ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1200

ਸਾਰਗ ਮਹਲਾ ੪ ॥ ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥ ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥ ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥ ਜਿਸੁ ਬਿਖਿਆ ਕਉ ਤੁਮ੍ਹ੍ਹ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥ ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥ ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥ ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥ ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥ ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥ ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥ {ਪੰਨਾ 1200}

ਪਦ ਅਰਥ: ਮਨ = ਹੇ ਮਨ! ਸਾਰੁ = ਸ੍ਰੇਸ਼ਟ (ਕੰਮ) । ਥਿਰੁ = ਟਿਕਵਾਂ। ਨਿਹਫਲ = ਵਿਅਰਥ। ਬਿਸਥਾਰੁ = ਖਿਲਾਰਾ।1। ਰਹਾਉ।

ਕਿਆ ਲੀਜੈ = ਕੁਝ ਭੀ ਆਪਣਾ ਨਹੀਂ ਬਣਾਇਆ ਜਾ ਸਕਦਾ। ਤਜੀਐ = ਛੱਡਿਆ ਜਾ ਸਕਦਾ। ਬਉਰੇ = ਹੇ ਕਮਲੇ! ਛਾਰੁ = ਸੁਆਹ, ਨਾਸਵੰਤ। ਬਿਖਿਆ = ਮਾਇਆ। ਸਾ = ਉਹ ਮਾਇਆ। ਸਿਰਿ = ਸਿਰ ਉੱਤੇ।1।

ਅਉਧ = ਉਮਰ। ਘਾਟੈ = ਘਟਦੀ ਜਾ ਰਹੀ ਹੈ। ਗਵਾਰੁ = ਮੂਰਖ। ਜਿ = ਜਿਹੜਾ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਚਾਰੁ = ਕਰਤੱਬ।2।

ਕੈ ਸੰਗਿ = ਦੇ ਨਾਲ। ਤਉ = ਤਦੋਂ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ। ਕਿਨੈ = ਕਿਸੇ ਨੇ ਭੀ। ਜਾਇ = ਜਾ ਕੇ।3।

ਰਾਣਾ = ਰਾਜਾ। ਰਾਉ = ਅਮੀਰ। ਸਭੈ ਕੋਊ = ਹਰ ਕੋਈ। ਪਾਸਾਰੁ = ਪਸਾਰਾ। ਨਿਹਚਲੁ = ਅਡੋਲ-ਚਿੱਤ। ਆਧਾਰੁ = ਆਸਰਾ।4।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ) । ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ।1। ਰਹਾਉ।

ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ। ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ।1।

ਹੇ ਭਾਈ! ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ, (ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ।2।

ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ। ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤਿ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ।3।

ਹੇ ਭਾਈ! ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ। ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ।4।6।

ਸਾਰਗ ਮਹਲਾ ੪ ਘਰੁ ੩ ਦੁਪਦਾ     ੴ ਸਤਿਗੁਰ ਪ੍ਰਸਾਦਿ ॥ ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥ ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥ ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥ ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥ {ਪੰਨਾ 1200}

ਪਦ ਅਰਥ: ਪੂਤ = ਹੇ ਪੁੱਤਰ! ਕਾਹੇ ਝਗਰਤ ਹਉ = ਕਿਉਂ ਝਗੜਾ ਕਰਦੇ ਹੋ? ਸੰਗਿ ਬਾਪ = ਪਿਤਾ ਨਾਲ। ਜਣੇ = ਜੰਮੇ ਹੋਏ। ਬਡੀਰੇ = ਵੱਡੇ ਕੀਤੇ ਹੋਏ, ਪਾਲੇ ਹੋਏ। ਸਿਉ = ਨਾਲ। ਪਾਪ = ਮਾੜਾ ਕੰਮ।1। ਰਹਾਉ।

ਗਰਬੁ = ਮਾਣ, ਅਹੰਕਾਰ। ਕਿਸਹਿ ਨ ਆਪ = ਕਿਸੇ ਦਾ ਭੀ ਆਪਣਾ ਨਹੀਂ। ਮਹਿ = ਵਿਚ। ਜਾਇ = ਜਾਂਦਾ ਹੈ। ਬਿਖਿਆ = ਮਾਇਆ। ਰਸੁ = ਸੁਆਦ। ਤਉ = ਤਦੋਂ। ਪਛੁਤਾਪ = ਪਛਤਾਵਾ, ਅਫ਼ਸੋਸ।1।

