ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1203 ਸਾਰਗ ਮਹਲਾ ੫ ॥ ਅਬ ਮੋਰੋ ਨਾਚਨੋ ਰਹੋ ॥ ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥ ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥ ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥ ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥ ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥ ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥ ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥ ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥ ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥ {ਪੰਨਾ 1203} ਪਦ ਅਰਥ: ਮੋਰੋ = ਮੇਰਾ। ਨਾਚਨੋ = ਮਾਇਆ ਦੀ ਖ਼ਾਤਰ ਭਟਕਣਾ, ਮਾਇਆ ਦੇ ਹੱਥਾਂ ਉੱਤੇ ਨੱਚਣਾ। ਰਹੋ = ਮੁੱਕ ਗਿਆ ਹੈ। ਸਹਜੇ = ਆਤਮਕ ਅਡੋਲਤਾ ਵਿਚ। ਬਚਨਿ = ਬਚਨ ਦੀ ਰਾਹੀਂ। ਲਹੋ = ਲੱਭ ਲਿਆ ਹੈ।1। ਰਹਾਉ। ਕੁਆਰ ਕੰਨਿਆ = ਕੁਆਰੀ ਕੁੜੀ। ਸੰਗਿ ਸਹੇਰੀ = ਸਹੇਲੀਆਂ ਨਾਲ। ਉਪਹਾਸ = ਹਾਸੇ ਨਾਲ, ਹੱਸ ਹੱਸ ਕੇ। ਪ੍ਰਿਅ ਬਚਨ ਕਹੋ = ਆਪਣੇ ਪ੍ਰੀਤਮ ਦੀਆਂ ਗੱਲਾਂ ਕਰਦੀ ਹੈ। ਸੁਰਿਜਨੁ = ਪਤੀ। ਮੁਖੁ = ਮੂੰਹ। ਕਾਜਿ = ਕੱਜ ਲੈਂਦੀ ਹੈ। ਲਜੋ = ਲਾਜ ਨਾਲ।1। ਕਨਿਕੋ = ਸੋਨਾ। ਕੋਠਾਰੀ ਚੜਿਓ = ਕੁਠਾਲੀ ਵਿਚ ਪੈਂਦਾ ਹੈ। ਕਬਰੋ = ਕਮਲਾ। ਜਬ ਤੇ = ਜਦੋਂ ਤੋਂ। ਬਾਰਹਿ = ਬਾਰਾਂ ਵੰਨੀਆਂ ਦਾ। ਤਬ ਤੇ = ਤਦੋਂ ਤੋਂ। ਥਾਨ ਥਿਰੋ = ਟਿਕ ਜਾਂਦਾ ਹੈ, ਮੁੜ ਕੁਠਾਲੀ ਵਿਚ ਨਹੀਂ ਪੈਂਦਾ।2। ਜਉ ਦਿਨੁ = ਜਿਸ ਦਿਨ ਤਕ, ਜਦੋਂ ਤਕ। ਰੈਨਿ = (ਜ਼ਿੰਦਗੀ ਦੀ) ਰਾਤ। ਤਊ ਲਉ = ਉਤਨਾ ਚਿਰ ਹੀ। ਮੂਰਤ = ਮੁਹੂਰਤ। ਬਜਾਵਨਹਾਰੋ = ਵਜਾਣ ਵਾਲਾ ਜੀਵ। ਬਾਜੁ ਨ ਭਇਓ = (ਘੜਿਆਲ) ਨਹੀਂ ਵੱਜਦਾ।3। ਕੁੰਭ = ਘੜਾ। ਉਦਕਿ = ਪਾਣੀ ਨਾਲ। ਪੂਰਿ = ਭਰ ਕੇ। ਆਨਿਓ = ਲਿਆਂਦਾ। ਓੁਹੁ = ਉਹ (ਪਾਣੀ) {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਉਹੁ', ਇਥੇ 'ਓਹੁ' ਪੜ੍ਹਨਾ ਹੈ}। ਭਿੰਨ = ਵੱਖਰਾ। ਦ੍ਰਿਸਟੋ = ਦਿੱਸਦਾ ਹੈ। ਜਲੈ ਮਹਿ = ਪਾਣੀ ਵਿਚ ਹੀ। ਅੰਭੈ = ਪਾਣੀ ਨੂੰ। ਅੰਭ = ਪਾਣੀ।4। ਅਰਥ: ਹੇ ਭਾਈ! ਗੁਰੂ ਦੇ ਬਚਨ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ। ਹੁਣ ਮੇਰੀ ਭਟਕਣਾ ਮੁੱਕ ਗਈ ਹੈ।1। ਰਹਾਉ। ਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ, ਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ।1। ਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ, ਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ।2। ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ। ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ।3। ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ। ਹੇ ਨਾਨਕ! ਆਖ– ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ।4।3। ਸਾਰਗ ਮਹਲਾ ੫ ॥ ਅਬ ਪੂਛੇ ਕਿਆ ਕਹਾ ॥ ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥ ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥ ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥ ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥ ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥ ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹ੍ਹਿਹਾ ॥੩॥ ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥ ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥ ਪਦ ਅਰਥ: ਪੂਛੇ = ਜੇ (ਤੈਨੂੰ) ਪੁੱਛਿਆ ਜਾਏ। ਕਿਆ ਕਹਾ = ਕੀਹ ਦੱਸੇਂਗਾ? ਲੈਨੋ = ਲੈਣਾ ਸੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨੀਕੋ = ਸੋਹਣਾ। ਬਾਵਰ = ਹੇ ਕਮਲੇ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ ਦਾ ਮੋਹ-ਜ਼ਹਰ। ਗਹਿ ਰਹਾ = ਚੰਬੜ ਰਿਹਾ ਹੈਂ।1। ਰਹਾਉ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲਾ। ਚਿਰੰਕਾਲ = ਚਿਰਾਂ ਪਿੱਛੋਂ। ਜਾਤਉ = ਜਾ ਰਿਹਾ ਹੈ। ਬਦਲਹਾ = ਬਦਲੇ, ਵੱਟੇ ਵਿਚ। ਕਾਥੂਰੀ = ਕਸਤੂਰੀ। ਕੋ = ਦਾ। ਲਾਦਿਓ = ਤੂੰ ਲੱਦ ਲਿਆ ਹੈ, ਤੂੰ ਖ਼ਰੀਦ ਲਿਆ ਹੈ। ਬਿਰਖ ਜਿਵਹਾ = ਜਿਵਾਂਹ ਦੇ ਬੂਟੇ।1। ਲਾਭਨ ਕੈ ਤਾਈ = ਲੱਭਣ ਵਾਸਤੇ। ਮੋਹਨਿ = ਮਨ ਨੂੰ ਮੋਹ ਲੈਣ ਵਾਲੀ। ਠਾਗਉਰੀ = ਠਗ-ਮੂਰੀ, ਠਗ-ਬੂਟੀ। ਉਲਝਿ ਪਹਾ = ਮਨ ਜੋੜ ਬੈਠਾ ਹੈਂ। ਕਾਚ = ਕੱਚ। ਬਾਦਰੈ = ਬਦਲੇ, ਵੱਟੇ ਵਿਚ। ਖੋਈ ਹੈ– ਗਵਾ ਰਿਹਾ ਹੈਂ। ਅਉਸਰੁ = ਸਮਾ। ਕਦਿ = ਕਦੋਂ? ਲਹਾ = ਲੱਭੇਗਾ।2। ਪਰਾਧ = ਅਪਰਾਧ, ਖ਼ੁਨਾਮੀਆਂ। ਛੋਡਹ = ਅਸੀਂ ਜੀਵ ਛੱਡ ਦੇਂਦੇ ਹਾਂ। ਦਾਸਿ = ਦਾਸੀ, ਮਾਇਆ। ਭਜਹਾ = ਭਜਹ, ਅਸੀਂ ਸੇਂਵਦੇ ਹਾਂ। ਮਸਟਿ = ਚੁੱਪ, ਮੂਰਛਾ ਜਿਹੀ। ਜੜਵਤ ਕੀ ਨਿਆਈ = ਜੜ੍ਹ (ਬੇ-ਜਾਨ) ਪਦਾਰਥਾਂ ਵਾਂਗ। ਤਸਕਰੁ = ਚੋਰ। ਦਰਿ = ਦਰ ਤੇ, ਬੂਹੇ ਤੇ। ਸਾਂਨ੍ਹ੍ਹਿਹਾ = ਸੰਨ੍ਹ।3। ਉਪਾਉ = ਇਲਾਜ। ਪਰਿ ਰਹਾ = ਮੈਂ ਪਿਆ ਰਹਿੰਦਾ ਹਾਂ। ਮਨ = ਹੇ ਮਨ! ਛੁਟੀਐ = ਮਾਇਆ ਦੇ ਪੰਜੇ ਤੋਂ ਬਚ ਸਕੀਦਾ ਹੈ। ਜਉ = ਜਦੋਂ। ਮੇਟਿ ਧਰਹਾ = ਮੇਟਿ ਧਰਹ, ਅਸੀਂ ਮਿਟਾ ਦੇਵੀਏ।