ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1202 ਸਾਰਗ ਮਹਲਾ ੪ ਪੜਤਾਲ ॥ ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥ ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥ ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥ ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥ {ਪੰਨਾ 1202} ਪਦ ਅਰਥ: ਮਨ = ਹੇ ਮਨ! ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਪ੍ਰਭੋ = ਪ੍ਰਭੂ, ਮਾਲਕ। ਪੁਰਖੁ = ਸਰਬ-ਵਿਆਪਕ। ਅਬਿਨਾਸੀ = ਨਾਸ-ਰਹਿਤ।1। ਰਹਾਉ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸੋ = ਉਹ ਮਨੁੱਖ {ਇਕ-ਵਚਨ}। ਪੀਐ = ਪੀਂਦਾ ਹੈ। ਪਿਆਸੀ = ਪਿਲਾਏਗਾ। ਕਰਿ = ਕਰ ਕੇ। ਚਖਾਸੀ = ਚੱਖੇਗਾ।1। ਸੇਵਹਿ = ਸਿਮਰਦੇ ਹਨ {ਬਹੁ-ਵਚਨ}। ਸਭੁ = ਸਾਰਾ। ਜਾਸੀ = ਦੂਰ ਹੋ ਜਾਇਗਾ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਚਾਤ੍ਰਿਕੁ = ਪਪੀਹਾ। ਜਲਿ = ਜਲ ਦੀ ਰਾਹੀਂ। ਜਲਿ ਪੀਐ = ਜਲ ਪੀਣ ਨਾਲ। ਤ੍ਰਿਪਤਾਸੀ = ਰੱਜ ਜਾਂਦਾ ਹੈ।2। ਅਰਥ: ਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ।1। ਰਹਾਉ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ। ਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ।1। ਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। (ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ।2।5।12। ਸਾਰਗ ਮਹਲਾ ੪ ॥ ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ ਸਤਿ ਸਤਿ ਰਾਮੁ ॥ ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥ ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥ ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥ ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥ ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥ {ਪੰਨਾ 1202} ਪਦ ਅਰਥ: ਮਨ = ਹੇ ਮਨ! ਰਮਤ = ਵਿਆਪਕ, ਹਰ ਥਾਂ ਮੌਜੂਦ। ਸਤਿ = ਸਦਾ ਕਾਇਮ ਰਹਿਣ ਵਾਲਾ। ਭਈਆ = ਹੇ ਭਾਈ! ਸਦ = ਸਦਾ। ਰਵਿ ਰਹਿਆ = ਵਿਆਪਕ ਹੈ। ਸਰਬਗੇ = {svL<} ਸਭ ਕੁਝ ਜਾਣਨ ਵਾਲਾ।1। ਰਹਾਉ। ਆਪੇ = ਆਪ ਹੀ। ਕਰਤਾ = ਕਰਨ ਵਾਲਾ। ਸਭਤੁ = ਸਭ ਥਾਈਂ। ਜਗੇ = ਜਗਤ ਵਿਚ। ਰਾਮ ਰਾਇ = ਰਾਮ ਰਾਜਾ, ਪ੍ਰਭੂ ਪਾਤਿਸ਼ਾਹ। ਲਿਵ = ਲਗਨ।1। ਉਪਮਾ = ਵਡਿਆਈ। ਪਤਿ = ਇੱਜ਼ਤ। ਕਲਿਜੁਗ = ਵਿਕਾਰਾਂ-ਭਰਿਆ ਜਗਤ। ਅਗੇ = ਅੱਗ ਵਿਚ, ਵਿਕਾਰਾਂ ਦੀ ਅੱਗ ਵਿਚ। ਅੰਗੁ = ਪੱਖ। ਮੇਰੈ ਰਾਮ ਰਾਇ = ਮੇਰੇ ਪ੍ਰਭੂ ਪਾਤਿਸ਼ਾਹ ਨੇ। ਸਭਿ = ਸਾਰੇ। ਗਏ ਭਗੇ = ਭੱਜ ਗਏ, ਭੱਜ ਜਾਂਦੇ ਹਨ।2। ਅਰਥ: ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ, (ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ, ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ। ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ।1। ਰਹਾਉ। ਹੇ ਭਾਈ! ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ। ਹੇ ਭਾਈ! ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ।1। ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ।2।6।