮਤਿ = (ਮਾਇਆ ਦੇ ਟਾਕਰੇ ਤੇ) ਅਡੋਲ ਰਹਿਣ ਵਾਲੀ ਮਤਿ ਵਾਲਾ। ਜਿਸੁ ਦ੍ਰਿੜਤਾ = ਜਿਸ ਦੇ ਅੰਦਰ ਅਡੋਲਤਾ ਹੈ। ਅਧਾਰੇ = ਆਸਰਾ। ਜੀਉ = ਜਿੰਦ। ਦੇਵਉ = ਦੇਵਉਂ, ਮੈਂ ਭੇਟਾ ਕਰਦਾ ਹਾਂ। ਹਉ = ਮੈਂ।3।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭ੍ਰਮਿ = ਭਟਕਣਾ ਵਿਚ ਪੈ ਕੇ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਅਗਿਆਨ ਗੁਬਾਰੇ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ। ਨਦਰਿ ਨ ਆਵੈ = (ਉਹਨਾਂ ਨੂੰ) ਦਿੱਸਦਾ ਨਹੀਂ, (ਉਹਨਾਂ ਨੂੰ) ਕਦਰ ਨਹੀਂ ਪੈਂਦੀ। ਉਰਵਾਰਿ = (ਸੰਸਾਰ-ਸਮੁੰਦਰ ਤੋਂ) ਉਰਲੇ ਪਾਸੇ।4।

ਸਰਬੇ = ਸਭਨਾਂ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਮੌਜੂਦ। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਕਲ = ਸੱਤਿਆ, ਤਾਕਤ। ਧਾਰੇ = ਟਿਕਾ ਰਿਹਾ ਹੈ। ਨਾਨਕੁ ਕਹਤ = ਨਾਨਕ ਆਖਦਾ ਹੈ। ਕਰਿ = ਕਰ ਕੇ।5।

ਅਰਥ: ਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼। ਹੇ ਭਾਈ! ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।1। ਰਹਾਉ।

ਹੇ ਭਾਈ! ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ।1।

ਹੇ ਭਾਈ! ਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ।2।

ਹੇ ਭਾਈ! ਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮਤਿ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ।3।

ਹੇ ਭਾਈ! (ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ) , ਉਹਨਾਂ ਨੂੰ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ।4।

ਹੇ ਭਾਈ! ਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ, ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ– ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ।5।3।

ਸਾਰਗ ਮਹਲਾ ੪ ॥ ਗੋਬਿਦ ਕੀ ਐਸੀ ਕਾਰ ਕਮਾਇ ॥ ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥ ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥ ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥ ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥ ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥ ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥ ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥ ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥ ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥ ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥ {ਪੰਨਾ 1199}

ਪਦ ਅਰਥ: ਕਾਰ ਕਮਾਇ = ਕਾਰ ਕਰ। ਕਰੇ = (ਪਰਮਾਤਮਾ) ਕਰਦਾ ਹੈ। ਸੇ = ਉਹ (ਕੰਮ) । ਸਤਿ = ਅਟੱਲ, ਠੀਕ। ਕਰਿ = ਕਰ ਕੇ, ਸਮਝ ਕੇ। ਮਾਨਹੁ = ਮੰਨੋ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਹਰਿ-ਨਾਮ ਵਿਚ। ਰਹਹੁ ਲਿਵ ਲਾਇ = ਸੁਰਤਿ ਜੋੜ ਕੇ ਟਿਕੇ ਰਹੋ।1। ਰਹਾਉ।

ਅਤਿ = ਬਹੁਤ। ਅਵਰ = ਹੋਰ ਪ੍ਰੀਤ। ਸਭ = ਸਾਰੀ। ਵਿਸਰਿ ਜਾਇ = ਭੁੱਲ ਜਾਂਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਹਸੁ = ਆਤਮਕ ਆਨੰਦ। ਮਾਨਿਆ = ਗਿੱਝ ਜਾਂਦਾ ਹੈ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ।1।

ਗਾਇ = ਗਾਂਦਾ ਹੈ। ਤ੍ਰਿਪਤੈ = ਮਾਇਆ ਵਲੋਂ ਰੱਜ ਜਾਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।2।