4। ਅਰਥ: ਹੇ ਕਮਲੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ? (ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ।1। ਰਹਾਉ। ਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ। ਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ।1। ਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ, ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। ਹੇ ਕਮਲੇ! ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ?।2। ਹੇ ਭਾਈ! ਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ। ਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ (ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ।3। ਹੇ ਭਾਈ! (ਇਸ ਮੋਹਨੀ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ। ਹੇ ਨਾਨਕ! ਆਖ– ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ।4। 4। ਸਾਰਗ ਮਹਲਾ ੫ ॥ ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥ ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ੍ਹ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥ ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ ॥ ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥ ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥ ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥ ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥ ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥ ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥ ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥ {ਪੰਨਾ 1203-1204} ਪਦ ਅਰਥ: ਮਾਈ = ਹੇ ਮਾਂ! ਧੀਰਿ = {DYXL} ਧੀਰਜ, ਸਹਾਰਨ ਦੀ ਤਾਕਤ। ਰਹੀ = ਰਹਿ ਗਈ ਹੈ, ਮੁੱਕ ਗਈ ਹੈ। ਪ੍ਰਿਅ ਬਿਰਾਗਿਓ = ਪਿਆਰੇ ਦੇ ਵੈਰਾਗ, ਪਿਆਰੇ ਤੋਂ ਵਿਛੋੜੇ ਦਾ ਦਰਦ। ਅਨਿਕ ਭਾਂਤਿ = ਅਨੇਕਾਂ ਕਿਸਮਾਂ ਦੇ। ਆਨੂਪ = ਅਨੂਪ, ਸੋਹਣੇ। ਰੇ = ਹੇ ਭਾਈ! {ਪੁਲਿੰਗ}। ਰੁਚੈ = ਪਿਆਰ, ਖਿੱਚ।1। ਰਹਾਉ। ਨਿਸਿ = ਰਾਤ। ਬਾਸੁਰ = ਦਿਨ। ਪ੍ਰਿਅ = ਹੇ ਪਿਆਰੇ! ਮੁਖਿ = ਮੂੰਹ ਨਾਲ। ਟੇਰਉ = ਟੇਰਉਂ, ਮੈਂ ਉਚਾਰਦੀ ਹਾਂ, ਮੈਂ ਪੁਕਾਰਦੀ ਹਾਂ। ਕਜਰ = ਕੱਜਲ। ਬਸਤ੍ਰ = ਕੱਪੜੇ। ਸੀਗਾਰ = ਸਿੰਗਾਰ, ਗਹਿਣੇ। ਰੇ = ਹੇ ਭਾਈ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ।1। ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਦੀਨ = ਨਿਮਾਣਾ। ਦੀਨ ਭਾਂਤਿ ਕਰਿ = ਨਿਮਾਣਿਆਂ ਵਾਂਗ। ਭਾਂਤਿ = ਤਰੀਕਾ। ਪ੍ਰਿਅ ਦੇਸਾਂਗਿਉ = ਪਿਆਰੇ ਦਾ ਦੇਸ। ਹੀਂਓੁ = ਹਿਰਦਾ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ}। ਦੇਂਉ = ਮੈਂ ਦੇਂਦੀ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਅਰਪਉ = ਅਰਪਉਂ, ਮੈਂ ਭੇਟ ਕਰਦੀ ਹਾਂ। ਰਾਖਿਓ = ਰਾਖਿ, ਰੱਖ ਕੇ।2। ਬੰਦਨਾ = ਨਮਸਕਾਰ। ਅਮੋਲ = ਮੁੱਲ ਤੋਂ ਬਿਨਾ, ਦੰਮਾਂ ਤੋਂ ਬਿਨਾ। ਦਾਸਰੋ = ਨਿਮਾਣਾ ਜਿਹਾ ਦਾਸ {ਪੁਲਿੰਗ}। ਅਰਦਾਗਿਓ = ਅਰਦਾਸ। ਦੇਂਉ ਅਰਦਾਗਿਓ = ਮੈਂ ਅਰਦਾਸ ਭੇਟ ਕਰਦਾ ਹਾਂ। ਮੋਹਿ = ਮੈਨੂੰ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਪੇਖਾਗਿਓ = ਮੈਂ ਪੇਖਾਂ, ਮੈਂ ਵੇਖਾਂ।3। ਦ੍ਰਿਸਟਿ = (ਮੇਹਰ ਦੀ) ਨਿਗਾਹ। ਭੀਤਰਿ = ਮੇਰੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਸੀਤਲਾਗਿਓ = ਸੀਤਲ, ਸ਼ਾਂਤ, ਠੰਢਾ-ਠਾਰ। ਨਾਨਕ = ਹੇ ਨਾਨਕ! ਰਸਿ = ਸੁਆਦ ਨਾਲ। ਮੰਗਲ = ਖ਼ੁਸ਼ੀ ਦੇ ਗੀਤ, ਸਿਫ਼ਤਿ-ਸਾਲਾਹ ਦੇ ਗੀਤ। ਅਨਾਹਦ = {ਅਨ-ਆਹਤ} ਬਿਨਾ ਵਜਾਏ, ਇਕ-ਰਸ, ਹਰ ਵੇਲੇ। ਸਬਦੁ ਬਾਜਿਓ = ਗੁਰੂ ਦਾ ਸ਼ਬਦ ਵੱਜ ਰਿਹਾ ਹੈ, ਸ਼ਬਦ ਆਪਣਾ ਪੂਰਾ ਪ੍ਰਭਾਵ ਪਾ ਰਿਹਾ ਹੈ।4। ਅਰਥ: ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ। ਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ।1। ਰਹਾਉ। ਹੇ (ਵੀਰ) ! ਰਾਤ ਦਿਨ ਮੈਂ (ਆਪਣੇ) ਮੂੰਹੋਂ 'ਹੇ ਪਿਆਰੇ! ਹੇ ਪਿਆਰੇ'! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ) । ਹੇ (ਵੀਰ) ! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ = ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ।1। (ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ। (ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।2। ਹੇ ਭਾਈ! ਮੈਂ ਸਾਧ ਸੰਗਤਿ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤਿ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤਿ ਅੱਗੇ ਅਰਦਾਸ ਕਰਦਾ ਹਾਂ = (ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ।3। ਹੇ ਭਾਈ! (ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ। ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ। ਹੇ ਨਾਨਕ! ਆਖ– ਹੁਣ ਮੈਂ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ।4।5। |
Sri Guru Granth Darpan, by Professor Sahib Singh |