13। ਸਾਰੰਗ ਮਹਲਾ ੫ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਮੂਰਤਿ ਕਉ ਬਲਿ ਜਾਉ ॥ ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥ ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥ ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥ ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥ ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥ ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥ ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥ ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥ ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥ {ਪੰਨਾ 1202} ਪਦ ਅਰਥ: ਸਤਿਗੁਰ ਮੂਰਤਿ = ਸਤਿਗੁਰੂ ਦੀ ਹਸਤੀ, ਸਤਿਗੁਰੂ। ਕਉ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਚਾਤ੍ਰਿਕ = ਪਪੀਹਾ। ਸਫਲ ਦਰਸਨੁ = ਸਾਰੇ ਮਨੋਰਥ ਪੂਰੇ ਕਰਨ ਵਾਲੇ (ਗੁਰੂ) ਦਾ ਦਰਸਨ। ਕਦਿ = ਕਦੋਂ।1। ਰਹਾਉ। ਕੋ = ਦਾ। ਨਾਥ = ਖਸਮ। ਪ੍ਰਤਿਪਾਲਕੁ = ਪਾਲਣ ਵਾਲਾ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਜਾ ਕਉ = ਜਿਸ ਨੂੰ। ਤਿਸੁ = ਉਸ (ਮਨੁੱਖ) ਨੂੰ। ਤੂ ਦੇਹਿ = ਤੂੰ ਦੇਂਦਾ ਹੈਂ। ਅਸਰਾਉ = ਆਸਰਾ।1। ਧਰ = ਆਸਰਾ। ਗਤਿ = ਚੰਗੀ ਸੁਚੱਜੀ ਹਾਲਤ। ਦਹਦਿਸ = ਦਸੀਂ ਪਾਸੀਂ। ਜਾਂਉ = ਮੈਂ ਜਾਂਦਾ ਹਾਂ। ਸੰਗੇ = ਨਾਲ ਹੀ। ਕੀਰਤਿ = ਸਿਫ਼ਤਿ-ਸਾਲਾਹ। ਕਮਾਉ = ਕਮਾਉਂ, ਮੈਂ ਕਮਾਂਦਾ ਹਾਂ, ਮੈਂ ਕਰਦਾ ਹਾਂ।2। ਏਕਸੁ ਤੇ = (ਤੈਂ) ਇੱਕ ਤੋਂ ਹੀ। ਲਾਖ = ਲੱਖਾਂ ਜਗਤ। ਤੇ = ਤੋਂ। ਗਤਿ = ਹਾਲਤ। ਮਿਤਿ = ਅੰਦਾਜ਼ਾ। ਪਾਈਐ = ਪਾਇਆ ਜਾ ਸਕਦਾ। ਖੇਲੁ = ਤਮਾਸ਼ਾ। ਦਿਖਾਉ = ਦਿਖਾਉਂ, ਮੈਂ ਵੇਖਦਾ ਹਾਂ।3। ਸਾਧਨ ਕਾ ਸੰਗੁ = ਸੰਤ ਜਨਾਂ ਦਾ ਸਾਥ। ਸਿਉ = ਨਾਲ। ਗੋਸਟਿ = ਵਿਚਾਰ-ਵਟਾਂਦਰਾ। ਲਿਵ = ਲਗਨ, ਪ੍ਰੀਤ। ਲਾਉ = ਲਾਉਂ, ਮੈਂ ਲਾਂਦਾ ਹਾਂ। ਜਨ ਨਾਨਕ = ਹੇ ਦਾਸ ਨਾਨਕ! ਗੁਰਮਤਿ = ਗੁਰੂ ਦੀ ਮਤਿ ਉੱਤੇ ਤੁਰ ਕੇ। ਹਰਿ = ਹੇ ਹਰੀ! ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ।4। ਅਰਥ: ਹੇ ਭਾਈ! ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।1। ਰਹਾਉ। ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ) । ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ।1। ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ। ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤਿ-ਸਾਲਾਹ ਦੀ ਕਾਰ ਕਮਾਂਦਾ ਹਾਂ।2। ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ।3। (ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤਿ ਜੋੜਦਾ ਹਾਂ। ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ।4।1। ਸਾਰਗ ਮਹਲਾ ੫ ॥ ਹਰਿ ਜੀਉ ਅੰਤਰਜਾਮੀ ਜਾਨ ॥ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥ ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥ ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥ ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥ ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥ ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥ ਸੋ ਗਿਆਨੀ ਸੋ ਬੈਸਨੌ ਪੜ੍ਹ੍ਹਿਆ ਜਿਸੁ ਕਰੀ ਕ੍ਰਿਪਾ ਭਗਵਾਨ ॥ ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥ ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥ ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥ {ਪੰਨਾ 1202-1203} ਪਦ ਅਰਥ: ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜਾਨ = ਸੁਜਾਨ, ਸਿਆਣਾ। ਮਾਨੁਖ ਤੇ = ਮਨੁੱਖਾਂ ਪਾਸੋਂ। ਸਾਖੀ = ਵੇਖਣ ਵਾਲਾ। ਭੂਤ = ਪਿਛਲੇ ਕੀਤੇ ਸਮੇ ਦਾ। ਪਵਾਨ = ਭਵਾਨ, ਭਵਿੱਖਤ ਦਾ।1। ਰਹਾਉ। ਬੈਸਨੌ = ਵਿਸ਼ਨੂੰ ਦਾ ਭਗਤ, ਹਰੇਕ ਕਿਸਮ ਦੀ ਸਰੀਰਕ ਸੁੱਚ ਰੱਖਣ ਵਾਲਾ। ਖਟ ਕਰਮਾ = ਸ਼ਾਸਤ੍ਰਾਂ ਅਨੁਸਾਰ ਜ਼ਰੂਰੀ ਮਿਥੇ ਹੋਏ ਛੇ ਕਰਮ (ਦਾਨ ਦੇਣਾ ਤੇ ਲੈਣਾ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ) । ਜੂਠਾਨ = ਮਲੀਨ ਕਰਨ ਵਾਲਾ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ।1। ਕਰਹਿ = ਕਰਦੇ ਹਨ। ਸੋਮ ਪਾਕ = {ÔvXz pwk} ਆਪਣੀ ਹੱਥੀਂ ਭੋਜਨ ਤਿਆਰ ਕਰਨਾ। ਹਿਰਹਿ = ਚੁਰਾਂਦੇ ਹਨ। ਦਰਬਾ = ਧਨ। ਗੁਮਾਨ = ਅਹੰਕਾਰ। ਬਿਧਿ = ਢੰਗ, ਮਰਯਾਦਾ। ਬਿਆਪੇ = ਫਸੇ ਹੋਏ। ਮਨ ਕੈ ਮਾਨ = ਮਨ ਦੇ ਮਾਣ ਵਿਚ।2। ਸਭਿ = ਸਾਰੇ। ਸਫਰੀ = ਮਦਾਰੀ। ਦੰਫਾਨ = ਤਮਾਸ਼ਾ। ਊਝੜਿ = ਕੁਰਾਹੇ। ਕਰਮਾਨ = ਕਰਮ।3। ਗਿਆਨੀ = ਗਿਆਨਵਾਨ। ਪੜ੍ਹ੍ਹਿਆ = ਵਿਦਵਾਨ। ਜਿਸੁ = ਜਿਸ ਉਤੇ। ਓੁਨਿ = ਉਸ ਨੇ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਉਨਿ'। ਇਥੇ 'ਓਨਿ' ਪੜ੍ਹਨਾ ਹੈ}। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਬਿਸ੍ਵਾਨ = {ivÓv} ਜਗਤ।4। ਕਥਹ = ਅਸੀਂ ਆਖ ਸਕਦੇ ਹਾਂ। ਨਹੀ ਜਾਣਹ = ਅਸੀਂ ਨਹੀਂ ਜਾਣਦੇ। ਬੋੁਲਾਨ = ਬੁਲਾਂਦਾ ਹੈ। {ਅੱਖਰ 'ਬ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਬੋਲਾਨ'। ਇਥੇ 'ਬੁਲਾਨ' ਪੜ੍ਹਨਾ ਹੈ}। ਮਾਂਗਉ = ਮੈਂ ਮੰਗਦਾ ਹਾਂ। ਸਰਾਨ = ਸਰਨ।5। ਅਰਥ: ਹੇ ਭਾਈ! ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ। (ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ।1। ਰਹਾਉ। ਹੇ ਭਾਈ! (ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ (ਜੇ ਉਹ) ਸਾਧ ਸੰਗਤਿ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ।1। ਹੇ ਭਾਈ! (ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ। ਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ।2। ਹੇ ਭਾਈ! (ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ) । (ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ।3। ਹੇ ਭਾਈ! ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ, (ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤਿ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।4। ਪਰ, ਹੇ ਭਾਈ! ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ। ਹੇ ਦਾਸ ਨਾਨਕ! (ਆਖ– ਹੇ ਭਾਈ! ਮੈਂ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤਿ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ।5।2। |
Sri Guru Granth Darpan, by Professor Sahib Singh |