ਜੋ ਪ੍ਰਭ = ਜਿਹੜੇ ਪ੍ਰਭੂ ਜੀ। ਸੁਆਮੀ = ਮਾਲਕ। ਜਾਪਹੁ = ਜਾਪ ਜਪਦੇ ਰਹੋ। ਨਾਨਕ = ਹੇ ਨਾਨਕ! ਜਨ = ਪਰਮਾਤਮਾ ਦੇ ਸੇਵਕ। ਤੁਮ ਕਉ = ਤੁਹਾਨੂੰ। ਜਉ = ਜੇ। ਤਉ = ਤਾਂ। ਜਾਇ = ਦੂਰ ਹੋ ਜਾਇਗਾ। ਸੰਤਾਪ = ਮਾਨਸਕ ਦੁੱਖ-ਕਲੇਸ਼।2।

ਅਰਥ: ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ।1। ਰਹਾਉ।

ਹੇ ਪੁੱਤਰ! ਜਿਸ ਧਨ ਦਾ ਤੁਸੀ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ। ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ।1।

ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ। ਹੇ ਨਾਨਕ! (ਆਖ– ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ।2।1।7।

ਉਥਾਨਕਾ = ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਮਿਲਣ ਤੇ ਬਾਬਾ ਪ੍ਰਿਥੀ ਚੰਦ ਨੇ ਪਿਤਾ-ਗੁਰੂ ਜੀ ਦੀ ਵਿਰੋਧਤਾ ਕੀਤੀ। ਤਦੋਂ ਉਹਨਾਂ ਨੂੰ ਇਹ ਉਪਦੇਸ਼ ਕੀਤਾ। ਉਂਞ 'ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ' ॥

ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ     ੴ ਸਤਿਗੁਰ ਪ੍ਰਸਾਦਿ ॥ ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥ ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥ ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥ ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥ ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥ {ਪੰਨਾ 1200}

ਪਦ ਅਰਥ: ਮਨ = ਹੇ ਮਨ! ਜਗੰਨਾਥ = ਜਗਤ ਦਾ ਖਸਮ। ਜਗਦੀਸਰੋ = ਜਗਤ ਦਾ ਈਸ਼੍ਵਰ। ਜਗ ਜੀਵਨੋ = ਜਗਤ ਦਾ ਜੀਵਨ, ਜਗਤ ਦਾ ਸਹਾਰਾ, ਜਗਤ ਨੂੰ ਪੈਦਾ ਕਰਨ ਵਾਲਾ। ਮਨ ਮੋਹਨ– ਮਨ ਨੂੰ ਮੋਹ ਲੈਣ ਵਾਲਾ। ਸਿਉ = ਨਾਲ। ਟੇਕ = ਆਸਰਾ।1। ਰਹਾਉ।

ਉਪਮਾ = ਵਡਿਆਈ। ਅਨਿਕ = ਅਨੇਕਾਂ। ਸੁਕ = ਸੁਕਦੇਵ ਰਿਸ਼ੀ। ਨਾਰਦ = ਬ੍ਰਹਮਾ ਦਾ ਪੁੱਤਰ ਨਾਰਦ ਰਿਸ਼ੀ। ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ। ਤਵ = ਤੇਰੇ। ਸੁਆਮੀ = ਹੇ ਸੁਆਮੀ! ਗਨਿਨ ਨ ਜਾਤ = ਗਿਣੇ ਨਹੀਂ ਜਾ ਸਕਦੇ। ਆਪੇ = ਆਪ ਹੀ। ਭਾਂਤਿ = ਕਿਸਮ, ਤਰੀਕਾ।1।

ਹਰਿ ਕੈ ਨਿਕਟਿ = ਪਰਮਾਤਮਾ ਦੇ ਨੇੜੇ। ਨਿਕਟ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਨਿਕਟਿ' ਦੀ 'ਿ' ਉੱਡ ਗਈ ਹੈ}। ਬਸਤੇ = ਵੱਸਦੇ ਹਨ। ਤੇ = ਉਹ {ਬਹੁ-ਵਚਨ}। ਭਗਾਤ = ਭਗਤ। ਸਿਉ = ਨਾਲ। ਰਲਿ ਮਿਲੇ = ਇਕ-ਮਿਕ ਹੋ ਗਏ। ਸਲਲੈ = ਪਾਣੀ ਵਿਚ। ਸਲਲ = ਪਾਣੀ।2।

ਅਰਥ: ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ।1।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ। ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ।2।1।8।

TOP OF PAGE

Sri Guru Granth Darpan, by Professor Sahib Singh