ਪ੍ਰਗਾਸ = ਚਾਨਣ। ਗਿਆਨਿ = ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਤਤਿ = ਤੱਤ ਵਿਚ, ਜਗਤ ਦੇ ਮੂਲ-ਪ੍ਰਭੂ ਵਿਚ। ਲਿਵ ਲਾਇ = ਸੁਰਤਿ ਜੋੜ ਕੇ। ਅੰਤਰਿ = (ਉਸ ਦੇ) ਅੰਦਰ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਹਰਿ ਸਮਾਧਿ ਲਗਾਇ = ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ।3।

ਹਿਰਦੈ = ਹਿਰਦੇ ਵਿਚ। ਮੁਖਹੁ = ਮੂੰਹੋਂ। ਸੁਣਾਇ = ਸੁਣਾ ਕੇ। ਮਹਾ ਗੁਬਾਰਾ = ਵੱਡਾ ਘੁੱਪ ਹਨੇਰਾ। ਕੂਟੈ = ਕੁੱਟਦਾ ਹੈ। ਖਾਇ = ਖਾਂਦਾ ਹੈ, ਸਹਾਰਦਾ ਹੈ।4।

ਸੁਪ੍ਰਸੰਨ = ਬਹੁਤ ਖ਼ੁਸ਼। ਗੁਰਮੁਖਿ = ਗੁਰੂ ਦੀ ਰਾਹੀਂ। ਪਰਚਾ = {pircX} ਪਿਆਰ। ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ, ਪਵਿੱਤਰ।5।

ਅਰਥ: ਹੇ ਭਾਈ! ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਿਆ ਕਰ।1। ਰਹਾਉ।

ਹੇ ਭਾਈ! (ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ। (ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ।1।

ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤਦੋਂ ਹੀ ਉਸ ਦਾ ਮਨ (ਮਾਇਆ ਦੀਆਂ ਭੁੱਖਾਂ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ। ਸਤਿਗੁਰੂ ਜੀ ਜਦੋਂ ਉਸ ਉਤੇ ਦਇਆਵਾਨ ਹੁੰਦੇ ਹਨ, ਤਦੋਂ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।2।

ਹੇ ਭਾਈ! ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਸ ਮਨੁੱਖ ਨੇ ਜਗਤ ਦੇ ਮੂਲ-ਪ੍ਰਭੂ ਵਿਚ ਸੁਰਤਿ ਜੋੜ ਕੇ ਉਸ ਦਾ ਸਿਮਰਨ ਕੀਤਾ, ਉਸ ਦੀ ਮਤਿ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਪਰਗਟ ਹੋ ਗਈ, ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ਉਸ ਦਾ ਮਨ (ਉਸ ਯਾਦ ਵਿਚ) ਗਿੱਝ ਗਿਆ।3।

ਪਰ, ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਠੱਗੀ ਵੱਸਦੀ ਹੈ, ਉਹ ਮਨੁੱਖ (ਨਿਰਾ) ਮੂੰਹੋਂ ਹਰਿ-ਨਾਮ ਸੁਣਾ ਸੁਣਾ ਕੇ (ਅੰਦਰੋਂ ਅੰਦਰ) ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ। ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਲੋਭ ਵੱਸਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹ ਮਨੁੱਖ ਇਉਂ ਹੈ ਜਿਵੇਂ ਉਹ ਦਾਣਿਆਂ ਤੋਂ ਸੱਖਣੇ ਨਿਰੇ ਤੋਹ ਹੀ ਕੁੱਟਦਾ ਰਹਿੰਦਾ ਹੈ ਅਤੇ ਤੋਹ ਕੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ।4।

ਹੇ ਨਾਨਕ! ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਬੜੇ ਪਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰਿ-ਨਾਮ ਮਨ ਵਿਚ ਵਸਾਂਦਾ ਹੈ, ਅਤੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਹੈ।5।4।

ਸਾਰਗ ਮਹਲਾ ੪ ॥ ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥ ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥ ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥ ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥ ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ ॥ ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥ ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥ ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥ ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥ {ਪੰਨਾ 1199-1200}

ਪਦ ਅਰਥ: ਨਾਮਿ = ਨਾਮ ਵਿਚ। ਮਾਨੀ = ਮੰਨ ਗਿਆ ਹੈ, ਗਿੱਝ ਗਿਆ ਹੈ। ਹੀਅਰੈ = ਹਿਰਦੇ ਵਿਚ। ਸਤਿਗੁਰਿ = ਗੁਰੂ ਨੇ। ਮਨਿ = ਮਨ ਵਿਚ। ਕਥਾ = ਸਿਫ਼ਤਿ-ਸਾਲਾਹ। ਸੁਖਾਨੀ = ਚੰਗੀ ਲੱਗਦੀ ਹੈ।1। ਰਹਾਉ।

ਦੀਨ = ਗਰੀਬ। ਦਇਆਲ = ਦਇਆਵਾਨ। ਜਨ = ਦਾਸ, ਸੇਵਕ। ਅਕਥ = ਜਿਹੜੀ ਬਿਆਨ ਨਾਹ ਕੀਤੀ ਜਾ ਸਕੇ। ਮਿਲਿ = ਮਿਲ ਕੇ। ਰਸੁ = ਸੁਆਦ। ਮਨਿ = ਮਨ ਵਿਚ। ਤਨਿ = ਤਨ ਵਿਚ।1।

ਕੈ ਰੰਗਿ = ਦੇ ਪਿਆਰ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਪ੍ਰੇਮੀ। ਪੁਰਖੈ = ਪੁਰਖ ਨੂੰ, ਜੀਵ ਨੂੰ। ਪੁਰਖੁ = ਸਰਬ-ਵਿਆਪਕ ਪ੍ਰਭੂ। ਚੂਕੀ = ਮੁੱਕ ਗਈ। ਆਵਣ ਜਾਨੀ = ਜਨਮ ਮਰਨ ਦਾ ਗੇੜ।2।

ਨੈਣੀ = ਅੱਖਾਂ ਨਾਲ। ਬਿਰਹੁ = ਪਿਆਰ-ਭਰੀ ਤਾਂਘ। ਦੇਖਾ = ਦੇਖਾਂ, ਮੈਂ ਵੇਖਾਂ। ਪ੍ਰਭ = ਹੇ ਪ੍ਰਭੂ! ਰਸਨਾ = ਜੀਭ ਨਾਲ। ਵਖਾਨੀ = ਵਖਾਨੀਂ, ਮੈਂ ਉਚਾਰਾਂ। ਸ੍ਰਵਣੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਦਾ ਰਹਾਂ। ਹਿਰਦੈ = ਹਿਰਦੇ ਵਿਚ। ਭਾਨੀ = ਚੰਗਾ ਲੱਗ ਰਿਹਾ ਹੈ।3।

ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਗੁਰਿ = ਗੁਰੂ ਨੇ। ਆਣੇ = ਲੈ ਆਂਦੇ। ਤਉ = ਤਦੋਂ। ਉਨਮਨਿ = ਉਨਮਨ ਅਵਸਥਾ ਵਿਚ, ਬਿਰਹੋਂ ਅਵਸਥਾ ਵਿਚ। ਨਾਮਿ = ਨਾਮ ਵਿਚ। ਰਾਮੈ ਨਾਮਿ = ਪਰਮਾਤਮਾ ਦੇ ਹੀ ਨਾਮ ਵਿਚ।4।

ਅਰਥ: ਹੇ ਭਾਈ! (ਜਦੋਂ ਤੋਂ) ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, (ਤਦੋਂ ਤੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ, (ਤਦੋਂ ਤੋਂ) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ।1। ਰਹਾਉ।

ਹੇ ਪ੍ਰਭੂ ਜੀ! ਮੈਂ ਗਰੀਬ ਸੇਵਕ ਉੱਤੇ ਦਇਆਵਾਨ ਹੋਵੋ, ਮੈਨੂੰ ਦਾਸ ਨੂੰ ਕਦੇ ਨਾਹ ਮੁੱਕਣ ਵਾਲੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਵੋ। ਹੇ ਭਾਈ! ਜਿਸ ਮਨੁੱਖ ਨੇ ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ।1।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਉਹ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ। ਹੇ ਭਾਈ! ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਮਿਲ ਪਿਆ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ।2।

ਹੇ ਪ੍ਰਭੂ! ਹੇ ਸੁਆਮੀ! ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮ ਜਪਦਾ ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ।3।

ਹੇ ਦਾਸ ਨਾਨਕ! (ਆਖ– ਹੇ ਭਾਈ!) ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤਿ ਹਰਿ-ਨਾਮ ਵਿਚ ਜੁੜ ਜਾਂਦੀ ਹੈ। ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ।4।5।

TOP OF PAGE

Sri Guru Granth Darpan, by Professor Sahib Singh